Sunday, December 15, 2019

                             ਵਿਚਲੀ ਗੱਲ
               ਪੁੱਤ! ਰੱਬ ਤੇਰਾ ਭਲਾ ਕਰੇ..!
                             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ’ਚ ਭੋਗਾਂ ਤੇ ਵਿਆਹਾਂ ’ਤੇ, ਗੁਰੂ ਘਰਾਂ ’ਚ ਤੇ ਈਦਗਾਹਾਂ ’ਤੇ, ਗਲੀ ਮੁਹੱਲੇ, ਪੇਂਡੂ ਸੱਥਾਂ, ਨਾਲੇ ਲੰਗਰ ਦੀਆਂ ਚਾਹਾਂ ’ਤੇ। ਬੱਸ ਇੱਕੋ ਗੱਲ ਚੱਲਦੀ ਐ..! ‘ਤੇਰੀ ਨਿਗ੍ਹਾ ’ਚ ਕੋਈ ਕੁੜੀ ਹੈ।’ ਬੈਂਡ ਛੇ ਤੋਂ ਘੱਟ ਨਾ ਹੋਣ। ਅਧਖੜ ਉਮਰ ਦੇ, ਵਿਚੋਲੇ ਹੀ ਵਿਚੋਲੇ। ਹੇੜੀਆਂ ਦਿੰਦੇ ਫਿਰਦੇ ਨੇ ਪਿੰਡੋਂ ਪਿੰਡ। ਜਿਵੇਂ ਕਿਤੇ ਅੱਗ ਲੱਗੀ ਹੋਵੇ। ਕਿਧਰੋਂ ਤੇ ਕਿਤੋਂ ਵੀ, ਦੱਸ ਪਏ ਤਾਂ ਸਹੀ। ਫਿਰ ਗਦੌੜਾ ਹੱਥੋਂ ਹੱਥ ਫੇਰਦੇ ਨੇ। ਬਾਬਿਆਂ ਦੇ ਹੱਥ ਦੁਆ ਲਈ ਜੁੜਦੇ ਨੇ। ਜਿਉਂ ਪੋਤੇ ਦਾ ਰਾਹ ਪੱਧਰਾ ਹੁੰਦੈ। ਅਸੀਸਾਂ ਦਿੰਦੇ ਨੀਂ ਥੱਕਦੇ… ‘ਟਰੂਡੋ ਪੁੱਤ, ਜਿਉਂਦਾ ਰਹਿ, ਤੇਰੇ ਬੱਚੇ ਜਿਉਣ।’ ਅੱਗਿਓਂ ਹੁੰਗਾਰਾ ਬੇਬੇ ਭਰਦੀ ਐ..! ‘ਸਾਡੇ ਆਲ਼ੇ ਤਾਂ ਡੋਬਾ ਦੇਣੇ ਨਿਕਲੇ, ਤੂੰ ਬਚਾਅ ਲਿਆ ਪੁੱਤ।’ ਪੰਜਾਬ ਸਿਓਂ, ਛੇਤੀ ਕਿਤੇ ਹਾਰਦਾ ਸੀ। ਵਹਿੰਗੀ ਛੱਡ ਤੁਰਨਾ, ਸਰਬਣਾਂ ਦੀ ਮਜਬੂਰੀ ਬਣੀ ਹੈ। ਹੁਣ ਪੰਜਾਬ ਦੇ ਮਾੜੇ ਦਿਹਾੜੇ ਨੇ। ਕਿੰਗਰੇ ਢਹਿ ਗਏ ਨੇ, ਭੱਥੇ ’ਚ ਤੀਰ ਨਹੀਂ। ਹਾਲ ਤਾਂ ਤਿੜਕੇ ਘੜੇ ਨਾਲੋਂ ਭੈੜੇ ਨੇ। ਦੌਰ ਉਸ ਤੋਂ ਵੀ ਭੈੜੇ। ਪੰਜਾਬ ਹੀ ਬਿਗਾਨਾ ਹੋ ਗਿਆ। ਆਪਣਿਆਂ ਬੂਹੇ ਭੇੜ ਲਏ, ਟਰੂਡੋ ਨੇ ਖੋਲ੍ਹ ਦਿੱਤੇ। ਨਸ਼ੇ ਨਾਲੋਂ ਪਰਵਾਸ ਸੌ ਦਰਜੇ ਚੰਗੈ। ਘੜਮੱਸ ਐਵੇਂ ਤਾਂ ਨਹੀਂ ਮੱਚੀ। ਜਹਾਜ਼ ਕਿਤੇ ਛੁੱਟ ਨਾ ਜਾਏ। ਪੰਜਾਬੀ ਜੂਆ ਖੇਡਣ ਲੱਗੇ ਨੇ। ਦਾਅ ’ਤੇ ਸਭ ਕੁਝ ਲਾ ਦਿੱਤਾ। ਇੱਜ਼ਤ ਵੀ ਤੇ ਜ਼ਮੀਰ ਵੀ। ਕਾਰੋਬਾਰੀ ਮੇਲਾ ਲੁੱਟ ਰਹੇ ਨੇ। ਬਾਘੀਆਂ ਵਿਚੋਲੇ ਪਾ ਰਹੇ ਨੇ। ਹਿੰਗ ਲੱਗੇ ਨਾ ਫਟਕੜੀ। ਧੀਆਂ ਦਾ ਮੁੱਲ ਪੈਣ ਲੱਗਾ ਤੇ ਸੇਲ ਜ਼ਮੀਰਾਂ ਦੀ ਲੱਗੀ ਹੈ।
              ਪੰਜਾਬ ’ਚ ਜ਼ਮੀਨਾਂ ਦੇ ਮੁੱਲ ਕਿੰਨੇ ਵਧੇ ਸਨ। ਉਦੋਂ ਅਮਰਿੰਦਰ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਰਾਤੋਂ ਰਾਤ ਦਲਾਲ ਉੱਗੇ ਸਨ। ਅਮਰਿੰਦਰ ਹੁਣ ਦੂਜੀ ਪਾਰੀ ਖੇਡ ਰਿਹੈ। ਉਹੀ ਦਲਾਲ ਹੁਣ ਹੋਕੇ ਮਾਰ ਰਹੇ ਨੇ। ਕੋਈ ਹੈ ਸਾਢੇ ਛੇ ਬੈਂਡਾਂ ਵਾਲੀ ਕੁੜੀ। ਪੇਂਡੂ ਅਨਪੜ੍ਹ ਤੇ ਸਭ ਅੰਡਰ ਮੈਟ੍ਰਿਕ। ਫੱਟੇ ਲਟਕਾਈ ਫਿਰਦੇ ਨੇ ‘ਰਿਸ਼ਤੇ ਹੀ ਰਿਸ਼ਤੇ’। ਮਲਵਈ ਇੱਕ ਤਾਂ ਕਾਹਲੇ ਹੱਦੋਂ ਵੱਧ ਨੇ। ਨਾ ਅੱਗਾ ਵੇਖਣ ਤੇ ਨਾ ਪਿੱਛਾ। ਅੱਗਿਓਂ ਹੋ ਕੇ ਵਿਚੋਲੇ ਵਲ ਰਹੇ ਨੇ। ਹਰ ਪਿੰਡ ’ਚੋਂ ਘੱਟੋ ਘੱਟ ਤਿੰਨ ਚਾਰ ਵਿਚੋਲੇ ਉੱਠੇ ਨੇ। ਕਦੇ ਗੀਤ ਦੀ ਗੂੰਜ ਪੈਂਦੀ ਸੀ, ‘ਚੱਲ ਬਰਨਾਲੇ ਚੱਲੀਏ, ਮੋਟਰ ਮਿੱਤਰਾਂ ਦੀ।’ ਵਿਚੋਲੇ ਹੁਣ ਬੈਂਡਾਂ ਵਾਲੀ ਕੁੜੀ ਲੱਭਣ ਇਕੱਲੇ ਬਰਨਾਲੇ ਨਹੀਂ, ਸੰਗਰੂਰ ਪਟਿਆਲੇ ਵੀ ਜਾਂਦੇ ਨੇ। ਵਿਚੋਲਣਾਂ ਦੇ ਵੀ ਗੜ੍ਹ ਬਣੇ ਨੇ। ਮਾਨਸੇ ਵਾਲੇ ਇੱਕ ਵਿਚੋਲੇ ਦੀ ਸੁਣੋ। ਆਖਦੈ, ਸਾਢੇ ਛੇ ਬੈਂਡ ਵਾਲੀ ਕੁੜੀ ਦੀ ਵੁੱਕਤ ਐ। ਉਸ ਤੋਂ ਘੱਟ ਨਹੀਂ। ਵਿਚੋਲੇ ਲੱਖ ਤੋਂ ਲੈ ਕੇ ਢਾਈ ਲੱਖ ਕਮਾ ਰਹੇ ਨੇ। ਕੋਈ ਪ੍ਰਤੀ ਕਿੱਲਾ 10 ਹਜ਼ਾਰ ਰੁਪਏ ਕਮਿਸ਼ਨ ਲੈਂਦੈ। ਕੋਈ ਉੱਕਾ ਪੁੱਕਾ ਲੱਖਾਂ ਦਾ ਸੌਦਾ ਕਰਦੈ।ਪ੍ਰਚੂਨ ਵਾਲੇ, ਸਲੂਨ ਵਾਲੇ, ਸਭ ਵਿਚੋਲੇ ਬਣ ਗਏ ਨੇ। ਦਰਾਜ ਵਾਲਾ ਬਲਵੀਰ ਵੀ ਵਿਚੋਲਪੁਣਾ ਕਰਦੈ। ਆਖਦਾ ਹੈ ਕਿ ਸਭ ਬੈਂਡ ਦੇਖਦੇ ਨੇ, ਜਾਤ ਪਾਤ ਹੁਣ ਕੌਣ ਦੇਖਦੈ। ਖੈਰ, ਕੁਝ ਵੀ ਹੋਵੇ, ਪਰਵਾਸ ਨੇ ਵਲਗਣਾਂ ਨੂੰ ਤਾਂ ਭੰਨਿਐ।
              ਭਦੌੜ ਦਾ ਪਾਲਾ ਖਾਨ ਪ੍ਰੇਸ਼ਾਨ ਹੈ। ਮੱਝਾਂ ਦੇ ਸੌਦੇ ਕਰਾਵਾਉਂਦਾ ਸੀ, ਹੁਣ ਰਿਸ਼ਤੇ ਵੀ ਕਰਾਉਣ ਲੱਗ ਪਿਐ। ਉਸ ਲਈ ਸੌਦਾ, ਸੌਦਾ ਹੀ ਹੈ। ਪਾਲਾ ਖਾਨ ਨੂੰ ਕੋਈ ਫਰਕ ਨਹੀਂ ਲੱਗਦਾ ਪਸ਼ੂ ਮੰਡੀ ਤੇ ਸੰਜੋਗਾਂ ਦੀ ਮੰਡੀ ’ਚ। ਦੁੱਖ ਇਸ ਗੱਲੋਂ ਹੈ, ਜ਼ਮਾਨਾ ਹੁਣ ਕਿਧਰ ਨੂੰ ਹੋ ਤੁਰਿਐ। ਕੱਚੇ ਵਿਆਹ ਵੀ ਹੋ ਰਹੇ ਨੇ, ਪੱਕੇ ਵੀ। ਉਲਟਾ ਗੇੜ ਸ਼ੁਰੂ ਚੱਲਿਆ ਹੈ। ਜ਼ਮੀਨਾਂ ਵਾਲੇ ‘ਬੈਂਡਾਂ ਵਾਲੀ ਕੁੜੀ’ ਲੱਭ ਰਹੇ ਨੇ। ਕਿਸੇ ਭਾਅ ਵੀ ਮਿਲ ਜਾਏ। ਵਿਚੋਲੇ ਨਾਲ ਟਿੱਚਰ, ਕੀ ਭਾਅ ਪੈਂਦੀ ਐ। ਮੰਡੀ ਕਲਾਂ ਵਾਲੇ ਦੀਪੇ ਵਿਚੋਲੇ ਨੂੰ ਪੁੱਛ ਲਓ। ਹੋਇਆ ਇੰਝ, ਬੈਂਡ ਵਾਲੀ ਕੁੜੀ ਟਕਰਾ ਦਿੱਤੀ। ਮੁੰਡੇ ਵਾਲੇ ਫੀਸ ਦੇਣ ਤੋਂ ਭੱਜ ਗਏ। ਵਿਚੋਲੇ ਨੇ ਐਸੀ ਫੂਕ ਮਾਰੀ। ਭਾਂਡੇ ਰਾਤੋ-ਰਾਤ ਖਿੱਲਰ ਗਏ। ਇਵੇਂ ਇੱਕ ਵਾਹਵਾ ਮਸ਼ਹੂਰ ਨਾਮ ਹੈ ‘ਗੱਡੇ ਕੱਢ’ ਵਿਚੋਲਾ। ਛੜੇ ਤਾਂ ‘ਗੱਡੇ ਕੱਢ’ ਨੂੰ ਦੇਵਤੇ ਵਾਂਗੂ ਪੂਜਦੇ ਨੇ। ਕਈਆਂ ਨੂੰ ਜਹਾਜ਼ ਚੜ੍ਹਾ ਚੁੱਕੈ। ਪੰਜਾਬ ਦਾ ਕੁਝ ਬਣਦਾ, ਤਾਂ ਕਾਗਜ਼ੀ ਵਿਆਹ ਵੀ ਨਾ ਸਜਦੇ। ਨਕਲੀ ਫੁੱਫੜ, ਨਕਲੀ ਮਾਸੜ ਤੇ ਨਕਲੀ ਬਣਦੇ ਲਾਣੇਦਾਰ। ਕੋਈ ਕਸਰ ਰਹਿ ਨਾ ਜਾਏ।
             ‘ਧੀ ਜੰਮੇ, ਸਵਾ ਹੱਥ ਧਰਤੀ ਕੰਬੇ’, ਜ਼ਮਾਨਾ ਹੁਣ ਉਹ ਨਹੀਂ ਰਿਹਾ। ਕੁੜੀਆਂ ਦੇ ਦਿਨ ਫਿਰੇ ਨੇ। ਕਾਂਬਾ ਛਿੜਿਆ ਹੈ ਜੋ ਠੱਗੇ ਗਏ, ਠੱਗ ਲਾੜੀ ਹੱਥੋਂ। ਪੰਜਾਬ ਦੇ ‘ਨੰਦ ਕਿਸ਼ੋਰ’, ਹੁਣ ਨਿਹੱਥੇ ਜਾਪਦੇ ਨੇ। ਰਿਜ਼ਕ ਦੇ ਪਿੱਛੇ ਪਿੱਛੇ ਚੱਲੇ ਨੇ। ਕੁੜੀਆਂ ਦਾ ਪੱਲਾ ਫੜ ਕੇ। ਲੋਕ ਬੋਲੀ ਹੈ ‘ਬਾਰੀਂ ਬਰਸੀ ਖੱਟਣ ਗਿਆ ਸੀ..!’ ਏਹ ਤਾਂ ਭਵਿੱਖ ਦੀ ਕੁੱਖ ਵਿੱਚ ਹੈ, ਕੌਣ ਖੱਟ ਗਿਆ, ਕੌਣ ਪੱਟ ਗਿਆ। ਪੰਛੀ ਉੱਡ ਗਏ, ਰਹਿ ਗਈ ਚੋਗ ਖਿਲਾਰੀ। ਖੇਤਾਂ ’ਚੋਂ ਬਰਕਤ ਤੇ ਪਿੰਡਾਂ ’ਚੋਂ ਜੁਆਨੀ। ਦੀਵਾ ਲੈ ਕੇ ਲੱਭਣੀ ਪਊ। ਪੰਛੀ ਤੇ ਪਰਵਾਸ ਦਾ ਰਿਸ਼ਤਾ ਪੁਰਾਣਾ ਹੈ। ਪੰਜਾਬ ਦੇ ਇਤਿਹਾਸ ਦਾ ਬੁਰਾ ਦੌਰ ਚੱਲ ਰਿਹਾ ਹੈ। ਤੇਜ਼ ਰਫ਼ਤਾਰੀ ਪਰਵਾਸ ਕਿਤੇ ਪੰਜਾਬ ਨੂੰ ਝੰਬ ਨਾ ਦੇਵੇ। ਮਾਪੇ ਰੱਬ ਰੱਬ ਕਰ ਰਹੇ ਨੇ। ਫਿਰ ਘੜਾ ਤੇ ਘੜੋਲੀ ਕਿਤੇ ਨਹੀਂ ਵੱਜਣੇ। ਗਲੀਆਂ ’ਚ ਬੁੱਢੇ ਠੇਰੇ ਹੀ ਨਜ਼ਰੀਂ ਪੈਣਗੇ। ਅਰਦਾਸਾਂ ਕਰਨਗੇ, ‘ਮਾਲਕਾ! ਪ੍ਰਦੇਸੀਂ ਵਸਦੇ ਪੁੱਤਾਂ ’ਤੇ ਹੱਥ ਰੱਖੀ।’  ਸੰਯੁਕਤ ਰਾਸ਼ਟਰ ਦੀ ਹੁਣੇ ਰਿਪੋਰਟ ਆਈ ਹੈ। ਪਰਵਾਸ ’ਚ ਭਾਰਤ ਨੰਬਰ ਵਨ ਹੈ। ਵਿਦੇਸ਼ਾਂ ’ਚ 3.08 ਕਰੋੜ ਭਾਰਤੀ ਬੈਠੇ ਹਨ। ਇਸੇ ਵਰ੍ਹੇ 48 ਲੱਖ ਭਾਰਤੀਆਂ ਨੂੰ ਵੀਜ਼ੇ ਲੱਗੇ ਹਨ। ਪਹਿਲਾਂ ਪਰਵਾਸ ਮਜਬੂਰੀ ਨਹੀਂ ਸੀ। ਪਰਵਾਸ ਹੁਣ ਵੱਡਾ ਕਾਰੋਬਾਰ ਵੀ ਬਣਿਐ।
               ਪੰਜਾਬ ’ਚ ਰੋਜ਼ਾਨਾ 2800 ਪਾਸਪੋਰਟ ਬਣਦੇ ਨੇ। ਆਈਲੈੱਟਸ ਪ੍ਰੀਖਿਆ ਹਰ ਵਰ੍ਹੇ 3.36 ਲੱਖ ਵਿਦਿਆਰਥੀ ਦਿੰਦੇ ਨੇ। ਸਾਲਾਨਾ 1100 ਕਰੋੜ ਦਾ ਆਈਲੈੱਟਸ ਕਾਰੋਬਾਰ ਹੈ। ਪ੍ਰਤੀ ਵਿਦਿਆਰਥੀ 10 ਤੋਂ 15 ਲੱਖ ਦਾ ਸਰਮਾਇਆ ਵੀ ਪਰਵਾਸ ਕਰਦੈ। ਜ਼ਮੀਨਾਂ ਵੇਚ ਕੇ, ਕਰਜ਼ ਚੁੱਕ ਕੇ, ਮਾਪੇ ਬੱਚਿਆਂ ਨੂੰ ਵਿਦਾ ਕਰ ਰਹੇ ਨੇ, ਮੱਝਾਂ ਤੇ ਗਹਿਣੇ ਕਿਉਂ ਨਾ ਵੇਚਣੇ ਪੈਣ। ਹਵਾਈ ਕੰਪਨੀਆਂ ਦੀ ਛੱਤ ਲੱਛਮੀ ਨੇ ਪਾੜੀ ਹੈ। ਕੈਨੇਡਾ ਜਾਣ ਵਾਲੇ ਸਾਲ 2018 ਵਿੱਚ 1.79 ਲੱਖ ਹਵਾਈ ਮੁਸਾਫ਼ਰ ਸਨ। ਸਾਲ 2015 ਵਿਚ ਕੇਵਲ 59,921 ਸਨ। ਕੈਨੇਡੀਅਨ ਟਿਕਟ ’ਤੇ ਸਾਲਾਨਾ 1500 ਕਰੋੜ ਦਾ ਖਰਚਾ ਹੈ। ਪਰਵਾਸ ਕਈ ਘਰਾਂ ਨੂੰ ਰਾਸ ਵੀ ਆਇਐ। ਕਿੰਨੀਆਂ ਮਾਵਾਂ ਨੇ, ਜਿਨ੍ਹਾਂ ਪੁੱਤ ਨਸ਼ਾ ਛੁਡਾਊ ਕੇਂਦਰਾਂ ’ਚੋਂ ਸਿੱਧੇ ਜਹਾਜ਼ ਚੜ੍ਹਾਏ ਨੇ। ਕਈ ਧੀਆਂ ਨੇ ਪਹਿਲਾਂ ਕਰਜ਼ੇ ਲਾਹੇ, ਫਿਰ ਮਾਪੇ ਵਿਦੇਸ਼ ਪਹੁੰਚਾਏ। ਵੱਡੀ ਗੱਲ, ਕੁੜੀਆਂ ਨੇ ਦਿਲ ਨਹੀਂ ਛੱਡੇ। ਸ਼ੇਰ ਬੱਗੇ ਗਰਾਂ ਛੱਡ ਰਹੇ ਨੇ, ਮਾਂ ਛੱਡ ਰਹੇ ਨੇ। ਬਾਗ ਉੱਜੜ ਰਹੇ ਨੇ, ਗਾਲ੍ਹੜ ਪਟਵਾਰੀ ਹੱਸ ਰਹੇ ਨੇ। ਇਕੱਲੇ ‘ਆਟਾ ਦਾਲ’ ਵਾਲੇ ਪਿਛੇ ਰਹਿ ਜਾਣੇ ਨੇ। ਮੇਲੇ ਕਿਥੇ ਭਰਨਗੇ। ਨਾ ਤੀਆਂ ’ਚ ਧਮਾਲ ਦਿਖੂਗੀ। ਚਹੁੰ ਪਾਸੀ ਬਜ਼ੁਰਗ ਹੀ ਦਿਖਣਗੇ। ਸਿਆਸੀ ਪਟਵਾਰੀ ਫਿਰ ਮੁਫ਼ਤ ਤੀਰਥ ਯਾਤਰਾ ਕਰਾਉਣਗੇ।
              ਪੰਜਾਬ ਖੜਸੁੱਕ ਕਿਉਂ ਹੋ ਗਿਆ। ਬਹਾਰਾਂ ’ਤੇ ਡਾਕੇ ਕੌਣ ਮਾਰ ਗਿਆ। ਉਰਦੂ ਦਾ ਪ੍ਰਸਿੱਧ ਸ਼ੇਅਰ ਹੈ, ‘ਤੂ ਇਧਰ ਉਧਰ ਕੀ ਤੋ ਬਾਤ ਨਾ ਕਰ, ਯੇ ਬਤਾ ਕਾਫ਼ਲਾ ਕਿਉਂ ਲੁਟਾ..!’ ਹੁਣ ਪੁੱਛਣ ਵਾਲੇ ਹੀ ਪਰਵਾਸੀ ਹੋ ਗਏ ਨੇ। ਵਿਦੇਸ਼ਾਂ ’ਚ ਵਸੇ ਕਾਮਰੇਡਾਂ ਨੂੰ ਪੁੱਛ ਕੇ ਤਾਂ ਦੇਖੋ, ਜੋ ਸਰਮਾਏਦਾਰੀ ਦਾ ਝੂਲਾ ਝੂਟ ਰਹੇ ਨੇ।ਇੱਕ ਬੰਨ੍ਹਿਓ ਮਿਹਣੇ ਵੀ ਵੱਜ ਰਹੇ ਨੇ। ਪੰਜਾਬੀਓ..! ਭਗੌੜੇ ਨਾ ਹੋਵੋ, ਟੱਕਰ ਲਓ। ਘੁਪ ਹਨੇਰਾ ਹੀ ਏਨਾ ਹੈ, ਕੁਝ ਦਿਸਦਾ ਹੀ ਨਹੀਂ। ਟੱਕਰ ਕਿਥੋਂ ਲੈਣ, ਲੈਣ ਜੋਗੇ ਹੀ ਨਹੀਂ ਛੱਡੇ। ਜਸਟਿਨ ਟਰੂਡੋ ਜ਼ਰੂਰ ਅਸੀਸਾਂ ਲੈ ਰਿਹਾ ਹੈ। ਪੰਜਾਬੀ ਮਾਵਾਂ ਤੇ ਬਾਬਿਆਂ ਤੋਂ। ਛੱਜੂ ਰਾਮ ਪਸ਼ੂਆਂ ਵਾਲੇ ਵਾੜੇ ’ਚ ਬੈਠਾ। ਕੰਬਲ ਦੀ ਬੁੱਕਲ ਮਾਰੀ ਹੈ ਤੇ ਹੱਥ ’ਚ ਫਹੁੜਾ ਚੁੱਕਿਐ। ਮਾਂ ਭੜਕੀ ਐ, ‘ਥੋਡਾ ਬਹਿ ਜੇ ਬੇੜਾ, ਕੱਖ ਨਾ ਰਹੇ, ਘਰ ਉਜਾੜ ਕੇ ਰੱਖ ਦਿੱਤਾ।’ ਥੋਡਾ ਪਤੰਦਰ ਛੱਜੂ ਦੱਸੂ, ਆਟੇ ਦਾਣੇ ਦਾ ਭਾਅ। ਠੰਢ ਵਧ ਚੱਲੀ ਐ, ਨੀਲੇ ਚਿੱਟੇ ਪਸੀਨਾ ਪੂੰਝ ਰਹੇ ਨੇ। ਦੇਖੋ ਕਮਾਲ, ਸਰਦੀ ’ਚ ਗਰਮੀ ਦਾ ਅਹਿਸਾਸ..!

1 comment: