Friday, December 27, 2019

                      ਕੋਈ ਮੋੜ ਲਿਆਓ 
  ਦਸ ਹਜ਼ਾਰ ਪੇਂਡੂ ਕਲੱਬ ‘ਸਵਰਗਵਾਸ’
                         ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਸਰਕਾਰ ਨੇ ਪੇਂਡੂ ਨੌਜਵਾਨਾਂ ਨੂੰ ਫੋਕੀ ਹੱਲਾਸ਼ੇਰੀ ਵੀ ਨਹੀਂ ਦਿੱਤੀ, ਸਰਕਾਰੀ ਫੰਡ ਦੇਣੇ ਤਾਂ ਦੂਰ ਦੀ ਗੱਲ। ਤਾਹੀਂਓ ਪੰਜਾਬ ਭਰ ’ਚ ਕਰੀਬ 10 ਹਜ਼ਾਰ ਪੇਂਡੂ ਯੂਥ ਕਲੱਬ ‘ਸਵਰਗਵਾਸ’ ਹੋ ਗਏ ਹਨ। ਯੁਵਕ ਸੇਵਾਵਾਂ ਵਿਭਾਗ ਬਿਨਾਂ ਫੰਡਾਂ ਅਤੇ ਪ੍ਰੋਗਰਾਮਾਂ  ਤੋਂ ਢੋਲ ਕੁੱਟ ਰਿਹਾ ਹੈ। ਪੰਜਾਬ ਵਿਚ ਇਸ ਮਹਿਕਮੇ ਨਾਲ ਕੁੱਲ 13,800 ਪੇਂਡੂ ਯੂਥ ਕਲੱਬ ਜੁੜੇ ਹੋਏ ਹਨ ਜਿਨ੍ਹਾਂ ਚੋਂ ਕਰੀਬ 10 ਹਜ਼ਾਰ ਕਲੱਬ ਦਮ ਤੋੜ ਗਏ ਹਨ ਜਦੋਂ ਕਿ ਸਿਰਫ਼ 3800 ਕਲੱਬ ਹੀ ਜ਼ਿੰਦਾ ਹਨ। ਇਵੇਂ ਹੀ ਚੱਲਦਾ ਰਿਹਾ ਕਿ ਪਿੰਡਾਂ ਵਿਚ ਯੂਥ ਕਲੱਬ ਲੱਭਣੇ ਨਹੀਂ। ਦੁਆਬੇ ਵਿਚ ਤਾਂ ਪਹਿਲਾਂ ਹੀ ਯੂਥ ਕਲੱਬਾਂ ਲਈ ਮੁੰਡੇ ਮਿਲਦੇ ਨਹੀਂ ਹਨ।ਸਿਆਸੀ ਧਿਰਾਂ ਵੱਲੋਂ ਚੋਣਾਂ ਮੌਕੇ ਨੌਜਵਾਨਾਂ ਦੀ ਵਡਿਆਈ ਕੀਤੀ ਜਾਂਦੀ ਹੈ ਅਤੇ ਇਸ ਤਾਕਤ ਨੂੰ ਸਿਆਸੀ ਲਾਹੇ ਲਈ ਵਰਤਿਆ ਜਾਂਦਾ ਹੈ। ਇੱਥੋਂ ਤੱਕ ਕਿ ਕਲੱਬਾਂ ’ਤੇ ਸਿਆਸੀ ਰੰਗ ਵੀ ਚੜ੍ਹਦਾ ਰਿਹਾ ਹੈ। ਮਿਸਾਲ ਦੇ ਤੌਰ ’ਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਅਕਾਲੀਆਂ ਨੇ ਆਖਰੀ ਵਰ੍ਹੇ ਵਿਚ ਰਾਤੋਂ ਰਾਤ 350 ਕਲੱਬ ਖੜ੍ਹੇ ਕਰ ਦਿੱਤੇ ਸਨ। ਜ਼ਿਲ੍ਹੇ ਭਰ ’ਚ ਹੁਣ 450 ਕਲੱਬ ਹਨ  ਜਿਨ੍ਹਾਂ ਚੋਂ ਸਿਰਫ਼ 7 ਫੀਸਦੀ ਹੀ ਕੰਮ ਕਰਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਹੇ ਪਟਿਆਲਾ ’ਚ ਤਾਂ ਰੱਬ ਰਾਖਾ ਹੈ।
               ਪੰਜਾਬ ਚੋਂ ਸਭ ਤੋਂ ਵੱਧ ਪੇਂਡੂ ਯੂਥ ਕਲੱਬਾਂ 1565 ਜ਼ਿਲ੍ਹਾ ਪਟਿਆਲਾ ਵਿਚ  ਹਨ ਜਿਨ੍ਹਾਂ ਚੋਂ 1415 ਯੂਥ ਕਲੱਬ ਡੈੱਡ ਹਨ। ਮੁੱਖ ਮੰਤਰੀ ਦਫ਼ਤਰ ਤੋਂ ਨੇੜੇ ਹੀ ਯੁਵਕ ਸੇਵਾਵਾਂ ਦਾ ਦਫ਼ਤਰ ਹੈ ਜਿਥੇ ਨਾ ਚਪੜਾਸੀ ਹੈ ਅਤੇ ਨਾ ਕੋਈ ਸਟੈਨੋ। ਗੁਰਦਾਸਪੁਰ ਜ਼ਿਲ੍ਹੇ ਵਿਚ ਕੁੱਲ 900 ਪੇਂਡੂ ਕਲੱਬਾਂ ਹਨ ਜਦੋਂ ਕਿ 800 ਕਲੱਬਾਂ ਡੈੱਡ ਹਨ। ਸਹਾਇਕ ਡਾਇਰੈਕਟਰ ਰਵੀ ਪੌਲ ਨੇ ਦੱਸਿਆ ਕਿ ਕਈ ਕਲੱਬ ਤਾਂ 1984 ਵੇਲੇ ਦੇ ਬਣੇ ਹੋਏ ਹਨ। ਹੁਣ ਨਵੇਂ ਕਲੱਬ ਬਣਾ ਰਹੇ ਹਾਂ। ਸੂਤਰਾਂ ਮੁਤਾਬਿਕ ਗੁਰਦਾਸਪੁਰ ’ਚ ਤਾਂ ਮਹਿਕਮੇ ਦਾ ਦਫਤਰ ਵੀ ਦੋ ਸਾਲ ਪਹਿਲਾਂ ਹੀ ਬਣਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਚ 1250 ਕਲੱਬਾਂ ਚੋਂ ਸਿਰਫ਼ 90 ਕਲੱਬਾਂ ਹੀ ਵਰਕਿੰਗ ਹਨ। ਬਠਿੰਡਾ ਜ਼ਿਲ੍ਹੇ ਵਿਚ 270 ਕਲੱਬਾਂ ਚੋਂ ਸਿਰਫ਼ 70 ਕਲੱਬਾਂ ਵਰਕਿੰਗ ਹਨ।ਕੈਪਟਨ ਸਰਕਾਰ ਨੇ ਸਮਾਰਟ ਫੋਨਾਂ ਵਾਸਤੇ ਬਜਟ ਰੱਖਿਆ ਹੈ ਪ੍ਰੰਤੂ ਯੂਥ ਕਲੱਬਾਂ ਨੂੰ ਪੌਣੇ ਤਿੰਨ ਵਰ੍ਹਿਆਂ ਤੋਂ ਧੇਲਾ ਨਹੀਂ ਦਿੱਤਾ। ਸ਼ਹੀਦੇ ਆਜਮ ਭਗਤ ਸਿੰਘ ਪੁਰਸਕਾਰ ਤਿੰਨ ਵਰ੍ਹਿਆਂ ਤੋਂ ਦਿੱਤਾ ਹੀ ਨਹੀਂ ਗਿਆ। ਪੇਂਡੂ ਕਲੱਬਾਂ ਨਾ ਫੰਡ ਮਿਲੇ ਹਨ ਅਤੇ ਨਾ ਹੀ ਖੇਡ ਕਿੱਟਾਂ। ਪੇਂਡੂ ਕਲੱਬਾਂ ਵਿਚ ਉਮਰ ਹੱਦ 16 ਤੋਂ 35 ਸਾਲ ਦੀ ਹੈ। ਬਹੁਤੇ ਕਲੱਬਾਂ ਦੇ ਅਹੁਦੇਦਾਰ ਵੀ ਬੁੱਢੇ ਹੋ ਗਏ ਹਨ। ਮੁਕਤਸਰ ਜ਼ਿਲ੍ਹੇ ਵਿਚ 247 ਕਲੱਬਾਂ ਚੋਂ 207 ਪੇਂਡੂ ਕਲੱਬਾਂ ਡੈੱਡ ਹਨ।
                ਜੋ ਐਕਟਿਵ ਕਲੱਬ ਹਨ, ਉਹ ਵੀ ਸਾਲ ਵਿਚ ਟਾਵੀਂ ਗਤੀਵਿਧੀ ਕਰਾਉਂਦੇ ਹਨ। ਦੁਆਬੇ ਵਿਚ ਸਭ ਤੋਂ ਮਾੜਾ ਹਾਲ ਹੈ। ਕਪੂਰਥਲਾ ਵਿਚ 350 ਚੋਂ 40 ਕਲੱਬਾਂ ਵਰਕਿੰਗ ਹਨ ਅਤੇ ਇਵੇਂ ਹੀ ਹੁਸ਼ਿਆਰਪੁਰ ’ਚ 500 ਚੋਂ 70 ਕਲੱਬਾਂ ਵਰਕਿੰਗ ਹਨ।ਦੁਆਬੇ ਵਿਚ ਨੌਜਵਾਨ ਵਿਦੇਸ਼ ਗਏ ਹਨ ਅਤੇ ਹੁਣ ਯੁਵਕ ਸੇਵਾਵਾਂ ਮਹਿਕਮੇ ਨੂੰ ਕਲੱਬਾਂ ਵਾਸਤੇ ਮੁੰਡੇ ਨਹੀਂ ਲੱਭਦੇ ਹਨ। ਲੁਧਿਆਣਾ ਜ਼ਿਲ੍ਹੇ ਵਿਚ 950 ਕਲੱਬਾਂ ਹਨ ਜਿਨ੍ਹਾਂ ਚੋਂ ਸਿਰਫ਼ 23 ਕਲੱਬ ਐਕਟਿਵ ਹਨ ਅਤੇ ਮਾਨਸਾ ਵਿਚ 215 ਕਲੱਬਾਂ ਚੋਂ 115 ਕਲੱਬ ਵਰਕਿੰਗ ਹਨ। ਇੱਕ ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪਹਿਲਾਂ ਕਲੱਬਾਂ ਵਾਲੇ ਮੁੰਡੇ ਸ਼ਾਮ ਨੂੰ ਖੇਡ ਮੈਦਾਨਾਂ ਵਿਚ ਮਿਲਦੇ ਸਨ ਪ੍ਰੰਤੂ ਹੁਣ ਉਹੀ ਮੁੰਡੇ ਆਈਲੈੱਟਸ ਸੈਟਰਾਂ ਵਿਚ ਬੈਠੇ ਹਨ। ਕੈਪਟਨ ਸਰਕਾਰ ਨੇ ਨਸ਼ਾ ਮੁਕਤ ਪੰਜਾਬ ਲਈ ਮੁਹਿੰਮ ਵਿੱਢੀ ਹੈ ਪ੍ਰੰਤੂ ਯੂਥ ਸ਼ਕਤੀ ਨੂੰ ਚੰਗੇ ਪਾਸੇ ਲਾਉਣ ਲਈ ਫੰਡ ਦਿੱਤੇ ਨਹੀਂ ਜਾ ਰਹੇ ਹਨ।  ਅਕਾਲੀ ਸਰਕਾਰ ਵੇਲੇ ਰਾਤੋਂ ਰਾਤ ਅਕਾਲੀ ਰੰਗ ਵਾਲੇ ਕਲੱਬ ਬਣੇ ਸਨ। ਪਤਾ ਲੱਗਾ ਹੈ ਕਿ ਕਾਂਗਰਸ ਸਰਕਾਰ ਪਿੰਡਾਂ ਵਿਚ ਨਵੇਂ ਕਲੱਬ ਬਣਾਉਣੇ ਸ਼ੁਰੂ ਕਰੇਗੀ। ਮਲੇਰਕੋਟਲਾ ਦੇ ਪਿੰਡਾਂ ਵਿਚ ਨਵੇਂ 50 ਕਲੱਬ ਬਣਾਏ ਹਨ।
               ਯੁਵਕ ਸੇਵਾਵਾਂ ਮਹਿਕਮੇ ਦੇ ਇੱਕ ਇੱਕ ਸਹਾਇਕ ਡਾਇਰੈਕਟਰਾਂ ਨੂੰ ਦੋ ਦੋ ਤਿੰਨ ਤਿੰਨ ਜ਼ਿਲ੍ਹਿਆਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਜਿਵੇਂ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਨੂੰ ਅੰਮ੍ਰਿਤਸਰ ਤੇ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ।ਇੱਕ ਮਸ਼ਵਰਾ ਇਹ ਵੀ ਹੈ ਕਿ ਸਪੋਰਟਸ ਤੇ ਯੁਵਕ ਸੇਵਾਵਾਂ ਮਹਿਕਮੇ ਨੂੰ ਇੱਕ ਕਰ ਦਿੱਤਾ ਜਾਵੇ, ਘੱਟੋ ਘੱਟ ਸਟਾਫ ਤਾਂ ਪੂਰਾ ਹੋ ਜਾਵੇਗਾ। ਦੂਸਰੀ ਤਰਫ ਕੇਂਦਰ ਸਰਕਾਰ ਦੇ ਮਹਿਕਮੇ ਨਹਿਰੂ ਯੁਵਾ ਕੇਂਦਰ ਨਾਲ ਜੁੜੀਆਂ ਯੂਥ ਕਲੱਬਾਂ ਐਕਟਿਵ ਹਨ। ਕਾਰਨ ਇਹ ਹੈ ਕਿ ਕੇਂਦਰ ਦੇ ਫੰਡ ਗਾਹੇ ਵਗਾਹੇ ਆਉਂਦੇ ਰਹਿੰਦੇ ਹਨ। ਯੁਵਾ ਸ਼ਕਤੀ ਨੂੰ ਮੁੜਾ ਦੇਣ ਵਾਸਤੇ ਕੈਪਟਨ ਸਰਕਾਰ ਕੋਲ ਕੋਈ ਪ੍ਰੋਗਰਾਮ ਨਹੀਂ ਹੈ।
                                 ਸੇਵਾ ਭਾਵ ’ਤੇ ਸਿਆਸਤ ਭਾਰੂ : ਮਾਨ
ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਅਤੇ ਲੇਖਕ ਭੁਪਿੰਦਰ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਜਵਾਨੀ ਦੇ ਸੇਵਾ ਭਾਵ ’ਤੇ ਹੁਣ ਸਿਆਸਤ ਭਾਰੂ ਪੈ ਗਈ ਹੈ। ਨੌਜਵਾਨਾਂ ’ਚ ਪੁਰਾਣਾ ਮਾਦਾ ਨਹੀਂ ਰਿਹਾ ਅਤੇ ਉਪਰੋਂ ਸਰਕਾਰ ਵੀ ਕੋਈ ਸਕੀਮ ਅਤੇ ਗਰਾਂਟ ਨਹੀਂ ਦੇ ਰਹੀ ਹੈ ਜਿਸ ਵਜੋਂ ਕਲੱਬਾਂ ਵਿਚ ਨਿਰਾਸ਼ਾ ਭਾਰੂ ਹੋ ਗਈ ਹੈ। ਸਰਕਾਰ ਸੁਹਿਰਦ ਹੈ ਤਾਂ ਇਨ੍ਹਾਂ ਯੂਥ ਕਲੱਬਾਂ ਦੇ ਜ਼ਰੀਏ ‘ਨਸ਼ਾ ਮੁਕਤ ਪੰਜਾਬ’ ਦਾ ਸੁਫਨਾ ਵੀ ਸਾਕਾਰ ਕਰ ਸਕਦੀ ਹੈ।
                          ਡੈੱਡ ਕਲੱਬਾਂ ਨੂੰ ਤਾੜਨਾ ਕਰਾਂਗੇ : ਚੇਅਰਮੈਨ
ਪੰਜਾਬ ਯੂਥ ਡਿਵੈਲਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦਾ ਕਹਿਣਾ ਸੀ ਕਿ ਉਹ ਨਾਨ ਐਕਟਿਵ ਕਲੱਬਾਂ ਨੂੰ ਪੱਤਰ ਜਾਰੀ ਕਰਕੇ ਐਕਟਿਵ ਹੋਣ ਦਾ ਮੌਕਾ ਦੇਣਗੇ। ਕੋਈ ਹੁੰਗਾਰਾ ਨਹੀਂ ਭਰੇਗਾ ਤਾਂ ਉਹ ਪਿੰਡਾਂ ਵਿਚ ਸਰਪੰਚਾਂ ਅਤੇ ਸਬੰਧਿਤ ਵਿਧਾਇਕਾਂ ਦੇ ਮਸ਼ਵਰੇ ਨਾਲ ਨਵੇਂ ਕਲੱਬਾਂ ਦੀ ਚੋਣ ਕਰਨਗੇ। ਅਕਾਲੀਆਂ ਦੇ ਬਣਾਏ ਕਲੱਬ ਹੁਣ ਕੰਮ ਨਹੀਂ ਕਰ ਰਹੇ ਹਨ। ਕਲੱਬਾਂ ਨੂੰ ਐਕਟਿਵ ਕਰਨ ਕਲੱਬਾਂ ਲਈ ਖੇਡ ਕਿੱਟਾਂ ਅਤੇ ਫੰਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਹੁਣ ਕਲੱਬਾਂ ਦੇ ਮਨਾਲੀ ਵਿਚ ਕੈਂਪ ਲਗਾਏ ਗਏ ਹਨ।



No comments:

Post a Comment