Thursday, December 12, 2019

                         ਸਿਆਸੀ ਮੌਸਮ
          ਓਹ ਮੌਜਾਂ ਭੁੱਲਦੀਆਂ ਨਹੀਂ..!
                            ਚਰਨਜੀਤ ਭੁੱਲਰ
ਬਠਿੰਡਾ  : ਬਾਦਲਾਂ ਦੇ ਹੈਲੀਕਾਪਟਰ ਦੀ ਹੁਣ ਅੰਬਰਾਂ ’ਚ ਗੂੰਜ ਨਹੀਂ ਪੈਂਦੀ। ਜਦੋਂ ਖ਼ਜ਼ਾਨਾ ਸਰਕਾਰੀ ਸੀ ਤਾਂ ਉਦੋਂ ਹੈਲੀਕਾਪਟਰ ਅਸਮਾਨੀ ਉੱਡਦਾ ਸੀ। ਪੌਣੇ ਤਿੰਨ ਸਾਲਾਂ ਤੋਂ ਰਾਜ ਭਾਗ ਵੀ ਨਹੀਂ ਅਤੇ ਨਾ ਹੀ ਹੈਲੀਕਾਪਟਰ ਵਾਲੇ ਬੁੱਲ੍ਹੇ ਰਹੇ ਹਨ। ਪੱਲਿਓਂ ਹੈਲੀਕਾਪਟਰ ਦਾ ਖਰਚਾ ਕੌਣ ਤਾਰਦੈ, ਤਾਹੀਓਂ ਹੁਣ ਬਾਦਲ ਜਿਆਦਾ ਸੜਕੀਂ ਰਸਤੇ ਹੀ ਪਿੰਡ ਬਾਦਲ ਦਾ ਸਫ਼ਰ ਕਰਦੇ ਹਨ। ਜਦੋਂ ਸਾਲ 2017 ਵਿਚ ਅਸੈਂਬਲੀ ਚੋਣਾਂ ਸਨ ਤਾਂ ਉਦੋਂ ਚੋਣਾਂ ਮੌਕੇ ਅੌਰਬਿਟ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਬਾਦਲ ਪਰਿਵਾਰ ਨੇ ਵਰਤਿਆ ਅਤੇ ਖਰਚਾ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨੇ ਨੇ ਚੁੱਕਿਆ ਸੀ।ਗੱਠਜੋੜ ਸਰਕਾਰ ਸਮੇਂ ਵਿਸ਼ੇਸ਼ ਸਹੂਲਤ ਲਈ ਪਿੰਡ ਕਾਲਝਰਾਨੀ ਦੀ ਦਾਣਾ ਮੰਡੀ ਵਿਚ ਹੈਲੀਪੈਡ ਬਣਾਇਆ ਗਿਆ ਸੀ ਜਿਥੇ ਪੁਲੀਸ ਦੀ ਗਾਰਦ ਦੀ ਤਾਇਨਾਤੀ ਸੀ। ਬਾਦਲ ਕਾਲਝਰਾਨੀ ਤੋਂ ਸੜਕੀਂ ਰਸਤੇ ਪਿੰਡ ਬਾਦਲ ਆਉਂਦੇ ਜਾਂਦੇ ਸਨ। ਹਕੂਮਤ ਬਦਲਣ ਮਗਰੋਂ ਵੀ ਪਿੰਡ ਕਾਲਝਰਾਨੀ ਵਿਚਲੇ ਹੈਲੀਪੈਡ ਤੇ ਗਾਰਦ ਦੀ ਤਾਇਨਾਤੀ ਰਹੀ। ਥੋੜੇ ਸਮੇਂ ਮਗਰੋਂ ਮੁਲਾਜ਼ਮਾਂ ਦੀ ਗਿਣਤੀ ਘਟਾ ਦਿੱਤੀ। ਬਠਿੰਡਾ ਪੁਲੀਸ ਨੇ ਹੁਣ ਪੂਰੀ ਗਾਰਦ ਹਟਾ ਲਈ ਹੈ ਅਤੇ ਪਿੰਡ ਕਾਲਝਰਾਨੀ ਦੇ ਲੋਕਾਂ ਨੇ ਦਾਣਾ ਮੰਡੀ ਵਿਚ ਫਸਲ ਸੁੱਟਣੀ ਸ਼ੁਰੂ ਕਰ ਦਿੱਤੀ ਹੈ। ਹੁਣ ਸਿਰਫ਼ ਵੀ.ਆਈ.ਪੀ ਰੂਮ ਬਚਿਆ ਹੈ। ਚਾਰੇ ਚੁਫੇਰੇ ਹੁਣ ਸੁੰਨਾ ਹੈ ਜਿਥੇ ਕਦੇ ਰੌਣਕਾਂ ਜੁੜਦੀਆਂ ਸਨ।
                   ਪਿੰਡ ਕਾਲਝਰਾਨੀ ਦੇ ਲੋਕਾਂ ਨੇ ਦੱਸਿਆ ਕਿ ਕੁਝ ਅਰਸੇ ਤੋਂ ਹੈਲੀਕਾਪਟਰ ਉੱਤਰਨਾ ਬੰਦ ਹੋਇਆ ਹੈ ਅਤੇ ਲੋਕਾਂ ਨੂੰ ਸ਼ਾਂਤੀ ਮਿਲੀ ਹੈ। ਖਾਸ ਕਰਕੇ ਕਿਸਾਨਾਂ ਨੂੰ ਫਸਲ ਸੁੱਟਣ ਵਾਸਤੇ ਜਗ੍ਹਾ ਮਿਲ ਗਈ ਹੈ। ਪਿੰਡ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਹੈਲੀਪੈਡ ਕਰਕੇ ਪਹਿਲੋਂ ਦਿੱਕਤ ਆਉਂਦੀ ਸੀ ਪ੍ਰੰਤੂ ਹੁਣ ਕਿਸਾਨਾਂ ਨੂੰ ਫਸਲ ਦੀ ਵੇਚ ਵੱਟਤ ਮੌਕੇ ਸੌਖ ਹੋ ਗਈ ਹੈ ਕਿਉਂਕਿ ਹੁਣ ਇਹ ਜਗ੍ਹਾ ਹੈਲੀਪੈਡ ਲਈ ਵਰਤੀ ਨਹੀਂ ਜਾ ਰਹੀ ਹੈ। ਸ਼ਹਿਰੀ ਹਵਾਬਾਜ਼ੀ ਮਹਿਕਮੇ ਦੇ ਤੱਥ ਹਨ ਕਿ ਬਾਦਲ ਪਰਿਵਾਰ ਦਾ ਅੌਸਤਨ ਹਰ ਪੰਜਵਾਂ ਗੇੜਾ ਪਿੰਡ ਬਾਦਲ ਦਾ ਵੱਜਿਆ ਅਤੇ ਇਨ੍ਹਾਂ ਗੇੜਿਆਂ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਹੋਈ। ਜਦੋਂ ਬਾਦਲ ਕਾਲਝਰਾਨੀ ਪੁੱਜਦੇ ਹੁੰਦੇ ਸਨ ਤਾਂ ਉਦੋਂ ਦੋ ਜ਼ਿਲ੍ਹਿਆਂ ਦੇ ਪੁਲੀਸ ਅਫਸਰ ਸਵਾਗਤ ’ਚ ਖੜਦੇ ਸਨ। ਪੰਜਾਬ ਚੋਣਾਂ 2017 ਵੇਲੇ ਵੀ ਆਰਬਿਟ ਹੈਲੀਕਾਪਟਰ ਦੇ ਕੁੱਲ 104 ਗੇੜਿਆਂ ਚੋਂ 12 ਗੇੜੇ ਪਿੰਡ ਬਾਦਲ ਦੇ ਵੱਜੇ ਅਤੇ ਇਨ੍ਹਾਂ 27 ਦਿਨਾਂ ਦਾ ਹੈਲੀਕਾਪਟਰ ਖਰਚਾ 1.37 ਕਰੋੜ ਰੁਪਏ ਅਕਾਲੀ ਦਲ ਦੇ ਖ਼ਜ਼ਾਨੇ ਨੇ ਚੁੱਕਿਆ। ਹੁਣ ਬਾਦਲ ਪਰਿਵਾਰ ਦੇ ਮੈਂਬਰ ਜਦੋਂ ਕਦੇ ਦੂਰ ਦੁਰਾਡੇ ਤੋਂ ਆਉਂਦੇ ਹਨ ਤਾਂ ਉਹ ਭਿਸੀਆਣਾ ਹਵਾਈ ਅੱਡੇ ’ਤੇ ਉੱਤਰਦੇ ਹਨ ਜਿਥੋਂ ਸੜਕੀਂ ਰਸਤੇ ਪਿੰਡ ਬਾਦਲ ਪੁੱਜਦੇ ਹਨ।
                 ਗਠਜੋੜ ਸਰਕਾਰ ਨੇ ਦਸੰਬਰ 2012 ਵਿਚ ਸਰਕਾਰੀ ਖਜ਼ਾਨੇ ਚੋਂ ਕਰੀਬ 38 ਕਰੋੋੜ ਖਰਚ ਕਰਕੇ ‘ਬੈਲ-429’ ਹੈਲੀਕਾਪਟਰ ਖਰੀਦ ਕੀਤਾ ਸੀ। ਪਿੰਡ ਬਾਦਲ ਦੇ ਗੇੜਿਆਂ ਲਈ ਇਹ ਹੈਲੀਕਾਪਟਰ ਹੀ ਵਰਤਿਆ ਜਾਂਦਾ ਰਿਹਾ।ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਕਾਲਝਰਾਨੀ ਹੈਲੀਪੈਡ ’ਤੇ ਜੋ ਗਾਰਦ ਲਾਈ ਹੋਈ ਸੀ, ਉਹ ਵਾਪਸ ਬੁਲਾ ਲਈ ਗਈ ਹੈ ਅਤੇ ਹੁਣ ਕਦੇ ਹੈਲੀਪੈਡ ਦੀ ਵਰਤੋਂ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਕ ਕਮਰੇ ਵਿਚ ਏ.ਸੀ ਅਤੇ ਫਰਨੀਚਰ ਵਗੈਰਾ ਹੀ ਪਿਆ ਹੈ। ਦੱਸਣਯੋਗ ਹੈ ਕਿ ਪਹਿਲੋਂ ਹੈਲੀਪੈਡ ’ਤੇ ਪੱਕੇ ਤੌਰ ’ਤੇ ਛੇ ਪੁਲੀਸ ਮੁਲਾਜ਼ਮਾਂ ਤਾਇਨਾਤ ਕੀਤੇ ਹੋਏ ਸਨ। ਹੈਲੀਪੈਡ ਵਾਸਤੇ ਪਹਿਲਾਂ ਤਾਂ ਬਿਜਲੀ ਦਾ ਕੁੰਡੀ ਕੁਨੈਕਸ਼ਨ ਚੱਲਦਾ ਸੀ ਪ੍ਰੰਤੂ ਮਗਰੋਂ ਦਸੰਬਰ 2014 ਵਿਚ ਬਿਜਲੀ ਮੀਟਰ ਲਗਵਾ ਲਿਆ ਗਿਆ ਸੀ ਜਿਸ ਦਾ ਬਿੱਲ ਮੰਡੀ ਬੋਰਡ ਤਾਰਦਾ ਸੀ।
                ਜਦੋਂ ਪਹਿਲੀ ਵਾਰ ਸਾਲ 2007 ਵਿਚ ਗਠਜੋੜ ਸਰਕਾਰ ਬਣੀ ਸੀ ਤਾਂ ਉਦੋਂ ਦੇ ਪਹਿਲੇ ਪੰਜ ਵਰ੍ਹਿਆਂ ਦੌਰਾਨ ਬਾਦਲ ਪਰਿਵਾਰ ਨੇ ਹੈਲੀਕਾਪਟਰ ’ਤੇ ਪਿੰਡ ਬਾਦਲ ਦੇ 426 ਗੇੜੇ ਲਾਏ ਹਨ। ਉਦੋਂ ਸੁਖਬੀਰ ਸਿੰਘ ਬਾਦਲ ਨੇ ਪੰਜ ਵਰ੍ਹਿਆਂ ਦੌਰਾਨ ਪਿੰਡ ਬਾਦਲ ਆਉਣ ਜਾਣ ਲਈ 227 ਦਿਨ ਹੈਲੀਕਾਪਟਰ ਦੀ ਵਰਤੋਂ ਕੀਤੀ  ਸੀ ਅਤੇ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 189 ਦਿਨ ਹੈਲੀਕਾਪਟਰ ਵਰਤਿਆ ਸੀ। ਜਦੋਂ ਰਾਜ ਭਾਗ ਸੀ ਉਦੋਂ ਤਾਂ ਬਾਦਲ ਹਰਿਆਣਾ ਦੇ ਬਾਲਾਸਰ ਵੀ ਸਰਕਾਰੀ ਹੈਲੀਕਾਪਟਰ ਵਿਚ ਜਾਂਦੇ ਸਨ ਪ੍ਰੰਤੂ ਹੁਣ ਸੜਕੀ ਰਸਤੇ ਸਫ਼ਰ ਕਰਦੇ ਹਨ ਅਤੇ ਸਭ ਖਰਚਾ ਸਰਕਾਰ ਚੁੱਕਦੀ ਹੈ।
                                    ਵੀ.ਆਈ.ਪੀ ਸੜਕ ਤੇ ਬਰਿੱਜ ਵੀ ਬਣੇ ਸਨ
ਕੇਂਦਰੀ ਰੋਡ ਫੰਡ ਦੇ 30 ਕਰੋੋੜ ਰੁਪਏ ਦੀ ਲਾਗਤ ਨਾਲ ਸਾਲ 2011 ਵਿਚ ਪਿੰਡ ਬਾਦਲ ਤੋਂ ਬਠਿੰਡਾ ਤੱਕ ਚਹੁੰ ਮਾਰਗੀ ਸੜਕ ਬਣਾਈ ਗਈ ਸੀ। ਹਾਲਾਂਕਿ ਕੇਂਦਰੀ ਫੰਡ ਸਿਰਫ਼ ਟਰੈਫ਼ਿਕ ਜਿਆਦਾ ਹੋਣ ਦੀ ਸੂਰਤ ਵਿਚ ਸੜਕ ਲਈ ਵਰਤੇ ਜਾ ਸਕਦੇ ਹਨ। ਵਿਸ਼ੇਸ਼ ਸਹੂਲਤ ਲਈ ਖ਼ਜ਼ਾਨੇ ਚੋਂ 23 ਕਰੋੜ ਰੁਪਏ ਖਰਚ ਕਰਕੇ ਬਠਿੰਡਾ ਬਾਦਲ ਸੜਕ ’ਤੇ ਪੈਂਦੇ ਰੇਲਵੇ ਓਵਰ ਬਰਿੱਜ ਦੀ ਉਸਾਰੀ ਕੀਤੀ ਗਈ ਸੀ। ਰੇਲਵੇ ਨੇ ਇਤਰਾਜ਼ ਵੀ ਲਾਏ ਸਨ ਜਿਸ ਕਰਕੇ ਰੇਲਵੇ ਦੀ ਹਿੱਸੇਦਾਰੀ ਵਾਲਾ ਪੈਸਾ ਵੀ ਪੰਜਾਬ ਸਰਕਾਰ ਨੇ ਹੀ ਝੱਲਿਆ ਸੀ। ਇਸ ਸੜਕ ਮਾਰਗ ’ਤੇ ਹੀ ਨੰਨ੍ਹੀ ਛਾਂ ਚੌਂਕ ਬਣਾਇਆ ਗਿਆ ਸੀ।

                 


2 comments: