Wednesday, January 13, 2021

                                                          ਧੁਖਦੀ ਜ਼ਿੰਦਗੀ
                                      ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ..!
                                                           ਚਰਨਜੀਤ ਭੁੱਲਰ        

ਚੰਡੀਗੜ੍ਹ : ਪੰਜਾਬ ’ਚ ਹਜ਼ਾਰਾਂ ਸੁੰਦਰੀਆਂ ਤੇ ਮੁੰਦਰੀਆਂ ਹਨ ਜਨ੍ਹਿਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ। ਇਨ੍ਹਾਂ ਧੀਆਂ ਨੂੰ ਤਾਂ ਲੋਹੜੀ ਦਾ ਸੇਕ ਵੀ ਨਸੀਬ ਨਹੀਂ ਹੋਇਆ, ਗੁੜ-ਗੱਚਕ ਤੇ ਮੂੰਗਫਲੀ ਤਾਂ ਦੂਰ ਦੀ ਗੱਲ। ਇਵੇਂ ਦੀਆਂ ਬੱਚੀਆਂ ਕਿਸ ਦਰਬਾਰ ਜਾਣ, ਜਨ੍ਹਿਾਂ ਕੋਲ ਰਹਿਣ ਲਈ ਛੱਤ ਨਹੀਂ, ਕਿਸੇ ਕੋਲ ਮਾਪਿਆਂ ਦੀ ਛਾਂ ਨਹੀਂ। ਅੱਜ ਜਦੋਂ ਲੋਹੜੀ ਦਾ ਤਿਉਹਾਰ ਹੈ ਤਾਂ ਇਨ੍ਹਾਂ ਬੱਚੀਆਂ ਅਤੇ ਪਰਿਵਾਰਾਂ ਨੂੰ ਗੁਰਬਤ ਕੰਬਣੀ ਛੇੜਦੀ ਹੈ। ਬਹੁਤੇ ਪਰਿਵਾਰ ਅੱਜ ਹਰੇ ਇਨਕਲਾਬ ਦਾ ਦੁੱਖ ਝੱਲ ਰਹੇ ਹਨ।ਜ਼ਲ੍ਹਿਾ ਮੋਗਾ ਦੇ ਪਿੰਡ ਕਾਲੇਕੇ ਦੀ ਹਰਸਿਮਰਤ ਕੌਰ ਤੇ ਹਰਪ੍ਰੀਤ ਕੌਰ ਦੀ ਜ਼ਿੰਦਗੀ ਅੱਜ ‘ਸੁੰਦਰੀ’ ਤੇ ‘ਮੁੰਦਰੀ’ ਤੋਂ ਬਦਤਰ ਹੈ। ਜਦੋਂ ਬਾਪ ਤਰਸੇਮ ਸਿੰਘ ਨੂੰ ਟੀਬੀ ਦੀ ਬਿਮਾਰੀ ਨੇ ਖੋਹ ਲਿਆ ਤਾਂ ਉਨ੍ਹਾਂ ਦਾ ਜਹਾਨ ਉੱਜੜ ਗਿਆ। ਛੱਡ ਕੇ ਮਾਂ ਪੇਕੇ ਚਲੀ ਗਈ ਤਾਂ ਇਨ੍ਹਾਂ ਦੋਵਾਂ ਬੱਚੀਆਂ ਕੋਲੋਂ ਨਿੱਘ ਖੁਸ ਗਈ। ਦਾਦੀ ਗੁਰਦੀਪ ਕੌਰ ਨੇ ਪੋਤੀਆਂ ਦੇ ਸਿਰ ’ਤੇ ਹੱਥ ਰੱਖਿਆ। ਛੇ ਮਹੀਨੇ ਪਹਿਲਾਂ ਦਾਦੀ ਵੀ ਰੱਬ ਨੂੰ ਪਿਆਰੀ ਹੋ ਗਈ। ਇਕੱਲਾ ਗੁਰਬਖਸ਼ ਸਿੰਘ ਦਾਦਾ ਬਚਿਆ ਹੈ।

             ਇਨ੍ਹਾਂ ਦੋਵੇਂ ਸਕੂਲੀ ਬੱਚੀਆਂ ਨੂੰ ਕੋਈ ਲੋਹੜੀ ਹੁਣ ਤਪਸ਼ ਨਹੀਂ ਵੰਡਦੀ। ਇਨ੍ਹਾਂ ਧੀਆਂ ਨੂੰ ਇੱਕੋ ਫਿਕਰ ਹੈ ਕਿ ਦਾਦਾ ਚਲਿਆ ਤਾਂ ਉਨ੍ਹਾਂ ਦੀ ਕੌਣ ਬਾਂਹ ਫੜੇਗਾ। ਇਹ ਹੋਣੀ ਖੇਤ ਮਜ਼ਦੂਰਾਂ ਤੇ ਕਿਸਾਨ ਪਰਿਵਾਰਾਂ ਦੇ ਬੱਚਿਆਂ ਦੀ ਹੈ ਜਨ੍ਹਿਾਂ ਨੂੰ ਖੇਤਾਂ ਦੇ ਸੰਕਟ ਨੇ ਝੰਬ ਦਿੱਤਾ ਹੈ। ਇਸੇ ਜ਼ਲ੍ਹਿੇ ਦੇ ਪਿੰਡ ਮੀਣੀਆਂ ਦਾ ਕਿਸਾਨ ਦੀਪਾ ਸਿੰਘ ਖੁਦਕੁਸ਼ੀ ਕਰ ਗਿਆ, ਪਿਛੇ ਪਤਨੀ ਤੇ ਦੋ ਬੱਚੇ ਹਨ। ਕੋਈ ਢਾਰਸ ਨਹੀਂ ਜਿਸ ਕਰਕੇ ਇਸ ਪਰਿਵਾਰ ਨੂੰ ਕਦੇ ਲੋਹੜੀ ਨੇ ਧਰਵਾਸ ਨਹੀਂ ਦਿੱਤਾ।ਮੁਕਤਸਰ ਦੇ ਪਿੰਡ ਚਿੱਬੜਾਂਵਾਲੀ ਦੀ ਵਿਧਵਾ ਅੰਗੂਰੀ ਦੇਵੀ ਦੀਆਂ ਛੇ ਪੋਤੀਆਂ ਨੂੰ ਘਰ ਦੀ ਛੱਤ ਨਸੀਬ ਨਹੀਂ ਹੋਈ। ਅੰਗੂਰੀ ਦੇਵੀ ਆਪਣੇ ਪਰਿਵਾਰ ਸਮੇਤ ਪਸ਼ੂਆਂ ਵਾਲੇ ਵਾੜੇ ਵਿਚ ਰਹਿ ਰਹੀ ਹੈ। ਪੋਤੀ ਨੰਦਨੀ ਤੇ ਉਰਮਾ ਦੇਵੀ ਕਿਸੇ ਅਜਿਹੇ ਦੁੱਲੇ ਦੀ ਉਡੀਕ ’ਚ ਹਨ ਜੋ ਉਨ੍ਹਾਂ ਦੇ ਭਾਗਾਂ ਵਿਚ ਰਹਿਣ ਜੋਗੀ ਥਾਂ ਲਿਖ ਦੇਵੇ। ਬੇਘਰ ਪਰਿਵਾਰ ਕਿਧਰ ਜਾਣ। ਬੱਚੀਆਂ ਦਾ ਬਾਪ ਹਰਜਿੰਦਰ ਆਖਦਾ ਹੈ ਕਿ ਮਜ਼ਦੂਰਾਂ ਦੀ ਜ਼ਿੰਦਗੀ ’ਚ ਕੋਈ ਤਿਉਹਾਰ ਨਹੀਂ ਰਿਹਾ।

             ਬਠਿੰਡਾ ਜ਼ਲ੍ਹਿੇ ਦੇ ਪਿੰਡ ਕੋਠਾ ਗੁਰੂ ਦੀ ਬੱਚੀ ਰਮਨਦੀਪ ਕੌਰ, ਦੁਰਗਾ ਕੌਰ ਅਤੇ ਗਗਨਦੀਪ ਕੌਰ ਤਿੰਨੋਂ ਭੈਣਾਂ ਹਨ। ਬਾਪ ਦਰਸ਼ਨ ਸਿੰਘ ਖੁਦਕੁਸ਼ੀ ਕਰ ਗਿਆ ਸੀ। ਪਿੱਛੇ ਪਾਲਣਹਾਰ ਦਾਦਾ ਤੇ ਦਾਦੀ ਹਨ। ਇਨ੍ਹਾਂ ਬੱਚੀਆਂ ਦੀ ਪੜ੍ਹਾਈ ਦਾਦਾ-ਦਾਦੀ ਦੀ ਦਿਹਾੜੀ ਨਾਲ ਚੱਲਦੀ ਹੈ। ਇਹ ਬਜ਼ੁਰਗ ਆਖਦੇ ਹਨ ਜਨ੍ਹਿਾਂ ਨਾਲ ਜ਼ਿੰਦਗੀ ਨੇ ਲੋਹੜਾ ਮਾਰਿਆ ਹੋਵੇ, ਉਨ੍ਹਾਂ ਦੇ ਬੱਚਿਆਂ ਦੇ ਹਿੱਸੇ ਲੋਹੜੀ ਕਿੱਥੇ। ਬਜ਼ੁਰਗਾਂ ਦਾ ਕਹਿਣਾ ਸੀ ਕਿ ਕੋਈ ਵੀ ਸਰਕਾਰ ਉਨ੍ਹਾਂ ਨੂੰ ਤਿੱਥ ਤਿਉਹਾਰਾਂ ਦੀ ਖੁਸ਼ੀ ਨਹੀਂ ਦੇ ਸਕੀ। ਪਿੰਡ ਖੁੰਡੇ ਹਲਾਲ ਦਾ ਇੱਕ ਬਜ਼ੁਰਗ ਜੋੜਾ ਘਰ ਨੂੰ ਤਰਸਦਾ ਮਰ ਗਿਆ। ਇਹ ਜੋੜਾ ਪਿੰਡ ਦੀ ਧਰਮਸ਼ਾਲਾ ਵਿੱਚ ਰਹਿੰਦਾ ਸੀ। ਧਰਮਸ਼ਾਲਾ ’ਚੋਂ ਹੀ ਉਨ੍ਹਾਂ ਦੀ ਅਰਥੀ ਉੱਠੀ। ਹੁਣ ਇਕਲੌਤਾ ਲੜਕਾ ਵੀ ਧਰਮਸ਼ਾਲਾ ’ਚ ਰਹਿ ਰਿਹਾ ਹੈ।

             ਬਰਨਾਲਾ ਦੇ ਪਿੰਡ ਚੀਮਾ ਦੀ ਲੜਕੀ ਚਰਨਜੀਤ ਕੌਰ ਦੇ ਹਿੱਸੇ ਤਾਂ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਦੁੱਖ ਆ ਗਏ। ਬਾਪ ਦੀ ਮੌਤ ਹੋ ਗਈ ਅਤੇ ਮਾਂ ਪੇਕੇ ਚਲੀ ਗਈ ਸੀ। ਉਦੋਂ ਚਰਨਜੀਤ ਕੌਰ ਛੇ ਮਹੀਨੇ ਦੀ ਸੀ। ਤਾਏ ਸੋਹਣ ਸਿੰਘ ਅਤੇ ਤਾਈ ਹਰਜੀਤ ਕੌਰ ਨੇ ਹੀ ਇਸ ਬੱਚੀ ਦੀ ਪਰਵਰਿਸ਼ ਕੀਤੀ। ਭਾਵੇਂ ਇਹ ਬੱਚੀ ਨੂੰ ਜਵਾਨ ਹੋਣ ਤੱਕ ਦੁੱਖ ਝੱਲਣੇ ਪਏ ਪਰ ਆਖਰ ਹੁਣ ਜ਼ਿੰਦਗੀ ਨੇ ਹੀ ਬਾਂਹ ਫੜ ਲਈ। ਜਲਦੀ ਹੀ ਉਹ ਕੈਨੇਡਾ ਜਾਣ ਵਾਲੀ ਹੈ।ਪੰਜਾਬ ਦੇ ਮਾਲਵਾ ਖਿੱਤੇ ’ਚ ਏਦਾਂ ਦੇ ਹਜ਼ਾਰਾਂ ਪਰਿਵਾਰ ਹਨ ਜਨ੍ਹਿਾਂ ਵਿਚ ਮਾਪੇ ਨਹੀਂ, ਘਰਾਂ ’ਚ ਬੱਚੇ ਹਨ ਜਨ੍ਹਿਾਂ ਨੂੰ ਦਾਦਾ ਦਾਦੀ ਜਾਂ ਤਾਇਆ ਤਾਈ ਪਾਲ ਰਹੇ ਹਨ। ਇਨ੍ਹਾਂ ਬੱਚੀਆਂ ਲਈ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ। ਇਹ ਬੱਚੇ ਰਾਮ ਭਰੋਸੇ ਹਨ।

                                       ਹਰੇ ਇਨਕਲਾਬ ਨੇ ਫੱਟ ਦਿੱਤੇ: ਨਸਰਾਲੀ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਹਰੇ ਇਨਕਲਾਬ ਨੇ ਖੇਤ ਮਜ਼ਦੂਰਾਂ ਨੂੰ ਵੱਡੇ ਫੱਟ ਦਿੱਤੇ ਹਨ। ਤਕਨੀਕ ਤੇ ਮਸ਼ੀਨਰੀ ਨੇ ਮਜ਼ਦੂਰਾਂ ਤੋਂ ਕੰਮ ਖੋਹਿਆ ਹੈ। ਨਾ ਬਾਲਣ ਮਿਲਦਾ ਹੈ ਅਤੇ ਨਾ ਪਾਥੀਆਂ। ਤੂੜੀ ਤੰਦ ਅਤੇ ਹਰਾ ਚਾਰਾ ਵੀ ਨਦੀਦ ਬਣ ਗਿਆ ਹੈ ਜਿਸ ਕਰਕੇ ਪਸ਼ੂ ਪਾਲਣ ਦੇ ਧੰਦੇ ਨੂੰ ਵੀ ਮਜ਼ਦੂਰਾਂ ਤੋਂ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਿਰਫ ਨਾਅਰੇ ਦਿੱਤੇ ਹਨ ਅਤੇ ਹਕੀਕਤ ਵਿਚ ਸਭ ਕੁਝ ਹੁੰਦਾ ਤਾਂ ਅੱਜ ਲੋਹੜੀ ਦੇ ਮੌਕੇ ਢੋਲ ਵੱਜਦੇ। 

No comments:

Post a Comment