Wednesday, November 27, 2019

                    ‘ਸਿੰਗਲ ਮੈਨ ਆਰਮੀ’ 
        ਸਰਪੰਚ ਨੇ ਤਸਕਰ ਵਾਹਣੀ ਪਾਏ
                         ਚਰਨਜੀਤ ਭੁੱਲਰ
ਬਠਿੰਡਾ : ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਵਾਲ ਦਾ ਦਲਿਤ ਸਰਪੰਚ ‘ਸਿੰਗਲ ਮੈਨ ਆਰਮੀ’ ਹੈ ਜਿਸ ਨੇ ਨਸ਼ਾ ਤਸਕਰ ਵਾਹਣੀ ਪਾ ਲਏ ਹਨ। ਸਰਪੰਚ ਗੁਰਜੰਟ ਸਿੰਘ ਸਾਬਕਾ ਫੌਜੀ ਹੈ ਜੋ ਨਸ਼ਿਆਂ ਖਿਲਾਫ ਇਕੱਲਾ ਮੋਰਚੇ ’ਤੇ ਡਟਿਆ ਹੈ। ਸਮੁੱਚੀ ਪੰਚਾਇਤ ਸਾਬਕਾ ਫੌਜੀ ਦੀ ਪਿੱਠ ’ਤੇ ਖੜ੍ਹੀ ਹੈ ਜਦੋਂ ਕਿ ਪਿੰਡ ਦਾ ਥਾਪੜਾ ਹੈ। ਜਦੋਂ ਪਿੰਡ ਦੀ ਸਰਪੰਚੀ ਰਾਖਵੀਂ ਹੋ ਗਈ ਤਾਂ ਮੋਹਤਬਾਰਾਂ ਨੇ ਸਾਬਕਾ ਫੌਜੀ ਗੁਰਜੰਟ ਸਿੰਘ ਨੂੰ ਉਮੀਦਵਾਰੀ ਲਈ ਰਜਾਮੰਦ ਕੀਤਾ। ਦੋ ਲੱਖ ਰੁਪਏ ਲੋਕਾਂ ਨੇ ਪੱਲਿਓ ਦਿੱਤੇ। ਚੋਣਾਂ ’ਚ ਨਾ ਨਸ਼ਾ ਵੰਡਿਆ ਤੇ ਨਾ ਹੀ ਪੈਸਾ। ਬਹਿਣੀਵਾਲ ਪਿੰਡ ਦੀ ਕਰੀਬ 2850 ਵੋਟ ਹੈ ਅਤੇ ਨੌ ਮੈਂਬਰੀ ਪੰਚਾਇਤ ਹੈ। ਅਰਸਾ ਪਹਿਲਾਂ ਸਰਪੰਚ ਦੇ ਦੋ ਚਚੇਰੇ ਭਰਾ ਨਸ਼ੇ ’ਚ ਜਾਨ ਗੁਆ ਬੈਠੇ। ਗੁਰਜੰਟ ਸਿੰਘ ਨੇ ਗੋਦ ਲਏ ਪੁੱਤਰ ਅਮਰਿੰਦਰ ਨੂੰ ਇਹ ਹਵਾ ਤੋਂ ਬਚਾਉਣ ਲਈ ਬਠਿੰਡਾ ਰਿਹਾਇਸ਼ ਕਰ ਲਈ। ਜਦੋਂ ਹੁਣ ਲੋਕਾਂ ਨੇ ਸਾਬਕਾ ਫੌਜੀ ਨੂੰ ਪਿੰਡ ਦਾ ਮੁਖੀਆ ਥਾਪ ਦਿੱਤਾ ਤਾਂ ਉਸ ਨੇ ਨਸ਼ਾ ਤਸਕਰਾਂ ਨੂੰ ਲਲਕਾਰ ਮਾਰੀ। ਤਿੰਨ ਨਸ਼ਾ ਤਸਕਰ ਪਿਛਲੇ ਸਮੇਂ ਦੌਰਾਨ ਉਸ ਨੇ ਜੇਲ੍ਹ ਭਿਜਵਾਏ ਹਨ। ਕਰੀਬ ਇੱਕ ਦਰਜਨ ਨਸ਼ਾ ਤਸਕਰਾਂ ਨੇ ਸਰਪੰਚ ਅੱਗੇ ਤਸਕਰੀ ਤੋਂ ਤੌਬਾ ਕਰ ਲਈ ਹੈ। ਸਰਪੰਚ ਗੁਰਜੰਟ ਸਿੰਘ ਨੇ ਘਰੋ ਘਰੀ ਜਾ ਕੇ ਨਸ਼ਿਆਂ ਖਿਲਾਫ ਪ੍ਰਚਾਰ ਕੀਤਾ ਅਤੇ ਨੰਗਾ ਚਿੱਟਾ ਐਲਾਨ ਕੀਤਾ ਕਿ ਉਹ ਨਸ਼ਾ ਬਰਦਾਸ਼ਿਤ ਨਹੀਂ ਕਰੇਗਾ। ਪੁਲੀਸ ਪਿਛੇ ਹਟੀ ਤਾਂ ਖੁਦ ਟੱਕਰੇਗਾ।
                ਪਹਿਲੀ ਅਪਰੈਲ ਤੋਂ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਚਲਾ ਜਾਵੇਗਾ। ਸਰਪੰਚ ਗੁਰਜੰਟ ਸਿੰਘ ਆਖਦਾ ਹੈ ਕਿ ਉਸ ਨੇ ਪਹਿਲਾਂ ਖੁਦ ਸ਼ਰਾਬ ਨੂੰ ਹੱਥ ਲਾਉਣਾ ਬੰਦ ਕੀਤਾ। ਐਸ.ਐਸ.ਪੀ ਮਾਨਸਾ ਡਾ.ਨਰਿੰਦਰ ਭਾਰਗਵ ਖੁਦ ਇਸ ਸਰਪੰਚ ਨੂੰ ਹੱਲਾਸ਼ੇਰੀ ਦੇਣ ਲਈ ਪਿੰਡ ਬਹਿਣੀਵਾਲ ਪਹੁੰਚੇ। ਸਰਪੰਚ ਆਖਦਾ ਹੈ ਕਿ ਬਹਿਣੀਵਾਲ ’ਚ ਨਸ਼ਾ ਰਹੇਗਾ ਜਾਂ ਫਿਰ ਸਰਪੰਚ।ਬਹਿਣੀਵਾਲ ਦੀ ਮਹਿਲਾ ਨੰਬਰਦਾਰ ਸਿਮਰਜੀਤ ਕੌਰ ਦੱਸਦੀ ਹੈ ਕਿ ਮੌਜੂਦਾ ਸਰਪੰਚ ਨੇ ਕਿੰਨੀਆਂ ਧੀਆਂ ਭੈਣਾਂ ਦੇ ਘਰੇਲੂ ਝਗੜੇ ਰਜਾਮੰਦੀ ਨਾਲ ਸਿਰੇ ਲਾ ਦਿੱਤੇ ਹਨ। ਜਲਦੀ ਕੋਈ ਮਾਮਲਾ ਹੁਣ ਪੁਲੀਸ ’ਚ ਨਹੀਂ ਜਾਂਦਾ। ਜਾਣਕਾਰੀ ਅਨੁਸਾਰ ਵੱਡੀ ਗੱਲ ਇਹ ਕਿ ਸਾਬਕਾ ਫੌਜੀ ਨੇ ਪਿੰਡ ਦੇ ਸ਼ਹੀਦ ਫੌਜੀਆਂ ਅਤੇ ਸਾਬਕਾ ਸੈਨਿਕਾਂ ਦੀ ਯਾਦ ਤਾਜਾ ਕਰ ਦਿੱਤੀ ਹੈ। ਪਹਿਲੀ ਸੰਸਾਰ ਜੰਗ ’ਚ ਕੁੱਦੇ ਸੂਬੇਦਾਰ ਮੇਜਰ ਕਿਸ਼ਨ ਸਿੰਘ ਦੀ ਯਾਦ ਵਿਚ ਚੌਂਕ ਦਾ ਨਾਮਕਰਨ ਕੀਤਾ ਹੈ ਜਿਸ ਨੇ ਬੰਗਲੇ ਨੂੰ ਲੱਗੀ ਅੱਗ ਦੌਰਾਨ ਅੰਗਰੇਜ ਦੇ ਬੱਚਿਆਂ ਨੂੰ ਬਚਾਇਆ ਸੀ। ਕਿਸ਼ਨ ਸਿੰਘ ਨੂੰ ‘ਸਰਦਾਰ ਬਹਾਦਰ’ ਦਾ ਖਿਤਾਬ ਮਿਲਿਆ ਸੀ।
       ਏਸ਼ੀਅਨ ਗੋਲਡ ਮੈਡਲਿਸਟ ਸੂਬੇਦਾਰ ਗੋਬਿੰਦ ਸਿੰਘ ਦੀ ਯਾਦ ਨੂੰ ਵੀ ਇੱਕ ਹੋਰ ਚੌਂਕ ਤਾਜਾ ਕਰਦਾ ਹੈ। ਸੂਬੇਦਾਰ ਮੇਜਰ ਹੰਸਾ ਸਿੰਘ ਦੀ ਯਾਦ ਵਿਚ ਇੱਕ ਚੌਂਕ ਬਣਿਆ ਹੈ। ਪਿੰਡ ਦੀਆਂ ਗਲੀਆਂ ਦੇ ਨਾਮ ਸਾਬਕਾ ਫੌਜੀਆਂ ਦੇ ਨਾਵਾਂ ’ਤੇ ਰੱਖੇ ਗਏ ਹਨ। ਜਿਵੇਂ ਜੰਗ ਸਿੰਘ ਵਾਲੀ ਗਲੀ, ਸੌਦਾਗਰ ਸਿੰਘ ਵਾਲੀ ਗਲੀ ਆਦਿ। ਇੱਕ ਗਲੀ ਦਾ ਨਾਮ ਮਾਸਟਰ ਮਿਠੂ ਸਿੰਘ ਦੇ ਨਾਮ ’ਤੇ ਰੱਖਿਆ ਹੈ। ਬਹਿਣੀਵਾਲ ਦੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਪੰਚ ਹੱਕ ਸੱਚ ’ਤੇ ਪਹਿਰਾ ਦੇ ਰਿਹਾ ਹੈ ਜਿਸ ਕਰਕੇ ਹੁਣ 80 ਫੀਸਦੀ ਮਾਮਲੇ ਪਿੰਡ ਵਿਚ ਹੀ ਨਿਪਟ ਜਾਂਦੇ ਹਨ। ਬਠਿੰਡਾ ਤੋਂ ਰੋਜ਼ਾਨਾ ਪਿੰਡ ਆ ਕੇ ਰੈਗੂਲਰ ਵਿਕਾਸ ਕੰਮ ਕਰਾ ਰਿਹਾ ਹੈ।
             ਉਹ ਦੱਸਦਾ ਹੈ ਕਿ ਪਿੰਡ ਚੋਂ ਹੱਡਾ ਰੋੜੀ ਬਾਹਰ ਕੱਢੀ ਜਾਵੇਗੀ। ਜਦੋਂ ਸਰਪੰਚ ਨੂੰ ਪੁੱਛਿਆ ਕਿ ਤਸਕਰਾਂ ਤੋਂ ਡਰ ਨਹੀਂ ਲੱਗਦਾ, ਉਸ ਦਾ ਜੁਆਬ ਸੀ, ‘ਸੱਚੇ ਮਾਰਗ ਚੱਲਦਿਆ…..।’ ਪੰਚਾਇਤ ਮੈਂਬਰ ਜੁਗਰਾਜ ਸਿੰਘ ਦੱਸਦਾ ਹੈ ਕਿ ਸਰਪੰਚ ਨੇ ਤਾਂ ਭੁੱਲੇ ਵਿਰਸੇ ਬਜ਼ੁਰਗ ਫੌਜੀ ਪਿੰਡ ਨੂੰ ਯਾਦ ਕਰਾ ਦਿੱਤੇ ਹਨ। ਸਕੂਲ ਵਿਚ ਪਾਰਕ ਬਣਾਇਆ ਜਾ ਰਿਹਾ ਹੈ ਅਤੇ ਨਸ਼ੇ ਦੇ ਵਿਰੁਧ ਡਟਣ ਕਰਕੇ ਪਿੰਡ ਸਾਥ ਦੇ ਰਿਹਾ ਹੈ। ਪਤਾ ਲੱਗਾ ਹੈ ਕਿ ਕੁਝ ਵੱਡੇ ਲੋਕਾਂ ਨੂੰ ਸਰਪੰਚ ਹਜ਼ਮ ਵੀ ਨਹੀਂ ਹੋ ਰਿਹਾ ਹੈ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਮੇਜਰ ਸਿੰਘ ਕਮਾਲੂ ਵੀ ਪਿੰਡ ਬਹਿਣੀਵਾਲ ਵਿਚ ਗਏ ਹਨ ਅਤੇ ਇੱਕ ਪ੍ਰੋਗਰਾਮ ਵੀ ਨਸ਼ਿਆਂ ਖਿਲਾਫ ਕਰਾਇਆ ਹੈ।
                       ਦਲਿਤ ਸਰਪੰਚ ਦਾ ਅਨੋਖਾ ਐਲਾਨ
ਸਰਪੰਚ ਗੁਰਜੰਟ ਸਿੰਘ ਨੇ ਵੱਖਰਾ ਐਲਾਨ ਕੀਤਾ ਹੈ ਕਿ ਉਹ ਢਾਈ ਵਰ੍ਹਿਆਂ ਦੇ ਕਾਰਜਕਾਲ ਮਗਰੋਂ ਸਮੁੱਚੇ ਪਿੰਡ ਦਾ ਇਕੱਠ ਕਰੇਗਾ। ਆਪਣੇ ਸਾਰੇ ਕੰਮਾਂ ਦਾ ਵੇਰਵਾ ਲੋਕਾਂ ਵਿਚ ਰੱਖੇਗਾ। ਉੁਹ ਆਖਦਾ ਹੈ ਕਿ ਅਗਰ ਲੋਕਾਂ ਨੂੰ ਉਸ ਦੇ ਕੰਮ ਪਸੰਦ ਨਾ ਹੋਏ ਤਾਂ ਉਹ ਸਰਪੰਚੀ ਛੱਡ ਦੇਵੇਗਾ ਅਤੇ ਨਵੇਂ ਸਰਪੰਚ ਨੂੰ ਮੌਕਾ ਦੇਵੇਗਾ। ਪੰਚਾਇਤੀ ਲੋਕ ਰਾਜ ਵਿਚ ਇਹ ਇੱਕ ਨਵਾਂ ਤਜ਼ਰਬਾ ਹੈ ਅਤੇ ਕਈ ਪੱਛਮੀ ਮੁਲਕਾਂ ਵਿਚ ਇਸ ਤਰ੍ਹਾਂ ਦਾ ‘ਰੀਕਾਲ ਸਿਸਟਮ’ ਮੌਜੂਦ ਹੈ।
   






No comments:

Post a Comment