Thursday, October 6, 2016

                             ਸ਼ਰਾਬ ਤੋਂ ਕਮਾਈ
          'ਪੰਥਕ ਸਰਕਾਰ' ਦਾ ਖਜ਼ਾਨਾ ਟੱਲੀ
                             ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਦੇ ਲੋਕ ਪੰਦਰਾਂ ਵਰਿ•ਆਂ ਵਿਚ 36 ਹਜ਼ਾਰ ਕਰੋੜ ਦੀ ਸ਼ਰਾਬ ਪੀ ਗਏ ਹਨ। ਠੇਕਿਆਂ ਦੀ ਕਮਾਈ ਨੇ ਸਰਕਾਰੀ ਖ਼ਜ਼ਾਨੇ ਨੂੰ ਤਾਂ ਟੱਲੀ ਕਰ ਦਿੱਤਾ ਹੈ ਜਦੋਂ ਕਿ ਲੋਕਾਂ ਦੇ ਬੋਝੇ ਖਾਲੀ ਹੋਏ ਹਨ। ਗਠਜੋੜ ਸਰਕਾਰ ਦੇ ਨੌਂ ਵਰਿ•ਆਂ ਵਿਚ ਲੋਕਾਂ ਨੇ ਕਰੀਬ 27 ਹਜ਼ਾਰ ਕਰੋੜ ਸ਼ਰਾਬ ਤੇ ਖਰਚ ਕੀਤੇ ਹਨ। ਪੰਜਾਬ ਸਰਕਾਰ ਸ਼ਰਾਬ ਦੀ ਕਮਾਈ ਨਾਲ ਵਿਕਾਸ ਕਰਨ ਵਿਚ ਜੁਟੀ ਹੋਈ ਹੈ। ਨੌਂ ਵਰਿ•ਆਂ ਦੀ ਔਸਤਨ ਵੇਖੀਏ ਤਾਂ ਪੰਜਾਬ ਦੇ ਲੋਕ ਰੋਜ਼ਾਨਾ ਔਸਤਨ 8.43 ਕਰੋੜ ਰੁਪਏ ਠੇਕਿਆਂ ਦੀ ਸ਼ਰਾਬ ਤੇ ਖਰਚ ਕਰ ਰਹੇ ਹਨ। ਚਾਲੂ ਮਾਲੀ ਵਰੇ• ਦੌਰਾਨ ਪੰਜਾਬ ਸਰਕਾਰ ਨੇ ਸ਼ਰਾਬ ਤੋਂ 5348.22 ਕਰੋੜ ਰੁਪਏ ਕਮਾਉਣ ਦਾ ਟੀਚਾ ਮਿਥਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2002-03 ਤੋਂ 2015-16 ਤੱਕ ਠੇਕਿਆਂ ਦੀ ਸ਼ਰਾਬ ਵੇਚ ਕੇ 36,373 ਕਰੋੜ ਰੁਪਏ ਕਮਾਏ ਹਨ। ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2007-08 ਤੋਂ ਸਾਲ 2015-16 ਤੱਕ ਠੇਕਿਆਂ ਤੋਂ ਆਮਦਨ 27697 ਕਰੋੜ ਰੁਪਏ ਰਹੀ ਹੈ। ਕੈਪਟਨ ਸਰਕਾਰ ਨੇ ਪੰਜ ਵਰਿ•ਆਂ ਵਿਚ ਸ਼ਰਾਬ ਤੋਂ 7326.25 ਕਰੋੜ ਰੁਪਏ ਕਮਾਏ ਸਨ ਜਦੋਂ ਕਿ ਗਠਜੋੜ ਸਰਕਾਰ ਨੇ ਪਹਿਲੇ ਕਾਰਜਕਾਲ ਦੌਰਾਨ 10,808 ਕਰੋੜ ਦੀ ਆਮਦਨ ਇਕੱਲੀ ਸਰਕਾਰ ਤੋਂ ਕੀਤੀ।
                        ਗਠਜੋੜ ਸਰਕਾਰ ਨੇ ਦੂਸਰੇ ਕਾਰਜਕਾਲ ਦੇ ਚਾਰ ਵਰਿ•ਆਂ ਦੌਰਾਨ ਹੀ 16,888 ਕਰੋੜ ਰੁਪਏ ਕਮਾ ਲਏ ਦੇਸ਼ ਦੇ ਕਈ ਸੂਬੇ ਸ਼ਰਾਬ ਬੰਦੀ ਦੇ ਰਾਹ ਪਏ ਹਨ ਅਤੇ ਪੰਜਾਬ ਦੇ ਨਸ਼ਿਆਂ ਦਾ ਮੁੱਦਾ ਪੂਰੇ ਦੇਸ਼ ਵਿਚ ਛਾਇਆ ਹੋਇਆ ਹੈ। ਮਾਲਵੇ ਦੇ ਪਿੰਡਾਂ ਵਿਚ ਇਹ ਹਾਲ ਹੈ ਕਿ ਪੀਣ ਵਾਲਾ ਸੁੱਧ ਪਾਣੀ ਮਿਲਦਾ ਨਹੀਂ ਜਦੋਂ ਕਿ ਠੰਢੀ ਬੀਅਰ ਪਿੰਡ ਪਿੰਡ ਮਿਲ ਰਹੀ ਹੈ। ਬਠਿੰਡਾ ਤੇ ਮਾਨਸਾ ਦੇ ਕਰੀਬ ਚਾਰ ਦਰਜਨ ਪਿੰਡਾਂ ਵਿਚ ਸਰਕਾਰੀ ਆਰ.ਓ ਪਲਾਂਟਾਂ ਨੂੰ ਜਿੰਦਰੇ ਵੱਜ ਗਏ ਹਨ ਪ੍ਰੰਤੂ ਠੇਕਿਆਂ ਦੇ ਬੂਹੇ ਖੁੱਲ•ੇ ਹੋਏ ਹਨ। ਸਾਇੰਟੈਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ਪੰਜਾਬ ਦੇ ਪ੍ਰਧਾਨ ਡਾ.ਏ.ਐਸ.ਮਾਨ ਦਾ ਪ੍ਰਤੀਕਰਮ ਹੈ ਕਿ ਸਰਕਾਰ ਲੋਕਾਂ ਨੂੰ ਸ਼ਰਾਬ ਪਿਲਾ ਕੇ ਸਰਕਾਰੀ ਬੋਝਾ ਭਰ ਰਹੀ ਹੈ ਅਤੇ ਸ਼ਰਾਬ ਦਾ ਕੋਟਾ ਹਰ ਸਾਲ ਵਧਾ ਰਹੀ ਹੈ। ਉਨ•ਾਂ ਆਖਿਆ ਕਿ ਸਰਕਾਰ ਪਿੰਡਾਂ ਦੇ ਹਰ ਗਲੀ ਮਹੱਲੇ ਸ਼ਰਾਬ ਪੁੱਜਦੀ ਕਰ ਦਿੱਤੀ ਹੈ। ਸਰਕਾਰ ਸੰਜੀਦਾ ਹੈ ਤਾਂ ਸਰਾਬ ਦਾ ਕੋਟਾ ਘਟਾਵੇ। ਉਨ•ਾਂ ਆਖਿਆ ਕਿ ਸ਼ਰਾਬ ਬੰਦੀ ਬਿਹਾਰ ਵਿਚ ਲਾਗੂ ਹੋ ਸਕਦੀ ਹੈ ਤਾਂ ਪੰਜਾਬ ਵਿਚ ਕਿਉਂ ਨਹੀਂ। ਵੇਰਵਿਆਂ ਅਨੁਸਾਰ ਸਾਲ 2002-03 ਵਿਚ ਪੰਜਾਬ ਵਿਚ ਰੋਜ਼ਾਨਾ ਔਸਤਨ ਠੇਕਿਆਂ ਦੀ ਸਰਾਬ ਤੋਂ ਕਮਾਈ 3.92 ਕਰੋੜ ਰੁਪਏ ਹੁੰਦੀ ਸੀ ਜਦੋਂ ਕਿ ਸਾਲ 2015-16 ਵਿਚ ਇਹੋ ਕਮਾਈ ਰੋਜ਼ਾਨਾ ਦੀ ਔਸਤਨ 13.26 ਕਰੋੜ ਰੁਪਏ ਹੋ ਗਈ ਹੈ।
                    ਪੰਜਾਬ ਸਰਕਾਰ ਨੇ ਸਪੋਰਟਸ, ਸਭਿਆਚਾਰ ਅਤੇ ਆਟਾ ਦਾਲ ਖਾਤਰ ਸ਼ਰਾਬ ਤੇ ਸੈੱਸ ਲਗਾਇਆ ਹੋਇਆ ਹੈ। ਇਨਕਲਾਬੀ ਗੀਤਕਾਰ ਜਗਸੀਰ ਜੀਦਾ ਨੇ ਇਕੋ ਪ੍ਰਤੀਕਰਮ ਦਿੱਤਾ ਕਿ ਸਰਕਾਰ ਠੇਕਿਆਂ ਦੀ ਸ਼ਰਾਬ ਵੇਚ ਕੇ ਖਿਡਾਰੀ ਪੈਦਾ ਕਰ ਰਹੀ ਹੈ। ਚਾਲੂ ਮਾਲੀ ਵਰੇ• ਦੀ ਕਮਾਈ ਦਾ ਟੀਚਾ ਐਤਕੀਂ ਸਰਾਬ ਤੋਂ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਦੀ ਕੋਈ ਵੀ ਸਿਆਸੀ ਧਿਰ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਤਿਆਰ ਨਹੀਂ ਹੈ। ਪੰਜਾਬ ਕਈ ਤਰ•ਾਂ ਦੇ ਸੰਕਟਾਂ ਵਿਚ ਫਸਿਆ ਹੋਇਆ ਅਤੇ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਬਿਗਲ ਵਜਾਇਆ ਹੋਇਆ ਹੈ। ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਔਸਤਨ ਪ੍ਰਤੀ ਦਿਨ ਸਰਕਾਰ ਸ਼ਰਾਬ ਤੋਂ 4.01 ਕਰੋੜ ਰੁਪਏ ਕਮਾ ਰਹੀ ਸੀ ਜਦੋਂ ਕਿ ਗਠਜੋੜ ਸਰਕਾਰ ਦੇ ਦੂਸਰੇ ਕਾਰਜਕਾਲ ਦੌਰਾਨ ਪ੍ਰਤੀ ਦਿਨ ਔਸਤਨ 9.25 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਸ਼ਰਾਬ ਤੋਂ ਹੋ ਰਹੀ ਹੈ। ਵੱਡੇ ਪਿੰਡਾਂ ਵਿਚ ਤਾਂ ਹੁਣ ਦੋ ਦੋ ਠੇਕੇ ਖੁੱਲ• ਗਏ ਹਨ। ਬਹੁਤੇ ਪਿੰਡਾਂ ਵਿਚ ਸਰਕਾਰ ਨੇ ਅੰਗਰੇਜ਼ੀ ਸਰਾਬ ਦੇ ਠੇਕੇ ਵੀ ਖੋਲੇ ਹਨ। 

No comments:

Post a Comment