Tuesday, November 26, 2019

                                                       ਸਿੰਗਲ ਬੱਤੀ ਕੁਨੈਕਸ਼ਨ !
              ਸਾਹਬਾਂ ਦੇ ਚਾਨਣ ਅੱਗੇ ਖਜ਼ਾਨੇ ’ਚ ਨੇਰ੍ਹਾ 
                                                          ਚਰਨਜੀਤ ਭੁੱਲਰ
ਬਠਿੰਡਾ : ਜ਼ਿਲ੍ਹਾ ਮਾਲਕਾਂ ਦੇ ਘਰਾਂ ਦਾ ਬਿਜਲੀ ਲੋਡ ਨੌਕਰਾਂ ਦੇ ਘਰਾਂ ਤੋਂ ਛੋਟਾ ਹੋਵੇ, ਗੱਲ ਪਚਾਉਣੀ ਅੌਖੀ ਹੋ ਜਾਂਦੀ ਹੈ। ਵੱਡੇ ਸਾਹਿਬਾਂ ਦੇ ਘਰਾਂ ਦੇ ਬਿਜਲੀ ਲੋਡ ਤਾਂ ਛੋਟੇ ਹਨ ਜਦੋਂ ਕਿ ਘਰਾਂ ਵਿਚਲੇ ਕੈਂਪ ਦਫਤਰਾਂ ਦੇ ਲੋਡ ਤੇ ਬਿੱਲ ਵੱਡੇ ਹਨ। ਕੈਂਪ ਦਫਤਰ ਦਾ ਬਿੱਲ ਖਜ਼ਾਨਾ ਤਾਰਦਾ ਹੈ ਜਦੋਂ ਕਿ ਘਰਾਂ ਦਾ ਬਿਜਲੀ ਬਿੱਲ ਅਫਸਰਾਂ ਨੇ ਜੇਬ ਚੋਂ ਭਰਨਾ ਹੁੰਦਾ ਹੈ। ਅਫਸਰੀ ਜੁਗਤ ਜਾਪਦੀ ਹੈ ਕਿ ਜੇਬ ਬਚਾਉਣ ਖਾਤਰ ਘਰਾਂ ਦੇ ਤਾਰ ਕੈਂਪ ਦਫਤਰਾਂ ਦੇ ਮੀਟਰਾਂ ਨਾਲ ਜੁੜੇ ਹਨ। ਫਿਰ ਵੀ ਪੰਜਾਬ ਦੇ ਕਮਿਸ਼ਨਰਾਂ/ਡਿਪਟੀ ਕਮਿਸ਼ਨਰਾਂ ਦੇ 45 ਬਿਜਲੀ ਮੀਟਰ, ਐਸ.ਐਸ.ਪੀਜ ਦੇ 45 ਮੀਟਰ ਅਤੇ ਡੀ.ਆਈ. ਜੀ/ ਆਈ. ਜੀ ਦੇ 14 ਮੀਟਰ 1.46 ਕਰੋੜ ਦੇ ਡਿਫਾਲਟਰ ਹਨ। ਪੰਜਾਬੀ ਟ੍ਰਿਬਿਊਨ ਤਰਫੋਂ ‘ਪਾਵਰਫੁੱਲ’ (ਵਿਸ਼ੇਸ਼ ਲੜੀ) ਤਹਿਤ ਜੋ ਤੱਥ ਉਜਾਗਰ ਕੀਤੇ ਗਏ ਸਨ, ਉਸ ਮਗਰੋਂ ਪਾਵਰਕੌਮ ਨੇ ਸਮੁੱਚੇ ਪੰਜਾਬ ਵਿਚਲੇ ਆਈ.ਏ.ਐਸ ਅਤੇ ਆਈ.ਪੀ.ਐਸ ਅਫਸਰਾਂ ਦੇ ਘਰਾਂ/ਕੈਂਪ ਦਫਤਰਾਂ ਦੀ (30 ਜੂਨ 2019 ਤੱਕ ਦੀ) ਬਿਜਲੀ ਖਪਤ/ਲੋਡ/ਬਕਾਇਆ ਰਾਸ਼ੀ ਆਦਿ ਦੇ ਵੇਰਵੇ ਇਕੱਠੇ ਕੀਤੇ ਜਿਨ੍ਹਾਂ ’ਚ ਰੌਚਕ ਮਾਮਲੇ ਸਾਹਮਣੇ ਆਏ ਹਨ।
               ਇਸ ਰਿਪੋਰਟ ਅਨੁਸਾਰ ਐਸ.ਐਸ.ਪੀ ਖੰਨਾ ਦੇ ਘਰ ਦਾ ਬਿਜਲੀ ਲੋਡ 0.2 ਕਿਲੋਵਾਟ ਹੈ ਜੋ ਕਿਸੇ ਗਰੀਬ ਦੀ ਢਾਰੇ ਨਾਲੋਂ ਵੀ ਘੱਟ ਜਾਪਦਾ ਹੈ ਜਿਸ ਦਾ ਸਾਲ 2018-19 ਦੌਰਾਨ ਕੋਈ ਬਿੱਲ ਨਹੀਂ ਆਇਆ। ਇਸ ਉੱਚ ਅਫਸਰ ਦੇ ਕੈਂਪ ਦਫਤਰ ’ਚ ਦੋ ਮੀਟਰ ਹਨ ਜਿਨ੍ਹਾਂ ਦਾ ਲੋਡ 15 ਕਿਲੋਵਾਟ ਅਤੇ 10.74 ਕਿਲੋਵਾਟ ਹੈ ਜਿਨ੍ਹਾਂ ਦਾ 2.34 ਲੱਖ ਦਾ ਬਕਾਇਆ ਹਾਲੇ ਖੜ੍ਹਾ ਹੈ। ਲੁਧਿਆਣਾ ਦੇ ਡੀ.ਆਈ.ਜੀ ਦੀ ਰਿਹਾਇਸ਼ ਦਾ ਬਿਜਲੀ ਲੋਡ 0.98 ਕਿਲੋਵਾਟ ਹੈ ਜਿਸ ਦੀ ਸਾਲ 2018-19 ਦੌਰਾਨ 1448 ਯੂਨਿਟ ਖਪਤ ਰਹੀ ਜਦੋਂ ਕਿ ਕੈਂਪ ਦਫਤਰ ਦਾ ਲੋਡ 8 ਕਿਲੋਵਾਟ ਹੈ ਜਿਸ ਦਾ ਬਿਜਲੀ 1.87 ਲੱਖ ਬਣਿਆ ਹੈ ਜੋ ਹਾਲੇ ਬਕਾਇਆ ਖੜ੍ਹਾ ਹੈ। ਪਟਿਆਲੇ ਦੇ ਡੀ.ਆਈ.ਜੀ ਦੇ ਘਰ ਦਾ ਲੋਡ 0.7 ਕਿਲੋਵਾਟ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ ਢਾਈ ਕਿਲੋਵਾਟ ਹੈ। ਫਾਜ਼ਿਲਕਾ ਦੇ ਐਸ.ਐਸ.ਪੀ ਦੇ ਘਰ ਦਾ 1.76 ਕਿਲੋਵਾਟ ਤੇ ਕੈਂਪ ਦਫਤਰ ਦਾ 2 ਕਿਲੋਵਾਟ ਲੋਡ ਹੈ। ਐਸ.ਐਸ.ਪੀ ਰੋਪੜ ਦੇ ਘਰ ਦਾ ਲੋਡ 3 ਕਿਲੋਵਾਟ ਤੇ ਕੈਂਪ ਦਫਤਰ ਦਾ 6 ਕਿਲੋਵਾਟ ਹੈ।
       ਸਰਕਾਰੀ ਰਿਪੋਰਟ (ਜੂਨ 2019) ਅਨੁਸਾਰ ਡਿਪਟੀ ਕਮਿਸ਼ਨਰ ਮੁਕਤਸਰ ਦੇ ਘਰ ਦਾ ਬਿਜਲੀ ਲੋਡ 2.96 ਕਿਲੋਵਾਟ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ 18.74 ਕਿਲੋਵਾਟ ਹੈ। ਕਪੂਰਥਲਾ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਲੋਡ 3 ਕਿਲੋਵਾਟ ਤੇ ਕੈਂਪ ਦਫਤਰ ਦਾ 17.5 ਕਿਲੋਵਾਟ ਹੈ। ਇਵੇਂ ਹੁਸ਼ਿਆਰਪੁਰ ਦੇ ਡੀ.ਸੀ ਦੀ ਰਿਹਾਇਸ਼ ਦਾ 7.44 ਕਿਲੋਵਾਟ ਲੋਡ ਹੈ ਜਦੋਂ ਕਿ ਕੈਂਪ ਦਫਤਰ ਦਾ ਲੋਡ 13.0 ਕਿਲੋਵਾਟ ਹੈ। ਡਿਪਟੀ ਕਮਿਸ਼ਨਰ (ਲੁਧਿਆਣਾ) ਦੀ ਕੋਠੀ ਦਾ 4.2 ਕਿਲੋਵਾਟ ਲੋਡ ਹੈ ਅਤੇ ਕੈਂਪ ਦਫਤਰ ਦਾ ਲੋਡ 7.88 ਕਿਲੋਵਾਟ ਹੈ। ਨਵਾਂ ਸ਼ਹਿਰ ਦੇ ਡੀ.ਸੀ ਦੇ ਕੈਂਪ ਦਫਤਰ ਦਾ ਲੋਡ 9.0 ਕਿਲੋਵਾਟ ਹੈ ਜਦ ਕਿ ਘਰ ਦਾ ਲੋਡ 7.44 ਕਿਲੋਵਾਟ ਹੀ ਹੈ। ਦੂਸਰੀ ਤਰਫ ਸੰਗਰੂਰ, ਬਰਨਾਲਾ ਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਦੇ ਲੋਡ ਜਿਆਦਾ ਹਨ ਜਦੋਂ ਕਿ ਕੈਂਪ ਦਫਤਰਾਂ ਦੇ ਘੱਟ ਹਨ।
             ਕੈਪਟਨ ਸਰਕਾਰ ਨੇ ਸਭ ਅਫਸਰਾਂ ਨੂੰ ਸ਼ੁਰੂ ’ਚ ਹਦਾਇਤ ਕੀਤੀ ਕਿ ਉਹ ਕੈਂਪ ਦਫਤਰਾਂ ਦੀ ਬਜਾਏ ਸਰਕਾਰੀ ਦਫਤਰਾਂ ਵਿਚ ਬੈਠ ਕੇ ਕੰਮ ਕਰਨ ਤਾਂ ਜੋ ਕੈਂਪ ਦਫਤਰਾਂ ਦੇ ਖਰਚੇ ਘਟਾਏ ਜਾ ਸਕਣ। ਕਿਸੇ ਅਫਸਰ ਦੇ ਕੰਨ ’ਤੇ ਜੂੰਅ ਨਹੀਂ ਸਰਕੀ। ਨਤੀਜਾ ਇਹ ਨਿਕਲਿਆ ਹੈ ਕਿ ਅਫਸਰਾਂ ਦੇ ਘਰ/ਕੈਂਪ ਦਫਤਰ ਪਾਵਰਕੌਮ ਦੇ ਡਿਫਾਲਟਰ ਬਣ ਗਏ ਹਨ। ਪਾਵਰਕੌਮ ਦੇ ਉੱਚ ਅਫਸਰਾਂ ਨੇ ਲੰਮੇ ਅਰਸੇ ਮਗਰੋਂ ਜ਼ਿਲ੍ਹਾ ਮਾਲਕਾਂ ਦੇ ਬੂਹੇ ਖੜਕਾਏ ਹਨ। ਹਾਲਾਂਕਿ ਕੈਂਪ ਦਫਤਰ ਬਹੁਤ ਛੋਟੇ ਹਹਨ ਅਤੇ ਘਰ ਖੁੱਲ੍ਹੇ ਡੁੱਲੇ ਹਨ। ਰਿਪੋਰਟ ਅਨੁਸਾਰ ਡੀ.ਸੀ ਅੰਮ੍ਰਿਤਸਰ ਦੀ ਰਿਹਾਇਸ਼ ਵੱਲ ਕਰੀਬ 13 ਲੱਖ ਦਾ ਬਕਾਇਆ,ਡੀ.ਸੀ ਲੁਧਿਆਣਾ ਦੀ ਰਿਹਾਇਸ਼ ਵੱਲ 1.03 ਲੱਖ ਅਤੇ ਕੈਂਪ ਦਫਤਰ ਵੱਲ 1.16 ਲੱਖ ਦਾ ਬਕਾਇਆ, ਡੀ.ਸੀ ਬਠਿੰਡਾ ਦੀ ਰਿਹਾਇਸ਼ ਵੱਲ 1.52 ਲੱਖ ਤੇ ਕੈਂਪ ਦਫਤਰ ਵੱਲ 3.26 ਲੱਖ ਦਾ ਬਕਾਇਆ,ਫਰੀਦਕੋਟ ਦੇ ਡੀ.ਸੀ ਦੀ ਰਿਹਾਇਸ਼ ਵੱਲ 2.14 ਲੱਖ ਦਾ ਬਕਾਇਆ,ਡੀ.ਸੀ ਫਾਜ਼ਿਲਕਾ ਦੇ ਕੈਂਪ ਦਫਤਰ ਵੱਲ 2.71 ਲੱਖ ਦਾ ਬਕਾਇਆ ਖੜ੍ਹਾ ਹੈ।
               ਇਵੇਂ ਐਸ.ਐਸ.ਪੀ ਅੰਮ੍ਰਿਤਸਰ ਦੀ ਰਿਹਾਇਸ਼ ਵੱਲ 4.64 ਲੱਖ, ਐਸ.ਐਸ.ਪੀ ਬਠਿੰਡਾ ਦੀ ਰਿਹਾਇਸ਼ ਵੱਲ 1.78 ਲੱਖ ਤੇ ਕੈਂਪ ਦਫਤਰ ਵੱਲ 1.02 ਲੱਖ ਦਾ ਬਕਾਇਆ ਖੜ੍ਹਾ ਹੈ। ਐਸ.ਐਸ.ਪੀ ਲੁਧਿਆਣਾ ਦੇ ਕੈਂਪ ਦਫਤਰ ਵੱਲ 1.35 ਲੱਖ, ਐਸ. ਐਸ. ਪੀ ਮੋਹਾਲੀ ਦੇ ਕੈਂਪ ਦਫਤਰ ਵੱਲ 2.89 ਲੱਖ, ਐਸ.ਐਸ.ਪੀ ਪਠਾਨਕੋਟ ਦੇ ਕੈਂਪ ਦਫਤਰ ਵੱਲ 1.06 ਲੱਖ, ਡੀ.ਆਈ.ਜੀ ਪਟਿਆਲਾ ਦੀ ਰਿਹਾਇਸ਼ ਵੱਲ 4.10 ਲੱਖ ਤੇ ਕੈਂਪ ਦਫਤਰ ਵੱਲ 4.32 ਲੱਖ ਦਾ ਬਕਾਇਆ ਖੜ੍ਹਾ ਹੈ। ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਦਾ ਪ੍ਰਤੀਕਰਮ ਸੀ ਕਿ ਆਮ ਖਪਤਕਾਰ ਡਿਫਾਲਟਰ ਹੋ ਜਾਵੇ ਤਾਂ ਕੁਨੈਕਸ਼ਨ ਕੱਟ ਦਿੱਤਾ ਜਾਂਦਾ ਹੈ ਪ੍ਰੰਤੂ ਅਫਸਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਪਾਵਰਕੌਮ ਇਨ੍ਹਾਂ ਅਫਸਰਾਂ ਦੇ ਲੋਡ ਚੈੱਕ ਕਰੇ ਅਤੇ ਕਾਨੂੰਨੀ ਦਾਇਰੇ ਵਿਚ ਲਵੇ।
                       ਅਫਸਰਾਂ ਦੇ ਘਰਾਂ ਚੋਂ ਮੀਟਰ ਬਾਹਰ ਕੱਢੇ
ਪੰਜਾਬੀ ਟ੍ਰਿਬਿਊਨ ਦੀ ਖਬਰ ਰੰਗ ਲਿਆਈ ਹੈ ਜਿਸ ਮਗਰੋਂ ਪਾਵਰਕੌਮ ਨੇ ਵੱਡੇ ਅਫਸਰਾਂ ਨੂੰ ਹੱਥ ਪਾਉਣ ਦੀ ਜਰੁਅਤ ਕੀਤੀ ਹੈ। ਪਾਵਰਕੌਮ ਨੇ ਇੱਕ ਵਿਸ਼ੇਸ਼ ਮੁਹਿੰਮ ਤਹਿਤ ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼ ਦੇ ਘਰਾਂ ਚੋਂ ਕਰੀਬ 40 ਮੀਟਰ ਬਾਹਰ ਕੱਢ ਦਿੱਤੇ ਹਨ ਜੋ ਪਹਿਲਾਂ ਘਰਾਂ ਅੰਦਰ ਲੱਗੇ ਹੋਏ ਸਨ। ਗੁਰਦਾਸਪੁਰ, ਪਠਾਨਕੋਟ,ਫਤਹਿਗੜ੍ਹ ਸਾਹਿਬ,ਕਪੂਰਥਲਾ, ਰੋਪੜ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰਾਂ ਦੇ ਘਰਾਂ ਅਤੇ ਕੈਂਪ ਦਫਤਰਾਂ ਅਤੇ ਇਵੇਂ ਹੀ ਅੰਮ੍ਰਿਤਸਰ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ, ਕਪੂਰਥਲਾ, ਜਲੰਧਰ,ਹਿੁਸ਼ਆਰਪੁਰ ਅਤੇ ਲੁਧਿਆਣਾ ਦੇ ਐਸ.ਐਸ.ਪੀਜ਼ ਦੇ ਘਰਾਂ/ਕੈਂਪ ਦਫਤਰਾਂ ਚੋਂ ਬਿਜਲੀ ਮੀਟਰ ਬਾਹਰ ਕੱਢ ਦਿੱਤੇ ਗਏ ਹਨ।
                       ਬਕਾਏ ਵਸੂਲੇ ਜਾ ਰਹੇ ਹਨ : ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ (ਵੰਡ) ਸ੍ਰੀ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਉੱਚ ਅਫਸਰਾਂ ਦੇ ਬਿਜਲੀ ਮੀਟਰ ਬਾਹਰ ਕੱਢ ਦਿੱਤੇ ਗਏ ਹਨ ਅਤੇ ਬਕਾਇਆ ਰਾਸ਼ੀ ਵਸੂਲਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦਫਤਰਾਂ ਦੇ ਬਕਾਏ ਤਾਂ ਸਰਕਾਰ ਪੱਧਰ ’ਤੇ ਭਰੇ ਜਾਣੇ ਹਨ। ਉੁਨ੍ਹਾਂ ਦੱਸਿਆ ਕਿ ਕੁਝ ਬਕਾਏ ਕਲੀਅਰ ਵੀ ਹੋਏ ਹਨ ਜਦੋਂ ਕਿ ਬਾਕੀ ਜਲਦੀ ਭਰਨ ਦਾ ਭਰੋਸਾ ਦਿੱਤਾ ਗਿਆ ਹੈ।


No comments:

Post a Comment