Sunday, December 22, 2019

                                              ਵਿਚਲੀ ਗੱਲ
                     ਤੁਸੀਂ ਕਿਸ ਦੁਨੀਆਂ 'ਚ ਰਹਿੰਦੇ ਹੋ..!  
                                            ਚਰਨਜੀਤ ਭੁੱਲਰ
ਬਠਿੰਡਾ .. 'ਤੁਸੀਂ ਕਿਸ ਦੁਨੀਆਂ 'ਚੋਂ ਆਏ ਹੋ'। ਸਵਾਲ ਰਵੀਸ਼ ਕੁਮਾਰ ਨੇ ਪੁੱਛਿਆ। 'ਅਸੀਂ ਇਕੱਲੇ ਨਹੀਂ, ਮਾਪੇ ਵੀ ਆਏ ਨੇ'। ਜੁਆਬ ਨੌਜਵਾਨ ਧੀਆਂ ਨੇ ਦਿੱਤਾ। ਪਾਪਾਂ ਦਾ ਘੜਾ ਨੱਕੋ-ਨੱਕ ਭਰ ਜਾਏ। ਤਾਕਤ ਸਿਰ ਨੂੰ ਚੜ੍ਹ ਜਾਏ। ਫਿਰ ਜਵਾਨ ਬੱਚੇ ਘਰਾਂ 'ਚ ਨਹੀਂ ਬੈਠਦੇ। ਜੋ 'ਜਾਮੀਆ ਮਿਲੀਆ ਇਸਲਾਮੀਆ' 'ਚ ਪੜ੍ਹਨ ਬੈਠੇ। ਦਿੱਲੀ ਪੁਲੀਸ ਨੇ ਲਾਇਬ੍ਰੇਰੀ 'ਚ ਵੜ ਕੇ ਮਾਰਿਆ। ਲਾਇਬਰੇਰੀ 'ਚ ਕਿਤੇ ਮਾਂ ਨੇ ਇਹ ਵੇਲੇ ਸਿਰ ਲਾਇਬ੍ਰੇਰੀ ਭੇਜੇ ਹੁੰਦੇ ਤਾਂ ਰੀਡਿੰਗ ਰੂਮ ਦੀ ਮਰਿਆਦਾ ਸਮਝਦੇ। ਇੰਝ ਛੱਲੀਆਂ ਵਾਂਗੂ ਨਾ ਕੁੱਟਦੇ। ਕੁੜੀਆਂ ਨੂੰ ਲੀਰਾਂ ਦੀਆਂ ਗੁੱਡੀਆਂ ਸਮਝ ਬੈਠੇ। ਤਖ਼ਤ ਨੇ ਪਹਿਲਾਂ ਔਕਾਤ 'ਕਸ਼ਮੀਰ' ਦੀ ਨਾਪੀ। ਜਦੋਂ ਗਜ਼ ਲੈ ਕੇ 'ਕੰਨਿਆ ਕੁਮਾਰੀ' ਕੋਲ ਪੁੱਜੇ। ਜਵਾਨ ਖੂਨ ਨੇ ਉਬਾਲਾ ਖਾਧਾ। ਜ਼ਮੀਰਾਂ 'ਤੇ ਲਾਠੀ ਪੈ ਜਾਏ। ਫਿਰ ਰੋਹ ਲੱਠਮਾਰ ਬਣਦੈ। ਮਸ਼ਕਾਂ ਦਾ ਕੌਣ ਭਾਅ ਪੁੱਛਦੈ। ਅੱਗ ਜਦੋਂ ਦਿਲਾਂ 'ਚ ਲੱਗੀ ਹੋਵੇ। ਏਨੇ ਗਏ ਗੁਜ਼ਰੇ ਵੀ ਨਹੀਂ। ਹਕੂਮਤ ਜਿੰਨਾ ਸਮਝ ਬੈਠੀ। ਉਂਜ ਅੱਕ ਚੱਬਣਾ ਸੌਖਾ ਨਹੀਂ ਹੁੰਦਾ। ਸਿਰੋਂ ਪਾਣੀ ਲੰਘਦੈ ਤਾਂ ਪੁਲ਼ਾਂ 'ਤੇ ਗੂੰਜ ਪੈਂਦੀ ਹੈ। ਸਬਰ ਦੇ ਪਿਆਲੇ ਐਵੇਂ ਨਹੀਂ ਉੱਛਲੇ। ਅੰਦਰੋਂ ਭਰੇ ਪੀਤੇ ਬੈਠੇ ਸਨ। ਬੰਨ੍ਹ ਨਾਗਰਿਕਤਾ ਸੋਧ ਐਕਟ ਨੇ ਤੋੜ ਦਿੱਤੇ। ਉਪਰੋਂ ਲਾਇਬਰੇਰੀ ਦੀ ਬੇਅਦਬੀ ਕੌਣ ਝੱਲਦੈ। ਤਾਹੀਓਂ ਮੁਲਕ ਸੜਕਾਂ 'ਤੇ ਉਤਰਿਐ। ਦਿੱਲੀ ਦੇ ਜੰਤਰ-ਮੰਤਰ 'ਚ ਲੋਕ ਰੋਹ ਜੁੜਿਐ। 90 ਫੀਸਦੀ ਇਕੱਠ 25 ਸਾਲ ਤੱਕ ਦੀ ਜਵਾਨੀ ਦਾ ਹੈ। ਕਸੂਰ ਤਖ਼ਤ ਤੋਂ ਪੁੱਛ ਰਹੀ ਹੈ। ਜੋਸ਼ ਤੇ ਜਨੂੰਨ ਵੇਖ ਕੇ, ਰਵੀਸ਼ ਨੂੰ ਕਹਿਣਾ ਪਿਐ..! 'ਤੁਸੀਂ ਕਿਸ ਦੁਨੀਆਂ ਤੋਂ ਆਏ ਹੋ'।
           ਵੱਡੀਆਂ 'ਵਰਸਿਟੀਆਂ ਦਾ ਖੂਨ ਖੌਲਿਆ ਹੈ। ਰੀਡਿੰਗ ਰੂਮਾਂ 'ਚ ਬੈਠਣ ਵਾਲੇ ਹੁਣ ਚੌਰਾਹਿਆਂ 'ਚ ਬੈਠੇ ਹਨ। ਅਵਤਾਰ ਪਾਸ਼ ਦੀ ਰੂਹ ਨੇ ਹਲੂਣਾ ਦਿੱਤੈ 'ਸਭ ਤੋਂ ਖਤਰਨਾਕ ਪੁਲੀਸ ਦੀ ਕੁੱਟ ਨਹੀਂ ਹੁੰਦੀ'। ਸੱਤ ਬਚਨ ਆਖ ਮੁੰਡੇ ਸੁਫ਼ਨੇ ਜਗਾਉਣ ਮੁੜੇ ਨੇ। ਰਾਤੋ ਰਾਤ ਕੈਂਪਸਾਂ 'ਚੋਂ ਨਿਕਲ ਤੁਰੇ ਨੇ। ਯਸ਼ਵੰਤ ਸਿਨਹਾ ਆਖਦੈ, 'ਏਦਾ ਹੀ ਮੁੰਡੇ ਸੱਤ੍ਹਰਵੇਂ 'ਚ ਘਰਾਂ 'ਚੋਂ ਨਿਕਲੇ ਸਨ।' ਜਦੋਂ ਚੀਸ ਸਾਂਝੀ ਹੋਵੇ, ਲਹਿਰਾਂ ਨੂੰ ਟੋਚਨ ਪੈਂਦੇ ਨੇ। 'ਮੋਦੀ ਤੇ ਸ਼ਾਹ' ਤੋਂ ਹੁਣ ਥਾਹ ਨਹੀਂ ਪਾਈ ਜਾ ਰਹੀ। ਪਦੀੜ ਪੁਲੀਸ ਨੂੰ ਪਈ ਹੈ, ਲੋਕ ਰੋਹ ਦਾ ਕੁੰਭ ਜੋ ਦੇਸ਼ 'ਚ ਜੁੜਿਐ। ਪੰਜਾਬੀ ਮੁੰਡੇ ਕੁੰਭਕਰਨੀ ਨੀਂਦ ਸੁੱਤੇ ਪਏ ਨੇ। ਛੱਜੂ ਰਾਮ ਹੁੱਜਾਂ ਮਾਰ ਰਿਹੈ ਕਿ ਤੁਸੀਂ ਵੀ ਸੁਆਲ ਪੁੱਛੋ। ਲਓ ਪੁੱਛ ਲੈਂਦੇ ਹਾਂ, 'ਤੁਸੀਂ ਕਿਸ ਦੁਨੀਆਂ 'ਚ ਗੁਆਚੇ ਹੋ'? ਦਿਓ ਹੁਣ ਜੁਆਬ। ਬਰਨਾਲਾ ਕਾਲਜ ਦੇ ਮੁੰਡੇ ਬੋਲੇ, 'ਅਸੀਂ ਦਿਆਂਗੇ ਜੁਆਬ'।ਪ੍ਰੋ. ਸ਼ੋਇਬ ਜ਼ਫਰ ਨੇ ਜਦੋਂ ਪੁੱਛਿਆ, 'ਨੈੱਟ ਪੈਕ ਕਿਹੜਾ ਸਸਤੈ'। ਸਭ ਨੇ ਹੱਥੋਂ ਹੱਥ ਪੈਕ ਗਿਣਾ ਦਿੱਤੇ। ਚਲੋ ਇਹ ਵੀ ਦੱਸੋ, 'ਦਿੱਲੀ 'ਚ ਕਾਹਦਾ ਰੌਲਾ ਪਿਐ।' ਪ੍ਰੋਫੈਸਰ ਨੇ ਮੱਥੇ 'ਤੇ ਹੱਥ ਮਾਰਿਐ, ਜਦੋਂ ਬਹੁਤੇ ਬੋਲੋ, 'ਕਿਉਂ ਸਰ, ਕੀ ਹੋ ਗਿਆ ਉਥੇ।' ਪੰਜਾਬੀ ਗੁਆਚੇ ਜ਼ਰੂਰ ਨੇ ਪਰ ਕੌਣ ਆਖਦੈ ਕਿ ਵਿਹਲੇ ਨੇ। ਅੰਬਾਨੀ ਨੇ ਤਾਂ ਜੱਖਣਾ ਹੀ ਪੱਟ ਦਿੱਤੀ। ਕੋਈ ਸਟੇਟਸ ਪਾ ਰਿਹੈ, ਕੋਈ 'ਟਿੱਕ ਟੌਕ' ਚਲਾ ਰਿਹੈ, ਕੋਈ ਪੀਜ਼ੇ ਬਰਗਰ ਖਾ ਰਿਹੈ, ਕੋਈ ਟੈਟੂ ਬਣਵਾ ਰਿਹੈ ਤੇ ਕੋਈ ਫੇਸ਼ੀਅਲ ਵੀ ਕਰਵਾ ਰਿਹੈ। ਕਿਸੇ ਨੂੰ ਮਿੰਟ ਦੀ ਵਿਹਲ ਨਹੀਂ।
ਦਿੱਲੀ ਪੰਜਾਬ ਤੋਂ ਹੁਣ ਭੈਅ ਨਹੀਂ ਖਾਂਦੀ। ਪੰਜਾਬੀ ਖੂਨ ਖੌਲਦਾ ਨਹੀਂ, ਨਾ ਡੌਲ਼ੇ ਫਰਕਦੇ ਨੇ। ਮੌਤ ਨੂੰ ਮਖੌਲਾਂ ਕਰਨ ਵਾਲੇ ਠੇਠਰ ਬਣਾ ਕੇ ਰੱਖ 'ਤੇ। ਅਣਖ-ਰੜਕ ਦਾ ਨਾੜੂਆ ਹੀ ਕੱਟ ਦਿੱਤਾ। ਪੰਜਾਬ ਦੀ ਚਿੱਟੀ ਦਾੜ੍ਹੀ ਹੰਝੂਆਂ 'ਚ ਭਿੱਜੀ ਹੈ। 
            ਦੇਸ਼ ਦੀ ਜਵਾਨੀ ਕੂਕ ਰਹੀ ਹੈ ਪਰ ਪੰਜਾਬ ਹੁਣ ਖਾਮੋਸ਼ ਹੈ। ਟਾਵੇਂ ਸ਼ਹਿਰਾਂ 'ਚ ਨਾਅਰੇ ਗੂੰਜੇ। ਕਿਸੇ ਧਰਨੇ ਮੁਜ਼ਾਹਰੇ 'ਚ ਜਵਾਨੀ ਨਹੀਂ ਦਿੱਖਦੀ। ਜੰਤਰ ਮੰਤਰ ਤੋਂ ਪੰਜਾਬ ਗੈਰਹਾਜ਼ਰ ਹੈ। ਅਮਰਿੰਦਰ ਨੇ ਕਿਸੇ ਗੱਲੋਂ ਹੀ ਦੜ ਵੱਟੀ ਹੈ। ਪੰਜਾਬ ਨੇ ਮੁਲਕ ਦਾ ਕਟੋਰਾ ਭਰਿਆ। ਅੱਜ ਕਟੋਰਾ ਫੜ ਕੇ ਮੰਗਤਾ ਬਣਿਐ। ਸਿਆਸੀ ਜਮਾਤ ਨੇ ਐਸੇ ਮਧੋਲ਼ੇ, ਪੰਜਾਬੀ ਮੁੰਡੇ ਹੁਣ ਅੱਖ 'ਚ ਪਾਏ ਨਹੀਂ ਰੜਕਦੇ।ਆਓ ਪੁਰਾਣਾ ਪੰਜਾਬ ਦੇਖੀਏ। ਕਿੰਨੇ ਅਮੀਰ ਸੀ। ਬਾਬੇ ਨਾਨਕ ਦਾ ਕਿਰਤ ਦਾ ਫ਼ਲਸਫਾ ਤੇ ਨਾਲੇ ਚਮਕੌਰ ਦੀ ਗੜ੍ਹੀ ਵੀ। ਕਰਤਾਰ ਸਰਾਭੇ ਵੀ ਤੇ ਭਗਤ ਸਿੰਘ ਵੀ। ਕੁਰਬਾਨੀ 'ਚ ਕੋਈ ਸਾਨੀ ਨਹੀਂ ਸੀ। ਜਵਾਨ ਊਰਜਾ ਮੇਲਦੀ। ਕੋਈ ਪੰਜਾਬ ਵੱਲ ਮੂੰਹ ਨਾ ਕਰਦਾ। ਰਣ 'ਚ ਕੁੱਦਣੋਂ ਨਹੀਂ ਡਰਦੇ ਸਨ। ਸ਼ਾਹ ਮੁਹੰਮਦ ਲਿਖਦੈ, 'ਤੇਰੇ ਵੱਲ ਜੋ ਕਰੇਗਾ ਨਜ਼ਰ ਮੈਲੀ, ਸ਼ਾਹ ਮੁਹੰਮਦਾ ਕਰਾਂਗੇ ਸੱਖਣਾ ਈ।' ਇਕੱਲੀ ਗ਼ਦਰ ਲਹਿਰ ਨਹੀਂ, ਕਿੰਨੀਆਂ ਲਹਿਰਾਂ ਦੇ ਅਸੀਂ ਵਾਰਸ ਹਾਂ। ਜਿਉਣਾ ਮੌੜ, ਜੱਗਾ ਡਾਕੂ, ਸੁੱਚਾ ਸੂਰਮਾ, ਦੁੱਲਾ ਭੱਟੀ ਤੇ ਹੋਰ, ਬੜੇ ਨਾਇਕ ਨੇ। ਅਣਖ ਹੀ ਪਛਾਣ ਸੀ। ਕੋਈ ਵੀ ਮੋਰਚਾ ਲੱਗਾ, ਪੰਜਾਬੀ ਨੌਜਵਾਨ ਬੀਂਡੀ ਜੁੜਿਆ। ਜਵਾਨੀ ਹਮੇਸ਼ਾ ਸਫ਼ਰ 'ਤੇ ਹੀ ਰਹੀ। ਮਿਹਨਤੀ ਜੁੱਸਾ ਤੇ ਉਪਰੋਂ ਪੜ੍ਹਨ ਦੀ ਮੱਸ। ਰਗਾਂ ਵਿਚ ਦੌੜਦਾ ਖੂਨ। ਨਾ ਥੱਕਦੇ, ਨਾ ਅੱਕਦੇ, ਡੋਲਣਾ ਤਾਂ ਕੀ ਸੀ।
            ਚੇਤੇ ਹੋਏਗਾ ਮੋਗੇ ਦਾ ਰੀਗਲ ਸਿਨੇਮਾ ਕਾਂਡ। 1972 'ਚ ਦੋ ਨੌਜਵਾਨ ਪੁਲੀਸ ਗੋਲੀ ਨੇ ਭੁੰਨ ਦਿੱਤੇ। ਅੰਦੋਲਨ ਪੂਰੇ ਪੰਜਾਬ ਵਿਚ ਫੈਲਿਆ। ਪ੍ਰਾਇਮਰੀ ਸਕੂਲਾਂ ਦੇ ਬੱਚੇ ਵੀ ਬਸਤੇ ਸੁੱਟ ਤੁਰੇ ਸਨ। ਸਾਲ 1980-81 ਵਿਚ ਚੱਲਿਆ ਬੱਸ ਕਿਰਾਇਆ ਘੋਲ। ਟੂਟੀ ਪੱਟ ਅਪਰੇਸ਼ਨ ਮਗਰੋਂ ਸਰਕਾਰ ਨੂੰ ਝੁਕਣਾ ਪਿਆ। ਜੇਠੂਕੇ ਵਾਲਾ ਝੰਡਾ ਅੱਠਵੀਂ 'ਚ ਸੀ, ਜਦੋਂ ਤੋਂ ਪੁਲੀਸ ਨੇ ਕੁੱਟਣਾ ਸ਼ੁਰੂ ਕੀਤੈ। ਮੁਲਾਜ਼ਮ ਤਾਕਤ ਤੋਂ ਵੀ ਤਖ਼ਤ ਡਰਦਾ ਸੀ। ਕਦੋਂ ਨੌਂ ਮਣ ਤੇਲ ਹੋਊ, ਕਦੋਂ ਰਾਧਾ ਨੱਚੂ'। ਇਸ ਸੋਚ 'ਚੋਂ ਤੱਤੀ ਧਾਰਾ ਨਿਕਲੀ। ਨੌਜਵਾਨਾਂ ਦੇ ਮਨਾਂ 'ਚ ਖਰੂਦ, ਨਾਲੇ ਬਾਰੂਦ ਸੀ। ਦਿੱਲੀ ਥਰ-ਥਰ ਕੰਬਦੀ ਸੀ। ਨਵੀਂ ਤਵਾਰੀਖ ਪੰਜਾਬੀ ਲਿਖਦੇ ਸਨ। ਪੰਜਾਬ ਮੁੰਦਰੀ ਦਾ ਨਗ ਐਵੇਂ ਨਹੀਂ ਬਣਿਆ ਸੀ।ਪੰਜਾਬ ਹੁਣ ਕਾਗਜ਼ੀ ਸ਼ੇਰ ਜਾਪਦੈ। ਪਾਸ਼ ਆਖਦੈ, 'ਤੁਸੀਂ ਕਣਕ ਦੇ ਵੱਢ ਵਿਚ ਕਿਰੇ ਹੋਏ ਛੋਲੇ ਹੋ ਤੇ ਮਿੱਟੀ ਨੇ ਤੁਹਾਡਾ ਵੀ ਹਿਸਾਬ ਕਰਨਾ ਹੈ।' ਪਿਛਾਂਹ ਨਜ਼ਰ ਮਾਰੋ, ਸਾਲ 1989 'ਚ ਤੇਲ ਦਾ ਡਰੰਮ ਹਜ਼ਾਰ 'ਚ। ਹੁਣ 13 ਹਜ਼ਾਰ 'ਚ ਭਰਦਾ ਹੈ। ਗੰਢੇ ਕੀ, ਜੋ ਮਰਜ਼ੀ ਭਾਅ ਵਧੇ। ਟੈਂਅ ਨਾ ਮੰਨਣ ਵਾਲੇ ਪੰਜਾਬੀ ਚੂੰ ਨਹੀਂ ਕਰਦੇ। 'ਘਰ ਨਾ ਬਾਰ, ਮੀਆਂ ਮਹੱਲੇਦਾਰ' ਵਾਲੀ ਗੱਲ ਹੈ। ਆਖਦੇ ਨੇ, 'ਰੱਬ ਡਾਢਿਆਂ ਦੇ ਵੱਸ ਨਾ ਪਾਵੇ'। ਬਾਦਲਾਂ ਦਾ ਮੁੱਛਾਂ 'ਤੇ ਹੱਥ ਜਾਂਦਾ ਸੀ ਜਦੋਂ ਧਰਨਿਆਂ 'ਚ ਬੁੱਢੇ ਠੇਰੇ ਬੈਠੇ ਦੇਖਦੇ। ਤਾਹੀਓਂ ਅਮਰਿੰਦਰ ਵੀ ਮੁੱਛਾਂ 'ਚ ਹੱਸਣੋਂ ਨਹੀਂ ਹਟਦਾ।
         ਬਾਦਲਾਂ ਦੇ ਆਖਰੀ ਪੰਜ ਸਾਲ ਵੇਖੋ। 51 ਹਜ਼ਾਰ ਲੋਕ ਅੰਦੋਲਨ ਹੋਏ। ਨੌਜਵਾਨ ਅੰਦੋਲਨ ਸਿਰਫ਼ 1756। ਪੰਜਾਹ ਫੀਸਦੀ ਇਕੱਲੇ ਮੁਲਾਜ਼ਮਾਂ ਦੇ। ਹੁਣ ਕੇਵਲ ਬੇਰੁਜ਼ਗਾਰ ਭਿੜ ਰਹੇ ਹਨ। ਪੰਜਾਬ 'ਚ 232 ਮੁੰਡੇ ਨੇ (18 ਤੋਂ 21 ਸਾਲ ਦੇ) ਜਿਨ੍ਹਾਂ ਦਾ ਨਾਮ ਭਗਤ ਸਿੰਘ ਹੈ। ਗੀਤ ਸੁਣਦੇ ਨੇ ਸਿੱਧੂ ਮੂਸੇ ਵਾਲੇ ਦੇ। ਤਿੰਨ ਸਾਲਾਂ 'ਚ 15,455 ਪੰਜਾਬੀ ਮੁੰਡੇ ਫੌਜ 'ਚ ਭਰਤੀ ਹੋਏ ਨੇ। ਫੌਜ ਨੂੰ ਪੰਜਾਬੀ ਗੱਭਰੂ ਲੱਭਦਾ ਨਹੀਂ। ਅਨੁਮਾਨ ਅਨੁਸਾਰ 2041 'ਚ 21 ਫੀਸਦੀ ਨੌਜਵਾਨ ਰਹਿ ਜਾਣਗੇ। ਬੇਕਾਰੀ ਦੇ ਭੰਨੇ ਬਹੁਤੇ ਉਦਾਸੀ 'ਚ ਹਨ। ਬਹੁਤੇ ਅੰਬਾਨੀ ਨੇ 'ਗੁਲਾਮ' ਬਣਾ ਰੱਖੇ ਨੇ। ਮੁਫ਼ਤ ਦੇ ਜੀਓ ਨਾਲ। ਕਿਸੇ ਨੂੰ ਮਰਜ਼ੀ ਪੁੱਛ ਲਓ। ਆਈਲੈੱਟਸ ਕਰਾਂਗੇ, ਭੱਜ ਜਾਵਾਂਗੇ। ਅਸੀਂ ਰਹਿਣਾ ਹੀ ਨਹੀਂ। ਪੰਜਾਬੀ ਪੁੱਤ ਹੁਣ ਡਾਲਰਾਂ ਦੇ ਪੁੱਤ ਬਣੇ ਨੇ। ਪੰਜਾਬ 'ਚੋਂ ਹੁਣ ਲਾਵਾ ਫੁੱਟਣਾ ਨਹੀਂ। ਜਿਥੋਂ ਡਰ ਐ, ਉਥੇ ਇੰਟਰਨੈੱਟ ਬੰਦ ਕਰ ਦਿੱਤਾ ਜਾਂਦੈ। ਪੰਜਾਬੀ ਇਸ ਗੱਲੋਂ ਡਰੀ ਜਾਂਦੇ ਨੇ। ਅਖੇ, ਸੜਕਾਂ 'ਤੇ ਬੈਠੇ, ਸਰਕਾਰ ਨੈੱਟ ਬੰਦ ਕਰੂ, ਫਿਰ ਸਾਡਾ ਕੀ ਬਣੂ। ਮਨਪ੍ਰੀਤ ਬਾਦਲ ਦਾ ਪੁੱਤ ਤਾਂ ਅਗਲੀ ਚੋਣ ਲੜੂ, ਕਿਸੇ ਭੇਤੀ ਨੇ ਦੱਸਿਆ। ਸੁਖਬੀਰ ਨੇ ਪਹਿਲਾਂ ਹੀ ਕਿਹਾ.. ਸਾਡੀ ਅਗਲੀ ਪੀੜ੍ਹੀ ਵੀ ਸੇਵਾ ਕਰੂ। ਰਹੀ ਗੱਲ ਛੱਜੂ ਰਾਮ ਦੀ। ਉਹ ਆਖ ਰਿਹੈ.. ਪੰਜਾਬ ਦੀ ਜਵਾਨੀ ਤਾਂ ਸੁੱਕਾ ਬਾਲਣ ਐ। ਤੀਲੀ ਦਿਖਾਉਣ ਦੀ ਲੋੜ ਐ। ਜਵਾਨੀ ਅੱਭੜਵਾਹੀ ਉੱਠੀ, ਜ਼ਰੂਰੀ ਨਹੀਂ ਫਿਰ ਠੀਕ ਰਾਹ 'ਤੇ ਦੌੜੇ। ਦੇਖਿਓ ਕਿਤੇ ਪੰਗਾ ਲੈ ਬੈਠੋਂ। ਅਮਿਤ ਸ਼ਾਹ ਨੂੰ ਕਿਤੇ ਚਿੱਤ ਚੇਤੇ ਸੀ। ਜੋ ਹੁਣ ਹੋ ਰਿਹਾ ਹੈ..!

2 comments:

  1. Charanjit ji gal badi thok ke aakhi aa.par mainu lagda delhi nirbhays rape wele bhi panjab ch bahuti hil jul ni si hoe

    ReplyDelete