Sunday, December 29, 2019

                          ਵਿਚਲੀ ਗੱਲ        
     ਅਸੀਂ ਉਠਾਂਗੇ ਚੰਡੀ ਦੀ ਵਾਰ ਬਣਕੇ..
                          ਚਰਨਜੀਤ ਭੁੱਲਰ
ਬਠਿੰਡਾ : ਨਰਿੰਦਰ ਮੋਦੀ ਦੀ ਖੱਬੀ ਅੱਖ ਫਰਕੀ ਹੈ। ਸੂਰਜ ਨੂੰ ਲੱਗਾ ਗ੍ਰਹਿਣ ਵੇਖ ਰਿਹੈ। ਜਿਵੇਂ ਪੂਰਾ ਮੁਲਕ ਮੋਦੀ ਨੂੰ ਵੇਖ ਰਿਹੈ। ਸੂਰਜ ਵੀ ਢਲਦੇ ਨੇ। ਨਵੇਂ ਸਾਲ ਵੀ ਚੜ੍ਹਦੇ ਨੇ। ਜਵਾਨੀ ਇਕੱਲੇ ਤਾਰੇ ਨਹੀਂ ਤੋੜਦੀ। ਗਰੂਰ ਵੀ ਤੋੜਦੀ ਹੈ। ਅਮਿਤ ਸ਼ਾਹ ਪੁੱਛ ਰਹੇ ਨੇ। ਬਿੱਲੀ ਰਾਹ ਕੱਟ ਜਾਏ, ਫਿਰ ਕੇਹੜਾ ਉਪਾਅ ਕਰਾਂ। ਨਵਾਂ ਖ਼ੂਨ ਜਲੂਸ ਵੀ ਕੱਢਦੈ, ਨਾਲੇ ਵਹਿਮ ਵੀ। ਉਡੀਕ ਤਾਂ ਥੋੜੀ ਕਰਨੀ ਪਊ। ਈਰਖਾ ਦੀ ਮਿੱਟੀ ਝਾੜੀ ਹੁੰਦੀ। ਅੱਖ ਦੀ ਸ਼ਰਮ ਮੰਨਦੇ। ਨੇਰ੍ਹੀ ਕਿਥੇ ਉੱਠਣੀ ਸੀ। ਇੱਧਰ, ਹੰਸ ਰਾਜ ਹੰਸ ਉੱਠੇ ਨੇ,ਹੇਕ ਲਾਉਣ ਲਈ। ਕੁੜੀਆਂ ਤਾਂ ਕੁੜੀਆਂ ਨੇ..। ਹੁਣ ਹੋਸਟਲ ਖਾਲੀ ਨੇ, ਕੁੜੀਆਂ ਸੜਕਾਂ ’ਤੇ। ਭੈਣੋ ਅੌਰ ਭਾਈਓ.. ਹੰਸ ਰਾਜ ਤੋਂ ਕੁਛ ਅੌਰ ਹੀ ਗਾਤਾ ਰਹਾ।  ਖ਼ਲੀਲ ਜਿਬਰਾਨ ਦਾ ਪ੍ਰਵਚਨ ਸੁਣੋ। ‘ਬੁਲਬੁਲ ਕਦੇ ਪਿੰਜਰੇ ਵਿਚ ਆਲ੍ਹਣਾ ਨਹੀਂ ਬਣਾਉਂਦੀ ਤਾਂ ਕਿ ਗੁਲਾਮੀ ਕਿਤੇ ਉਸ ਦੀ ਅੌਲਾਦ ਦਾ ਨਸੀਬ ਨਾ ਬਣ ਜਾਏ।’ ਸਿਆਸੀ ਵਣਜਾਰੇ ਬਿਨਾਂ ਗੱਲ ਤੋਂ ਨਹੀਂ ਦਹਿਲੇ। ਚੂੜੀਆਂ ਦੇ ਦਿਨ ਪੁੱਗਣ ਲੱਗੇ ਨੇ। ਸਦਾ ਨਾ ਬਾਗੀ ਬੁਲਬੁਲ ਬੋਲੇ..। ਨਾਗਰਿਕਤਾ ਕਾਨੂੰਨ ਖ਼ਿਲਾਫ਼ ਸਬਰ ਦਾ ਪਿਆਲਾ ਛਲਕਿਐ। ਜਦੋਂ ਹਿੰਸਾ ਨੇ ਬਾਘੀ ਪਾਈ। ਫਿਰ ਚੁੱਲ੍ਹੇ ਕਿਥੋਂ  ਬਲਣੇ ਸੀ। ਲਟ ਲਟ ਸਿਵੇ ਜਲੇ। ਚੌਵੀ ਜਣੇ ਜ਼ਿੰਦਗੀ ਗੁਆ ਬੈਠੇ ਨੇ। ਜ਼ਹੀਰ ਦੀ ਮੇਰਠ ਹਿੰਸਾ ’ਚ ਮੌਤ ਹੋਈ। ਬੇਟੀ ਸ਼ਹਾਨਾ ਪੁੱਛ ਰਹੀ ਹੈ, ‘ਮੇਰਾ ਪਾਪਾ ਨੂੰ ਕਿਉਂ ਮਾਰਿਐ’। ਪੁਲੀਸ ਦੀ ਗੋਲੀ ਆਸਿਫ ਨੂੰ ਬਿੰਨ ਗਈ। ਗਰਭਵਤੀ ਪਤਨੀ ਬੱਚੇ ਨੂੰ ਕੀ ਦੱਸੇਗੀ। ਮੁਹੰਮਦ ਸਾਗਰ ਵਾਰਾਨਸੀ ’ਚ ਮਾਰਿਆ ਗਿਆ। ਸਿਰਫ਼ ਅੱਠ ਸਾਲ ਉਮਰ ਸੀ, ਮਾਪੇ ਉਮਰ ਭਰ ਕਲਪਣਗੇ।
       ਕੋਈ ਕੌਮੀ ਰਜਿਸਟਰ ਨਹੀਂ ਜਿਸ ’ਚ ਇਨ੍ਹਾਂ ਬੇਕਸੂਰਾਂ ਦੀ ਹੋਣੀ ਲਿਖੀ ਜਾ ਸਕੇ। ਤਿੰਨ ਸਾਲਾਂ ’ਚ 2465 ਫਿਰਕੂ ਦੰਗੇ ਹੋਏ ਹਨ। ਰੋਜ਼ਾਨਾ ਅੌਸਤਨ ਦੋ ਦੰਗੇ ਤੇ ਕੁੱਲ 373 ਨੇ ਜਾਨ ਗੁਆਈ। ਹਿੰਸਾ ਦਾ ਸੇਕ ਪਿੰਡੇ ਸੇਕਦਾ। ਬੱਚਿਆਂ ਨੂੰ ਪੁੱਛ ਕੇ ਦੇਖੋ। ਪੰਚਕੂਲਾ ਹਿੰਸਾ ਹੋਈੇ। ਥੇੜੀ ਭਾਈਕਾ (ਮੁਕਤਸਰ) ਦਾ ਬੱਚਾ ਲਵਪ੍ਰੀਤ ਭੇਟ ਚੜ ਗਿਆ। ਮਾਂ ਜ਼ਿੰਦਗੀ ਭਰ ਮਿੱਟੀ ਫਰੋਲੇਗੀ। ਇੱਕ ਸੌ ਜਾਨਾਂ ਨੋਟਬੰਦੀ ਨੇ ਵੀ ਲਈਆਂ। ਯੂ.ਪੀ ’ਚ ਦੋ ਛੋਟੇ ਬੱਚੇ ਫੌਤ ਹੋਏ। ਹਜ਼ੂਮੀ ਹਿੰਸਾ ਵਾਲੇ ਕੌਣ ਸਨ। ਕੱਪੜਿਆਂ ਤੋਂ ਪਛਾਣੇ ਨਹੀਂ ਗਏ। ਜਾਮੀਆ ਮਿਲੀਆ ਇਸਲਾਮੀਆ ਦਾ ਮੁਹੰਮਦ ਮਿਨਹਾਜੂਦੀਨ। ਪੁਲੀਸ ਦੀ ਕੁਟ ’ਚ ਅੱਖ ਦੀ ਰੋਸ਼ਨੀ ਗੁਆ ਬੈਠਾ ਹੈ। ਗੈਰਤ ਕੋਲ ਹੈ, ਤਾਹੀਂ ਆਖ ਰਿਹੈ.. ‘ਖ਼ੌਫ ਤਾਂ ਜਰੂਰ ਹੈ ਪਰ ਮੈਂ ਹਾਰ ਨਹੀਂ ਮੰਨੀ’। ਪ੍ਰਿਅੰਕਾ ਗਾਂਧੀ ਹੁਣ ਮੰਨੀ ਹੈ, ‘ਨੌਜਵਾਨ ਪਿੱਛੇ ਨਹੀਂ ਹਟਣਗੇ’ਜ਼ਮੀਰ ਤੋਂ ਤਖਤ ਆਕੀ ਹੋ ਜਾਏ। ਤਾਕਤ ਹਾਜ਼ਮਾ ਵਿਗਾੜ ਦੇਵੇ। ਉਦੋਂ ਕੋਈ ਧੀਅ ਡਫਲੀ ਚੁੱਕਦੀ ਹੈ, ਕੋਈ ਹੱਥਾਂ ਵਿਚ ਫੁੱਲ। ਕਸ਼ਮੀਰੋਂ ਆਈ ਕੁੜੀ ਬੋਲੀ, ‘ਹਮ ਫੂਲ ਉਗਾਨੇ ਵਾਲੇ ਹੈ..’। ਦਿੱਲੀ ’ਚ ਗੀਤ ਗੂੰਜ ਰਹੇ ਨੇ। ਜ਼ਾਬਤੇ ਵਿਚ ਨੇ ਤੇ ਰਜ਼ਾ ਵਿਚ ਵੀ। ਜੋ ਅੱਜ ਰਜਾਈ ’ਚ ਬੈਠੇ ਹਨ। ਉਨ੍ਹਾਂ ਦਾ ਬੁਢਾਪਾ ਰੁਲੇਗਾ। ਜਦੋਂ ਬੱਚੇ ਇਹ ਪੁੱਛਣਗੇ.. ਜਦੋਂ ਮੁਲਕ ਜਲਿਆ ਤਾਂ ਤੁਸੀਂ ਚੁੱਪ ਕਿਉਂ ਬੈਠੇ। ਮਰਹੂਮ ਕਵੀ ਲਾਲ ਸਿੰਘ ਦਿਲ ਆਖਦੈ, ‘ਬੰਦਾ ਜਲਾਉਂਦਾ ਹੈ ਜਦ ਵੀ ਕਿਸੇ ਦਿਲ ਨੂੰ, ਸੂਰਜ ਵੀ ਤਾਅ ਲੈ ਕੇ ਮਸਤਕ ਨੂੰ ਮਲਦੇ ਨੇ।’ ਜੋ ਹੱਥ ਮਲਦੇ ਰਹਿੰਦੇ ਨੇ, ਉਨ੍ਹਾਂ ਦੇ ਪੱਲੇ ਫਿਰ ਝੋਰਾ ਹੀ ਪੈਂਦੈ।
               ਮਾਓ-ਜੇ-ਤੁੰਗ ਦਾ ਸੰਦਰਭ ਹੋਰ ਸੀ, ‘ਬਿਨਾਂ ਆਂਡਾ ਤੋੜੇ ਆਮਲੇਟ ਨਹੀਂ ਬਣਦਾ’। ਏਹ ਤਾਂ ਦੇਸ਼ ਤੋੜਨ ਤੁਰ ਪਏ ਨੇ। ਜਵਾਨੀ ਸੜਕਾਂ ’ਤੇ ਲੇਟੀ ਹੈ, ਆਮਲੇਟ ਛੇਤੀ ਬਣਨਾ ਨਹੀਂ। ਜਰੂਰੀ ਨਹੀਂ, ਮਨੁੱਖ ਸਾਰੇ ਇੱਕੋ ਮਿੱਟੀ ਦੇ ਬਣੇ ਹੋਣ। ਹਰ ਮਿੱਟੀ ਦੀ ਆਪਣੀ ਖਸਲਤ ਹੈ। ਕਿਊਬਾ ਦੀ ਮਿੱਟੀ ’ਚ ਚੀ ਗਵੇਰਾ ਮੌਲਿਆ। ਚੀ ਗਵੇਰਾ ਦੀ ਧੀ ਅਲੀਡਾ ਗਵੇਰਾ ਬੱਚਿਆਂ ਦੀ ਡਾਕਟਰ ਹੈ। ਅਮਰੀਕੀ ਪਾਬੰਦੀ ਭਾਰੀ ਪੈ ਰਹੀ ਹੈ। ਬੱਚੇ ਇਲਾਜ ਤੋਂ ਵਾਂਝੇ ਨੇ, ਫਿਰ ਵੀ ਅੱਖ ’ਚ ਅੱਖ ਪਾਉਂਦੇ ਨੇ। ਅਲੀਡਾ ਗਵੇਰਾ ਇਸ ਨੂੰ ਮਿੱਟੀ ਦਾ ਪ੍ਰਤਾਪ ਦੱਸਦੀ ਹੈ। ਭਾਰਤੀ ਮਿੱਟੀ ਘੱਟ ਉਪਜਾਊ ਨਹੀਂ,ਹਰ ਖੇਤ ਦਾ ਇਤਿਹਾਸ ਹੈ। ਤਾਹੀਂ ਸ਼ਹਿਰਾਂ ’ਚ ਫਲੈਗ ਮਾਰਚ ਹੋ ਰਹੇ ਨੇ। ਅਮਿਤ ਸ਼ਾਹ ਬੋਲੇ, ‘ਟੁਕੜੇ ਟੁਕੜੇ ਗੈਂਗ ਨੂੰ ਸ਼ਜਾ ਦੇਣ ਦਾ ਵੇਲਾ ਹੈ।’ ਪੱਛਮੀ ਬੰਗਾਲ ਦੀ ਸ਼ੇਰ ਬੱਚੀ ਦੇਬੋ ਸਮਿੱਤਰਾ। ਜਾਵਧਪੁਰ ’ਵਰਸਿਟੀ ਦੀ ਸਟੇਜ ਤੋਂ ਡਿਗਰੀ ਲਈ। ਉਦੋਂ ਹੀ ਨਵੇਂ ਕਾਨੂੰਨ ਦੀ ਕਾਪੀ ਟੁਕੜੇ ਟੁਕੜੇ ਕਰ ਦਿੱਤੀ। ਗਵਰਨਰ ਦੇਖਦਾ ਰਹਿ ਗਿਆ। ਜਦੋਂ ਸਮਿੱਤਰਾ ‘ਹਮ ਕਾਗਜ ਨਹੀਂ ਦਿਖਾਏਗੇ’ ਆਖ ਕੇ ਸਟੇਜ ਤੋਂ ਉੱਤਰ ਗਈ। ਬਨਾਰਸ ਹਿੰਦੂ ’ਵਰਸਿਟੀ ਦਾ ਰਜਤ ਮੰਚ ’ਤੇ ਗਿਆ। ਡਿਗਰੀ ਲੈਣੋ ਨਾਂਹ ਕਰ ਦਿੱਤੀ। ਪਾਂਡੂਚਰੀ ’ਵਰਸਿਟੀ ਦੀ ਰਬੀਹਾ ਦੀ ਹਿੰਮਤ ਦੇਖੋ। ਰਾਮ ਨਾਥ ਕੋਵਿੰਦ ਅੱਗੇ ਨਾਅਰੇ ਨਾ ਮਾਰ ਦੇਵੇ। ਹਾਲ ’ਚ ਦਾਖਲ ਹੀ ਨਹੀਂ ਹੋਣ ਦਿੱਤਾ। ਕੌਣ ਆਖਦੈ ਕਿ ਸੱਪ ਦੇ ਸਾਹਮਣੇ ਦੀਵਾ ਨਹੀਂ ਬਲਦਾ। ਸ਼੍ਰੋਮਣੀ ਅਕਾਲੀ ਦਲ ਦੀ ਤਾਂ ਮਜਬੂਰੀ ਹੈ। ਹਰਸਿਮਰਤ ਨੇ ਵਜ਼ੀਰੀ ਛੱਡ ਦਿੱਤੀ ਤਾਂ ਪੰਜਾਬ ਦਾ ਵਿਕਾਸ ਕਿਵੇਂ ਹੋਊ।
        ਐਮ.ਪੀ ਨਰੇਸ਼ ਗੁਜਰਾਲ ਸੰਸਦ ’ਚ ਗੂਠਾ ਲਾ ਆਏ। ਹੁਣ ਲੀਕ ਕੁੱਟ ਰਹੇ ਹਨ। ਅਖੇ ਖਾਸ ਬਿੱਲਾਂ ’ਤੇ ਮੋਦੀ ਭਾਈਵਾਲਾਂ ਨਾਲ ਗੱਲ ਨਹੀਂ ਕਰਦਾ। ਅਮਰਿੰਦਰ ਕਿਹੜਾ ਕਰਦੈ, ਚਾਹੇ ਕਾਂਗਰਸੀ ਵਿਧਾਇਕਾਂ ਨੂੰ ਪੁੱਛ ਕੇ ਦੇਖ ਲਓ। ਸਭ ਦਾ ਹਾਲ ‘ ਚੋਰ ਦੀ ਮਾਂ ਕੋਠੀ ’ਚ ਮੂੰਹ’ ਵਾਲੈ। ਮਿਲਣ ਕਿਥੋਂ, ਮੁੱਖ ਮੰਤਰੀ ਤਾਂ ਠੰਡ ਮਨਾ ਰਹੇ ਨੇ। ਕੋਈ ਮਿਰਜ਼ਾ ਗਾਲਿਬ ਦਾ ਜਨਮ ਦਿਨ ਮਨਾ ਰਿਹੈ। ਗਾਲਿਬ ਤੋਂ ਯਾਦ ਆਇਐ। ‘ਮਨਪ੍ਰੀਤ ਬਾਦਲ ਅਗਲੀ ਚੋੋਣ ਸ਼ਾਇਦ ਦੁਆਬੇ ਚੋ ਲੜਨਗੇ’। ਗੱਲ ਪਤਾ ਨਹੀਂ ਕਿੰਨੀ ਕੁ ਸੱਚੀ ਹੈ। ਚਾਲ ਢਾਲ ਜਰੂਰ ਲੱਗ ਰਿਹੈ। ਭਗਵੰਤ ਮਾਨ ਕਾਮੇਡੀ ਕਰਦਾ ਹੁੰਦਾ ਸੀ, ‘ਪ੍ਰਧਾਨ ਸਾਹਿਬ ,ਮੈਨੂੰ ਫਲਾਣੇ ਹਲਕੇ ਤੋਂ ਟਿਕਟ ਦੇ ਦਿਓ, ਕਿਉਂਕਿ ਉਥੇ ਮੈਨੂੰ ਕੋਈ ਜਾਣਦਾ ਨਹੀਂ।’ ਸਮੁੱਚੇ ਦੇਸ਼ ’ਚ ਜੋ ਅੱਗ ਲੱਗੀ ਹੈ, ਉਸ ਨੂੰ ਕੋਈ ਭੁੱਲਿਆ ਨਹੀਂ। ਲੋਕ ਬਲਦੀ ਦੇ ਬੁੱਥੇ ਦਿੱਤੇ ਨੇ। ਮੋਦੀ ਤੇ ਸਾਹ ਦੀ ਜੋੜੀ, ਪੈਰਾਂ ’ਤੇ ਪਾਣੀ ਨਹੀਂ ਪੈਣ ਦਿੰਦੀ। ਦਸੰਬਰ ਦਾ ਪੈੜਾ ਹੀ ਮਾੜਾ ਸੀ। ਹਿੰਸਾ ’ਚ ਲੋਕ ਮਰ ਰਹੇ ਨੇ। ਅੜੀ ਛੱਡ ਨਹੀਂ ਰਹੇ। ਬੋਦੀ ਵਾਲੀ ਤਾਰਾ ਚੜਿਐ ਹੈ। ਜੇ ਹਾਲੇ ਵੀ ਨਾ ਬੋਲੇ ਤਾਂ ਬੁਢਾਪਾ ਰੁਲੇਗਾ ਹੀ ਰੁਲੇਗਾ। ਧੀਆਂ ਦੀ ਡਫਲੀ ਨੂੰ ਸੁਣੋ। ਮਸ਼ਾਲਾ ਬਾਲਣ ਦਾ ਸੁਨੇਹਾ ਜੋ ਦੇ ਰਹੀ ਹੈ। ਬੁਜ਼ਦਿਲੀ ਦਾ ਕੋਈ ਵੈਦ ਨਹੀਂ। ਵਾਲਟੇਅਰ ਦੀ ਗੱਲ ’ਤੇ ਗੌਰ ਕਰੋ, ‘ਇਮਾਨਦਾਰ ਲੋਕਾਂ ਦੀ ਬੁਜ਼ਦਿਲੀ ਦਾ ਨਤੀਜਾ ਬਦਮਾਸ਼ਾਂ ਦੀ ਜਿੱਤ ਯਕੀਨੀ ਬਣਾ ਦਿੰਦਾ ਹੈ।’ ਸੱਚ ਇਹ ਵੀ ਹੈ ਕਿ ਹਕੂਮਤ ਨੂੰ ਕੋਈ ਚੜ੍ਹੀ ਲੱਥੀ ਦੀ ਨਹੀਂ। ਹੁਣ ਦੇਖਣਾ ਪੈਣੈ ਕਿ ਨੌਜਵਾਨਾਂ ਦਾ ਛੇੜਾ ਕਿਥੋਂ ਤੱਕ ਜਾਂਦੈ।
         ਚਾਰ ਸਾਹਿਬਜ਼ਾਦਿਆਂ ਤੇ ਮਾਂ ਗੁਜਰੀ ਦੀ ਅਦੁੱਤੀ ਸ਼ਹਾਦਤ ਨੂੰ ਹਰ ਕੋਈ ਸਿਜਦਾ ਕਰ ਰਿਹੈ। ਸਰਬੰਸਦਾਨੀ ਦੀ ਨੇਤਾ ਗੱਲ ਤਾਂ ਕਰਦੇ ਨੇ, ਅਮਲ ਨਹੀਂ ਕਰਦੇ। ਸਰਹਿੰਦ ਦੀ ਦੀਵਾਰ ਤੋਂ ਹੀ ਸਿਆਸੀ ਜਮਾਤ ਕੁਝ ਸਿੱਖ ਲਵੇ। ਕਾਂਗਰਸੀ, ਪੁੱਤਾਂ ਨੂੰ ਸਿਆਸਤ ’ਚ ਲਾਂਚ ਕਰਨ ਲੱਗੇ ਹੋਏ ਨੇ। ਥੁੜਾਂ ਮਾਰੇ ਲੋਕ ਜ਼ਿੰਦਗੀ ਦੀ ਉਧੇੜ ਬੁਨਤ ’ਚ ਲੱਗੇ ਹੋਏ ਨੇ। ਸਰਕਾਰੀ ਸਕੂਲਾਂ ਦੇ ਬੱਚੇ ਠੰਡ ’ਚ ਲੱਗੇ ਹੋਏ ਨੇ। ਵਰਦੀਆਂ ਨਹੀਂ ਮਿਲੀਆਂ ਹਾਲੇ। ਪੰਜਾਬ ਦੇ ਸਰਕਾਰੀ ਸਕੂਲਾਂ ’ਤੇ ਨਜ਼ਰ ਮਾਰੋ। ਦਲਿਤ ਬੱਚਿਆਂ ਦੀ ਗਿਣਤੀ 57.3 ਫੀਸਦੀ ਤੋਂ 63.59 ਫੀਸਦੀ ਹੋ ਗਈ ਹੈ। ਲੰਘੇ ਦਸ ਵਰ੍ਹਿਆਂ ਵਿਚ। ਨਵੀਂ ਰਿਪੋਰਟ ਆਈ ਹੈ। ਦੇਸ਼ ਦਾ ਹਰ ਤੀਜਾ ਆਦਮੀ ਗਰੀਬੀ ਰੇਖਾ ਤੋਂ ਹੇਠਾਂ ਹੈ। ਉਪਰ ਸਿਰਫ਼ ਦੋ ਬੰਦੇ ਨੇ ਜਿਨ੍ਹਾਂ ਦੀ ਅੱਖ ਫਰਕੀ ਹੈ। ਸੜਕਾਂ ’ਤੇ ਹਜ਼ਾਰਾਂ ਉੱਤਰੇ ਨੇ। ਛੱਜੂ ਰਾਮ ਦੀ ਗੱਲ ਕਿਉਂ ਨਾ ਕਰੀਏ। ਉਹ ਸਮਾਨ ਬੰਨ੍ਹੀ ਬੈਠਾ ਹੈ ਤੇ ਤਿਆਰੀ ਜੰਤਰ ਮੰਤਰ ਦੀ ਖਿੱਚੀ ਹੈ। ਅਖੇ, ਸਾਰੇ ਪੰਜਾਬ ਦਾ ਠੇਕਾ ਲਿਆ। ਧੀਆਂ ਨੂੰ ਸ਼ਗਨ ਵੀ ਦੇਊ ਜਿਨ੍ਹਾਂ ਲਾਜ ਰੱਖ ਲਈ। ਨਵਾਂ ਸਾਲ ਚੜ੍ਹਨ ਵਾਲਾ। ਕਾਮਨਾ ਵੀ ਕਰ ਰਿਹੈੇ, ਚੰਗਾ ਹੋਵੇ ਜੇ ਦਿਨ ਬਦਲਣ। ਪੰਜਾਬ ’ਚ ਹਿੱਲ ਜੁੱਲ ਹੋਈ ਹੈ। ਆਪ ਸਭ ਨੂੰ ਵੀ ਨਵਾਂ ਵਰ੍ਹਾ ਮੁਬਾਰਕ.. ਭਾਰਤ ਮਾਤਾ ਦੀ ਜੈ।
   


1 comment: