Wednesday, December 25, 2019

                         ਸਹਿਕਾਰੀ ਬੈਂਕ
   ਕਰਜ਼ਾਈ ਕਿਸਾਨਾਂ ਦੀ ਕਰਨਗੇ ਭੰਡੀ !
                          ਚਰਨਜੀਤ ਭੁੱਲਰ
ਬਠਿੰਡਾ  : ਸਹਿਕਾਰੀ ਖੇਤੀ ਵਿਕਾਸ ਬੈਂਕ ਹੁਣ ਵੱਡੇ ਡਿਫਾਲਟਰਾਂ ਨੂੰ ਲੋਕਾਂ ’ਚ ਭੰਡਣਗੇ ਤਾਂ ਜੋ ਫਸ ਹੋਈ ਰਕਮ ਵਸੂਲੀ ਜਾ ਸਕੇ। ਨਵੀਂ ਮੁਹਿੰਮ ਤਹਿਤ ਸਹਿਕਾਰੀ ਬੈਂਕਾਂ ’ਚ ਵੱਡੇ ਡਿਫਾਲਟਰਾਂ ਦੀਆਂ ਤਸਵੀਰਾਂ ਲੱਗਣਗੀਆਂ। ਇਨ੍ਹਾਂ ਡਿਫਾਲਟਰਾਂ ਨੂੰ ਸਮਾਜੀ ਤੌਰ ’ਤੇ ਭੰਡ ਕੇ ਉਨ੍ਹਾਂ ’ਤੇ ਵਸੂਲੀ ਲਈ ਦਬਾਓ ਬਣਾਏ ਜਾਣ ਦੀ ਵਿਉਂਤ ਹੈ। ਆਉਂਦੇ ਦਿਨਾਂ ਵਿਚ ਖੇਤੀ ਵਿਕਾਸ ਬੈਂਕਾਂ ਦੇ ਨੋਟਿਸ ਬੋਰਡਾਂ ’ਤੇ ਇਨ੍ਹਾਂ ਡਿਫਾਲਟਰਾਂ ਦੇ ਨਾਮ, ਪਤਾ ਟਿਕਾਣਾ ਅਤੇ ਤਸਵੀਰਾਂ ਜਨਤਿਕ ਹੋਣਗੀਆਂ। ਐਤਕੀਂ ਸਹਿਕਾਰੀ ਖੇਤੀ ਵਿਕਾਸ ਬੈਂਕਾਂ ਦੀ ਵਸੂਲੀ ਮਿਥੇ ਟੀਚੇ ਤੋਂ ਕਾਫ਼ੀ ਪਿਛਾਂਹ ਚੱਲ ਰਹੀ ਹੈ। ਇਵੇਂ ਪੰਜਾਬ ਦੇ ਕਰੀਬ 50 ਖੇਤੀ ਵਿਕਾਸ ਬੈਂਕਾਂ ਵਿਚ ਨਵੇਂ ਕਰਜ਼ੇ ਵੀ ਵੰਡੇ ਜਾਣੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ 89 ਖੇਤੀ ਵਿਕਾਸ ਬੈਂਕਾਂ ਹਨ ਜਿਨ੍ਹਾਂ ਦੇ ਕਰੀਬ 70 ਹਜ਼ਾਰ ਡਿਫਾਲਟਰ ਹਨ। ਇਨ੍ਹਾਂ ਡਿਫਾਲਟਰਾਂ ਵੱਲ ਕਰੀਬ 1700 ਕਰੋੜ ਰੁਪਏ ਦੀ ਰਾਸ਼ੀ ਫਸੀ ਹੋਈ ਹੈ। ਖੇਤੀ ਵਿਕਾਸ ਬੈਂਕਾਂ ਨੇ ਐਤਕੀਂ ਕਰੀਬ 2113 ਕਰੋੜ ਵਸੂਲ ਕਰਨੇ ਸਨ। ਉਂਜ ਵਸੂਲੀ ਦਾ ਟੀਚਾ 688 ਕਰੋੜ ਦਾ ਮਿਥਿਆ ਸੀ। ਵੱਡੀ ਰਾਸ਼ੀ ਨਰਮਾ ਪੱਟੀ ਦੇ ਡਿਫਾਲਟਰਾਂ ਵੱਲ ਫਸੀ ਹੋਈ ਹੈ। ਖੇਤੀ ਵਿਕਾਸ ਬੈਂਕਾਂ ਨੇ ਹਰ ਬੈਂਕ ਬਰਾਂਚ ਵਿਚ ਟੌਪ-15 ਵੱਡੇ ਡਿਫਾਲਟਰਾਂ ਦੀ ਸ਼ਨਾਖ਼ਤ ਕੀਤੀ ਹੈ ਜਿਨ੍ਹਾਂ ਦੀਆਂ ਤਸਵੀਰਾਂ ਜਨਤਿਕ ਬੋਰਡ ’ਤੇ ਲਾਈਆਂ ਜਾਣੀਆਂ ਹਨ।
                 ਪੰਜਾਬ ਦੇ ਇਨ੍ਹਾਂ ਬੈਂਕਾਂ ਦੇ 1335 ਵੱਡੇ ਡਿਫਾਲਟਰ ਹਨ ਜਿਨ੍ਹਾਂ ਖ਼ਿਲਾਫ਼ ਹੁਣ ਸਖ਼ਤੀ ਕੀਤੀ ਜਾਣੀ ਹੈ। ਵੱਡੇ ਡਿਫਾਲਟਰਾਂ ਵੱਲ ਕਰੀਬ 250 ਕਰੋੜ ਦੀ ਰਾਸ਼ੀ ਵਰ੍ਹਿਆਂ ਤੋਂ ਫਸੀ ਹੋਈ ਹੈ। ਖੇੇਤੀ ਵਿਕਾਸ ਬੈਂਕਾਂ ਦੀ ਪਿਛਲੇ ਸੀਜ਼ਨ ਵਿਚ 255 ਕਰੋੜ ਰੁਪਏ ਦੀ ਵਸੂਲੀ ਹੋਈ ਸੀ। ਚਾਲੂ ਸੀਜ਼ਨ ਦੀ ਵਸੂਲੀ ਮੁਹਿੰਮ 31 ਜਨਵਰੀ ਤੱਕ ਚੱਲਣੀ ਹੈ ਜਿਸ ਕਰਕੇ ਬੈਂਕ ਮੈਨੇਜਰਾਂ ਨੇ ਪਿੰਡਾਂ ਵਿਚ ਗੇੜੇ ਵਧਾਏ ਹੋਏ ਹਨ। ਜੋ ਬੈਂਕਾਂ ਦੇ ਵੱਡੇ ਡਿਫਾਲਟਰ ਹਨ, ਉਨ੍ਹਾਂ ਵਿਚ ਸਿਆਸੀ ਆਗੂ ਵੀ ਮੋਹਰੀ ਹਨ ਜਿਨ੍ਹਾਂ ਚੋਂ 4 ਆਗੂ ਥੋੜੇ ਦਿਨ ਪਹਿਲਾਂ ਹੀ ਬਣਦੀ ਵਸੂਲੀ ਤਾਰ ਗਏ ਹਨ। ਬਠਿੰਡਾ ਜ਼ਿਲ੍ਹੇ ਦੇ ਅਕਾਲੀ ਦਲ ਨਾਲ ਸਬੰਧਿਤ ਦੋ ਆਗੂ ਵੀ ਵੱਡੇ ਡਿਫਾਲਟਰਾਂ ਵਿਚ ਸ਼ਾਮਿਲ ਹਨ ਜਿਨ੍ਹਾਂ ਦੀਆਂ ਤਸਵੀਰਾਂ ਜਨਤਿਕ ਬੋਰਡਾਂ ’ਤੇ ਲਾਉਣ ਦੀ ਤਿਆਰੀ ਕੀਤੀ ਗਈ ਹੈ। ਭਾਵੇਂ ਇਸ ਵਾਰ ਨਰਮੇ ਦਾ ਝਾੜ ਵਧਿਆ ਹੈ ਪ੍ਰੰਤੂ ਬੈਂਕਾਂ ਦੀ ਵਸੂਲੀ ਦਰ ਵਿਚ ਕੋਈ ਵੱਡਾ ਵਾਧਾ ਨਹੀਂ ਹੋਇਆ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੇ ਬੈਂਕ ਇਸ ਮਾਮਲੇ ਵਿਚ ਕਾਫ਼ੀ ਪਛੜੇ ਹੋਏ ਹਨ। ਤਾਹੀਓਂ ਕਾਫ਼ੀ ਖੇਤੀ ਵਿਕਾਸ ਬੈਂਕਾਂ ਨੇ ਨਵੇਂ ਕਰਜ਼ੇ ਦੇਣ ’ਤੇ ਪਾਬੰਦੀ ਲਗਾਈ ਹੋਈ ਹੈ।
        ਖੇਤੀ ਵਿਕਾਸ ਬੈਂਕਾਂ ਦੇ ਫੀਲਡ ਅਫਸਰਾਂ ਵੱਲੋਂ ਇਨ੍ਹਾਂ ਦਿਨਾਂ ਵਿਚ ਕਰਜ਼ਾਈ ਕਿਸਾਨਾਂ ਕੋਲ ਗੇੜੇ ਮਾਰੇ ਜਾ ਰਹੇ ਹਨ। ਸਹਿਕਾਰੀ ਖੇਤੀ ਵਿਕਾਸ ਬੈਂਕਾਂ ਤਰਫ਼ੋਂ ਚਾਲੂ ਮਾਲੀ ਸਾਲ ਦੌਰਾਨ ਕਰੀਬ 200 ਕਰੋੋੜ ਦੇ ਨਵੇਂ ਕਰਜ਼ੇ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਭਰ ਵਿਚ ਚੰਗੀ ਵਸੂਲੀ ਵਾਲੇ 50 ਖੇਤੀ ਵਿਕਾਸ ਬੈਂਕਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਨੂੰ ਨਵੇਂ ਕਰਜ਼ੇ ਦੇਣ ਵਾਸਤੇ ਫੰਡ ਦਿੱਤੇ ਜਾਣੇ ਹਨ। ਪਾਣੀ ਬਚਾਉਣ ਹਿੱਤ ਕਿਸਾਨਾਂ ਨੂੰ ਇਹ ਕਰਜ਼ ਮਾਈਕਰੋ ਸਿੰਜਾਈ ਵਾਸਤੇ ਨਵੇਂ ਲੋਨ ਦਿੱਤੇ ਜਾਣਗੇ। ਪੇਡਾ ਅਤੇ ਭੂਮੀ ਸੁਧਾਰ ਵਿਭਾਗਾਂ ਨਾਲ ਵੀ ਖੇਤੀ ਵਿਕਾਸ ਬੈਂਕਾਂ ਨੇ ਤਾਲਮੇਲ ਕੀਤਾ ਹੈ।ਪੰਜਾਬ ਰਾਜ ਖੇਤੀ ਵਿਕਾਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਚਰਨਦੇਵ ਸਿੰਘ ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਹਰ ਖੇਤੀ ਵਿਕਾਸ ਬੈਂਕ ਦੇ ਵੱਡੇ ਪੰਦਰਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਆਉਂਦੇ ਦਿਨਾਂ ਵਿਚ ਇਨ੍ਹਾਂ ਡਿਫਾਲਟਰਾਂ ਦੀਆਂ ਤਸਵੀਰਾਂ ਬੈਂਕਾਂ ਦੇ ਨੋਟਿਸ ਬੋਰਡਾਂ ’ਤੇ ਜਨਤਿਕ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਐਤਕੀਂ ਵਸੂਲੀ 300 ਕਰੋੜ ਤੋਂ ਵਧ ਆਉਣ ਦੀ ਉਮੀਦ ਹੈ ਜੋ ਪਿਛਲੇ ਸੀਜ਼ਨ ਨਾਲੋਂ ਕਰੀਬ 50 ਕਰੋੜ ਜਿਆਦਾ ਹੋਵੇਗੀ। ਲੋਨ ਮੇਲੇ ਲਗਾ ਕੇ ਚੰਗੀ ਵਸੂਲੀ ਵਾਲੇ ਬੈਂਕ ਨਵੇਂ ਕਰਜ਼ੇ ਵੀ ਵੰਡਣਗੇ।
                  ਕਿਸਾਨਾਂ ਨੂੰ ਜਲੀਲ ਨਹੀਂ ਹੋਣ ਦਿਆਂਗੇ : ਯੂਨੀਅਨ
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਪ੍ਰਤੀਕਰਮ ਸੀ ਕਿ ਉਹ ਖੇਤੀ ਕਰਜ਼ਦਾਰਾਂ ਦੀਆਂ ਤਸਵੀਰਾਂ ਬੈਂਕਾਂ ਵਿਚ ਨਹੀਂ ਲੱਗਣ ਦੇਣਗੇ ਕਿਉਂਕਿ ਇਹ ਕਿਸਾਨਾਂ ਨੂੰ ਜਲੀਲ ਕਰਨ ਦੀ ਮੁਹਿੰਮ ਹੈ। ਬੈਂਕਾਂ ਗੈਰ ਖੇਤੀ ਕਰਜ਼ੇ ਦੇ ਡਿਫਾਲਟਰਾਂ ਵੱਲ ਕੋਈ ਵੀ ਕਦਮ ਚੁੱਕਣ ਪ੍ਰੰਤੂ ਉਹ ਖੇਤੀ ਕਰਜ਼ੇ ਵਾਲੇ ਕਿਸਾਨਾਂ ਨੂੰ ਇਸ ਮਾਨਸਿਕ ਤੇ ਸਮਾਜਿਕ ਪੀੜਾ ਤੋਂ ਹਰ ਹੀਲੇ ਬਚਾਉਣਗੇ। ਉਨ੍ਹਾਂ ਆਖਿਆ ਕਿ ਖੇਤੀ ਘਾਟੇ ਦਾ ਧੰਦਾ ਹੈ ਅਤੇ ਕਿਸਾਨ ਤਾਂ ਪਹਿਲਾਂ ਹੀ ਆਪਣੀ ਜ਼ਮੀਨ ਬੈਂਕਾਂ ਕੋਲ ਗਿਰਵੀ ਰੱਖੀ ਬੈਠੇ ਹਨ।
     

1 comment: