Sunday, December 1, 2019

                         ਵਿਚਲੀ ਗੱਲ
           ਸਿਆਸੀ ਕੁੰਭ ’ਚ ਜੇਬ ਕਤਰੇ..!
                          ਚਰਨਜੀਤ ਭੁੱਲਰ
ਬਠਿੰਡਾ : ਬਠਿੰਡੇ ਦਾ ਜੇਬ ਕਤਰਾ ਟੋਨੀ। ਜਹਾਨੋ ਤਾਂ ਚਲਾ ਗਿਆ। ਪਿੱਛੇ ਛੱਡ ਗਿਆ ਬੱਸ ਯਾਦਾਂ। ਨਾਲੇ ਸੈਂਕੜੇ ਨਵੇਂ ਚੇਲੇ ਬਾਲਕੇ। ਦੀਨ ਇਮਾਨ ਦਾ ਚੌਵੀ ਕੈਰੇਟ ਖ਼ਰਾ। ਧੰਨ ਹੋ ਗੁਰੂ ਜੀ! ਰੰਗਰੂਟ ਪੈਰ ਛੂਹ ਇਹੋ ਆਖਦੇ। ਟੋਨੀ ਦੀ ਸ਼ੋਭਾ ਨੂੰ ਵਿਸ਼ਰਾਮ ਚਿੰਨ੍ਹ ਲਾਉਣਾ ਅੌਖੈ। ਬਚਨਾਂ ਦਾ ਪੂਰਾ, ਸਿਰੜ ਦਾ ਪੱਕਾ। ਟੋਨੀ ਦੀ ਰੂਹ ਨੂੰ ਮਾਲਕ ਸ਼ਾਂਤੀ ਬਖ਼ਸੇ। ਜ਼ਿੰਦਗੀ ਭਰ ਇੱਕੋ ਅਸੂਲ ਪੁਗਾਇਆ। ਅਮੀਰ ਬਖ਼ਸਣਾ ਨਹੀਂ, ਗਰੀਬ ਛੇੜਣਾ ਨਹੀਂ। ਕੋਈ ਨਿਤਾਣਾ ਹੱਥ ਚੜ੍ਹਦਾ। ਬਿਨਾਂ ਦੇਰੀ ਪੱਲਿਓਂ ਵੀ ਦੇ ਦਿੰਦਾ। ਇੱਜ਼ਤ ਉਹ ਵੱਖਰੀ ਦਿੰਦਾ, ਅੌਰਤਾਂ ਤੇ ਨਾਲੇ ਬਜ਼ੁਰਗਾਂ ਨੂੰ। ਭਾਰਤੀ ਜਮਹੂਰੀ ਰਾਜ ’ਚ ਜੋ ਮਚਲੇ ਬਣੇ ਨੇ। ਟੋਨੀ ਕਦੇ ਉਨ੍ਹਾਂ ਤੋਂ ਪੱਗ ਨਾ ਲੈਂਦਾ। ਘੱਟੋ ਘੱਟ ਟੋਨੀ ਤੋਂ ਹੀ ਕੋਈ ਗੁਰ ਸਿੱਖ ਲੈਂਦੇ। ਪੁੱਛੋ ਇਹ ਨਾ, ਲੋਕ ਰਾਜ ਕਿਵੇਂ ਕਤਲ ਹੋਇਐ। ਖੁੱਲ੍ਹ ਕੇ ਏਹ ਦੱਸੋ, ਜੋ ਮਚਲੇ ਨੇ, ਉਹ ਜੇਬ ਕਤਰੇ ਨੇ। ਵਿਨੋਦ ਦੂਆ ਵੀ ਇਹੋ ਆਖ ਰਿਹੈ। ਪਰਜਾ ਨੇ ਜੇਬ ਨੂੰ ਘੁੱਟ ਕੇ ਹੱਥ ਪਾਇਐ। ਵੱਡੇ ਬਾਦਲ ਜੇਬ ’ਚ ਪਰਸ ਨਹੀਂ ਰੱਖਦੇ। ਅਮਰਿੰਦਰ ਦਾ ਪਤਾ ਨਹੀਂ। ਹੱਥਾਂ ’ਚ ਏਨੀ ਸਫਾਈ ਹੈ। ਚਿੱਟੇ ਦਿਨ ਜੇਬ ਕੱਟੀ ਜਾਂਦੀ ਹੈ। ਉਨੀਂਦਰਾ ਲੋਕਾਂ ਦਾ ਉਦੋਂ ਖੁੱਲ੍ਹਦੈ, ਜਦੋਂ ਨਵੀਂ ਜਿੱਤ ਦੇ ਢੋਲ ਵੱਜਦੇ ਨੇ। ਪੰਜ ਪੰਜ ਸਾਲ ਮਗਰੋਂ। ਹੁਣੇ ਮਹਾਰਾਸ਼ਟਰ ’ਚ ਵੱਜੇ ਨੇ।
               ਲੋਕ ਰਾਜ ’ਚ ਜਨਤਾ ਜਮੂਰਾ ਬਣੀ ਹੋਈ ਹੈ। ਨੇਤਾ ਮਦਾਰੀ ਹਨ, ਖਿਡਾਰੀ ਉਸ ਤੋਂ ਵੀ ਵੱਡੇ, ਡੁਗਡੁਗੀ ਵਜਾਉਂਦੇ ਹਨ, ਮਜ਼ਮਾ ਲਾਉਂਦੇ ਨੇ, ਨਾਲ ਹੱਥ ਦੀ ਸਫਾਈ ਵੀ ਦਿਖਾ ਜਾਂਦੇ ਨੇ। ਵਿਕਾਸ ਦਰ ਚਾਹੇ ਪਤਾਲ ’ਚ ਡਿੱਗ ਪਏ। ਮੰਦਾ ਹਾਲ ਚਾਹੇ ਮੰਦੀ ਕਰ ਦੇਵੇ। ਲੀਡਰਾਂ ਦੀ ਸਦਾ ਦੀਵਾਲੀ ਐ। ਝਾਰਖੰਡ ’ਚ ਅਮਿਤ ਸ਼ਾਹ ਬੋਲਿਆ, ‘ਮੈਂ ਬਾਣੀਆ ਹੂੰ’। ਮਹਾਰਾਸ਼ਟਰੀ ਹੱਟੀ ਕੋਈ ਹੋਰ ਹੀ ਲੁੱਟ ਗਿਐ। ਵਿਧਾਇਕ ਵੀ ਤਾਂ ਬੁੱਲ੍ਹੇ ਲੁਟਦੇ ਰਹੇ। ਪੰਜ ਤਾਰਾਂ ਹੋਟਲਾਂ ਵਿਚ। ਸਪਾ ਤੇ ਮਸਾਜ ਦਿਨ ਰਾਤ ਚੱਲੀ। ਪਹਿਲੋਂ ਕਰਨਾਟਕ ਦੀ ਜੇਬ ਕੱਟੀ ਗਈ। ਨਜ਼ਾਰੇ ਉਦੋਂ ਵੀ ਖੂਬ ਲਏ। ਵਿਧਾਇਕਾਂ ਦੀ ਚੱਤੋ ਪਹਿਰ ਬਸੰਤ ਸੀ। ‘ਫਲੋਰ ਟੈਸਟ’ ਤੋਂ ਪਹਿਲਾਂ ਇੰਜ ਹੀ ਹੁੰਦੈ। ਕਿਹੜਾ ਘੋੜਾ ਕਿਸ ਤਬੇਲੇ ਚਲਾ ਜਾਏ। ਇਸੇ ਡਰੋਂ ਰੱਸੇ ਪਾਉਣੇ ਪੈਂਦੇ ਨੇ। ਨਵੰਬਰ 2002 ਦਾ ਵਾਕਿਆ ਚੇਤੇ ਆਇਆ। ਬਾਦਲਾਂ ਨੇ 88 ਸ਼੍ਰੋਮਣੀ ਕਮੇਟੀ ਮੈਂਬਰ ਬਾਲਾਸਰ ਰੱਖੇ ਸਨ। ਸ਼੍ਰੋਮਣੀ ਕਮੇਟੀ ਹੱਥੋਂ ਨਾ ਨਿਕਲੇ। ਕਾਜੂ ਬਦਾਮ ਵੀ ਛਕਾਏ ਸਨ।ਕਿਤੇ ਭਾਫ਼ ਬਾਹਰ ਨਾ ਨਿਕਲੇ, ਜੰਮੂ ਕਸ਼ਮੀਰ ’ਚ ਦਰਜਨਾਂ ਨੇਤਾ ਤਾੜੇ ਹੋਏ ਹਨ। ਵਿਰੋਧੀ ਧਿਰ ’ਚ ਕੋਈ ਵੀ ਹੋਵੇ। ਇੱਕੋ ਰਟ ਲੱਗਦੀ ਐ, ਲੋਕ ਰਾਜ ਦਾ ਘਾਣ ਹੋ ਗਿਆ, ਜਮਹੂਰੀਅਤ ਦਾ ਕਤਲ ਹੋ ਗਿਆ।
               ਜਦੋਂ ਸੀਨਾ 56 ਇੰਚ ਦਾ ਹੋਵੇ, ਉਦੋਂ ਲੋਕ ਰਾਜ ਨਹੀਂ ਮਰਦਾ। ਲੋਕਾਂ ਦੇ ਅਰਮਾਨ ਸ਼ਹੀਦ ਹੁੰਦੇ ਨੇ। ਗਰੀਬ ਦੀ ਥਾਲੀ ਵਿੱਚੋਂ ਪਿਆਜ਼ ਰੁੜ ਜਾਂਦੈ। ਸਰ ਛੋਟੂ ਰਾਮ ਦੀ ਰੂਹ ਤੜਫਦੀ ਹੈ। ਗਯਾ ਰਾਮ ਬਾਘੀਆਂ ਪਾਉਂਦੇ ਨੇ। ਗਧੇ ਨੂੰ ਬਾਪ ਤੇ ਬਾਪ ਨੂੰ ਗਧਾ ਬਣਾਉਂਦੇ ਨੇ। ਅਦਾਲਤਾਂ ਵਿੱਚੋਂ ਫੈਸਲੇ ਆਉਂਦੇ ਨੇ। ਕਦੇ ਅਮਰਿੰਦਰ ਦਾ ਸੱਚ ਜਿੱਤਦੈ ਤੇ ਕਦੇ ਬਾਦਲਾਂ ਦਾ। ਲੋਕ ਰਾਜ ਸਿਰ ਫੜ ਕੇ ਬੈਠ ਜਾਂਦੈ। ਭਾਰਤੀ ਸੰਵਿਧਾਨ ਬੁਢਾ ਹੋ ਗਿਆ ਹੈ। 70 ਸਾਲ ਦੀ ਉਮਰ ਭੋਗ ਚੁੱਕੈ। ਸੰਵਿਧਾਨ ਦੀ ਮਹਿਮਾ ਵੀ ਕਰ ਰਹੇ ਹਾਂ। ਬੋਲਣ ਵੀ ਨਹੀਂ ਦੇ ਰਹੇ। ਜ਼ੁਬਾਨ ਖਿੱਚਣ ਤੱਕ ਜਾਂਦੇ ਨੇ। ਸੰਵਿਧਾਨ ਆਖਦੈ, ਸਭ ਇੱਕ ਸਮਾਨ। ਗੱਦੀ ਵਾਲੇ ਫਿਰ ਵੀ ਮਹਾਨ। ਪੁੱਜ ਕੇ ਸ਼ੈਤਾਨ ਵੀ। ਪਰਜਾ ਕੀ ਕਰੇ.. ਮਾਈ ਬਾਪ ਕਹੇ, ਹੱਥ ਜੋੜੇ, ਪੈਰ ਛੂਹੇ, ਪੈਰਾਂ ’ਚ ਬੈਠੇ, ਗਲਾਂ ਵਿਚ ਹਾਰ ਪਾਵੇ, ਜ਼ਿੰਦਾਬਾਦ ਦੇ ਨਾਅਰੇ ਲਾਵੇ। ਇਹੋ ਤਰਾਸਦੀ ਹੈ ਜਮਹੂਰੀ ਰਾਜ ਦੀ। ਕਦੇ ਆਟਾ ਦਾਲ ਦਾ ਚੋਗਾ। ਕਿਤੇ ਬੁਢਾਪਾ ਪੈਨਸ਼ਨਾਂ ਦਾ। ਮੁਫ਼ਤ ਯਾਤਰਾ ਦਾ ਵੀ। ਸੰਗਤ ਦਰਸ਼ਨ ਪ੍ਰੋਗਰਾਮ ਦਾ ਇਸ਼ਾਰਾ ਸਮਝੋ। ਇਕੱਲੀ ਜਿਸਮ ਦੀ ਗੁਲਾਮੀ ਨਹੀਂ ਹੁੰਦੀ। ਰੂਹਾਂ ਤੇ ਮਨਾਂ ਦੀ ਵੀ ਹੁੰਦੀ ਹੈ। ਮੰਗੋਲਾਂ, ਮੁਗਲਾਂ, ਅਫਗਾਨਾਂ ਤੇ ਫਿਰ ਅੰਗਰੇਜ਼ਾਂ ਦੀ ਗੁਲਾਮੀ ਝੱਲੀ। ਬਹੁਤ ਲੰਮਾ ਅਰਸਾ, ਹੁਣ ਅੰਦਰੋਂ ਨਿਕਲ ਨਹੀਂ ਰਹੀ।
                ਰਾਜਸਥਾਨ ਹਾਈ ਕੋਰਟ ਨੇ ਹੁਣੇ ਆਖਿਐ। ਕੋਈ ਵਕੀਲ ‘ਮਾਈ ਲਾਰਡ’ ਭੁੱਲ ਕੇ ਵੀ ਅਦਾਲਤ ’ਚ ਨਾ ਆਖੇ। ਸਦਕੇ ਜਾਈਏ ਉਨ੍ਹਾਂ ਬਹਾਦਰਾਂ ਦੇ, ਜਿਹੜੇ ਲੀਡਰਾਂ ਨਾਲ ਸੈਲਫੀ ਲਈ ਤਣੇ ਤੁੜਾਉਂਦੇ ਨੇ। ਡਰਾਇੰਗ ਰੂਮ ’ਚ ਦੀਵਾਰ ’ਤੇ ਫੋਟੋ ਨਹੀਂ, ਪਰਿਵਾਰ ਦੀ ਸੋਚ ਟੰਗੀ ਹੁੰਦੀ ਹੈ। ਆਏ ਗਏ ਨੂੰ ਪਤਾ ਲੱਗੇ, ਫਲਾਣਾ ਲੀਡਰ ਕਿੰਨਾ ਨੇੜੇ ਐ। ਆਵਾ ਹੀ ਊਤ ਗਿਐ ਲੱਗਦੈ। ਕਿਥੋਂ ਵਾਰਸਾਂ ਨੂੰ ਲੱਭੇ। ਪੰਜਾਬ ਦੀ ਦੇਹ ਦਾ ਤਾਂ ਧੂੰਆਂ ਨਿਕਲ ਗਿਐ। ਹੱਕ ਸੱਚ ਹੁਣ ਕਿਹੜਾ ਸੌਖਾ ਮਿਲਦੈ। ਸੰਤੋਖ ਸਿੰਘ ਧੀਰ ਦੀ ਕਵਿਤਾ ਚੇਤੇ ’ਚ ਵੱਜੀ ਐ। ‘ਰਾਜਿਆ ਰਾਜ ਕਰੇਂਦਿਆ! ਤੇਰੀ ਦੇਖ ਲਈ ਜਮਹੂਰ, ਜਿੱਥੇ ਅੱਜ ਵੀ ਹੱਕ ਦੇ ਵਾਸਤੇ, ਸੂਲੀ ਚੜ੍ਹਨ ਮਨਸੂਰ।’ ਪੰਜ ਸਾਲਾਂ ਮਗਰੋਂ ਸਿਆਸੀ ਜੇਬ ਕਤਰੇ ਆਖਦੇ ਹਨ, ‘ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੂਗਾ’। ਫਿਰ ਲੋਕ ਪਲੀ ਪਲੀ ਨੂੰ ਤਰਸਦੇ ਨੇ। ਵਜ਼ੀਰਾਂ ਦੀ ਮਿੱਟੀ ਸੋਨਾ ਹੋਣ ਲੱਗਦੀ ਹੈ। ਖਜ਼ਾਨੇ ਵਿੱਚੋਂ ਚਾਰ ਸਾਲਾਂ ’ਚ ਐਮ.ਪੀਜ਼ ਦੀਆਂ ਤਨਖਾਹਾਂ, ਭੱਤਿਆਂ ’ਤੇ 1997 ਕਰੋੜ ਖਰਚੇ ਗਏ ਨੇ। ਲੋਕ ਰਾਜ ਦਾ ਸੋਮ ਰਸ ਕਿੰਨਾ ਮਿੱਠੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਪੁੱਛੋ। ਬਾਬਾ ਬੜਬੋਲਾ ਦੱਸਦੈ, ਤਿੰਨ ਪੈਨਸ਼ਨਾਂ ਲੈਣਗੇ, ਜਦੋਂ ਸਾਬਕਾ ਬਣ ਗਏ। ਇੱਕ ਅਫਸਰੀ, ਇੱਕ ਵਿਧਾਇਕੀ ਤੇ ਇੱਕ ਐਮ.ਪੀ ਵਾਲੀ। ਪੰਜਾਬ ’ਚ 19 ਲੱਖ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਲੈਣ ਵਾਲੇ ਨੇ। ਤਿੰਨ ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ।
                 ਯੂਪੀ ’ਚ 38 ਫ਼ੀਸਦੀ ਬੱਚੇ ਠੰਢ ’ਚ ਠਰ ਰਹੇ ਨੇ। ਵਰਦੀ ਨਹੀਂ ਮਿਲੀ। ਅਯੁੱਧਿਆ ਵਿਚ ਗਾਵਾਂ ਨੂੰ ‘ਗਰਮ ਕੋਟ’ ਪਹਿਨਾਏ ਜਾਣੇ ਹਨ। ਪੰਜਾਬ ਦੇ ਤਾਂ ‘ਨਛੱਤਰ’ ਮਾੜੇ ਨੇ। ਇਕੱਲਾ ਪਾਣੀ ਨਹੀਂ, ਖਜ਼ਾਨਾ ਵੀ ਊਣਾ ਹੈ। ਛੇ ਵਿਧਾਇਕ ਹੁਣ ਅੰਡੇਮਾਨ ਨਿਕੋਬਾਰ ਜਾਣਗੇ। ਸੰਕਟ ਵਿੱਚੋਂ ਕਿਵੇਂ ਪੰਜਾਬ ਕੱਢੀਏ, ਵਿਚਾਰ ਕਰਨ ਵਾਸਤੇ। ਲੋਕਾਂ ਦਾ ਹਾਜ਼ਮਾ ਵੱਡਾ ਹੈ। ਤੰਗੀ ਤੁਰਸ਼ੀ ਨਾਲ ਘੁਲਣਾ ਜੋ ਆ ਗਿਆ। ਇਨਕਲਾਬੀ ਕਵੀ ਲਾਲ ਸਿੰਘ ਦਿਲ ਨੇ ਇੰਜ ਬਿਆਨਿਆ ‘ਅਸੀਂ ਵੱਡੇ ਵੱਡੇ ਪਹਿਲਵਾਨ, ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ, ਲੜਨ ਲਈ ਭੁੱਖ ਨੰਗ ਨਾਲ।’ ਲੋਕ ਰਾਜ ਦੇ ਮੰਦਰ ’ਚ ਰੌਲਾ ਪਿਐ। ਅਖੇ ਸਿਆਸੀ ਪੁਜਾਰਨ ਨੇ ਠੀਕ ਨਹੀਂ ਬਿਆਨਿਆ। ਦੂਹਰੀ ਵਾਰ ਮੁਆਫ਼ੀ ਮੰਗਣੀ ਪਈ ਸਾਧਵੀ ਪ੍ਰਗਿਆ ਨੂੰ।ਮੰਦਰ ਦੀ ਮਰਿਆਦਾ ਦਾ ਕੌਣ ਖਿਆਲ ਰੱਖਦੈ। ਗਾਲ਼ੀ ਗਲੋਚ, ਮਾਰ ਕੁਟਾਪਾ ਤੇ ਖਿੱਚ-ਧੂਹ। ਢਾਈ ਸਾਲ ਪਹਿਲਾਂ ਤਾਮਿਲਨਾਡੂ ਵਿਧਾਨ ਸਭਾ ’ਚ ਇਹੋ ਹੋਇਆ। ਮਹਾਤਮਾ ਗਾਂਧੀ ਦੀ 150 ਸਾਲਾ ਜੈਅੰਤੀ ਮਨਾਈ ਹੈ। ਲੋਕ ਰਾਜ ਦੇ ਸਿਆਸੀ ਮਖੌਲੀਏ ਫਿਰ ਵੀ ਨਹੀਂ ਸੁਧਰੇ। ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ ਨੇ ਗੰਨਮੈਨ ਦੇ ਥੱਪੜ ਜੜ ਦਿੱਤਾ ਸੀ। ਉਵੇਂ ਹੀ ਸ਼ਿਮਲੇ ਆਸ਼ਾ ਕੁਮਾਰੀ ਨੇ ਮਹਿਲਾ ਗੰਨਮੈਨ ਦੇ। ਇੱਕ ਸਾਬਕਾ ਅਕਾਲੀ ਮੰਤਰੀ ਵੀ ਕੰਨ ਟੀਂਅ ਟੀਂਅ ਕਰਨ ਲਾ ਦਿੰਦੈ। ਜਿਹੜਾ ਘਰ ਨਹੀਂ ਦੇਖਿਆ, ਉਹੀ ਭਲਾ।
               ਰੱਸਾ ਚੱਬਣੋਂ ਕੌਣ ਹਟਦੈ। ਤਾਹੀਂ ਚੁਣਾਵੀਂ ਬਾਂਡ ਵਾਲਾ ਫੰਡਾ ਲਿਆਂਦਾ। ਗੁਪਤਦਾਨ ਦੇਈ ਜਾਓ। ਸਿਆਸੀ ਮਦਾਰੀ ਝੁਰਲੂ ਮਾਰ ਰਹੇ ਨੇ। ਹੁਣ ਕੁਰੱਪਸ਼ਨ ਦਾ ਕੰਬਲ ਖਹਿੜਾ ਨਹੀਂ ਛੱਡ ਰਿਹਾ। ਅਕਾਲੀ ਦਲ ‘ਲਿਫਾਫਾ ਕਲਚਰ’ ਤੋਂ ਕਿਵੇਂ ਜਾਨ ਛੁਡਾਵੇ। ਪਰਜਾ ਹੱਥ ਜੋੜੀ ਖੜ੍ਹੀ ਹੈ। ਹੁਣ ਤਾਂ ਬਖਸ਼ੋ। ਲੋਕਾਂ ਦਾ ਬੰਨ੍ਹ ਵੀ ਟੁੱਟਣ ਵਾਲੈ। ਦੁੱਲੇ ਜੰਮਣੋਂ ਤਾਂ ਹਟ ਗਈ, ਲੱਧੀ ਗੁੜ੍ਹਤੀ ਦੇਣਾ ਤਾਂ ਨਹੀਂ ਭੁੱਲੀ। ਪੁਰਾਣੀ ਖੁਰਾਕ ਤੇ ਜ਼ਮੀਰ ਅੰਦਰੋਂ ਕਦੋਂ ਜਾਗ ਪਏ, ਦੇਰ ਨਹੀਂ ਲੱਗਦੀ। ਅੌਹ ਦੇਖੋ, ਬੱਸ ਅੱਡੇ ’ਤੇ ਕਿਵੇਂ ਹੱਲਾ ਮੱਚਿਐ। ਕੋਈ ਵਿਚਾਲੇ ਢਾਹ ਰੱਖਿਐ, ਕੋਈ ਠੁੱਡਾ ਮਾਰ ਰਿਹੈ ਤੇ ਕੋਈ ਗੋਡੇ। ਪੈਂਦੀਆਂ ’ਚ ਕੌਣ ਖੜ੍ਹਦੈ। ਬੀਬੀਆਂ ਨੂੰ ਵੀ ਗੁੱਸਾ ਚੜ੍ਹਿਐ। ਜੇਬ ਕਤਰਾ ਛੱਜੂ ਰਾਮ ਦੀ ਜੇਬ ਨੂੰ ਹੱਥ ਪਾ ਬੈਠਾ। ਅੱਡੇ ਲਾਗਿਓਂ ਜਦੋਂ ਮੰਤਰੀ ਦੀ ਕਾਰ ਸ਼ੂਕਦੀ ਲੰਘੀ, ਟੋਨੀ ਦੀ ਰੂਹ ਦਾ ਫੱਕਾ ਨਾ ਰਿਹਾ।


1 comment: