Tuesday, August 15, 2017

                                        ਬੁੱਤ ਬੋਲਣਗੇ              
           ਸਰਕਾਰ ਹੋਈ ਬੁੱਤ ,ਜਾਗੇ ਸ਼ਹੀਦਾਂ ਦੇ ਪੁੱਤ
                                     ਚਰਨਜੀਤ ਭੁੱਲਰ
ਬਠਿੰਡਾ : ਜਦੋਂ ਸਰਕਾਰਾਂ ਬੁੱਤ ਹੋ ਜਾਣ ਤਾਂ ਪਰਿਵਾਰਾਂ ਨੂੰ ਦਿਹਾੜੀ ਕਰ ਕਰ ਕੇ ਸ਼ਹੀਦਾਂ ਦੇ ਬੁੱਤ ਲਾਉਣੇ ਪੈਂਦੇ ਹਨ। ਨੇਤਾ ਆਪਣੇ ਬਣ ਜਾਂਦੇ ਤਾਂ ਕੋਈ ਸ਼ਿਕਵਾ ਨਹੀਂ ਹੋਣਾ ਸੀ। ਜਦੋਂ ਹਕੂਮਤਾਂ ਨੇ ਹਰਾ ਦਿੱਤਾ ਤਾਂ ਪੁੱਤਰਾਂ ਨੇ ਮਜ਼ਦੂਰੀ ਕਰ ਕਰ ਕੇ ਸ਼ਹੀਦ ਬਾਪ ਦੇ ਬੁੱਤ ਲਗਾ ਦਿੱਤੇ। ਬਰਨਾਲਾ ਦੇ ਪਿੰਡ ਘੁੰਨਸ ਦੇ ਸ਼ਹੀਦ ਸਿਪਾਹੀ ਦਲੀਪ ਸਿੰਘ ਦੇ ਪਰਿਵਾਰ ਨੂੰ ਲੀਡਰਾਂ ਨੇ ਜਦੋਂ ਠਿੱਠ ਕੀਤਾ ਤਾਂ ਉਨ•ਾਂ ਖੁਦ ਬੁੱਤ ਲਾਉਣ ਦੀ ਠਾਣ ਲਈ। ਇੱਕ ਮੁੱਖ ਸੰਸਦੀ ਸਕੱਤਰ ਨੇ ਸ਼ਹੀਦ ਦੇ ਬੁੱਤ ਦਾ ਕੰਮ ਸ਼ੁਰੂ ਕਰਾ ਦਿੱਤਾ ਅਤੇ ਬੁੱਤ ਦਾ ਆਰਡਰ ਕਰ ਦਿੱਤਾ। ਜਦੋਂ ਪੈਸੇ ਦੇਣ ਦੀ ਗੱਲ ਆਈ ਤਾਂ ਪਾਸਾ ਵੱਟ ਲਿਆ। ਘੁੰਨਸ ਦਾ ਦਲੀਪ ਸਿੰਘ 12 ਦਸੰਬਰ 1971 ਵਿਚ ਸ਼ਹੀਦ ਹੋ ਗਿਆ ਸੀ। ਸ਼ਹੀਦ ਦਾ ਭਤੀਜਾ ਮੰਦਰ ਸਿੰਘ ਦੱਸਦਾ ਹੈ ਕਿ ਜਦੋਂ ਬੁੱਤ ਲਈ ਨੇਤਾ ਨੇ ਪੈਸੇ ਦੇਣ ਤੋਂ ਹੱਥ ਖੜ•ੇ ਕਰ ਦਿੱਤੇ ਤਾਂ ਉਨ•ਾਂ ਨੇ ਚਾਰ ਲੱਖ ਦਾ ਕਰਜ਼ਾ ਚੁੱਕਿਆ ਅਤੇ ਬੁੱਤ ਲਾਉਣ ਲਈ ਜਗ•ਾ ਖਰੀਦੀ। ਉਸ ਮਗਰੋਂ ਚਾਰੋ ਭਤੀਜਿਆਂ ਨੇ ਦਿਹਾੜੀਆਂ ਕਰਕੇ ਪੈਸੇ ਜੋੜੇ ਅਤੇ ਅਖੀਰ ਕਰੀਬ ਸਮੇਤ ਪਲਾਟ ਅੱਠ ਲੱਖ ਦੀ ਲਾਗਤ ਨਾਲ ਬੁੱਤ ਲਗਾ ਦਿੱਤਾ। ਮੰਦਰ ਸਿੰਘ ਦੱਸਦਾ ਹੈ ਕਿ ਉਹ ਹੁਣ ਮਜ਼ਦੂਰੀ ਕਰਕੇ ਕਰਜ਼ਾ ਉਤਾਰ ਦੇਣਗੇ। ਘੁੰਨਸ ਦੇ ਯੁਵਕ ਭਲਾਈ ਕਲੱਬ ਨੇ ਵੀ ਮਦਦ ਕੀਤੀ। ਪਰਿਵਾਰ ਆਖਦਾ ਹੈ ਕਿ ਉਹ ਆਜ਼ਾਦੀ ਦਿਹਾੜੇ ਤੇ ਸਮਾਗਮ ਕਰਨਗੇ।
                         ਸੰਗਰੂਰ ਦੇ ਪਿੰਡ ਡਸਕਾ ਦੇ ਨਾਇਕ ਗੁਰਬਚਨ ਸਿੰਘ ਦੀ ਵਿਧਵਾ ਰੂਪ ਕੌਰ ਨੂੰ ਸ਼ਹੀਦ ਪਤੀ ਦੀ ਨਿਸ਼ਾਨੀ ਲਈ ਹਰ ਸਰਕਾਰ ਦੇ ਬੂਹੇ ਤੇ ਜਾਣਾ ਪਿਆ। ਉਸ ਨੂੰ ਕੇਂਦਰ ਸਰਕਾਰ ਨੇ ਸੈਨਾ ਮੈਡਲ ਤਾਂ ਦਿੱਤਾ ਪ੍ਰੰਤੂ ਰਾਜ ਸਰਕਾਰ ਨੇ ਸ਼ਹੀਦ ਨੂੰ ਬੁੱਤ ਜੋਗਾ ਵੀ ਨਹੀਂ ਸਮਝਿਆ। ਵਿਧਵਾ ਕੋਲ ਸ਼ਹੀਦ ਦੀ ਇੱਕ ਚਿੱਠੀ ਤੇ ਫੌਜੀ ਵਰਦੀ ਬਚੀ ਹੈ। ਜਦੋਂ ਗੋਦ ਲਿਆ ਪੁੱਤ ਟਹਿਲ ਸਿੰਘ ਜਵਾਨ ਹੋਇਆ ਤਾਂ ਉਸ ਨੇ ਕਸਮ ਖਾ ਲਈ। ਪੁੱਤ ਨੇ ਟਰੈਕਟਰ ਤੇ ਡਰਾਇਵਰੀ ਕਰ ਕਰ ਕੇ ਪੈਸੇ ਜੋੜੇ ਅਤੇ ਜੈਪੁਰ ਤੋਂ ਸ਼ਹੀਦ ਬਾਪ ਦਾ ਬੁੱਤ ਬਣਾ ਲਿਆ। ਪੰਚਾਇਤ ਨੇ ਜਗ•ਾ ਦੇ ਦਿੱਤੀ ਅਤੇ ਟਹਿਲ ਸਿੰਘ ਨੇ ਆਪਣੀ ਮਾਂ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ। ਪਰਿਵਾਰ ਦੱਸਦਾ ਹੈ ਕਿ ਸਾਲ 2004 ਵਿਚ ਸਰਕਾਰ ਵਲੋਂ ਐਲਾਨੀ ਰਾਸ਼ੀ ਹਾਲੇ ਤੱਕ ਨਹੀਂ ਪੁੱਜੀ ਹੈ। ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੇ ਅਰਸ਼ਿੰਦਰ ਸਿੰਘ ਨੇ ਸ਼ਹੀਦ ਬਾਪ ਹਵਾਲਦਾਰ ਧਰਮਪਾਲ ਸਿੰਘ ਦਾ ਖੁਦ ਪਿੰਡ 'ਚ ਇੱਕ ਆਖਰੀ ਨਿਸ਼ਾਨੀ ਵਜੋਂ ਬੁੱਤ ਲਾਇਆ ਹੈ। ਵਿਧਵਾ ਪਾਲ ਕੌਰ ਕਰੀਬ 45 ਵਰੇ• ਤੋਂ ਬਰਸੀ ਮਨਾਉਂਦੀ ਆ ਰਹੀ ਹੈ। ਧਰਮਪਾਲ ਸਿੰਘ ਨੇ ਪਾਕਿ ਨਾਲ ਦੋ ਜੰਗਾਂ ਲੜੀਆਂ ਹਨ। ਅਰਸ਼ਇੰਦਰ ਦੱਸਦਾ ਹੈ ਕਿ ਜਦੋਂ ਸਰਕਾਰ ਨੇ ਪੱਲਾ ਨਾ ਫੜਾਇਆ ਤਾਂ ਉਸ ਨੇ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ। ਜਦੋਂ 60 ਹਜ਼ਾਰ ਇਕੱਠੇ ਹੋ ਗਏ ਤਾਂ ਉਸ ਨੇ ਬਾਪ ਦਾ ਬੁੱਤ ਬਣਾ ਲਿਆ। ਪੰਚਾਇਤ ਨੇ ਜਗ•ਾ ਦੇ ਦਿੱਤੀ।
                      ਉਸ ਨੂੰ ਸ਼ਿਕਵਾ ਹੈ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਮੁੱਖ ਗੇਟ ਤੋਂ ਉਸ ਦੇ ਬਾਪ ਦਾ ਨਾਮ ਹੁਣ ਗਾਇਬ ਹੋ ਗਿਆ ਹੈ। ਹੁਣ ਹਵਾਲਦਾਰ ਧਰਮਪਾਲ ਸਿੰਘ ਦੇ ਪਾਕਿਸਤਾਨ ਜੇਲ• ਵਿਚ ਜਿੰਦਾ ਹੋਣ ਦੀ ਭਿਣਕ ਨੇ ਪਰਿਵਾਰ ਦੀ ਉਮੀਦ ਜਗਾ ਦਿੱਤੀ ਹੈ। ਇਵੇਂ ਹੀ ਮੋਗਾ ਪਿੰਡ ਰਾਮੂੰਵਾਲਾ ਨਵਾਂ ਵਿਚ ਵੀ ਸ਼ਹੀਦ ਦੇ ਪਰਿਵਾਰ ਨਾਲ ਲੀਡਰਾਂ ਨੇ ਟਿੱਚਰਾਂ ਹੀ ਕੀਤੀਆਂ। ਸ਼ਹੀਦ ਰਘਬੀਰ ਸਿੰਘ ਜੰਮੂ ਸੈਕਟਰ ਵਿਚ ਸ਼ਹੀਦ ਹੋ ਗਿਆ ਸੀ। 17 ਸਾਲ ਪਹਿਲਾਂ ਇੱਕ ਮੰਤਰੀ ਨੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਅਤੇ ਇੱਕ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਸੀ ਪ੍ਰੰਤੂ ਇਹ ਵਾਅਦਾ ਵਫ਼ਾ ਨਾ ਹੋਇਆ। ਅਖੀਰ ਹੁਣ ਸ਼ਹੀਦ ਦੇ ਪਰਿਵਾਰ ਨੇ ਪਿੰਡ ਵਿਚ ਯਾਦਗਾਰੀ ਬਣਾਉਣੀ ਸ਼ੁਰੂ ਕੀਤੀ ਹੈ। ਸ਼ਹੀਦ ਦੇ ਪਿਤਾ ਅਮਰੀਕ ਸਿੰਘ ਅਨੁਸਾਰ ਯਾਦਗਾਰ ਤੇ ਕਰੀਬ ਤਿੰਨ ਲੱਖ ਖਰਚ ਆਉਣੇ ਹਨ ਜੋ ਪਰਿਵਾਰ ਪੱਲਿਓਂ ਖਰਚ ਕਰ ਰਿਹਾ ਹੈ। ਪੰਚਾਇਤ ਨੇ ਪੰਜ ਮਰਲੇ ਜਗ•ਾ ਦੇ ਦਿੱਤੀ ਤੇ ਇਹ ਯਾਦਗਾਰ ਉਸਰ ਗਈ। ਕਾਰਗਿਲ ਜੰਗ ਦੇ ਪਹਿਲੇ ਸ਼ਹੀਦ ਅਜੇ ਆਹੂਜਾ ਦੇ ਪਰਿਵਾਰ ਨੂੰ ਇੱਕ ਬੁੱਤ ਹੀ ਨਸੀਬ ਨਹੀਂ ਹੋਇਆ ਹੈ। ਹਵਾਈ ਫੌਜ ਦਾ ਸੁਕੈਅਡਰਨ ਲੀਡਰ ਅਜੇ ਆਹੂਜਾ 27 ਮਈ 1999 ਨੂੰ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਿਆ ਸੀ।
                        ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਤੇ ਰੈਡ ਕਰਾਸ ਬਠਿੰਡਾ ਨੇ 50 ਹਜ਼ਾਰ ਦਾ ਡਰਾਫਟ ਬਣਾ ਕੇ ਦਿੱਲੀ ਦੀ ਫਰਮ ਨੂੰ ਬੁੱਤ ਆਰਡਰ ਕਰ ਦਿੱਤਾ ਸੀ। ਅੱਜ ਤੱਕ ਨਾ ਬੁੱਤ ਆਇਆ ਹੈ। ਸ਼ਹੀਦ ਦਾ ਇਕਲੌਤਾ ਅੰਕੁਸ਼ ਆਹੂਜਾ 18 ਵਰਿ•ਆਂ ਤੋਂ ਬੁੱਤ ਨੂੰ ਉਡੀਕ ਰਿਹਾ ਹੈ। ਪਿੰਡ ਜੈਮਲ ਸਿੰਘ ਵਾਲਾ ਦੇ ਬੁੱਤਸਾਜ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਕਰੀਬ ਦਰਜਨ ਪਰਿਵਾਰ ਖੁਦ ਸ਼ਹੀਦਾਂ ਦੇ ਬੁੱਤ ਉਸ ਕੋਲੋ ਤਿਆਰ ਕਰਾ ਚੁੱਕੇ ਹਨ ਜਿਨ•ਾਂ ਤੋਂ ਸਰਕਾਰਾਂ ਨੇ ਮੁੱਖ ਮੋੜ ਲਿਆ ਸੀ। ਉਨ•ਾਂ ਦੱਸਿਆ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੇ ਪਰਿਵਾਰ ਆਖਦੇ ਹਨ ਕਿ ਜਦੋਂ ਸ਼ਹੀਦਾਂ ਦੇ ਬੁੱਤ ਬੋਲਣਗੇ ਤਾਂ ਇਨ•ਾਂ ਆਜ਼ਾਦੀ ਦਿਹਾੜੇ ਲੰਮੇ ਚੌੜੇ ਭਾਸ਼ਨ ਕਰਨ ਵਾਲੇ ਲੀਡਰਾਂ ਨੂੰ ਥਾਂ ਨਹੀਂ ਲੱਭਣੀ।
                                                ਸੰਸਦ ਮੈਂਬਰ ਨਹੀਂ ਦੇ ਸਕਦੇ ਫੰਡ
'ਆਪ' ਦੇ ਕਨਵੀਨਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਸੰਸਦੀ ਕੋਟੇ ਦੇ ਫੰਡਾਂ ਚੋਂ ਉਹ ਸ਼ਹੀਦਾਂ ਦੀ ਯਾਦਗਾਰ ਅਤੇ ਬੁੱਤ ਲਈ ਕੋਈ ਪੈਸਾ ਨਹੀਂ ਦੇ ਸਕਦੇ ਹਨ ਅਤੇ ਐਮ.ਪੀ ਲੈਡਜ਼ ਦੇ ਨੇਮ ਇਸ ਦੀ ਇਜਾਜ਼ਤ ਨਹੀਂ ਦਿੰਦੇ ਹਨ। ਕੇਂਦਰ ਨੂੰ ਇਨ•ਾਂ ਨੇਮਾਂ ਵਿਚ ਢਿੱਲ ਦੇਣੀ ਚਾਹੀਦੀ ਹੈ ਕਿਉਂਕਿ ਸ਼ਹੀਦਾਂ ਦੀ ਬਦੌਲਤ ਹੀ ਉਹ ਆਜ਼ਾਦੀ ਮਾਣ ਰਹੇ ਹਨ।

1 comment: