Sunday, December 8, 2019

                         ਵਿਚਲੀ ਗੱਲ 
      ਮੁੱਕਦੀ ਨਹੀਂ ਗ਼ਮਾਂ ਵਾਲੀ ਪੂਣੀ..!
                       ਚਰਨਜੀਤ ਭੁੱਲਰ
ਬਠਿੰਡਾ :  ਜ਼ਿੰਦਗੀ ਦਾ ਹਲਟ ਗਿੜ ਰਿਹਾ ਹੈ। ਮੌਣ ਉਦਾਸ ਹੈ ਤੇ ਟਿੰਡਾਂ ਖੁਸ਼ਕ। ਤਰੇਲੀ ਪੌਣਾਂ ਨੇ ਖਾਈ ਹੈ। ਮੁੜ ਜੋ ਰੁੱਤ ਆਈ ਹੈ। ਅੱਗਾ ਕਿਵੇਂ ਢਕੀਏ। ਚਹੁੰ ਪਾਸੇ ਅੱਗ ਹੀ ਅੱਗ ਹੈ, ਕਿਤੇ ਢਿੱਡ ਦੀ ਤੇ ਕਿਤੇ ਮਜ਼ਹਬ ਦੀ। ਅੱਗ ਨਾਲ ਖੇਡੋਗੇ ਤਾਂ ਘਰ ਕਿਵੇਂ ਬਚੇਗਾ। ਵਕਾਰਾਂ ਦੀ ਅੱਗ ਤਾਂ ਸਭ ਤੋਂ ਭੈੜੀ। ਜਦੋਂ ਸੋਚਾਂ ’ਚ ਦਰਿੰਦਗੀ ਮਘਦੀ ਹੈ। ਫਿਰ ‘ਤੰਦੂਰ ਕਾਂਡ’ ਦਾ ਧੂੰਆਂ ਅਸਮਾਨੀ ਚੜ੍ਹਦਾ ਹੈ। ਵੀਹ ਵਰ੍ਹੇ ਪਿਛਾਂਹ ਵੱਲ ਵੇਖੋ। ਤੰਦੂਰ ’ਚ ਨੈਣਾ ਸਾਹਨੀ ਸਾੜੀ ਗਈ। ਜਿਉਂ ਅਬਲਾ ਰਾਖ ਹੋ ਗਈ, ਦਰਿੰਦੀ ਸੋਚ ਲਾਟ ਹੋ ਗਈ। ਰੰਗਾ-ਬਿੱਲਾ ਨੂੰ ਵੀ ਕੌਣ ਭੁੱਲਿਐ। ਵਰ੍ਹਾ 1978 ’ਚ ਮੁੱਢ ਗੀਤਾ-ਸੰਜੇ ਤੋਂ ਬੱਝਾ। ਬੱਚੀ ਗੀਤਾ ਰੰਗੇ ਬਿੱਲੇ ਦਾ ਸ਼ਿਕਾਰ ਹੋਈ। ਦੋਵੇਂ ਭੈਣ ਭਰਾ ਮਾਰ ਕੇ ਸੁੱਟ ਦਿੱਤੇ। ਉਦੋਂ ਮੋਰਾਰਜੀ ਦੇਸਾਈ ਪੀੜਤਾਂ ਦੇ ਘਰ ਗਏ ਸਨ। ਜਲਾਦ ਕਾਲੂ ਤੇ ਫਕੀਰਾ ਨੇ ਰੰਗਾ ਬਿੱਲਾ ਨੂੰ 1982 ’ਚ ਫਾਂਸੀ ਦਿੱਤੀ। ਹਵਸ ਤੇ ਹਿੰਸਾ ਅੱਜ ਵੀ ਉਵੇਂ ਮੌਜੂਦ ਹੈ। ਰਾਹਾਂ ’ਤੇ ਜੋ ਹੁਣ ਲਟ ਲਟ ਬਲੀ ਹੈ। ਦੇਖ ਕੇ ਸੁੰਨ ਕਿਉਂ ਨਾ ਹੋਣ ਰਾਏਬਰੇਲੀ ਦੇ ਮੀਲ ਪੱਥਰ। ਹਰ ਨਿਆਣਾ-ਸਿਆਣਾ ਸੁੰਨ ਹੈ। ਅੱਗ ਪਹਿਲਾਂ ਯੂਪੀ ਦੇ ਉਨਾਓ ’ਚ ਬਲੀ। ਦਰਿੰਦਿਆਂ ਨੇ ਇੱਕ ਧੀ ਨਾਲ ਗੈਂਗਰੇਪ ਕੀਤਾ। ਸ਼ਰਮ ’ਚ ਉਨਾਓ ਡੁੱਬਿਆ। ਐਮ.ਪੀ ਸਾਕਸ਼ੀ ਮਹਾਰਾਜ ਦੇ ਸ਼ਰਮ ਨੇੜਿਓਂ ਲੰਘਦੀ ਤਾਂ ਉਹ ਜੇਲ੍ਹ ’ਚ ਵਿਧਾਇਕ ਕੁਲਦੀਪ ਸੇਂਗਰ ਨੂੰ ਕਦੇ ਨਾ ਮਿਲਦਾ। ਉਨਾਓ ਪੀੜਤਾ ਘਰੋਂ ਤਾਂ ਰਾਏਬਰੇਲੀ ਅਦਾਲਤ ਵੱਲ ਤੁਰੀ ਸੀ। ਜ਼ਮਾਨਤੀ ਦਰਿੰਦੇ ਮੁੜ ਟੱਕਰ ਗਏ, ਜਿਊਂਦੀ ਨੂੰ ਅੱਗ ਲਾ ਦਿੱਤੀ।
                ਦਿੱਲੀ ਧੀ ਨੂੰ ਬਚਾ ਨਾ ਸਕੀ। ਨਿਰਭਯਾ ਵਾਂਗ ਫੌਤ ਹੋ ਗਈ। ਪੀੜਤਾ ਆਖਰੀ ਸਾਹ ’ਤੇ ਸੀ। ਸੇਂਗਰ ਨੂੰ ਜਨਮ ਦਿਨ ਦੀ ਵਧਾਈ ਸਾਕਸ਼ੀ ਦੇ ਰਹੇ ਸਨ। ਇਵੇਂ ਹੈਦਰਾਬਾਦ ’ਚ ਹੈਵਾਨੀਅਤ ਨੱਚੀ। ਮਹਿਲਾ ਡਾਕਟਰ ਨਾਲ ਪਹਿਲਾਂ ਗੈਂਗਰੇਪ, ਫਿਰ ਅੱਗ ’ਚ ਸਾੜੀ। ਰੋਹ ਦੀ ਅੱਗ ਜਦੋਂ ਬਲਦੀ ਹੈ। ਹਕੂਮਤ ਠੰਢਾ ਛਿੜਕਦੀ ਹੈ। ਪੁਲੀਸ ਮੁਕਾਬਲੇ ’ਚ ਚਾਰੋਂ ਢੇਰ ਕਰ ਦਿੱਤੇ, ਦਰਿੰਦੀ ਸੋਚ ਫਿਰ ਝਕਾਨੀ ਦੇ ਗਈ। ਹੈਦਰਾਬਾਦ ਪੁਲੀਸ ਦੇ ਹੁਣ ਕੋਈ ਹਾਰ ਪਾ ਰਿਹੈ ਤੇ ਕੋਈ ਉਂਗਲ ਉਠਾ ਰਿਹੈ। ‘ਮੁਕਾਬਲਾ ਮਾਸਟਰ’ ਵਲੇਵੀਂ ਸੋਚ ਨੂੰ ਵਿੰਨ੍ਹ ਨਾ ਸਕਿਆ। ਦੇਸ਼ ’ਚ ਹਰ 29ਵੇਂ ਮਿੰਟ ‘ਚ ਇੱਕ ਅੌਰਤ ਦੀ ਪੱਤ ਲੁੱਟੀ ਜਾਂਦੀ ਹੈ। ਜਿਨਸੀ ਹਿੰਸਾ ਖ਼ਿਲਾਫ਼ ਹੁਣੇ ਕੌਮਾਂਤਰੀ ਮੁਜ਼ਾਹਰੇ ਹੋਏ ਹਨ। ਅਫ਼ਸੋਸ, ਹਰ ਪੀੜਤਾ ਦੇ ਹਿੱਸੇ ਕੈਂਡਲ ਮਾਰਚ ਨਹੀਂ ਆਉਂਦਾ। ਬਚਿੰਤ ਕੌਰ ਦੀ ਕਹਾਣੀ ‘ਭੁੱਬਲ ਦੀ ਅੱਗ‘ ਦਾ ਕਿਸ਼ਨ ਸਿਓ ਚੇਤੇ ਆ ਗਿਆ। ਇੰਜ ਜਾਪਦੈ, ਜਿਵੇਂ ਮੁਲਕ ਵੈਂਟੀਲੇਟਰ ‘ਤੇ ਹੋਵੇ, ਅਰਮਾਨ ਅਧਜਲੇ ਹੋਣ। ਕਾਂਗਰਸੀ ਅਧੀਰ ਰੰਜਨ ਚੌਧਰੀ ਆਖਦੈ, ‘ਇੱਕ ਪਾਸੇ ਰਾਮ ਮੰਦਰ ਬਣ ਰਿਹਾ, ਦੂਜੇ ਪਾਸੇ ਸੀਤਾ ਜਲਾਈ ਜਾ ਰਹੀ ਹੈ।’ ਸਾਲ 2012 ’ਚ ਜਦੋਂ ਨਿਰਭਯਾ ਕਾਂਡ ਵਾਪਰਿਆ ਸੀ। ਉਦੋਂ ਇਵੇਂ ਭਾਜਪਾਈ ਕੈਲਾਸ਼ ਬੋਲੇ, ‘ਸੀਤਾ ਲਛਮਣ ਰੇਖਾ ਲੰਘੇਗੀ ਤਾਂ ਰਾਵਨ ਅਪਹਰਨ ਕਰੇਗਾ ਹੀ।’ ਸਿਆਸੀ ਤੰਦੂਰੀਏ ਨੇ, ਇਨ੍ਹਾਂ ਦੇ ਮੂੰਹ ਕੌਣ ਫੜੂ। ਅੱਗ ’ਤੇ ਹੀ ਨਹੀਂ, ਕਿਤੇ ਵੀ ਰੋਟੀ ਸੇਕ ਸਕਦੇ ਹਨ।
                 ਗੋਆ ਦਾ ਰਾਜਪਾਲ ਸਤਿਆਪਾਲ, ਗਿਰਗਿਟ ਦਾ ਗੁਰੂ ਨਿਕਲਿਐ। ਨਾਸੀਂ ਧੂੰਆਂ ਲਿਆ ਦਿੱਤਾ ਸੀ ਕਸ਼ਮੀਰ ’ਚ। ਸਤਿਆਪਾਲ ਹੁਣ ਮੱਤਾਂ ਦੇ ਰਿਹੈ। ਅਖੇ, ‘ਜੋ ਦੂਜੇ ਦਾ ਦੁੱਖ ਨਾ ਜਾਣੇ, ਇਨਸਾਨ ਨਹੀਂ, ਸੜੇ ਹੋਏ ਆਲੂ ਹੁੰਦੇ ਨੇ।’ ਪਿਆਰੇ ਸਤਿਆਪਾਲ ਜੀ, ਜੋ ਜ਼ੁਬਾਨਾਂ ਨੂੰ ਤਾਲੇ ਲਾਉਣ, ਉਹ ਕੌਣ ਹੁੰਦੇ ਨੇ। ਜੁਆਬ ਦੇਣ ਲਈ ਰਾਹੁਲ ਬਜਾਜ ਉੱਠੇ ਨੇ। ਸਟੇਜ ’ਤੇ ਅਮਿਤ ਸ਼ਾਹ ਬੈਠੇ ਸਨ। ਉਦਯੋਗਪਤੀ ਬਜਾਜ ਦੇ ਜ਼ਰੂਰ ਡੌਲੇ ਫਰਕੇ ਹੋਣਗੇ। ਮੂੰਹ ’ਤੇ ਆਖ ਦਿੱਤਾ,‘ਲੋਕ ਥੋਡੇ ਕੋਲੋਂ ਡਰਦੇ ਨੇ, ਸਾਨੂੰ ਭਰੋਸਾ ਨਹੀਂ ਕਿ ਆਲੋਚਨਾ ਥੋਨੂੰ ਪਸੰਦ ਹੋਵੇਗੀ।’ ਚੇਤਿਆਂ ਨੂੰ ਹਲੂਣਾ ਦਿਓ। ਦੂਰਦਰਸ਼ਨ ’ਤੇ ਤੀਹ ਵਰ੍ਹਾਂ ਪਹਿਲਾਂ ਗੂੰਜ ਪੈਂਦੀ ਸੀ। ‘ਹਮਾਰਾ ਕੱਲ, ਹਮਾਰਾ ਆਜ, ਬੁਲੰਦ ਭਾਰਤ ਦੀ ਬੁਲੰਦ ਤਸਵੀਰ, ਹਮਾਰਾ ਬਜਾਜ’। ਬਜਾਜ ਚੇਤਕ ਸਕੂਟਰ ਦੇ ਮਾਲਕ ਬਜਾਜ ਤੋਂ ਰਿਹਾ ਨਹੀਂ ਗਿਆ ਹੋਣਾ। ਉਹ ਤਾਂ ਬੋਲ ਪਿਆ, ਬਾਕੀਆਂ ਨੂੰ ਸੱਪ ਸੁੰਘ ਗਿਆ। ਜਿਵੇਂ ਪੂਰੇ ਦੇਸ਼ ਨੂੰ।ਜ਼ੁਬਾਨਬੰਦੀ ਵੀ ਬਲਾਤਕਾਰ ਤੋਂ ਘੱਟ ਨਹੀਂ। ਲੋਕ ਪਤਾ ਨਹੀਂ ਕਿਹੜੇ ਹੱਡ ਮਾਸ ਦੇ ਬਣੇ ਨੇ, ਝੱਲੀ ਜਾ ਰਹੇ ਨੇ। ਸ਼ਿਵ ਕੁਮਾਰ ਬਟਾਲਵੀ ਦੇ ਆਪਣੇ ਗ਼ਮ ਸਨ, ‘ਮੇਰੇ ਹੱਡ ਹੀ ਅਵੱਲੇ ਨੇ, ਜੋ ਅੱਗ ਲਾਇਆਂ ਨਹੀਂ ਸੜਦੇ।’ ਗਾਂਂ ਦੀ ਰਾਤ ਨਹੀਂ, ਰੁੱਤ ਹੀ ਲੰਮੀ ਹੋ ਗਈ ਹੈ। ਫੁਕਾਰੇ ਮਾਰਦੇ ਫਿਰਦੇ ਨੇ, ਕੋਈ ਚੜ੍ਹੀ ਲੱਥੀ ਦੀ ਨਹੀਂ। ਪ੍ਰਸਿੱਧ ਕਹਾਣੀਕਾਰ ਕ੍ਰਿਸ਼ਨ ਚੰਦਰ ਦੀ ਰੂਹ ਕਿਉਂ ਨਾ ਤੜਫੀ ਹੋਊ।
                 ਭੈਣੋ ਅੌਰ ਭਾਈਓ… ਕਹਾਣੀ ਸੰਗ੍ਰਹਿ ‘ਜਾਮਨ ਕਾ ਪੇੜ’ ਦਸਵੀਂ ਦੇ ਸਿਲੇਬਸ ’ਚੋਂ ਹਟਾ ਦਿੱਤੀ ਹੈ। ਕ੍ਰਿਸ਼ਨ ਚੰਦਰ ਦੇ ਭਤੀਜੇ ਪਵਨ ਚੋਪੜਾ ਨੂੰ ਸੱਤੇ ਕੱਪੜੇ ਅੱਗ ਲੱਗੀ। ‘ਚਾਚਾ ਅੱਜ ਲਿਖਦੇ ਤਾਂ ਤਿਹਾੜ ਜੇਲ੍ਹ ‘ਚ ਹੁੰਦੇ।’ ਯਕੀਨ ਨਹੀਂ ਤਾਂ ਸੁਧਾ ਭਾਰਦਵਾਜ ਨੂੰ ਪੁੱਛ ਲਓ। ਅੱਗ ਬਿਨਾਂ ਧੂੰਆਂ ਨਹੀਂ ਉੱਠਦਾ। ਮਹਿੰਗਾਈ ਦੀ ਅੱਗ ਬਾਰੇ ਪੁੱਛਣੈ। ਨਿਰਮਲਾ ਸੀਤਾਰਾਮਨ ਨੂੰ ਨਾ ਪੁੱਛਿਓ, ਉਹ ਕਿਹੜਾ ਪਿਆਜ਼ ਖਾਂਦੀ ਐ। ਕਿਸੇ ਮਹਾਤੜ ਨੂੰ ਪੁੱਛ ਕੇ ਦੇਖਿਓ, ਜੋ ਦੁੱਖਾਂ ਨੇ ਭੁੰਨੇ ਪਏ ਨੇ। ਬਾਜ਼ਾਰਾਂ ’ਚ 100 ਰੁਪਏ ਤੋਂ ਘੱਟ ਨਹੀਂ ਮਿਲਦਾ। ਸੜਕਾਂ ਜਾਮ ਨੇ, ਮੋਦੀ ਜੀ ਚੁੱਪ ਨੇ, ਸੈਸ਼ਨ ਚੱਲ ਰਿਹਾ ਹੈ। ਦੇਸ਼ ’ਚ ਜੰਗਲ ਰਾਜ, ਪੰਜਾਬ ’ਚ ਮਾਫੀਆ ਰਾਜ, ਨਵੇਂ ਰੂਪ ਵਿਚ ਚੱਲ ਰਿਹੈ। ਨਾਲੋਂ ਨਾਲ ਫਰੈਂਡਲੀ ਮੈਚ ਵੀ ਚੱਲ ਰਿਹੈ। ਜਦੋਂ ਬੁਰਾ ਵਕਤ ਚੱਲ ਰਿਹਾ ਹੋਵੇ। ਉਦੋਂ ਨਾਸਾ ਦਾ ਸੈਟੇਲਾਈਟ ਵੀ ਫੇਲ੍ਹ ਹੋ ਜਾਂਦੈ। ਕੈਮਰੇ ’ਚ ਕੈਦ ਨਹੀਂ ਹੁੰਦੀ, ਦੁੱਖਾਂ ਦੀ ਅੱਗ ਤੇ ਹਿਜ਼ਰਾਂ ਦੇ ਘੁੱਟ। ਜਲ ਰਹੀ ਪਰਾਲੀ ਢਕੀ ਕਿਉਂ ਨਹੀਂ ਰਹਿੰਦੀ। ਚਿੱਟੇ ਦਿਨ ਟਾਹਲੀ ’ਤੇ ਲਟਕਦੇ ਜੱਗੇ ਛੁਪੇ ਰਹਿ ਜਾਂਦੇ ਨੇ। ਭਾਵੇਂ ਅੱਗ ਤੇ ਪਾਣੀ ਦਾ ਮੇਲ ਨਹੀਂ। ਫਿਰ ਵੀ ਗੰਗਾ ਜਲ ਦਾ ਛੱਟਾ ਕੰਮ ਨਹੀਂ ਆਉਣਾ। ਅਰਬ ਸਾਗਰ ਹੀ ਟੱਕਰ ਲੈ ਸਕਦੇ ਨੇ। ਹਾਫ਼ਿਜ਼ ਬਰਖ਼ੁਰਦਾਰ ਵੀ ਬੇਵੱਸ ਜਾਪਦਾ ਹੈ ‘ਕੌਣ ਬੁਝਾਏ ਹਾਫ਼ਜ਼ਾ, ਅੱਗ ਲੱਗੇ ਦਰਿਆ।’ ਫਿਰਕੂ ਅੱਗ ਖੁੱਲ੍ਹਾ ਖੇਡ ਖੇਡਦੀ ਹੈ। ਵੀਹ ਕਰੋੜ ਮੁਸਲਿਮ ਡਰੇ ਬੈਠੇ ਨੇ। ਅਮਿਤ ਸ਼ਾਹ ਟਲਨ ਵਾਲਾ ਨਹੀਂ। ਰਾਸ਼ਟਰੀ ਨਾਗਰਿਕ ਰਜਿਸਟਰ ਖੋਲ੍ਹੀ ਬੈਠਾ ਹੈ। ਦਿੱਲੀ ਵਿਚ ਅੰਗਹੀਣ ਧਰਨੇ ’ਤੇ ਬੈਠੇ ਹਨ। ਆਖਦੇ ਨੇ, ਪਹਿਲਾਂ ਸਾਡਾ ਖਾਤਾ ਖੋਲ੍ਹੋ, ਫਿਰ ਦਿਓ ਨਿਯੁਕਤੀ ਪੱਤਰ।
                ਪਾਪ ਕਦੇ ਤਰਿਆ ਨਹੀਂ, ਸੱਚ ਕਦੇ ਡੁੱਬਿਆ ਨਹੀਂ। ਨੂਰ ਮੁਹੰਮਦ ਨੂਰ ਦੀ ਗੱਲ ’ਤੇ ਗੌਰ ਜ਼ਰੂਰ ਕਰਨਾ, ‘ਚਲਦਾ ਰਹਿਣੈ ਆਪੇ ਕੰਮ ਜ਼ਮਾਨੇ ਦਾ, ਚਿੰਤਾ ਛੱਡੋ, ਥਲ ਵਿਚ ਵਾਂਗ ‘ਖਜੂਰ’ ਰਹੋ, ਕਾਲੀ ਰਾਤ ਸਵੇਰੇ ਮੁੱਕ ਹੀ ਜਾਣੀ ਹੈ, ਦਿਲ ਨਾ ਛੱਡੋ, ਕਿੰਨੇ ਵੀ ਮਜਬੂਰ ਰਹੋ।’ ਪੰਜਾਬੀਆਂ ਦੇ ਦਿਲਾਂ ’ਚ ਤਾਂ ਭਾਂਬੜ ਮੱਚੇ ਪਏ ਨੇ। ਪ੍ਰਸ਼ਾਂਤ ਕਿਸ਼ੋਰ ਨੂੰ ਲੱਭਦੇ ਫਿਰਦੇ ਨੇ, ਕਿਤੇ ਮਿਲ ਗਿਆ ਤਾਂ ਫਿਰ ਦੇਣਗੇ ਧਨੇਸੜੀ। ‘ਘਰ ਘਰ ਰੁਜ਼ਗਾਰ’ ਨੂੰ ਛੱਡੋ। ਸਮਾਰਟ ਫੋਨ ਮਿਲਣਗੇ। ਜਵਾਨੀ ਬੈਂਡਾਂ ’ਚ, ਨੇਤਾ ਜੇਬਾਂ ਗਰਮ ਕਰਨ ’ਚ ਉਲਝੇ ਨੇ। ਪੰਜਾਬੀ ਅੰਦਰੋਂ ਪ੍ਰੇਸ਼ਾਨ ਨੇ। ਕੋਈ ਰਾਹ ਨਹੀਂ ਲੱਭਦਾ। ਕਲੇਜੇ ਫੂਕੇ ਪਏ ਨੇ। ਅੱਗੇ ਗੱਲ ਨਾ ਕਰਿਓ, ਲੱਗਦੈ ਚੋਣਾਂ ਵੇਲੇ ਦੇਣਗੇ ਦੱਖੂਦਾਣੇ। ਕੋਈ ਭੁਲੇਖਾ ਹੈ ਤਾਂ ਬਾਦਲ ਗੇੜਾ ਮਾਰਿਓ। ਦੇਸ਼ ਦਾ ਗੇੜਾ ਮਾਰੋਗੇ, ‘ਵਿਕਾਸ’ ਘੱਟ, ਧੂੰਆਂ ਵੱਧ ਦਿਖੇਗਾ। ਮਨਾਂ ਦਾ ਵਿਕਾਸ ਕੌਣ ਕਰੂ। ਗੱਦੀ ਮਨਾਂ ਵਿਚ ਜ਼ਹਿਰਾਂ ਭਰ ਰਹੀ ਹੈ। ਜਾਤੀਵਾਦ, ਫਿਰਕੂ ਪਾੜਾ, ਸਮਾਜੀ ਵਿੱਥਾਂ, ਸਭ ਕੁਝ ਵਧਿਆ ਹੈ। ‘ਸੈਕੁਲਰ ਲੋਕ’ ਹਜ਼ਮ ਨਹੀਂ ਹੁੰਦੇ। ਛੱਜੂ ਰਾਮ ਦਾ ਮਨ ਉਬਾਲੇ ਖਾ ਰਿਹੈ, ਅੱਗ ਨਾਲ ਮੱਥਾ ਜੋ ਲਾਉਣੈ। ‘ਪਾਪੀ ਕੇ ਮਾਰਨੇ ਕੋ, ਪਾਪ ਮਹਾਂਬਲੀ ਹੈ’। ਅਖੇ ਗੱਲ ਹੁਣ ਕੈਂਡਲ ਮਾਰਚ ਨਾਲ ਨਹੀਂ ਬਣਨੀ। ਤਾਹੀਓਂ ‘ਸੈਂਡਲ ਮਾਰਚ’ ਕੱਢ ਰਿਹੈ..! ਆਪ ਅੱਗੇ ਤੇ ਪਿੱਛੇ ਅੌਰਤਾਂ, ਅੌਰਤਾਂ ਦੇ ਹੱਥਾਂ ’ਚ ਸੈਂਡਲ ਨੇ। ਕੋਈ ਟੱਕਰ ਗਿਆ ਤਾਂ ਸਮਝੋ ਖੈਰ ਨਹੀਂ। ਠਿੱਬੇ ਛਿੱਤਰਾਂ ਦੀ ਸੱਟ ਬੜੀ ਭੈੜੀ ਐ। ਉਪਰੋਂ ਠੰਡ ਦਾ ਮੌਸਮ ਹੈ।

1 comment: