Thursday, August 31, 2017

                     ਪੰਜਾਬ ਪੁਲੀਸ
    ਡੇਰਾ ਮੁਖੀ ਨੂੰ ਅਸਾਲਟਾਂ ਦਾ ਗੱਫਾ !
                     ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਨੇ ਹੱਦ ਟੱਪ ਕੇ ਡੇਰਾ ਮੁਖੀ 'ਤੇ ਹਥਿਆਰਾਂ ਦੀ ਛਾਂ ਕੀਤੀ। ਪੰਜਾਬ ਸਰਕਾਰ ਨੇ ਡੇਰਾ ਮੁਖੀ ਦੀ ਸੁਰੱਖਿਆ 'ਤੇ ਅੱਠ ਮੈਂਬਰੀ ਸੁਰੱਖਿਆ ਦਸਤਾ ਲਾਇਆ ਸੀ ਜੋ ਡੇਰਾ ਮੁਖੀ ਦੇ ਜੇਲ• ਜਾਣ ਮਗਰੋਂ ਰਾਤੋਂ ਰਾਤ ਵਾਪਸ ਬੁਲਾ ਲਿਆ। ਪੰਜਾਬ ਪੁਲੀਸ ਤਾਂ ਡੇਰਾ ਮੁਖੀ ਦੀ ਸੁਰੱਖਿਆ ਪ੍ਰਤੀ ਏਨੀ ਫਿਕਰਮੰਦ ਸੀ ਕਿ ਡੇਰਾ ਮੁਖੀ ਨਾਲ ਲਾਏ ਹਰ ਗੰਨਮੈਨ ਨੂੰ ਦੋ ਦੋ ਹਥਿਆਰ ਵੀ ਦਿੱਤੇ ਹੋਏ ਸਨ। ਹਾਲਾਂਕਿ ਪੰਜਾਬ ਦੇ ਥਾਣੇ ਤੇ ਥਾਣੇਦਾਰ ਅਸਾਲਟਾਂ ਤੇ ਪਿਸਟਲਾਂ ਬਿਨ•ਾਂ ਖਾਲੀ ਹੱਥ ਹਨ ਪ੍ਰੰਤੂ ਪੰਜਾਬ ਪੁਲੀਸ ਨੇ ਡੇਰਾ ਮੁਖੀ ਨਾਲ ਲਾਏ ਹਰ ਗੰਨਮੈਨ ਨੂੰ ਇੱਕ ਇੱਕ ਏਕੇ-47 ਅਤੇ ਇੱਕ ਇੱਕ ਪਿਸਟਲ ਦਿੱਤਾ ਹੋਇਆ ਸੀ। ਸੂਤਰ ਆਖਦੇ ਹਨ ਕਿ ਇੱਕ ਗੰਨਮੈਨ ਇੱਕੋ ਸਮੇਂ ਦੋ ਹਥਿਆਰ ਕਿਵੇਂ ਚਲਾ ਸਕੇਗਾ। ਵੇਰਵਿਆਂ ਅਨੁਸਾਰ ਪਿਛਲੀ ਗਠਜੋੜ ਸਰਕਾਰ ਸਮੇਂ ਡੇਰਾ ਮੁਖੀ ਨੂੰ ਸਮੇਂ ਸਮੇਂ 'ਤੇ ਸੁਰੱਖਿਆ ਦਿੱਤੀ ਗਈ। ਪੁਲੀਸ ਦੇ ਦੋ ਗੰਨਮੈਨ ਜਦੋਂ ਡੇਰਾ ਮੁਖੀ ਦੇ ਜੇਲ• ਜਾਣ ਮਗਰੋਂ ਵੀ ਸਿਰਸਾ ਵਿਖੇ ਘੁੰਮ ਰਹੇ ਸਨ ਤਾਂ ਉਨ•ਾਂ ਨੂੰ ਸਿਰਸਾ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਬਠਿੰਡਾ ਪੁਲੀਸ ਨੇ ਸਿਰਸੇ ਤੋਂ ਵਾਪਸ ਨਾ ਆਉਣ ਵਾਲੇ ਗੰਨਮੈਨ ਰੋਹਿਤ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਸੂਤਰ ਆਖਦੇ ਹਨ ਕਿ ਪੰਜਾਬ ਪੁਲੀਸ ਨੇ ਹਰਿਆਣਾ ਦੇ ਵਸਨੀਕ ਡੇਰਾ ਮੁਖੀ ਨੂੰ ਕਿਹੜੇ ਨਿਯਮਾਂ ਤਹਿਤ ਹੱਦ ਟੱਪ ਕੇ ਸੁਰੱਖਿਆ ਦਸਤਾ ਦਿੱਤੀ ਹੈ।
                     ਏਡੀਜੀਪੀ (ਸੁਰੱਖਿਆ) ਦੇ ਹੁਕਮਾਂ 'ਤੇ ਇਹ ਗੰਨਮੈਨ ਦਿੱਤੇ ਹੋਏ ਸਨ। ਹੁਣ ਸੁਰੱਖਿਆ ਵਿੰਗ ਨੂੰ ਚਿੰਤਾ ਹੋ ਗਈ ਹੈ ਕਿ ਕਿਤੇ ਹਾਈਕੋਰਟ ਇਸ ਮਾਮਲੇ ਦਾ ਨੋਟਿਸ ਨਾ ਲੈ ਲਵੇ। ਸੂਤਰਾਂ ਅਨੁਸਾਰ ਪੰਜਾਬ ਪੁਲੀਸ ਦੇ ਇਹ ਬਹੁਤੇ ਗੰਨਮੈਨ ਤਾਂ 'ਡੇਰਾ ਪ੍ਰੇਮੀ' ਹੀ ਸਨ ਜਿਨ•ਾਂ ਨੇ ਡੇਰੇ ਵਿਚ ਹੀ ਰਿਹਾਇਸ਼ ਕੀਤੀ ਹੋਈ ਸੀ। ਪੁਲੀਸ ਨੇ ਪੰਜਾਬ ਚੋਣਾਂ ਮੌਕੇ ਦੂਸਰੇ ਰਾਜਾਂ ਚੋਂ ਚੋਟਾਲਾ ਪਰਿਵਾਰ ਦੇ ਗੰਨਮੈਨਾਂ ਸਮੇਤ ਸਭ ਵਾਪਸ ਬੁਲਾ ਲਏ ਸਨ ਪ੍ਰੰਤੂ ਡੇਰਾ ਮੁਖੀ ਨਾਲ ਤਾਇਨਾਤ ਗੰਨਮੈਨ ਵਾਪਸ ਨਹੀਂ ਆਏ ਸਨ। ਐਸ.ਐਸ.ਪੀ ਬਠਿੰਡਾ ਨਵੀਨ ਸਿੰਗਲਾ ਦਾ ਕਹਿਣਾ ਸੀ ਕਿ ਏਡੀਜੀਪੀ ਸੁਰੱਖਿਆ ਦੇ ਹੁਕਮਾਂ 'ਤੇ ਇੱਕ ਗੰਨਮੈਨ ਰੋਹਿਤ ਕੁਮਾਰ ਡੇਰਾ ਮੁਖੀ ਨਾਲ ਸੀ ਜੋ ਵਾਪਸ ਬੁਲਾਏ ਜਾਣ ਤੇ ਵੀ ਨਹੀਂ ਆਇਆ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਗੰਨਮੈਨ ਨੂੰ ਅਸਾਲਟ ਤੇ ਪਿਸਟਲ ਜਾਰੀ ਕੀਤੇ ਹੋਏ ਸਨ। ਮਾਨਸਾ ਪੁਲੀਸ ਦੇ ਤਿੰਨ ਗੰਨਮੈਨ ਡੇਰਾ ਮੁਖੀ ਨਾਲ ਤਾਇਨਾਤ ਸਨ ਜਿਨ•ਾਂ ਵਿਚ ਸੁਖਦਰਸ਼ਨ ਸਿੰਘ ਤੇ ਪਰਦਰਸ਼ਨ ਸਿੰਘ (ਸਕੇ ਭਰਾ) ਅਤੇ ਜੀਵਨ ਸਿੰਘ ਸ਼ਾਮਿਲ ਹਨ। ਐਸ.ਐਸ.ਪੀ ਮਾਨਸਾ ਪਰਮਬੀਰ ਸਿੰਘ ਪਰਮਾਰ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੇ ਜੇਲ• ਜਾਣ ਮਗਰੋਂ ਤਿੰਨੋ ਗੰਨਮੈਨ ਵਾਪਸ ਬੁਲਾ ਲਏ ਸਨ।
                   ਐੇਸ.ਪੀ (ਸਥਾਨਿਕ) ਮਾਨਸਾ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਪਰੋਂ ਸੁਰੱਖਿਆ ਵਿੰਗ ਦੇ ਹੁਕਮਾਂ 'ਤੇ ਹੀ ਹਰ ਗੰਨਮੈਨ ਨੂੰ ਦੋ ਦੋ ਹਥਿਆਰ (ਕਾਰਬਾਈਨ ਤੇ ਪਿਸਟਲ) ਦਿੱਤੇ ਹੋਏ ਸਨ, ਜੋ ਹੁਣ ਵਾਪਸ ਜਮ•ਾ ਕਰਾ ਲਏ ਗਏ ਹਨ। ਸੰਗਰੂਰ ਪੁਲੀਸ ਦਾ ਯਾਦਵਿੰਦਰ ਸਿੰਘ ਵੀ ਅਸਾਲਟ ਤੇ ਪਿਸਟਲ ਸਮੇਤ ਡੇਰਾ ਮੁਖੀ ਨਾਲ ਤਾਇਨਾਤ ਸੀ ਜੋ 26 ਅਗਸਤ ਨੂੰ ਵਾਪਸ ਆ ਗਿਆ ਹੈ।  ਇਵੇਂ ਪਟਿਆਲਾ ਪੁਲੀਸ ਦੇ ਦੋ ਗੰਨਮੈਨ ਸਤਬੀਰ ਸਿੰਘ ਅਤੇ ਕਰਮਜੀਤ ਸਿੰਘ ਡੇਰਾ ਮੁਖੀ ਨਾਲ ਤਾਇਨਾਤ ਸੀ ਅਤੇ ਇਨ•ਾਂ ਦੋਵਾਂ ਗੰਨਮੈਨਾਂ ਨੂੰ ਚਾਰ ਹਥਿਆਰ ਜਾਰੀ ਕੀਤੇ ਹੋਏ ਸਨ। ਐਸ.ਪੀ (ਸਥਾਨਿਕ) ਅਮਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਗੰਨਮੈਨ ਕਰਮਜੀਤ ਸਿੰਘ ਵਾਪਸ ਆ ਗਿਆ ਹੈ ਜਦੋਂ ਕਿ ਸਤਬੀਰ ਸਿੰਘ 26 ਅਗਸਤ ਤੋਂ ਗੈਰਹਾਜ਼ਰ ਹੋ ਗਿਆ ਹੈ। ਏ.ਡੀ.ਜੀ.ਪੀ (ਸੁਰੱਖਿਆ) ਤਰਫ਼ੋਂ ਹੀ ਇਨ•ਾਂ ਦੇ ਹੁਕਮ ਜਾਰੀ ਹੋਏ ਸਨ। ਸੂਤਰ ਦੱਸਦੇ ਹਨ ਕਿ ਇਨ•ਾਂ ਤੋਂ ਬਿਨ•ਾਂ ਦੋ ਹੋਰ ਗੰਨਮੈਨਾਂ ਸਮੇਤ ਕੁਝ ਕਮਾਂਡੋਜ ਵੀ ਤਾਇਨਾਤ ਸਨ, ਜਿਨ•ਾਂ ਦੀ ਸਰਕਾਰੀ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ।  ਦੂਸਰੀ ਤਰਫ਼ ਪੰਜਾਬ ਦੇ ਬਹੁਤੇ ਥਾਣੇ ਏਕੇ-47 ਬਿਨ•ਾਂ ਖਾਲੀ ਪਏ ਹਨ ਅਤੇ ਬਠਿੰਡਾ ਜ਼ਿਲ•ੇ ਦੇ ਕਿਸੇ ਵੀ ਥਾਣੇ ਵਿਚ ਅਸਾਲਟ ਨਹੀਂ ਹੈ। ਹਾਕਮ ਧਿਰ ਤਰਫ਼ੋਂ ਨਿਯਮਾਂ ਦੀ ਅਣਦੇਖੀ ਕਰਕੇ ਡੇਰਾ ਮੁਖੀ 'ਤੇ ਹਰ ਤਰ•ਾਂ ਦੀ 'ਮਿਹਰ' ਕੀਤੀ ਜਾਂਦੀ ਰਹੀ ਹੈ।

1 comment:

  1. VERY DARING AND COMMENDABLE JOB BHA JEE.KEEP IT UP...KEEP SHARING...PLS ADD TWO MORE NOS.9872085885 MR.L.R.NAYYAR AND 7015066656 MR.VARINDER SANEHI..DABWALI.

    ReplyDelete