Monday, January 11, 2021

                                                              ਵਿਚਲੀ ਗੱਲ 
                                                 ਦੱਸ ਅਸਾਂ ਨੂੰ ਚਾਰਾ ਕੋਈ..!
                                                           ਚਰਨਜੀਤ ਭੁੱਲਰ             

ਚੰਡੀਗੜ੍ਹ : ਤਖ਼ਤ ਵਾਲੇ! ਤੂੰ ਏਨਾ ਨਿਰਮੋਹਾ ਨਾ ਬਣ। ਏਹ ਖੇਤਾਂ ਦੇ ਕਰਨਲ ਨੇ, ਰੰਗਰੂਟ ਨਹੀਂ। ਇੰਜ ਚਿਹਰੇ ਨਾ ਪੜ੍ਹ, ਹੱਥਾਂ ਦੇ ਅੱਟਣ ਦੇਖ। ਮਿਟ ਗਈਆਂ ਲਕੀਰਾਂ, ਹੁਣ ਲੱਭਣ ਆਏ ਨੇ। ਦਾਦੇ ਦੀ ਹਰੀ ਕਰਾਂਤੀ, ਪਿਓ ਦੀ ਫਾਹੀ ਬਣੀ, ਪੱੁਤ ਲਈ ਡੂੰਘੀ ਖਾਈ। ਅੱਗਿਓਂ ਨਿਆਣੇ ਖਤਾ ਨਾ ਖਾਣ, ਚਾਚੇ ਨਹਿਰੂ ਦੇ ਵਾਰਸ ਬਣੋ। ਜ਼ਿੰਦਗੀ ਦੀ ਜਮ੍ਹਾਬੰਦੀ ਦੇਖ, ਬੇਜ਼ਮੀਨੇ ਭਾਵੇਂ ਹੋਣ, ਬੇਜ਼ਮੀਰੇ ਨਹੀਂ। ਭਿਖਾਰੀ ਨਹੀਂ, ਖੇਤਾਂ ਦੇ ਲਲਾਰੀ ਨੇ। ਸਿੰਘੂ ’ਚ ਰੰਗੋਲੀ ਐਵੇਂ ਨਹੀਂ ਸਜੀ। ‘ਚੰਗਾ ਬੀਜ ਸਮੁੰਦਰ ’ਚ ਵੀ ਡਿੱਗੇਗਾ, ਤਾਂ ਟਾਪੂ ਬਣਕੇ ਉਭਰੇਗਾ’। ਤਾਜ ਵਾਲੇ! ਤਖ਼ਤੀ ’ਤੇ ਲਿਖੇ ਨੂੰ ਪੜ੍ਹ, ‘ਜਾਂ ਮਰਾਂਗੇ, ਜਾਂ ਜਿੱਤਾਂਗੇ।’ ਕੋਈ ਭਰੋਸਾ ਤੋੜ ਜਾਏ, ਪਹਿਲੋਂ ਨਾਕੇ, ਫੇਰ ਉਹਦਾ ਗਰੂਰ ਤੋੜਦੇ ਨੇ। ਐਨੇ ਨਾਸਮਝ ਨਾ ਬਣੋ, ਏਹ ਨਿਉਂਦਾ ਵੀ ਮੋੜਦੇ ਨੇ, ਨਾਲੇ ਭਾਜੀ ਵੀ। ਮਹਾਤਮਾ ਬੁੱਧ ਨੂੰ ਧਿਆਓ, ‘ਰਾਹ ਅਸਮਾਨ ’ਚ ਨਹੀਂ ਹੁੰਦਾ, ਰਾਹ ਦਿਲ ’ਚ ਹੁੰਦਾ ਹੈ।’ ਦਿਲਾਂ ਨੂੰ ਦਿਲਾਂ ਦੇ ਰਾਹ ਬਣਦੇ, ਏਹ ਕਾਹਤੋਂ ਤਖ਼ਤੀ ਚੁੱਕਦੇ। ਤੁਸੀਂ ਇਨਸਾਫ਼ ਦਿਓ, ਤਾਰੀਖ਼ ਨੂੰ ਛੱਡੋ। ‘ਸਾਡੀ ਮੌਤ, ਉਨ੍ਹਾਂ ਦਾ ਹਾਸਾ।’

    ਸਿੰਘੂ ਸਰਹੱਦ ਦੇ ਤੰਬੂ ਦੇਖ। ਅੌਹ ਤੰਬੂ ਦੀ ਇਬਾਰਤ ’ਤੇ ਗੌਰ ਕਰ, ‘ਸਭ ਤੋਂ ਖਤਰਨਾਕ ਹੁੰਦਾ ਹੈ ਏਹ ਮੰਨ ਲੈਣਾ ਕਿ ਰੋਟੀ ਬਾਜ਼ਾਰ ਤੋਂ ਮਿਲਦੀ ਹੈ।’ ਉਸਤਾਦ ਅਰਸਤੂ, ‘ਮਹਾਨ’ ਬਣਾ ਗਿਆ ਸਿਕੰਦਰ ਨੂੰ। ਡੋਨਾਲਡ ਟਰੰਪ ਦਾ ਮੂੰਹ ਵਟ ਭਰਾ, ਇਨਸਾਨ ਬਣੂ ਜਾਂ ਮਹਾਨ, ਲੱਖਣ ਕਿਵੇਂ ਲਾਈਏ। ਅਮਰੀਕਾ ਮਾਰਕਾ ਸਿਰ ਤਾਂ ਜਾਗ ਪਏ। ਸਾਡੇ ਜੰਗਾਲੂ ਸਿਰ ਕਦੋਂ ਜਾਗਣਗੇ, ਵਾਹ ‘ਖੇਤਾਂ ਦੇ ਰਾਜੇ’ ਲਾ ਰਹੇ ਨੇ। ਦਸੌਧਾ ਸਿਓ ਹਿੱਕ ਥਾਪੜ ਰਿਹੈ, ‘ਬਈ ! ਟਰੰਪ ਤਾਂ ਕਰਤਾ ਜਾਮੇ ਦੇ ਮੇਚ, ਹੋਰਨਾਂ ਦਾ ਮੇਚਾ ਲਿਐ।’ ਬਾਤਾਂ ਵਾਲੇ! ਤਖ਼ਤੀ ਪੜ੍ਹ, ਬਤੰਗੜ੍ਹ ਨਾ ਬਣਾ।  ਅੱਤਵਾਦੀ ਨੇ, ਨਕਸਲ ਨੇ। ‘ਪਿਕਨਿਕ ਮਨਾਉਣ ਆਏ ਨੇ।’ ਆਓ ਸਿੰਘੂ/ਟਿੱਕਰੀ ਸਰਹੱਦ ਚੱਲੀਏ। ਭਾਈਓ! ਏਹ ਕਿਸਾਨਗੜ੍ਹ ਐ। ਹੁਣ ਅੱਖੀਂ ਡਿੱਠਾ ਹਾਲ ਸੁਣੋ। ਬ੍ਰਹਿਮੰਡ ਦੇ ਪਹਿਲੇ ਖ਼ਬਰਚੀ, ‘ਨਾਰਦ ਮੁਨੀ’ ਤੋਂ। ਸ਼ੁਰੂਆਤ ਬਹਾਦਰਗੜ੍ਹ ਦੇ ਸਿਵਿਆਂ ਤੋਂ। ਸਿਵਿਆਂ ’ਚ ਬਲਦੀ ਭੱਠੀ, ਭੱਠੀ ਕੋਲ ਕੌਣ ਸੌਂਦੈ। ਮੰਡੀ ਕਲਾਂ ਦੇ ਦਰਜਨਾਂ ਕਿਸਾਨ, ਜਿਨ੍ਹਾਂ ਨੇ ਸਿਵਿਆਂ ’ਚ ਸਿਰਹਾਣੇ ਲਾਏ ਨੇ। ਉੱਜਲ ਸਿੰਘ ਆਖਦੈ, ‘ਖੇਤੀ ਕਾਨੂੰਨ ਵੀ ਸਾਡੀ ਮੌਤ ਹੀ ਨੇ।’ ਕੋਈ ਮੁਰਦਾ ਫੂਕਣ ਆਏ ਦੰਗ ਰਹਿ ਗਏ। ‘ਏਹ ਕੇਹੀ ਪਿਕਨਿਕ’।

   ‘ਹੀਰਾ ਰਗੜਨ ਨਾਲ ਚਮਕਦੈ, ਮਨੁੱਖ ਸੰਘਰਸ਼ ਨਾਲ।’ ਕੈਮਰਾ ਟਿੱਕਰੀ ਸਟੇਜ ’ਤੇ ਪਿਐ। ਮੱਧ ਪ੍ਰਦੇਸ਼ ਦੀ ਸੱਤ ਵਰ੍ਹਿਆਂ ਦੀ ਬੱਚੀ। ਸਨਿਕਾ ਪਟੇਲ ਬੋਲੀ..‘ਮੈਂ ਕਿਸਾਨ ਕੀ ਬੇਟੀ ਹੂੰ।’ ਨਾਲੇ ਕਵਿਤਾ ਵੀ ਬੋਲ ਗਈ,‘ਲੇ ਮਸ਼ਾਲੇ ਚੱਲ ਪੜ੍ਹੇ ਐ, ਲੋਗ ਮੇਰੇ ਗਾਓਂ ਕੇ।’ ਓਧਰ ਵੀ ਵੇਖੋ, ਫੌਜੀ ਵਰਦੀ ’ਚ, ਸਰਹੱਦ ਤੋਂ ਡਿਪਟੀ ਕਮਾਂਡਰ ਆਇਐ। ਲੰਗਰ ਲਾਗੇ ਜੱਗਰ ਸਿਓ ਬੈਠੈ, 42 ਦਿਨਾਂ ਤੋਂ ਭਾਂਡੇ ਮਾਂਜ ਰਿਹੈ, ਨਕਲੀ ਲੱਤ ਕੋਲ ਪਈ ਐ।  ਪੰਜਾਬ ਤੋਂ ਹਜ਼ਾਰਾਂ ਮੁੰਡੇ ਦਿੱਲੀ ਸਰਹੱਦ ’ਤੇ ਆਏ ਨੇ। ਅਕਲਾਂ ਵਾਲੇ ! ਅਕਲ ਨੂੰ ਹੱਥ ਮਾਰ। ਤਖ਼ਤੀ ਨੂੰ ਨੇੜਿਓਂ ਤੱਕ। ਟਰੈਕਟਰਾਂ  ਵਾਲੇ ਮੁੰਡੇ ਜਿੱਦੀ ਬੜੇ ਨੇ, ਆਖਦੇ ਨੇ ‘ਅਲਗੋਜ਼ੇ ਛੱਡੋ, ਪੀਪਣੀ ਵਜਾਵਾਂਗੇ।’ ਕੋਈ ਸਿਰੜ ਸਿੰਘ ਐ, ਕੋਈ ਸਿਦਕ ਲਾਲ ਤੇ ਕੋਈ ਜੋਸ਼ ਖਾਨ। ਖੋਜੀ ਸੁਭਾਅ ਵਾਲਾ ਨਾਰਦ। ਧਰਮਿੰਦਰ ’ਤੇ ਸਨੀ ਦਿਓਲ ਨੂੰ ਲੱਭਦੈ। ਉਗ ਸੁੱਘ ਹੇਮਾ ਮਾਲਿਨੀ ਵੀ ਨਹੀਂ ਮਿਲੀ। 

     ਤਾਹੀਓਂ ਮਝੈਲ ਤਪੇ ਪਏ ਨੇ, ਅਖੇ ਢਾਈ ਕਿਲੋ ਦਾ ਹੱਥ ਕਿਤੇ ਮਿਲੇ ਤਾਂ ਸਹੀ। ਹੰਸ ਰਾਜ ਨਾਗਪੁਰੀ ਸੰਤਰੇ ਖਾ ਰਿਹੈ, ਮੌਜਾਂ ਹੀ ਮੌਜਾਂ। ਅਮਰੀਕਾ ਤੋਂ ਕਮਲਾ ਹੈਰਿਸ ਦਾ ਫੋਨ ਬੇਬੇ ਮਹਿੰਦਰ ਕੌਰ ਨੂੰ ਆਇਐ। ਮਾਸੀ ਜੀ! ਬੱਸ ਡਟੇ ਰਹਿਣਾ, ਦੇਰ ਐ ਅਧੇਰ ਨਹੀਂ। ਅੱਗਿਓਂ ਬੇਬੇ ਆਖਿਆ, ਕਮਲਾ ਪੁੱਤ! ਸਾਨੂੰ ਵੀ ਦੇ ਕੋਈ ਤਵੀਤ। ‘ਖਾਲੀ ਕੋਠੇ ਨੂੰ ਛੱਤ ਦੀ ਲੋੜ ਨਹੀਂ ਹੁੰਦੀ।’ ਪੋਹ ਆਇਆ, ਮੀਂਹ ਆਇਆ, ਨੇਰ੍ਹੀ ਆਈ, ਝੱਖੜ ਵੀ। ਦੁੱਲੇ ਭੱਟੀ ਦੀ ਨਾਬਰੀ, ਢੱਡ ’ਤੇ ਖੜ੍ਹਕ ਰਹੀ ਐ। ਅੱਗੇ ਲੋਹੜੀ ਜੋ ਆਉਣੀ ਹੈ। ਕੁਰਸੀ ਵਾਲੇ ! ਤੂੰ ਲੋਹੜਾ ਨਾ ਮਾਰਦਾ, ਜਵਾਨ ਪੁੱਤਾਂ ਦੇ ਸਿਵੇ ਨਾ ਬਲਦੇ। ਸਿਵੇ ਹਾਲੇ ਠੰਢੇ ਹੋਏ ਨਹੀਂ, ਬਾਪ ਮੁੜ ਸਿੰਘੂ ’ਤੇ ਆ ਬੈਠੇ ਨੇ। ਧੰਨ ਜਿਗਰਾ ਇਨ੍ਹਾਂ ਦਾ। ਇਨ੍ਹਾਂ ਨੂੰ ਸੱਤ ਬਿਗਾਨੇ ਨਾ ਸਮਝ। ਮਾਓ ਜੇ ਤੁੰਗ ਆਖਦੈ..‘ਸੌ ਫੁੱਲ ਖਿੜਨ ਦਿਓ, ਸੌ ਵਿਚਾਰ ਭਿੜਨ ਦਿਓ।’ ਤੁੰਗ ਤੋਂ ਨਹੀਂ ਸਿੱਖਣਾ, ਬਰਲਿਨ ਦੀ ਕੰਧ ਤੋਂ ਸਿੱਖ ਲਓ। ਲੀਰਾਂ ਦੀ ਖੁੱਦੋਂ ਕਿਵੇਂ ਖਿੱਲਰਦੀ ਐ, ਬੇਸ਼ੱਕ ਏਹ ਟਰੰਪ ਨੂੰ ਪੁੱਛ ਲਓ। ਅੰਨਦਾਤਾ ਨੇ, ਹਰੀ ਕਰਾਂਤੀ ਦੇ ਵਾਰਸ। ਹੁਣ ਖਾਮੋਸ਼ ਕਰਾਂਤੀ ਦਾ ਮੁੱਖ ਬੰਦ ਲਿਖਣ ਲੱਗੇ ਨੇ। ਸਰਬਜੀਤ ਕੌਰ ਜੱਸ ਨੇ ਬੋਲੀ ਪਾਈ ਐ, ‘ਵੇ ਆ ਪੁੱਟੀਏ ਮੁਹੱਬਤਾਂ ਦੇ ਖੇਤ ਚੋਂ, ਸੋਚਾਂ ’ਚ ਨਦੀਨ ਚੜ੍ਹਿਆ।’

             ਨਾਰਦ ਮੁਨੀ ਦੇ ਪੈਰ ਚੱਕਰ ਐ। ਦਿਨ ਢਲ ਚੱਲਿਆ ਹੈ, ਅੌਹ ਟਰਾਲੀ ’ਚ ਕੋਈ ਕਿਸਾਨ ਘੋੜਾ ਬਣਿਐ.. ਢੂਹੀ ’ਤੇ ਬੱਚਾ ਬੈਠੈ..‘ਚੱਲ ਮੇਰੇ ਘੋੜੇ..ਟਿੱਕ ਟਿੱਕ ਟਿੱਕ।’ ਟਰਾਲੀ ਦੇ ਨੇੜੇ ਖੜ੍ਹੇ ਬਾਪ ਗੁਰਮੇਲ ਸਿੰਘ ਨੇ ਪਿਓ ਪੁੱਤ ਦਾ ਲਾਡ ਵੇਖਿਆ, ਅੱਥਰੂ ਆਪ ਮੁਹਾਰੇ ਵਹਿ ਤੁਰੇ। ਘੋਲ ’ਚ ਜਵਾਨ ਪੁੱਤ ਵਿਗੋਚਾ ਦੇ ਗਿਆ। ਇਵੇਂ ਇੱਕ ਹੋਰ ਜਵਾਨ ਪੋਤਾ ਵਿਦਾ ਹੋਇਆ। ਬਿਰਧ ਦਾਦੀ ਨੇ ਗੱਚ ਭਰਿਆ, ਜਦੋਂ ਇੱਕ ਬੱਚਾ ਆਪਣੀ ਮਾਂ ਹੱਥੋਂ ਰੋਟੀ ਖਾਂਦਾ ਵੇਖਿਆ। ਨਰਿੰਦਰਪਾਲ ਕੌਰ ਦੀ ਤੁਕ ਢੁਕਵੀਂ ਐ.. ‘ਹੁਣ ਜਦ ਵੀ ਉਸ ਰੁੱਖ ’ਤੇ ਕੋਈ ਪੰਛੀ ਆਪਣੇ ਬੱਚਿਆਂ ਨੂੰ ਚੋਗਾ ਚੁਗਾਉਂਦਾ ਹੈ, ਉਸ ਨੂੰ ਘਰ ਬਹੁਤ ਯਾਦ ਆਉਂਦਾ ਹੈ। ’ਇਨ੍ਹਾਂ ਬਾਬਿਆਂ ਦਾ ਏਡਾ ਜੇਰਾ, ਗੁਆ ਕੇ ਵੀ ਡਟੇ ਨੇ। ‘ਮਾੜਾ ਹਾਕਮ ਖੁਦਾ ਦਾ ਕਹਿਰ’। ਤੋਮਰ ਦੇ ਹੱਥ ਖਾਲੀ ਨੇ। ਸਭ ਇੱਕੋ ਦੇ ਹੱਥ ਹੈ। ਇਨ੍ਹਾਂ ਹੱਥਾਂ ’ਚ ਖੇਤੀ ਕਾਨੂੰਨ ਨੇ। ਤਖ਼ਤੀ ’ਤੇ ਨਜ਼ਰ ਨਹੀਂ ਘੁੰਮਾ ਰਿਹਾ। ਹੁਣ 26 ਜਨਵਰੀ ਦੂਰ ਨਹੀਂ। ਗਾਜੀਪੁਰ ਸਰਹੱਦ ’ਤੇ ਬੈਠੀ ਕੁੜੀ ਪੂਨਮ ਪੰਡਿਤ ਗਰਜ਼ੀ, ‘ਘਰੋਂ ਸ਼ਹਾਦਤ ਦੇਣ ਲਈ ਤੁਰ ਆਈ ਹਾਂ।’ ‘ਤੁਸੀਂ ਹਰ ਕਿਸੇ ਨੂੰ ਆਪਣੇ ਉਪਰੋਂ ਲੰਘਣ ਦਿਓਗੇ, ਤੱਪੜ ਬਣ ਜਾਓਗੇ।’ ਸਮੁੱਚੀ ਕਿਸਾਨੀ ਨੇ ਖੰਘੂਰਾ ਮਾਰਿਆ। ਨਾਰਦ ਹਰ ਪੈੜ ਨੂੰ ਨੱਪ ਰਿਹੈ। ਤਖ਼ਤੀ ਅਤੇ ਖੰਘੂਰੇ ਦੇ ਮਾਅਨੇ ਹਕੂਮਤ ਕੀ ਜਾਣੇ।

     ਕੇਰਾਂ ਕਿਸੇ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ’ਤੇ ਪੱਥਰ ਮਾਰਿਆ। ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਪੱਥਰਬਾਜ ਨੂੰ ਫੜਨਾ ਚਾਹਿਆ। ਮਹਾਰਾਜੇ ਨੇ ਅਹਿਲਕਾਰਾਂ ਨੂੰ ਰੋਕਤਾ। ‘ਭਲਿਓ, ਏਸ ਪੱਥਰਬਾਜ ਨੇ ਸਾਨੂੰ ਅੌਕਾਤ ਦੱਸੀ ਐ ਕਿ ਏਹ ਰਾਜ ਭਾਗ ਉਨ੍ਹਾਂ ਦਾ ਦਿੱਤਾ ਹੋਇਐ।’ ਚਾਣਕਯ ਆਖਦੇ ਨੇ,‘ ਅੌਖੇ ਸਮੇਂ ਅੰਦਰ ਬੁੱਧੀ ਹੀ ਰਾਹ ਦਿਖਾਉਂਦੀ ਹੈ।’ ਅਕਲਾਂ ਦਾ ਛਾਬਾ ਖਾਲੀ ਹੋਵੇ, ਫੇਰ ਕੀ ਕਰੀਏ। ਛੱਜੂ ਰਾਮ ਪਿੰਡ ਗਿਐ, ਨਹੀਂ ਉਸ ਤੋਂ ਪੁੱਛ ਲੈਂਦੇ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸੁਆਲ ਕੀਤੈ। ‘ਜੈ ਚੰਦ’ ਪਤਾ ਕਿਸ ਨੂੰ ਆਖਦੇ ਨੇ। ਜੋ ਮੈਦਾਨ ਛੱਡ ਕੇ ਭੱਜੇ । ਟਿਕੈਤ ਨੇ ਜ਼ਮੀਰਾਂ ਨੂੰ ਹਲੂਣਾ ਦਿੱਤੈ। ‘ਜੋ ਸੋਧਾਂ ਲਈ ਮੰਨੇਗਾ, ‘ਜੈ ਚੰਦ’ ਕਹਾਏਗਾ। ਟਿਕੈਤ ਬਾਬੂ ਕੀ ਜਾਣੇ, ਘੋਲ ’ਚ ਬੈਠੇ ਸਾਰੇ ਖੇਤਾਂ ਦੇ ਸਕੇ ਪੁੱਤ ਨੇ। ਜੋ ਪਿੱਛੇ ਪੰਜਾਬ ਬੈਠੇ ਨੇ, ਉਹ ਵੀ ਜਲਦ ਆਉਣਗੇ। ਕੰਗਣਾ ਰਣੌਤ ਆਖਦੀ ਹੈ, ‘ਅਸਾਂ ਨਹੀਂਓ ਆ ਸਕਦੇ, ਥਾਣੇ ’ਚ ਨਿੱਤ ਹਾਜ਼ਰੀ ਲੱਗਦੀ ਐ।’ ਜੀਹਦੀ ਥਾਣੇ ਹਾਜ਼ਰੀ ਲੱਗੇ, ਉਸ ਨੂੰ ਕੀ ਆਖਦੇ ਨੇ ? ਪਤੇ ਦੀ ਗੱਲ ਏਹ ਹੈ ਕਿ ਜੇ ਕੰਧ ’ਤੇ ਲਿਖਿਆ ਨਾ ਪੜ੍ਹਿਆ ਜਾਵੇ, ਤਖ਼ਤੀ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। 

  

 

No comments:

Post a Comment