Sunday, May 17, 2020

                      ਵਿਚਲੀ ਗੱਲ
           ਮਾਂ ! ਪਿੰਡ ਕਦੋਂ ਆਊ...
                     ਚਰਨਜੀਤ ਭੁੱਲਰ
ਚੰਡੀਗੜ੍ਹ : ਜੋਤਸ਼ੀ ਇੰਝ ਟੇਵੇਂ ਲਾ ਰਹੇ ਨੇ, ‘ਸਮਾਂ ਠੀਕ ਨਹੀਂ ਚੱਲ ਰਿਹਾ, ਗ੍ਰਹਿ ਚਾਲ ਨੂੰ ਸਮਝੋ।’ ਬਾਬਿਆਂ ਦੇ ਪ੍ਰਵਚਨ ਸੁਣੋ, ‘ਦੋ ਵਕਤ ਦੀ ਰੋਟੀ ਤੋਂ ਜੋ ਵੱਧ ਹੈ, ਉਹ ਸਭ ਪਾਪ ਦੀ ਪੰਡ ਏ।’ ਕਾਮਰੇਡੀ ਫਾਰਮੂਲਾ ਵੀ ਸਮਝੋ, ‘ਇੱਕ ਦੀ ਅਮੀਰੀ ਪਿੱਛੇ ਲੱਖਾਂ ਦੀ ਗਰੀਬੀ ਛੁਪੀ ਹੁੰਦੀ ਹੈ।’ ਦਿੱਲੀ ਦੀ ਨਸੀਹਤ ਪੱਲੇ ਬੰਨ੍ਹੋ, ‘ਘਰਾਂ ’ਚ ਰਹੋ, ਸੁਰੱਖਿਅਤ ਰਹੋ।’ ਘਰਾਂ ਦੇ ਸਿਰਨਾਵੇਂ ਗੁਆਚੇ ਨੇ, ਸੜਕਾਂ ’ਤੇ ਯਮਦੂਤ ਦਾ ਪਹਿਰੈ। ਵਸਦਿਆਂ ਦਾ ਪਿੰਡ ਹੁੰਦੈ। ਰਾਤਾਂ ਦੇ ਮੁਸਾਫ਼ਰਾਂ ਦੇ, ਦਿਲਾਂ ’ਚ ਤਾਂਘ, ਢਿੱਡ ਖਾਲੀ ਨੇ। ਰਾਮ ਨਾਮ ਕਿਥੋਂ ਜਪਣ। ਜਰਨੈਲੀ ਸੜਕਾਂ ’ਤੇ ਮੌਤ ਖੰਘੂਰੇ ਮਾਰ ਰਹੀ ਹੈ। ਸਿਰਾਂ ’ਤੇ ਗੱਠੜੀ, ਅੱਖਾਂ ’ਚ ਅੱਥਰੂ, ਦਿਲਾਂ ’ਚ ਹਉਕੇ, ਹਵਾਈ ਚੱਪਲਾਂ ਦੇ ਘਾਸੇ ਤੇ ਪੈਰਾਂ ’ਚ ਛਾਲੇ। ਕੰਧਾੜੇ ਚੁੱਕੇ ਬੱਚੇ, ਵਾਰ ਵਾਰ ਪੁੱਛਦੇ ਨੇ, ਮਾਂ! ਪਿੰਡ ਕਦੋਂ ਆਊ। ਕਾਲੀਆਂ ਸੜਕਾਂ ਮੁੱਕਣ ’ਚ ਨਹੀਂ ਆ ਰਹੀਆਂ। ਭੈਅ ਨੇ ਕਿਥੋਂ ਮੁੱਕਣੈ। ਇੱਕ ਕਰੋਨਾ ਦਾ ਖ਼ੌਫ, ਉਪਰੋਂ ਪੁਲੀਸ ਦਾ ਡੰਡਾ ਤੇ ਤੀਜਾ ਮੌਤ ਦਾ ਡਰ। ਆਲ੍ਹਣੇ ਉਡੀਕ ਰਹੇ ਨੇ, ਚੋਗਾ ਛੱਡ ਸਿਰਨਾਵੇਂ ਮੁੜ ਰਹੇ ਨੇ। ਸੜਕਾਂ ਉਦਾਸ ਨੇ, ਬੱਸ ਉਮੀਦ ਬਚੀ ਹੈ। ਯੂਪੀ, ਬਿਹਾਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ ਤੇ ਪੰਜਾਬ। ਜਿੱਧਰ ਵੀ ਦੇਖੋ, ਪਰਵਾਸੀ ਕਾਮਿਆਂ ਦਾ ਹੜ੍ਹ ਆਇਐ। ਲੰਘੇ ਬਾਰਾਂ ਘੰਟੇ, ਮੌਤ ਦੀ ਬਾਘੀ ਪਈ। ਯੂਪੀ ’ਚ 24 ਤੇ ਮੱਧ ਪ੍ਰਦੇਸ਼ ’ਚ ਛੇ ਮਜ਼ਦੂਰ ਜ਼ਿੰਦਗੀ ਤੋਂ ਹੱਥ ਧੋ ਬੈਠੇ। ਆਗਰਾ ’ਚ ਮਜ਼ਦੂਰ ਜੋੜੇ ਨੇ ਸਾਹ ਤਿਆਗੇ। ਬੱਚਾ ਲਾਸ਼ਾਂ ਕੋਲ ਵਿਲਕਦਾ ਰਿਹਾ। ਸੰਤਾਲੀ ਦਾ ਮੰਜ਼ਰ ਅੱਖਾਂ ਅੱਗੇ ਘੁੰਮਿਐ। ਪਣਡੁੱਬੀਆਂ ਸਰਕਾਰ ਬਣਾ ਸਕਦੀ ਹੈ। ਹਵਾ ਚੀਰਦੇ ਜਹਾਜ਼ ਬਣਾ ਸਕਦੀ ਹੈ। ਚੰਨ ’ਤੇ ਰਾਕੇਟ ਲਿਜਾ ਸਕਦੀ ਹੈ। ਕਾਮਿਆਂ ਨੂੰ ਘਰ ਪਹੁੰਚਾਉਣਾ ਅੌਖੈ।
                ਮਜਾਜ਼ ਲਖਨਵੀ ਨੇ ਹਾਅ ਦਾ ਨਾਅਰਾ ਮਾਰਿਐ, ‘ਮਿਹਨਤ ਸੇ ਯੇ ਮਾਨਾ ਚੂਰ ਹੈਂ ਹਮ, ਆਰਾਮ ਸੇ ਕੋਸੋ ਦੂਰ ਹੈਂ ਹਮ, ਪਰ ਚਲਨੇ ਪਰ ਮਜਬੂਰ ਹੈਂ ਹਮ, ਮਜ਼ਦੂਰ ਹੈਂ ਹਮ, ਮਜ਼ਦੂਰ ਹੈਂ ਹਮ।’ ਕੇਂਦਰੀ ਗ੍ਰਹਿ ਮੰਤਰਾਲਾ ਆਖਦੈ ‘ਕੋਈ ਸੜਕ ’ਤੇ ਨਹੀਂ ਚੱਲੇਗਾ।’ ਕਿਰਤੀ ਲਈ ਦੇਸ ਪਰਦੇਸ ਹੋਇਐ। ਉਲਾਂਭੇ ਰੱਬ ਨੂੰ ਵੀ ਕਾਹਦੇ।ਰੀਓ ਡੀ ਜਨੇਰੀਓ (ਬ੍ਰਾਜ਼ੀਲ) ’ਚ ਜੀਸਸ ਦੀ ਵੱਡੀ ਮੂਰਤੀ ਹੈ। ਮੂਰਤੀ ’ਤੇ ਕੋਈ ਵੱਡੇ ਅੱਖਰਾਂ ’ਚ ਲਿਖ ਗਿਐ ‘ਭੁੱਖ’। ਜੀਸਸ ਨੂੰ ਉਲਾਂਭਾ ਚੁਭਣ ਲੱਗੈ। ਦਿੱਲੀਓਂ ਜੋ ਸੜਕਾਂ ’ਤੇ ਤੁਰੇ ਨੇ। ਇਸੇ ਭੁੱਖ ਦੇ ਸਿਰਨਾਵੇਂ ਨੇ। ਕੇਂਦਰ ਦੇ ਰਾਡਾਰ ’ਤੇ ਕਿਉਂ ਨਹੀਂ ਆ ਰਹੇ। ਅਨਾਜ ਭਰੇ ਗੁਦਾਮ, ਅਫ਼ਸਰਾਂ ਦੇ ਦਬਕੇ, ਮੰਜ਼ਿਲਾਂ ਦੀ ਦੂਰੀ, ਇਹੋ ਬੇਗਾਨਗੀ ਦਾ ਅਹਿਸਾਸ, ਪਸਤ ਕਰ ਰਿਹਾ ਹੈ। ਕਿਸੇ ਲਈ ਬੱਸਾਂ ਕਿਸੇ ਲਈ ਟਰੇਨਾਂ। ਜਲੰਧਰੋਂ ਤੁਰਿਆਂ ਦੇ ਹਿੱਸੇ ਸਾਈਕਲ ਆਏ। ਇਨ੍ਹਾਂ ਸੜਕਾਂ ਨੇ ਬਟਵਾਰੇ ਝੱਲੇ, ਨਾਦਰ ਤੇ ਅਬਦਾਲੀ ਝੱਲੇ, ਹਜੂਮੀ ਹਿੰਸਾ, ਪਤਾ ਨਹੀਂ ਕਿੰਨੇ ਹੋਰ ਝੱਖੜ ਝੱਲੇ, ਹੁਣ ਨੰਨ੍ਹੇ-ਮੁੰਨੇ ਨਹੀਂ ਝੱਲੇ ਜਾ ਰਹੇ। ਨਾਸਿਕ ਤੋਂ ਗਰਭਵਤੀ ਸ਼ਕੁੰਤਲਾ ਮੱਧ ਪ੍ਰਦੇਸ਼ ਲਈ ਤੁਰੀ। 60 ਕਿਲੋਮੀਟਰ ਮਗਰੋਂ ਪੀੜਾਂ ਸ਼ੁਰੂ। ਸੜਕ ਕਿਨਾਰੇ ਬੱਚੇ ਨੂੰ ਜਨਮ ਦਿੱਤਾ। ਦੋ ਘੰਟਿਆਂ ਮਗਰੋਂ ਮੁੜ 160 ਕਿਲੋਮੀਟਰ ਚੱਲੀ। ਬੱਚੇ ਦਾ ਜਨਮ ਸਥਾਨ ‘ਜਰਨੈਲੀ ਸੜਕ’ ਬਣ ਗਈ। ਬੱਚਾ ਬੋਲ ਸਕਦਾ, ਰੱਬ ਨੂੰ ਜ਼ਰੂਰ ਮਿਹਣਾ ਦਿੰਦਾ, ‘ਤੇਰੀ ਦੁਨੀਆ ਲੱਭੀ ਨਹੀਂ, ਜਿੱਦਾਂ ਦੀ ਤੂੰ ਦੱਸਦੈਂ।’ ਚੰਡੀਗੜ੍ਹ ਤੋਂ ਗਰਭਵਤੀ ਮਾਨ ਕੁਮਾਰੀ ਤੁਰੀ। ਰੁੜਕੀ ਪੁੱਜੀ, ਦਰਦ ਸ਼ੁਰੂ ਹੋਇਆ, ਬੱਚੇ ਨੂੰ ਜਨਮ ਦਿੱਤਾ। ਗੋਦ ’ਚ ਲੈ ਕੇ 270 ਕਿਲੋਮੀਟਰ ਫਿਰ ਤੁਰਦੀ ਰਹੀ। ਜਦੋਂ ਅੱਖਾਂ ਖੁੱਲ੍ਹੀਆਂ, ਬੱਚਾ ਜ਼ਰੂਰ ਪੁੱਛੇਗਾ, ਮਾਂ ਕਦੋਂ ਤੱਕ ਚੱਲੇਂਗੀ।
                ਅੌਰੰਗਾਬਾਦ ’ਚ ਥੱਕ ਚੂਰ ਹੋਏ ਮਜ਼ਦੂਰ ਪਟੜੀ ’ਤੇ ਸੌਂ ਗਏ। ਰੇਲ ਜ਼ਿੰਦਗੀ ਫਨਾਹ ਕਰ ਗਈ। ਪੁਲੀਸ ਨੂੰ ਪਟੜੀ ਤੋਂ ਲੱਭੇ, ਬੇਹੀ ਰੋਟੀ ਦੇ ਟੁਕੜੇ। ਮੁਜ਼ੱਫਰਪੁਰ ’ਚ ਜ਼ਿੰਦਗੀ ਦਾ ਸਫ਼ਰ ਮੁਕਾ ਗਈ, ਰੋਡਵੇਜ਼ ਦੀ ਇੱਕ ਬੱਸ। ਛੇ ਮਜ਼ਦੂਰ ਫੌਤ ਹੋ ਗਏ, ਜੋ ਉਮੀਦਾਂ ਦੀ ਪੋਟਲੀ ਚੁੱਕ ਘਰਾਂ ਨੂੰ ਤੁਰੇ ਸਨ। ਵਾਰਿਸ ਤਮਾਮ ਉਮਰ ਸਿਰਨਾਵੇਂ ਲੱਭਣਗੇ। ਅਫ਼ਗਾਨੀ ਆਖਦੇ ਹਨ, ‘ਹਰੇਕ ਲਈ ਆਪਣਾ ਘਰ ਕਸ਼ਮੀਰ ਹੁੰਦਾ ਹੈ।’ ਕਿਤੇ ਪ੍ਰਧਾਨ ਮੰਤਰੀ ਇਹੋ ਖੁੰਦਕ ਤਾਂ ਨਹੀਂ ਕੱਢ ਰਹੇ। ਜਾਓ, ਕੋਈ ਮਾਅਨੇ ਸਮਝਾਓ।ਨਰਿੰਦਰ ਮੋਦੀ ਤਸਵੀਰਾਂ ’ਤੇ ਗੌਰ ਕਰਨ। ਗਰਭਵਤੀ ਮਾਂ ਕੋਲ ਬੈਠੀ ਐ, ਬ੍ਰੀਫਕੇਸ ’ਤੇ ਬੱਚਾ ਸੁੱਤੈ। ਇੰਝ ਲੱਗਦੈ ਜਿਵੇਂ ਬੱਚਾ ਨਹੀਂ, ਸਰਕਾਰ ਘੂਕ ਸੁੱਤੀ ਹੋਵੇ। ਦਿੱਲੀ ਦੇ ਪੁਲ ’ਤੇ ਬੈਠਾ ਰਾਮ ਗੋਪਾਲ, ਫੁੱਟ ਫੁੱਟ ਰੋਇਆ। ਘਰ ਲਈ ਤੁਰਿਆ, ਪੁਲੀਸ ਨੇ ਡੰਡੇ ਮਾਰ ਮੋੜ ਦਿੱਤਾ। ਘਰੋਂ ਖ਼ਬਰ ਆਈ, ਪੁੱਤ ਚੱਲ ਵਸਿਆ। ਬੇਵੱਸ ਮਜ਼ਦੂਰ ਕੋਲ ਇੱਕੋ ਹੱਕ ਬਚਿਐ। ਉਹ ਸਿਰਫ਼ ਰੋਣ ਦਾ ਹੱਕ। ਕਿਰਤਾਂ ਦੇ ਹੱਕਾਂ ਤੇ ਕਾਨੂੰਨਾਂ ’ਤੇ ਹੁਣੇ ਡਾਕੇ ਵੱਜੇ ਨੇ। ਅਗਲੀ ਤਸਵੀਰ ਵੀ ਵੇਖੋ..! ਭੁਪਾਲ ਦੇ ਮਜ਼ਦੂਰ ਰਾਹੁਲ ਦੀ। ਇੱਕ ਬਲਦ ਵਿਕ ਗਿਆ। ਇੰਦੌਰ ’ਚ ਗੱਡੇ ਦੇ ਇੱਕ ਪਾਸੇ ਬਲਦ ਜੁੜਿਆ, ਦੂਜੇ ਪਾਸੇ ਰਾਹੁਲ। ਗਊ ਦੇ ਜਾਏ ਨੂੰ ਧਰਤੀ ਵਿਹਲ ਨਾ ਦੇਵੇ।ਹੈਦਰਾਬਾਦ ਦਾ ਮਜ਼ਦੂਰ ਰਾਮੂ। ਸਭ ਵਸੀਲੇ ਮੁੱਕੇ ਤਾਂ ਇੱਕ ਲੱਕੜ ਤੇ ਬਾਂਸ ਦੀ ਛੋਟੀ ਗੱਡੀ ਬਣਾਈ। ਵਿਚ ਦੋ ਸਾਲ ਦੀ ਬੱਚੀ ਤੇ ਗਰਭਵਤੀ ਪਤਨੀ ਬਿਠਾਈ। 17 ਦਿਨ ਰੇਹੜੀ ਖਿੱਚਦਾ ਰਿਹਾ। 800 ਕਿਲੋਮੀਟਰ ਦਾ ਸਫ਼ਰ ਛੋਟਾ ਨਹੀਂ ਹੁੰਦਾ। ‘ਕਾਲ ਦੇ ਹੱਥ ਕਮਾਨ…’, ਬੱਚੇ ਤੇ ਬੁੱਢੇ ਬਿਨਾਂ ਕਸੂਰੋਂ ਉਖੇੜ ਦਿੱਤੇ।
               ਗੁਜਰਾਤ ਦਾ ਜ਼ਿਲ੍ਹਾ ਬਨਾਸਕਾਂਠਾ। ਜਿਥੇ ਇੱਕ ਲਾਵਾਰਿਸ ਬੱਚਾ, ਮੂਧੇ ਮੂੰਹ ਡਿੱਗਾ ਮਿਲਿਆ ਹੈ। ਸੈਂਕੜੇ ਮਜ਼ਦੂਰ ਜਹਾਨੋਂ ਰੁਖਸਤ ਹੋ ਗਏ, ਮੰਜ਼ਿਲ ਤੋਂ ਪਹਿਲਾਂ ਹੀ। ਪਿੰਡ ਦੀ ਮਿੱਟੀ ’ਚ ਖਾਕ ਹੋਈਏ, ਇੱਕੋ ਆਖਰੀ ਇੱਛਾ ਹੈ। ਮੌਤ ਲੱਕ ਨਾਲ ਬੰਨ੍ਹ ਤੁਰੇ ਜਾ ਰਹੇ ਨੇ। ਮਾਹੌਲ ਨੂੰ ਇੰਝ ਬਿਆਨ ਲਓ,‘ ਸ਼ਾਹ ਮੁਹੰਮਦਾ ਹੋਈ ਮੌਤ ਸਸਤੀ।’ ਯੂਨੀਸੈੱਫ ਨੇ ਡੱਗਾ ਲਾਇਐ। ਅਗਲੇ ਛੇ ਮਹੀਨੇ, ਪੰਜ ਸਾਲ ਤੱਕ ਦੇ ਬੱਚੇ, ਜ਼ਰਾ ਬਚ ਕੇ ਰਹਿਣ। ਭਾਰਤ ’ਚ ਤਿੰਨ ਲੱਖ ਬੱਚੇ ਸ਼ਿਕਾਰ ਹੋਣਗੇ। ਕੋਵਿਡ ਯੁੱਗ ’ਚ ਮਾਪੇ ਬੱਚਿਆਂ ਦਾ ਟੀਕਾਕਰਨ ਕਿਥੋਂ ਕਰਾਉਂਦੇ। ਗਰੀਬ ਦਾ ਖ਼ਜ਼ਾਨਾ ਤਾਂ ਬੱਚੇ ਹੁੰਦੇ ਹਨ। ਰੋਟੀ ਦੀ ਤਸਵੀਰ ਦਿਖਾ ਉਮੀਦ ਭਰ ਸਕਦੇ ਹੋ, ਬੱਚਿਆਂ ਦਾ ਢਿੱਡ ਨਹੀਂ। ਢਿੱਡ ਭਰਨ ਲਈ ਅੰਮ੍ਰਿਤਸਰ ’ਚ ਘੁੰਮਦੀ ਰਹੀ ਗਰਭਵਤੀ ਅੌਰਤ ਰਿਕਸ਼ਾ ਲੈ ਦਰ ਦਰ ਪੁੱਜੀ। ਨਿੱਕੇ ਨਿੱਕੇ ਪੈਰ ਵੀ ਰਾਹਾਂ ਦੇ ਪਾਂਧੀ ਬਣੇ ਹਨ। ਜਦੋਂ ਬੱਚੇ ਰੋਂਦੇ ਹਨ, ਚੱਲਣੋਂ ਨਾਂਹ ਕਰਦੇ ਹਨ। ਬਾਪ ਗੱਠੜੀ ਖੋਲ੍ਹਦੇ ਹਨ। ਰੇਡੀਓ ਕੱਢ ਚਲਾਉਂਦੇ ਹਨ। ਇਤਫ਼ਾਕ ਹੋ ਸਕਦੈ, ਅੱਗਿਓਂ ਗਾਣਾ ਵੱਜੇ, ‘ਨੰਨ੍ਹੇ-ਮੁੰਨੇ ਬੱਚੇ ਤੇਰੀ ਮੁੱਠੀ ਮੇ ਕਿਆ ਹੈ..!’ ਮਾਪੇ ਮਨੋ ਮਨ ਉਲਾਂਭਾ ਦਿੰਦੇ ਹੋਣਗੇ। ਮਜ਼ਦੂਰ ਦੀ ਮੁੱਠੀ ’ਚ ਕੀ ਹੋਣੈ, ਹੱਥਾਂ ’ਤੇ ਅੱਟਣ, ਉਂਗਲਾਂ ’ਤੇ ਜ਼ਖ਼ਮ। ਜੋਤਸ਼ੀ ਵੀ ਫੇਲ੍ਹ ਹੀ ਹੋਣਗੇ। ਰੁਜ਼ਗਾਰ ਖੁਸ ਗਏ, ਘਰਾਂ ਤੋਂ ਦੂਰ ਹਨ। ਬੱਚਿਆਂ ਦੇ ਅਰਮਾਨ ਵੀ ਛਿੱਲੇ ਗਏ ਹਨ। ਬੀਬੀ ਸੋਨੀਆ ਗਾਂਧੀ ਬੋਲੀ, ਕੋਈ ਦਿਲ ਹੌਲਾ ਨਾ ਕਰੇ। ਰੇਲ ਭਾੜਾ ਕਾਂਗਰਸ ਦੇਵੇਗੀ। ਬਾਕੀ ਪਤਾ ਨਹੀਂ, ਪੰਜਾਬ ’ਚ ਤਾਂ ਸਰਕਾਰ ਨੇ ਦਿੱਤੈ। ਬਠਿੰਡਾ ਜੰਕਸ਼ਨ ਤੋਂ ਜਦੋਂ ਟਰੇਨ ਚੱਲੀ। ਬੀਬੀ ਸੋਨੀਆ ਗਾਂਧੀ ਦਾ ਸਿਪਾਹੀ ਰਾਜਾ ਵੜਿੰਗ ਖੁਦ ਪੁੱਜਾ। ਕਾਂਗਰਸੀ ਮੇਅਰ ਪਟਿਆਲਾ ਸਟੇਸ਼ਨ ’ਤੇ ਡਟ ਗਿਆ। ’ਕੱਲੇ ’ਕੱਲੇ ਮਜ਼ਦੂਰ ਦੇ ਗੱਲ ਕੰਨੀ ਪਾਈ, ਥੋਡੇ ’ਤੇ ਏਹ ਕਿਰਪਾ ਬੀਬੀ ਜੀ ਦੀ ਹੋਈ ਹੈ, ਮੌਜਾਂ ਲੁੱਟੋ, ਬੁੱਲ੍ਹੇ ਵੰਡੋ।’
               ਪਿੰਡ ਬਾਦਲ ਵਾਲੇ ਬੀਬਾ ਜੀ ਭੜਕ ਉੱਠੇ। ਰੇਲ ਭਾੜੇ ’ਚ 85 ਫੀਸਦੀ ਛੋਟ ਤਾਂ ਸਾਡੇ ਮੋਦੀ ਜੀ ਨੇ ਦਿੱਤੀ ਹੈ, ਆਏ ਵੱਡੇ ਸਿਪਾਹੀ। ‘ਮਜ਼ਦੂਰਾਂ ਨੂੰ ਰਾਸ਼ਨ ਵੰਡੋ, ਮਸ਼ਹੂਰੀ ਵਾਲੇ ਪਰਚੇ ਨਹੀਂ।’ ਅਮਰਿੰਦਰ ਸਿਓਂ ਬੋਲੇ, ਬੀਬਾ ਜੀ, ਕੇਂਦਰ ਨੂੰ ਕਹੋ ਪਹਿਲਾਂ ਦਾਲ ਭੇਜੇ। ਅਕਾਲੀ ਸੋਚਣ ਲੱਗੇ, ਦਾਲ ’ਚ ਕੁਝ ਕਾਲੈ। ਖੁਰਾਕ ਮੰਤਰੀ ਆਸ਼ੂ ਕਹਿੰਦੇ, ਤੁਸੀਂ ਕਾਲੇ ਨੂੰ ਛੱਡੋ, ਦਾਲ ਦਾ ਪੂਰਾ ਟਰੱਕ ਹੀ ਖਰਾਬ ਨਿਕਲਿਐ। ਛੱਜੂ ਰਾਮ ਦਾ ਭੇਤ ਪਾਉਣਾ ਅੌਖੈ। ਜਰਨੈਲੀ ਸੜਕ ’ਤੇ ਟੈਂਟ ਲਾਇਐ। ਸੜਕਾਂ ’ਤੇ ਨਿਕਲੇ, ਭੁੱਖੇ ਨਾ ਜਾਣ, ਲੰਗਰ ਚਲਾਇਐ। ਲੰਗਰ ’ਚ ਕੀਰਤਨ ਚੱਲ ਰਿਹੈ। ਟੈਂਟ ਦੇ ਸਪੀਕਰਾਂ ’ਚ ਸੰਤ ਰਾਮ ਉਦਾਸੀ ਵੱਜ ਰਿਹੈ। ‘ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ, ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨੇਰਾ ਗਾੜ੍ਹਾ ਏ।’ ਟੈਂਟ ਅੱਗਿਓਂ ਕੋਈ ਪੈਦਲ ਲੰਘ ਰਿਹੈ ਤੇ ਕੋਈ ਸਾਈਕਲ ’ਤੇ।

1 comment: