Friday, May 1, 2020

                          ਨਾਂਦੇੜ ਦਾ ਸੱਚ
        ਇੰਦੌਰ ਤੋਂ ਲੱਗੀ ਕਰੋਨਾ ਲਾਗ !
                          ਚਰਨਜੀਤ ਭੁੱਲਰ
ਚੰਡੀਗੜ੍ਹ : ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ ਸ਼ਰਧਾਲੂਆਂ ਨੂੰ ਕਰੋਨਾਵਾਇਰਸ ਦੀ ਲਾਗ ਲੱਗਣ ਦਾ ਭੇਤ ਬਣ ਗਿਆ ਹੈ। ਪੰਜਾਬ ’ਚ ਪੁੱਜੇ ਜੋ ਸ਼ਰਧਾਲੂ ਹੁਣ ਟੈਸਟਾਂ ਦੌਰਾਨ ਪਾਜ਼ੇਟਿਵ ਨਿਕਲੇ ਹਨ, ਉਨ੍ਹਾਂ ਨੂੰ ਨਾਂਦੇੜ ਪ੍ਰਸ਼ਾਸਨ ਨੇ ਬਕਾਇਦਾ ਕਲੀਨ ਚਿੱਟ ਦਿੱਤੀ ਹੋਈ ਹੈ। ਬੇਸ਼ੱਕ ਮਹਾਰਾਸ਼ਟਰ ’ਚ ਕਰੋਨਾ ਦਾ ਕਹਿਰ ਸਿਖਰ ’ਤੇ ਹੈ ਪ੍ਰੰਤੂ ਜ਼ਿਲ੍ਹਾ ਨਾਂਦੇੜ ਵਿਚ ਹੁਣ ਤੱਕ ਕਰੋਨਾ ਦੇ ਸਿਰਫ਼ ਤਿੰਨ ਕੇਸ ਆਏ ਹਨ ਜਿਨ੍ਹਾਂ ਚੋਂ ਇੱਕ ਕਰੋਨਾ ਪਾਜ਼ੇਟਿਵ ਦੀ ਅੱਜ ਮੌਤ ਹੋ ਗਈ ਹੈ। ਨਾਂਦੇੜ ਪ੍ਰਸ਼ਾਸਨ ਨੇ ਉਲਟਾ ਅੱਜ ਪੰਜਾਬ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ।ਜ਼ਿਲ੍ਹਾ ਨਾਂਦੇੜ ਦੇ ਸਿਵਲ ਸਰਜਨ ਡਾ. ਨੀਲਕਾਂਤ ਭੋਸੀਕਰ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਿਆ ਕਿ ਜ਼ਿਲ੍ਹਾ ਨਾਂਦੇੜ ਵਿਚ ਕਰੋਨਾ ਦੇ ਤਿੰਨ ਪਾਜ਼ੇਟਿਵ ਕੇਸ ਆਏ ਹਨ ਜਿਨ੍ਹਾਂ ਚੋਂ ਅੱਜ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ 24 ਅਪਰੈਲ ਨੂੰ ਅਬਚਲ ਨਗਰ ਵਿਖੇ ਆਇਆ ਹਰਪ੍ਰੀਤ ਸਿੰਘ ਪਾਜ਼ੇਟਿਵ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜੋ ਸਿੱਖ ਸ਼ਰਧਾਲੂ ਪੰਜਾਬ ਵਾਪਸ ਪਰਤੇ ਹਨ, ਉਨ੍ਹਾਂ ਦਾ ਮੈਡੀਕਲ ਜਾਂਚ ਕੀਤੀ ਗਈ ਸੀ ਜਿਸ ’ਚ ਕੋਈ ਪਾਜ਼ੇਟਿਵ ਨਹੀਂ ਪਾਇਆ ਗਿਆ ਸੀ। ਨਾਂਦੇੜ ਕਾਰਪੋਰੇਸ਼ਨ ਦੇ ਡਾ. ਬਿਸ਼ੇਨ ਦਾ ਕਹਿਣਾ ਸੀ ਕਿ ਮੈਡੀਕਲ ਟੀਮ ਨੇ ਗੁਰਦੁਆਰਾ ਸਾਹਿਬ ਵਿਚ ਜਾ ਕੇ ਤਿੰਨ ਵਾਰ ਇਕੱਲੇ ਇਕੱਲੇ ਸ਼ਰਧਾਲੂ ਦੇ ਟੈਸਟ ਕੀਤੇ ਸਨ ਪ੍ਰੰਤੂ ਸਭ ਨੈਗੇਟਿਵ ਪਾਏ ਗਏ। ਉਨ੍ਹਾਂ ਕਿਹਾ ਕਿ ਪੰਜਾਬ ਪਰਤੇ ਲੋਕਾਂ ਨੂੰ ਰਸਤੇ ਵਿਚ ਕਿਧਰੋਂ ਲਾਗ ਲੱਗੀ ਹੋ ਸਕਦੀ ਹੈ।
       ਦੱਸਣਯੋਗ ਹੈ ਕਿ ਪੰਜਾਬ ਚੋਂ 25 ਅਪਰੈਲ ਨੂੰ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀਆਂ 80 ਬੱਸਾਂ ਨਾਂਦੇੜ ਸਾਹਿਬ ਗਈਆਂ ਸਨ ਜਿਨ੍ਹਾਂ ’ਚ ਕਰੀਬ 2400 ਸ਼ਰਧਾਲੂ ਵਾਪਸ ਪਰਤੇ ਸਨ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ’ਚ ਵੱਖਰੇ 325 ਦੇ ਕਰੀਬ ਸ਼ਰਧਾਲੂ ਠਹਿਰੇ ਹੋਏ ਸਨ ਜਿਨ੍ਹਾਂ ਨੂੰ ਤਖਤ ਸਾਹਿਬ ਤਰਫ਼ੋਂ ਪ੍ਰਾਈਵੇਟ ਬੱਸਾਂ ਦਾ ਇੰਤਜ਼ਾਮ ਕਰਕੇ ਅੰਮ੍ਰਿਤਸਰ,ਹਰਿਆਣਾ ਅਤੇ ਦਿੱਲੀ ਛੱਡਿਆ ਗਿਆ। ਗੁਰਦੁਆਰਾ ਲੰਗਰ ਸਾਹਿਬ ਵਿਚ ਕਰੀਬ ਤਿੰਨ ਹਜ਼ਾਰ ਸਰਧਾਲੂ ਠਹਿਰੇ ਹੋਏ ਸਨ ਜੋ 7 ਮਾਰਚ ਨੂੰ ਨਾਂਦੇੜ ਸਾਹਿਬ ਪੁੱਜੇ ਸਨ। ਪੰਜਾਬ ਦੇ ਸ਼ਰਧਾਲੂ ਵਾਪਸ ਪਰਤ ਆਏ ਹਨ ਜਦੋਂ ਕਿ ਦਿੱਲੀ, ਯੂ.ਪੀ ਅਤੇ ਹਰਿਆਣਾ ਦੇ ਕਰੀਬ 250 ਸਰਧਾਲੂ ਹਾਲੇ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਹਨ। ਗੁਰਦੁਆਰਾ ਲੰਗਰ ਸਾਹਿਬ ਦੇ ਪ੍ਰਬੰਧਕ ਬਾਬਾ ਬਲਵਿੰਦਰ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਸਰਾਂਵਾਂ ਵਿਚ ਸਾਰੇ ਸਰਧਾਲੂ ਠਹਿਰਾਏ ਹੋਏ ਸਨ ਜੋ ਕਰੀਬ ਡੇਢ ਮਹੀਨੇ ਤੋਂ ਰਹਿ ਰਹੇ ਸਨ ਜਿਨ੍ਹਾਂ ਦੇ ਤਿੰਨ ਵਾਰ ਟੈਸਟ ਵੀ ਕਰਾਏ ਗਏ ਅਤੇ ਸਭ ਟੈਸਟ ਨੈਗੇਟਿਵ ਆਏ ਸਨ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੀ ਲਾਗ ਰਸਤੇ ਵਿਚ ਹੀ ਪੰਜਾਬ ਦੇ ਸਰਧਾਲੂਆਂ ਨੂੰ ਲੱਗੀ ਹੋਵੇਗੀ ਕਿਉਂਕਿ ਸਰਧਾਲੂਆਂ ਨੇ ਇੰਦੌਰ ਵਿਚ ਲੰਗਰ ਛਕਿਆ ਸੀ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕਰੋਨਾ ਦੀ ਵੱਡੀ ਮਾਰ ਪਈ ਹੋਈ ਹੈ।
                ਵੇਰਵਿਆਂ ਅਨੁਸਾਰ ਸਿਰਸਾ ਦੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਤਰਫ਼ੋਂ ਪੰਜਾਬ ਦੇ ਇਨ੍ਹਾਂ ਸ਼ਰਧਾਲੂਆਂ ਲਈ ਇੰਦੌਰ ਲਾਗੇ ਪਿੰਡ ਸ਼ਿਮਰੋਲ ਵਿਚ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ। ਪੀ.ਆਰ.ਟੀ.ਸੀ ਦੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਮਰੋਲ ਵਿਖੇ ਬੱਸ ਅੰਦਰ ਹੀ ਲੰਗਰ ਮਿਲ ਗਿਆ ਸੀ ਅਤੇ ਇਸ ਤੋਂ ਇਲਾਵਾ ਰਸਤੇ ਵਿਚ ਕਿਧਰੇ ਹੋਰ ਬੱਸਾਂ ਰੁਕੀਆਂ ਨਹੀਂ ਹਨ। ਸੂਤਰ ਆਖਦੇ ਹਨ ਕਿ ਜੋ ਸਰਧਾਲੂ ਨਾਂਦੇੜ ਸਾਹਿਬ ਵਿਖੇ ਨੌ ਬਰ ਨੌ ਸਨ, ਉਹ ਪੰਜਾਬ ਪਰਤਣ ਮਗਰੋਂ ਕਿਵੇਂ ਪਾਜ਼ੇਟਿਵ ਆ ਗਏ ਹਨ। ਇਸ ਤੋਂ ਭੇਤ ਬਣ ਜਾਂਦਾ ਹੈ ਕਿ ਕਰੋਨਾ ਦੀ ਲਾਗ ਫਿਰ ਕਿਥੋਂ ਲੱਗੀ।ਦੱਸਣਯੋਗ ਹੈ ਕਿ ਜਦੋਂ ਨਾਂਦੇੜ ਸਾਹਿਬ ਵਿਚ ਫਸੇ ਸਰਧਾਲੂਆਂ ’ਤੇ ਸਿਆਸਤ ਭਾਰੂ ਹੋ ਗਈ ਤਾਂ ਉਦੋਂ ਪੰਜਾਬ ਸਰਕਾਰ ਨੇ ਵੀ ਸਰਧਾਲੂ ਵਾਪਸ ਲਿਆਉਣ ਲਈ ਟਿੱਲ ਲਾ ਦਿੱਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਮੁੱਖ ਮੁੱਦੇ ਦੇ ਤੌਰ ’ਤੇ ਚੁੱਕਿਆ ਸੀ। ਹੁਣ ਜਦੋਂ ਬਹੁਤੇ ਸਰਧਾਲੂ ਪਾਜ਼ੇਟਿਵ ਆ ਗਏ ਹਨ ਤਾਂ ਪੰਜਾਬ ਵਿਚ ਖ਼ੌਫ ਬਣ ਗਿਆ ਹੈ।
               ਸਭ ਸਰਧਾਲੂ ਹੁਣ ਇਕਾਂਤਵਾਸ ਕੀਤੇ ਗਏ ਹਨ ਜਿਨ੍ਹਾਂ ਵਿਚ 270 ਦੇ ਕਰੀਬ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਮੁਲਾਜ਼ਮ ਵੀ ਸ਼ਾਮਿਲ ਹਨ। ਲੁਧਿਆਣਾ ਤੇ ਤਰਨਤਾਰਨ ਵਿਚ ਜੋ ਸਰਕਾਰੀ ਬੱਸਾਂ ਖੜ੍ਹੀਆਂ ਹਨ, ਉਨ੍ਹਾਂ ਦੇ ਡਰਾਈਵਰਾਂ ਕੰਡਕਟਰਾਂ ਦੀ ਕੋਈ ਪੁੱਛਗਿੱਛ ਨਹੀਂ ਹੈ ਅਤੇ ਉਹ ਪ੍ਰੇਸ਼ਾਨੀ ਝੱਲ ਰਹੇ ਹਨ। ਇਕਾਂਤਵਾਸ ਕੇਂਦਰਾਂ ਵਿਚ ਪਿਆ ਸਟਾਫ ਵੀ ਅੌਖ ਵਿਚ ਹੈ ਜਿਨ੍ਹਾਂ ਦੀ ਮੰਗ ਹੈ ਕਿ ਸਟਾਫ ਨੂੰ ਬਾਕੀਆਂ ਨਾਲੋ ਵੱਖਰੇ ਤੌਰ ’ਤੇ ਰੱਖਿਆ ਜਾਵੇ। ਪੰਜਾਬ ਸਰਕਾਰ ਦੀ ਵੀ ਵੱਡੀ ਕੁਤਾਹੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਮੈਡੀਕਲ ਜਾਂਚ ਕੀਤੇ ਬਿਨਾਂ ਹੀ ਸਭ ਸਰਧਾਲੂ ਘਰਾਂ ਵਿਚ ਹੀ ਸਿੱਧੇ ਭੇਜ ਦਿੱਤੇ। ਜਦੋਂ ਜਾਗ ਖੁੱਲ੍ਹੀ, ਉਦੋਂ ਤਾਂ ਵੇਲਾ ਬੀਤ ਚੁੱਕਾ ਸੀ। 
                                    ਸਭ ਸ਼ਰਧਾਲੂ ਤੰਦਰੁਸਤ ਭੇਜੇ : ਬਾਵਾ
ਤਖਤ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਸ੍ਰ. ਗੁਰਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 150 ਬੱਸਾਂ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਸਾਰੇ ਸਰਧਾਲੂ ਵਾਪਸ ਪਹੁੰਚਾਏ ਜਾਣ। ਪ੍ਰਵਾਨਗੀ ਮਿਲਣ ਮਗਰੋਂ ਡਰਾਈਵਰ ਮਿਲ ਨਹੀਂ ਸਕੇ ਜਿਸ ਕਰਕੇ 10 ਬੱਸਾਂ ਜ਼ਰੀਏ ਹੀ ਸਰਧਾਲੂ ਵਾਪਸ ਭੇਜੇ ਗਏ। ਸ੍ਰ. ਬਾਵਾ ਨੇ ਦੱਸਿਆ ਕਿ ਸਾਰੇ ਸਰਧਾਲੂਆਂ ਦੇ ਟੈਸਟ ਕਰਾਏ ਗਏ ਅਤੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਪਾਈ ਗਈ। ਸਭ ਨੂੰ ਇੱਕ ਮਹੀਨੇ ਤੋਂ ਹੀ ਇਕਾਂਤਵਾਸ ’ਚ ਰੱਖਿਆ ਹੋਇਆ ਸੀ। ਉਨ੍ਹਾਂ ਨੇ ਖੁਦ ਪੱਲਿਓਂ 10 ਲੱਖ ਰੁਪਏ ਦੀ ਲਾਗਤ ਨਾਲ ਬੱਸਾਂ ਦਾ ਪ੍ਰਬੰਧ ਕੀਤਾ। ਸਰਾਂਵਾਂ ਵਿਚ ਸਮਾਜਿਕ ਦੂਰੀ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਹੋਇਆ ਸੀ।
 

3 comments:

  1. ਇਹ ਤਾ ਸਭ ਨੂ ਪਤਾ ਹੈ ਕਿ ਇੰਡੀਆ ਵਿਚ ਕਰੋਨਾ test ਕਿਟਸ ਨਹੀ ਬਣਦੀਆ. ਅਲਕਾ Lambha ਦੀ ਦਾ ਇੱਕ video ਸੀ ਜਿਸ ਵਿਚ ਅਮਿਤ ਸਾਹ ਦਾ ਮੁੰਡਾ ਚੀਨ ਤੋ ਸਸਤੀਆ ਲਿਆ ਕੇ ਇੰਡੀਆ govt ਤੋ ਮੁਨ੍ਫਾ ਕਮਾ ਰਹਿਆ ਦਸਿਆ ਗਿਆ ਹੈ

    ਸਾਰੀ ਦੁਨੀਆ ਵਿਚ ਖਬਰਾ ਹਨ ਕਿ ਚੀਨ ਤੋ ਆਈਆ ਕਿਟਾਂ ਖਰਾਬ ਨਿਕਲੀਆ ਹਨ
    ਇੰਡੀਆ today ਦਾ ਇਹ video ਹੈ ਕਿ UK ਨੇ 35 ਲਖ ਚੀਨੀ ਕਿਟਾਂ ਨੂ ਖਰਾਬ ਦਸਿਆ
    UK Rejects Chinese Test Kits For Coronavirus; 35 Lakh Kits Declared Faulty
    https://www.youtube.com/watch?v=dZ48JCfQaSE

    ReplyDelete
  2. ਜੋ ਰਾਜਪੁਰੇ ਵਿਚ ਹੁਕਾ ਬਾਰ ਤੇ ਜਲੰਧਰ ਵਿਚ ਪੰਜਾਬ ਕੇਸਰੀ ਵਾਲੀ ਖਬਰ ਨੂ ਕਿਓ ਲੁਕੋਇਆ ਗਿਆ - ਜਦੋ ਚੀਨ ਵਿਚੋ business man ਤੇ ਸਟੂਡੇੰਟ ਆਏ ਸੀ ਫਰਵਰੀ ਵਿਚ ਸਿਧੇ ਹੀ ਆਏ ਤੇ ਕੁਝ ਬੀਮਾਰ ਵੀ ਹੋਏ - ਇੱਕ ਕੁੜੀ ਆਈ ਸੀ ਗਿਦੜਬਾਹਾ ਵਿਚ - ਉਸ ਦੀ video ਵੀ ਮੈ ਕਈ ਵਾਰੀ ਸਾਂਝੀ ਕੀਤੀ ਹੈ - ਪਤਾ ਨਹੀ ਕਿਨੇ ਕੁ ਮਾਰੇ ਹੋਣੇ ਹਨ ਜਾ ਨਹੀ - ਅਤੇ ਕੀ 50c ਵਿਚ ਕਰੋਨਾ ਫਿਰਦਾ ਹੈ - ਕਿਨੇ ਕੁ ਲੋਕਾ ਨੂ ਨਿਮੋਨੀਆ ਹੋ ਰਹਿਆ ਹੈ - ਜਾ dust ਤੋ allergy ਹੈ -

    ReplyDelete
  3. Canada ਦੇ ਸੂਬੇ ਬ੍ਰਿਟਿਸ਼ ਕਲੋਬੀਆ(BC) ਦੀ ਡਾਕਟਰ ਜੋ ਕਰੋਨਾ ਬਾਰੇ ਦਸਦੀ ਹੈ ਬੋਨੀ ਹੈਨਰੀ - ਕਹਿੰਦੀ ਬਾਹਰ ਜਾਓ, ਤੁਰੋ, ਫਿਰੋ. ਤੇ ਮੈ ਇਹ ਗਲ notice ਕੀਤੀ ਕਿ ਇੰਡੀਆ ਦੇ slums ਵਿਚ ਵੀ ਇਹ ਬਿਮਾਰੀ ਨਹੀ ਫੈਲੀ - ਕੀ apartments ਦੀ circulated ਹਵਾ ਤੇ air conditioner ਹਵਾ ਫੈਲੋਦੀ ਹੈ - ਜਿਵੇ ਕਿ ਨ੍ਯੂ ਯੋਰਕ ਤੇ west, ਚੀਨ ਵਿਚ, ਜਾਪਾਨ ਤੇ south ਕੋਰੀਆ ਵਿਚ - ਪਰ ਇੰਡੀਆ ਤੇ ਅਫ੍ਰੀਕਾ ਵਿਚ ਗਰੀਬ ਜਾ ਬਾਹਰ ਖੁਲੇ ਵਿਚ ਰਹਿੰਦੇ ਹਨ ਬਚ ਗਏ -

    ReplyDelete