Sunday, March 10, 2019

                                                              ਵਿਚਲੀ ਗੱਲ  
                                 ਤੇਰੇ ਦਰ ’ਤੇ ਖੜ੍ਹੇ ਫਕੀਰ ਖਾਲੀ ਮੋੜੀਂ ਨਾ..!
                                                             ਚਰਨਜੀਤ ਭੁੱਲਰ
ਬਠਿੰਡਾ : ਤੁਸੀਂ ਨਹੀਂ ਭੁੱਲੇ ਹੋਵੋਗੇ, ਜਰੂਰ ਚੇਤੇ ਹੋਵੇਗਾ, ਮਹਾਸ਼ਾ ਧਰਮਪਾਲ ਗੁਲਾਟੀ। ਜਦੋਂ ਟੀ.ਵੀ ਮਸ਼ਹੂਰੀ ’ਚ ਇੱਕ ਸਰਦਾਰ ਵਡਿਆਈ ਕਰਦੈ  ‘ਬਾਦਸ਼ਾਹੋ ਤੁਸੀਂ ਤਾਂ ਮਸਾਲਿਆਂ ਦੇ ਸ਼ਹਿਨਸ਼ਾਹ ਹੋ’। ਅੱਗਿਓਂ ਮਹਾਸ਼ਾ ਜੀ ਆਖਦੇ ਨੇ ‘ਸਭ ਆਪ ਦੀ ਮੇਹਰਬਾਨੀ ਨਾਲ’। ਦੱਸਦੇ ਨੇ ਮਹਾਸ਼ਾ ਗੁਲ੍ਹਾਟੀ ਕਿਸੇ ਵੇਲੇ ਦਿੱਲੀ ’ਚ ਦੋ ਆਨਾ ਸਵਾਰੀ ਲਈ ਟਾਂਗਾ ਚਲਾਉਂਦੇ ਰਹੇ ਨੇ। ਸਿਆਣੇ ਆਖਦੇ ਨੇ, ਐਵੇਂ ਕਿਸੇ ਦੇ ਕੰਮ ’ਚ ਟੰਗ ਨਹੀਂ ਅੜਾਈਦੀ। ਚਲੋ ਮੰਨ ਲਿਆ, ਪਰ ਇੱਧਰ ਖੜ੍ਹੇ ਨਿਆਣਿਆਂ ਦੀ ਵੀ ਸਿਆਣੀ ਸੁਣ ਲੋ, ‘ਕਿਥੇ ਟਾਂਗਾ ਚਲਾਉਣਾ ਤੇ ਕਿਥੇ ਦੇਸ਼, ਅਖੇ ਫਰਕ ਹੀ ਬੜੈ।’ ਪਰ ਸਿਆਸੀ ਮਹਾਸ਼ੇ ਇਸ ਨੂੰ ਖੱਬੇ ਹੱਥ ਦੀ ਖੇਡ ਦੱਸਦੇ ਹਨ। ਜਦੋਂ ਬਸੰਤੀ ਨਾਲ ਹੋਵੇ ਤਾਂ ਫਿਰ ਕਾਹਦਾ ਡਰ ਭੌਅ। ਚੋਣ ਜ਼ਾਬਤਾ ਕਦੋਂ ਵੀ ਲੱਗ ਸਕਦੈ। ‘ਇੱਕ ਦਿਨ ਦੇ ਬਾਦਸ਼ਾਹੋ’, ਐਤਕੀਂ ਥੋੜਾ ਜ਼ਾਬਤੇ ’ਚ ਰਹਿਓ। ਚੋਣਾਂ ਦਾ ਮੇਲਾ ਬੱਝੇਗਾ, ਕਿਤੇ ਛਪਾਰ ਦਾ ਮੇਲਾ ਨਾ ਸਮਝ ਲਿਓ। ਜਦੋਂ ਦੇਸ਼ ਦਾ ਹਾਲ ਟਾਂਗੇ ਵਰਗਾ ਹੋਵੇ ਤਾਂ ਉਦੋਂ ਸੰਭਲਣਾ ਸਵਾਰੀਆਂ ਨੂੰ ਪੈਂਦਾ। ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਤਾਂ ਬਣ ਗਈ ਹੈ। ਇਕਦਮ ਸਿਆਸੀ ਝੱਖੜ ਝੱੁਲੇਗਾ, ਸਿਆਸੀ ਮਹਾਸ਼ੇ ਸਟੇਜਾਂ ਤੋਂ ਤਰਜ਼ਾਂ ਕੱਢਣਗੇ, ਹੱਥ ਜੋੜਨਗੇ। ਮਸ਼ਹੂਰੀ ਵਾਲੇ ਸਰਦਾਰ ਵਾਂਗੂ ਤੁਹਾਨੂੰ ਸ਼ਹਿਨਸ਼ਾਹ ਦੱਸਣਗੇ, ਖੁਦ ਸੇਵਾਦਾਰ ਬਣਕੇ ਤੁਹਾਡੀ ਮੇਹਰ ਮੰਗਣਗੇ। ਕਿਤੇ ਭੁੱਲ ਨਾ ਬੈਠਿਓ ਕਿ ‘ਤੁਸੀਂ ਇੱਕ ਦਿਨ ਦੇ ਰਾਜੇ ਹੋ, ਵੋਟ ਪਈ ਤਾਂ ਬਾਤ ਗਈ।’ ਲੌਗੋਂਵਾਲ ਵਾਲੇ ਸਾਧ ਵਾਂਗੂ ਮਗਰੋਂ ਥੋਨੂੰ ਟਿੱਚ ਹੀ ਜਾਣਨਗੇ।
                 ਭੁੱਲਿਓ ਨਾ, ਤੁਸੀਂ ਤਾਂ ਖੂਹ ਦੇ ਮੌਣ ’ਤੇ ਖੜ੍ਹੇ ਹੋ। ਚੇਤਾ ਮਾੜਾ ਹੈ ਤਾਂ ਬਾਬੇ ਰਾਮਦੇਵ ਦੀ ਮੰਨੋ ਕਿ ‘ਪਤੰਜਲੀ ਮੇਧਾਵਤੀ ਖਾਓ, ਦਿਮਾਗੀ ਫੁਰਤੀ ਵਧਾਓ।’ ਨਾਲ ਦੋ ਚਾਰ ਆਸਣ ਕਰ ਲਿਓ। ਬੱਸ ਕੁਝ ਵੀ ਕਰਿਓ, ਝੁਰਨਾ ਨਹੀਂ, ਕਿਤੇ ਮੁਕੇਸ਼ ਵਾਂਗੂ ਗਾਉਂਦੇ ਫਿਰੋ ‘ਜਾਨੇ ਕਹਾਂ ਗਏ ਵੋ ਦਿਨ’। ਐਵੇਂ ਕਮਲੇਸ਼ਵਰ ਦੀ ਕਹਾਣੀ ‘ ਇਤਨੇ ਅੱਛੇ ਦਿਨ’ ਵੀ ਨਾ ਦਿਮਾਗ ’ਚ ਘੁਮਾਉਂਦੇ ਫਿਰਿਓ। ਨਾ ਇਹ ਸੋਚਣਾ ਕਿ ‘ਬੁੱਲ੍ਹਿਆ ਅੱਛੇ ਦਿਨ ਕਿਧਰ ਗਏ’। ਜਦੋਂ ਚੋਣ ਜ਼ਾਬਤਾ ਲੱਗਦੈ, ਤਾਂ ਗਿਰਗਿਟ ਵਰਗਾ ਮਾਹੌਲ ਬਣਦੈ, ਸਿਆਸੀ ਪਰਿੰਦੇ ਭੇਸ ਬਦਲਦੇ ਨੇ। ਹੰਕਾਰੇ ਨੇਤਾ ਮਾਊਂ ਬਣ ਜਾਂਦੇ ਹਨ। ਹੇਰਵਾ ਵੀ ਕਰਦੇ ਹਨ। ਆਓ, ਪਹਿਲਾਂ ਕਾਨਪੁਰ ਦੀ ‘ਭਾਗਾਂ ਵਾਲੀ ਕੁਰਸੀ’ ਦਿਖਾਉਂਦੇ ਹਾਂ, ਫਿਰ ਅੱਗੇ ਚੱਲਾਂਗੇ। ਭਾਜਪਾ ਦੇ ਕਾਨਪੁਰੀ ਲੀਡਰਾਂ ਦਾ ਤਰਕ ਕਿ ਜਦੋਂ ਵੀ ਮੋਦੀ ਕਰਾਮਾਤੀ ਕੁਰਸੀ ’ਤੇ ਬੈਠੇ, ਉਨ੍ਹਾਂ ਦੇ ਭਾਗ ਜਾਗੇ ਨੇ। ਏਦਾਂ ਦੀ ਕੁਰਸੀ ਤਾਂ ਸਾਡੇ ਲੰਬੀ ਥਾਣੇ ਦੇ ਮਾਲਖ਼ਾਨੇ ਵਿਚ ਵੀ ਪਈ ਐ। ਸੰਗਤ ਦਰਸ਼ਨਾਂ ’ਚ ਵੱਡੇ ਬਾਦਲ ਇਸੇ ਕੁਰਸੀ ’ਤੇ ਬੈਠ ਕੇ ਖ਼ਜ਼ਾਨਾ ਵੰਡਦੇ ਸਨ। ਬਾਦਸ਼ਾਹੋ, ਤੁਸੀਂ ਨਾ ਮੁਰਾਰੀ ਲਾਲ ਬਣ ਜਾਇਓ। ਚੋਣ ਮੇਲੇ ’ਚ ਥੋਡੀ ਪੁੱਛਗਿੱਛ  ਪ੍ਰਾਹੁਣਿਆਂ ਵਾਂਗੂ ਹੋਊ। ਚਾਅ ’ਚ ਕਿਤੇ ਭੁੱਲ ਨਾ ਜਾਇਓ, ਪੁਰਾਣੇ ਹਿਸਾਬ ਕਿਤਾਬ। ਭੁੱਲਿਓ ਨਾ ਕਿ ਕਿਵੇਂ ਚੌਕੀਦਾਰ ਨੇ ਚਾਅ ਪੂਰੇ ਕੀਤੇ।  62 ਮੁਲਕਾਂ ਦੇ 86 ਦੌਰੇ ਪੂਰੇ 2025 ਕਰੋੜ ’ਚ ਪਏ ਹਨ। ਉਧਰ ਵਿਦੇਸ਼ ਮੰਤਰੀ ਬੀਬੀ ਸ਼ੁਸ਼ਮਾ ਐਵੇਂ ਸੁੱਕਣੀ ਪਈ ਹੈ। ਅਖੇ ਮੈਨੂੰ ‘ਵਿਸ਼ਵ ਦਰਸ਼ਨ’ ਨਹੀਂ ਕਰਾਏ। ਕਮਲ਼ੀਏ, ਜਸ਼ੋਦਰਾ ਬੇਨ ਦਾ ਢਿੱਡ ਫਰੋਲ ਕੇ ਦੇਖ। ਗੱਲ ਤੇ ਮੁੜੀਏ।
                ਚੋਣਾਂ ਕਰਕੇ ਚੌਕੀਦਾਰ ਹੁਣ ਟਲਿਆ। ਲੰਘੇ 100 ਦਿਨਾਂ ’ਚ ਸਿਰਫ਼ ਇੱਕ ਵਿਦੇਸ਼ ਦੌਰਾ ਕੀਤੈ। ਕਿਤੇ ਹੁਣ ਇਹ ਨਾ ਪੁੱਛਿਓ ਕਿ ਸੌ ਦਿਨਾਂ ’ਚ ਕਿੰਨਾ ਕਾਲਾ ਧੰਨ ਵਾਪਸ ਆਇਆ। ਪੰਜਾਬ ’ਚ ਤਾਂ ਚਿੱਟੇ ਦੀ ਗੱਲ ਵੀ ਚੱਲੂ। ਮੋਦੀ ਨੇ ਦੇਸ਼ ਦੇ ਦਸੰਬਰ ’ਚ 10, ਜਨਵਰੀ ਵਿਚ 11 ਤੇ ਫਰਵਰੀ ’ਚ 15 ਦੌਰੇ ਕੀਤੇ। ਇਨ੍ਹਾਂ ਅੱਠ ਦਿਨਾਂ ’ਚ ਅੱਠ ਸੂਬੇ ਗਾਹ ਦਿੱਤੇ। ਚੌਕੀਦਾਰ ਦੇ ਦੌਰੇ ਹਾਲੇ ਹੋਰ ਵਧਣਗੇ। ਗੱਲ ਪੱਲੇ ਬੰਨ੍ਹ ਲਓ, ਸੁਣੋ ਸਭ ਦੀ, ਕਰੋ ਮਨ ਦੀ। ਜਿਵੇਂ ਸਿਆਸੀ ਫਕੀਰ ਨੇ ਪੰਜ ਸਾਲਾਂ ’ਚ 53 ਵਾਰ ‘ਮਨ ਦੀ ਬਾਤ’ ਕੀਤੀ। ਹਰ ਬਾਤ ਦਾ ਅੌਸਤਨ ਖਰਚਾ 95 ਲੱਖ। ਵਾਰੀ ਹੁਣ ਥੋਡੀ ਐ। ਖਰੀਆਂ ਖਰੀਆਂ ਸੁਣਾਉਣ ਦੀ। ਭਾਜਪਾ ਮਿਹਣੇ ਦਿੰਦੀ ਹੈ ਕਿ ਕੈਪਟਨ ਕਿਹੜਾ ਘਰੋਂ ਨਿਕਲਦਾ। ਭਾਵੇਂ ਚੋਣਾਂ ਕਰਕੇ ਸਹੀ, ਹੁਣ ਤਾਂ ਅਮਰਿੰਦਰ ਨੇ ਘਰ ਛੱਡਿਐ। ਲੋਕ ਰਾਜ ਦੇ ਰਾਜਿਓ, ਦੇਖਿਓ ਕਿਤੇ ਚੋਣ ਮੇਲੇ ’ਚ ਮਛਰ ਜਾਓ। ਬਾਲਾਕਾਟ ’ਚ ਕਿੰਨੇ ਬੰਦੇ ਮਰੇ ਤੇ ਕਿੰਨੇ ਕਾਂ, ਇਸ ਚੱਕਰ ’ਚ ਨਹੀਂ ਪੈਣਾ। ਜਰਾ ਸੰਭਲ ਕੇ.. ਤੇਲ ਦੀ ਧਾਰ ਨਾ ਦੇਖਿਓ, ਤੇਲ ਦਾ ਭਾਅ ਜਰੂਰ ਚੇਤੇ ਰੱਖਿਓ। ਬੈਂਕਾਂ ਲੁੱਟ ਕੇ ਜੋ ਵਿਦੇਸ਼ ਦੌੜੇ, ਉਨ੍ਹਾਂ ਨੂੰ ਛੱਡੋ, ਤੁਸੀਂ ਆਪਣਾ ਬੈਂਕ ਖਾਤਾ ਜਰੂਰ ਚੈੱਕ ਕਰਨਾ। ਕਿਤੇ 15 ਲੱਖ ਬਿਨਾਂ ਵਰਤੇ ਨਾ ਪਏ ਰਹਿਣ। ਸੋਨੀਆ ਦਾ ਕਾਕਾ ਤੇ ਕਾਕੀ ਆਉਣਗੇ, ਯੂ.ਪੀ.ਏ ਦੇ ਘਪਲਿਆਂ ਦਾ ਸ਼ੀਸ਼ਾ ਉਨ੍ਹਾਂ ਨੂੰ ਵੀ ਵਿਖਾਉਣਾ। ਹੋਸ਼ ਨਾਲ, ਕਿਤੇ ਲਾਲਚ ’ਚ ਨਾ ਆ ਜਾਇਓ।
                 ਜਰੂਰ ਪੁੱਛਣਾ ਕਿ ਕਿੰਨੇ ਕੁੱਟ ਕੁੱਟ ਕੇ ਮਾਰੇ ਤੇ ਕਿੰਨੇ ਤਾਲੇ ਜ਼ਬਾਨਾਂ ਨੂੰ ਲਾਏ। ਛੁਪਾਉਣ ’ਚ ਚੌਕੀਦਾਰ ਸਭ ਦਾ ਪਿਓ ਹੈ। ਪ੍ਰਧਾਨ ਮੰਤਰੀ ਦਫ਼ਤਰ ਨੂੰ ਬੜੇ ਲੋਕਾਂ ਨੇ ਆਰ.ਟੀ.ਆਈ ਪਾਈ। ‘ਪ੍ਰਧਾਨ ਮੰਤਰੀ ਦੇ ਪ੍ਰਵਾਰ ’ਚ ਕੌਣ ਕੌਣ ਹੈ?’, ‘ਪ੍ਰਧਾਨ ਮੰਤਰੀ ਰਾਮ ਲੀਲਾ ’ਚ ਕੰਮ ਕਰਦੇ ਰਹੇ ਨੇ ? ’, ‘ ਐਮ.ਏ ਕਿੰਨੇ ਨੰਬਰਾਂ ’ਚ ਕੀਤੀ’। ਕਿਸੇ ਨੂੰ ਕੋਈ ਜੁਆਬ ਨਹੀਂ ਮਿਲਿਆ। ਪਾਰਲੀਮੈਂਟ ’ਚ ਪੰਜ ਸਾਲਾਂ ’ਚ ‘ਹਜ਼ੂਮੀ ਕਤਲਾਂ’ ਬਾਰੇ 36 ਸੁਆਲ ਹੋਏ, ਸਭ ਟਾਲ ਦਿੱਤੇ। ਨੋਟਬੰਦੀ ਬਾਰੇ 389 ਅਤੇ ਕਾਲੇ ਧੰਨ ਬਾਰੇ 368 ਸੁਆਲ ਪੁੱਛੇ ਗਏ। ਹਰਸਿਮਰਤ ਨੇ ਅਮਰਿੰਦਰ ਦਾ ਚਿੱਠਾ ਖੋਲ੍ਹਿਆ ਹੈ। ਮੋਦੀ ਨੂੰ ਦੁਬਾਰਾ ਮੌਕਾ ਦਿਓ, ਪਰ ਰਾਜੇ ਨੂੰ ਨਹੀਂ। ਰਾਜੇ ਦੇ ਰਾਜ ’ਚ 925 ਕਿਸਾਨ ਮਰੇ ਤੇ 450 ਜਵਾਨ। ਸਮਾਰਟ ਫੋਨ ਆਏ ਨਹੀਂ। ਕੱਚੇ ਮੁਲਾਜ਼ਮਾਂ ਦੀ ਹਾਹਾਕਾਰ ਮੱਚੀ ਹੈ। ਬੇਰੁਜ਼ਗਾਰ ਪੈਟਰੋਲ ਲੈ ਕੇ ਟੈਂਕੀਆਂ ’ਤੇ ਚੜ੍ਹੇ ਹੋਏ ਨੇ। ਇੱਧਰ, ਅਕਾਲੀਆਂ ਨੂੰ ਇੱਕੋ ਮੁੱਦਾ ਹੀ ਧੌਣ ਨਹੀਂ ਚੁੱਕਣ ਦੇ ਰਿਹਾ। ‘ਆਪ’ ਵਾਲੇ ਹਵਾ ਵਿਚ ਡਾਂਗਾਂ ਮਾਰੀ ਜਾਂਦੇ ਨੇ। ਸੁਖਪਾਲ ਖਹਿਰਾ ਤੇ ਬੈਂਸ ਭਰਾ ਵੀ ਟਟੀਹਰੀ ਬਣੇ ਹੋਏ ਨੇ। ਨਵੇਂ ਸਰਪੰਚਾਂ ਕੋਲ ਪਿੰਡਾਂ ’ਚ ਨੋਟਾਂ ਵਾਲੇ ਟਰੱਕ ਹੁਣ ਪੁੱਜੇ ਨੇ। ਚੋਣਾਂ ਵੇਲੇ ਝੂਠ ਸਰਹੱਦਾਂ ਟੱਪਦੇ ਨੇ।
     ਏਨੇ ਘੜਮੱਸ ’ਚ ਕਿਤੇ ਡੁੰਨ ਵੱਟਾ ਨਾ ਬਣ ਜਾਇਓ। ਬਦਾਮ ਗਿਰੀ ਚਾਹੇ ਨਾ ਵੀ ਖਾਇਓ, ਦਿਮਾਗ ਦੀ ਫਿਰਕੀ ਜਰੂਰ ਘੁਮਾਇਓ, ਬਟਨ ਦਬਾਇਓ। ਪਤਾ ਲੱਗੇ ਕਿ ਸ਼ਰਾਫ਼ਤ ਦੀ ਵੀ ਕੋਈ ਹੱਦ ਹੁੰਦੀ ਹੈ। ਨਾਲੇ ਕੰਨ ਹੋ ਜਾਣ ਕਿ ਸਦਾ ਦੀਵਾਲ਼ੀ ਸਾਧ ਦੀ ਨਹੀਂ ਹੁੰਦੀ। ਵਰੋਲਾ ਬਣੋਗੇ, ਤਾਂ ਸੁੱਕੇ ਪੱਤਿਆਂ ਵਾਂਗੂ ਖਿੰਡ ਜਾਣਗੇ। ਚੰਦ ਛਿੱਲੜਾਂ ’ਤੇ ਨਾ ਵਿਕ ਜਾਣਾ, ਨਾ ਹੀ ਰੈਲੀਆਂ ਦੇ ਇਕੱਠ ਬਣਨੈ, ਬੱਸ ਵੱਟ ਕੱਢਣੈ, ਜੋ ਸਿਆਸੀ ਮਹਾਸ਼ਿਆਂ ਨੇ ਭਰਾ-ਭਰਾ ’ਚ ਪਾਇਆ।




3 comments:

  1. ਕਲਮਾਂ ਵਾਲਿਓ ਜਿਉਂਦੇ ਰਹੋ , ਤੇ ਅਸਲੀ ਚੌਂਕੀਦਾਰ ਅਲਾ ਫ਼ਰਜ ਨਿਭਾਈ ਰੱਖਿਓ

    ReplyDelete
  2. ਨੀਲੇ ਹਰੇ ਚਿੱਟੇ ਭਗਵੇ ਸਾਰੇ ਚੋਰ ਹਨ। ਵੋਟ ਬੋਤਲ ਲੈ ਕੇ ਪਾਈਏ ਭਾਵੇ ਬਿਨਾਂ ਬੋਤਲ ਲਏ, ਕੇਰਾਂ ਤਾਂ ਸਾਰੇ ਹੀ ਸਾਧ ਨਜ਼ਰ ਆਉਣਗੇ। ਹੱਥ ਜੋੜਨਗੇ। ਵਾਇਦੇ ਕਰਨਗੇ। ਅਸਲੀ ਰੰਗ ਜਿੱਤਣ ਤੋਂ ਬਾਦ ਨਿਕਲੁਗਾ। ਖੰਘ ਦੀ ਦਵਾਈ ਚਿੱਟੇ ਦੀ ਸਪਲਾਈ ਨੋਟਾਂ ਦੇ ਟਰੱਕ ਕਾਲਾ ਧਨ ਲਿਆਉਣ ਵਾਲਾ ਕਾਣਾ ਬਾਬਾ 15 ਲੱਖ ਦਾ ਝਾਂਸਾ ਕਰਜ਼ਾ ਮੁਆਫੀ ਕਿਸਾਨਾਂ ਦੀ ਖ਼ੁਦਕੁਸ਼ੀ ਮੁੱਕਦੀ ਗੱਲ ਸਭ ਰੰਗ ਬਾਦ ਵਿਚ ਨਿਖਰਦੇ ਹਨ। ਸਾਡੇ ਪੱਲੇ ਪੰਜ ਸਾਲਾਂ ਲਈ ਪਛਤਾਵਾ ਹੀ ਰਹਿ ਜਾਂਦਾ ਹੈ।

    ReplyDelete