Monday, May 4, 2020

                             ਵਿਚਲੀ ਗੱਲ
            ਖ਼ੌਫ ਨਹੀਂ ਦਿਲ ਅੰਦਰ ਮਾਸਾ..!
                             ਚਰਨਜੀਤ ਭੁੱਲਰ
ਚੰਡੀਗੜ੍ਹ : ਸਿਆਣੇ ਆਖਦੇ ਨੇ ਵੈਲ ਤਾਂ ਚਾਹ ਦਾ ਵੀ ਮਾੜੈ। ਚੰਗੀ ਸੱਤਾ ਦੀ ਵੀ ਖੁਮਾਰੀ ਨਹੀਂ, ਕਿਸੇ ਨੂੰ ਮਰਜ਼ੀ ਪੁੱਛ ਲਓ। ਦੌਲਤਾਂ ਦਾ ਗਰੂਰ ਵੀ ਟਿਕਾਊ ਨਹੀਂ, ਬੱਚੇ-ਬੱਚੇ ਨੂੰ ਪਤੈ। ਜ਼ਿੰਦਗੀ ਕੌੜਾ ਘੁੱਟ ਬਣੀ ਹੈ, ਭੋਰਾ ਅਕਲ ਨੂੰ ਹੱਥ ਮਾਰੋ। ਅੰਗਰੇਜ਼ ਆਏ, ਪਹਿਲਾਂ ਮਹਾਤੜਾਂ ਨੂੰ ਮੁਫ਼ਤ ਚਾਹਟੇ ਛਕਾਏੇ, ਮਗਰੋਂ ‘ਪਟਿਆਲਾ ਪੈੱਗ’ ਚੱਲਿਆ। ਆ ਦੇਖੋ, ਕਿੰਨਾ ਨਿੱਕਾ ਜੇਹਾ ਵਿਸ਼ਾਣੂ ਹੈ, ਕਿਸੇ ਲਾਟ ਦੀ ਨਹੀਂ ਚੱਲਣ ਦੇ ਰਿਹਾ। ਮਾਇਆ ਦੇ ਲਲਾਰੀ ਕਿਵੇਂ ਖੂੰਜੇ ਲੱਗੇ ਨੇ, ਹੱਥ ਜੋ ਰੰਗੇ ਨੇ। ਦਰਸ਼ਨ ਅੌਕਾਤ ਦੇ ਕਰਾਏ ਨੇ, ਮਹਾਮਾਰੀ ਨੇ ਬੂਹਾ ਖੋਲ੍ਹ ਕੇ। ਬਲਿਹਾਰੇ ਜਾਈਏ, ਏਸ ਸਿਆਸੀ ਪ੍ਰਜਾਤੀ ਦੇ। ਰੱਬ ਨੂੰ ਟੱਬ ਦੱਸਣੋਂ ਕਿਥੋਂ ਹਟਦੀ ਐ। ਤੁਸੀਂ ਪੁੱਛਦੇ ਹੋ, ਆਫ਼ਤਾਂ ਤੋਂ ਕੀ ਸਿੱਖਿਐ। ਪਿਆਰਿਓ, ਸਿਗਨਲ ਜ਼ਿੰਦਗੀ ਦਾ ਲਾਲ ਹੋਇਐ। ਤੁਸੀਂ ਹਰੀ ਝੰਡੀ ਚੁੱਕ ਤੁਰੇ ਹੋ। ਨਾਂਦੇੜ ਸਾਹਿਬ ਲਈ ਬੱਸਾਂ ਤੁਰੀਆਂ। ਜੈਕਾਰੇ ਛੱਡੇ, ਝੰਡੀ ਮੰਤਰੀ ਨੇ ਦਿਖਾਈ। ਨਵੀਂ ਐਂਬੂਲੈਂਸ ਆਈ, ਜਥੇਦਾਰ ਐੱਮਪੀ ਝੰਡੀ ਲੈ ਕੇ ਭੱਜੇ ਆਉਣ। ਬੱਸ ਰਾਸ਼ਨ ਦਾ ਘਾਟੈ, ਸ਼ਰਮ ਦਾ ਨਹੀਂ। ਬੋਰੀਆਂ ਨੇ ਵੀ ਤਰਲੇ ਕੱਢੇ ਹੋਣੇ ਨੇ, ਬਾਜ਼ ਫਿਰ ਨਹੀਂ ਆਏ। ਮੁੱਖ ਮੰਤਰੀ ਦੀ ਫੋਟੋ ਸਜਾ ਕੇ ਹਟੇ। ਆਟਾ ਤਾਂ ਚਿੱਟਾ ਸੀ, ਸ਼ਰਮ ਨਾਲ ਲਾਲ ਹੋਇਐ। ਗਰੀਬ ਪੁੱਛਦੇ ਨੇ, ਕਿਸ ਨਾਲ ਲੜੀਏ। ਕਰੋਨਾ ਨਾਲ ਜਾਂ ਭੁੱਖ ਨਾਲ। ਤਾਕਤ ’ਚ ਟੁੰਨ ਬਖ਼ਤਾਵਰ ਆਖਦੇ ਨੇ। ਠੰਢੇ ਚੁੱਲ੍ਹੇ ਥੋਡੇ ਜਮਾਂਦਰੂ ਸਾਥੀ ਨੇ। ਹਾਲੇ, ਕਰੋਨਾ ਤੋਂ ਬਚੋ, ਘਰਾਂ ’ਚ ਵੜੋ। ਸੱਤਾ ਦਾ ਨਸ਼ਾ ਮੱਤ ਵੀ ਮਾਰਦੈ। ਲੋਕਾਂ ਨੂੰ ਛੱਡੋ, ਸਰਦਾਰ ਪੰਛੀ ਦੀ ਹੀ ਸੁਣ ਲਓ, ‘ਜੋ ਭੀ ਨਸ਼ੇ ਸੇ ਚੂਰ ਹੋਤਾ ਹੈ, ਰੂਹ ਆਪਨੀ ਸੇ ਦੂਰ ਹੋਤਾ ਹੈ।’
                ਕਰੋਏਸ਼ੀਆ ਦੇ ਬਾਬੇ ਕੀ ਬੋਲਦੇ ਨੇ। ‘ਜੀਭ ’ਤੇ ਦੋ ਬੂੰਦਾਂ ਸ਼ਰਾਬ ਪੈ ਜਾਵੇ, ਗੱਲਾਂ ਚੰਗੀਆਂ ਸੁਣਾਉਂਦੀ ਹੈ।’ ਜਿਨ੍ਹਾਂ ਨੂੰ ਵੋਟਾਂ ਪਾਈਆਂ, ਉਹ ਤਾਂ ਮੰਦੜਾ ਬੋਲ ਰਹੇ ਨੇ। ਆਖਦੇ ਪਏ ਨੇ, ਭਾਈ ਹੁਣ ਖ਼ਜ਼ਾਨਾ ਖ਼ਾਲੀ ਹੈ, ਤੁਸੀਂ ਦਾਨ ਪੁੰਨ ਕਰੋ। ਜੇਬ ਨੂੰ ਮਗਰੋਂ ਹੱਥ ਪਾਇਓ। ਪਹਿਲਾਂ ਜਲੰਧਰ ਦੇ ਪੁਰਾਣੇ ਸਮਾਗਮ ਦੀ ਗੱਲ ਸੁਣੋ। ਖ਼ਜ਼ਾਨਾ ਮੰਤਰੀ ਉਦੋਂ ਕੈਪਟਨ ਕੰਵਲਜੀਤ ਸਿੰਘ ਸਨ। ਕਾਮੇਡੀਅਨ ਰੌਣਕੀ ਰਾਮ ਸਟੇਜ ਤੋਂ ਇੰਝ ਫ਼ਰਮਾਏ; ਕੈਪਟਨ ਸਾਹਬ, ਜਿੱਦਾਂ ਦਾ ਥੋਡਾ ਸੁਭਾਅ, ਓਦਾਂ ਦਾ ਮੇਰੀ ਘਰਵਾਲੀ ਦਾ। ਉਹਦਾ ਵੀ ਕੱਦ ਲੰਮਾ, ਥੋਡਾ ਵੀ। ਸੋਹਣੀ ਬੜੀ ਐ, ਫਬਦੇ ਤੁਸੀਂ ਵੀ ਹੋ। ਉਹ ਵੀ ਖ਼ਜ਼ਾਨੇ ਦੀ ਮਾਲਕ ਐ, ਤੁਸੀਂ ਵੀ। ਪਰ ਜਦੋਂ ਪੈਸੇ ਮੰਗੋ, ਉਹ ਵੀ ਨਾਂਹ-ਨਾਂਹ ਕਰਦੀ ਐ ਤੇ ਤੁਸੀਂ ਵੀ। ਪੰਡਾਲ ’ਚ ਹਾਸਾ ਮੱਚਿਆ। ਖਿਲਾੜੀ ਸਮਝ ਗਏ। ਚੰਗਾ ਕੰਮ ਹੋਵੇ, ਚਾਹੇ ਅੌਖ ਦਾ ਵੇਲਾ, ਕਦੇ ਨਾਂਹ ਨਾ ਕਰੋ। ਛੱਜੂ ਰਾਮ ਬੁੜਬੁੜ ਕਰ ਰਿਹੈ, ‘ਭੁੱਜੇ ਮੋਠ ਵੀ ਕਦੇ ਉੱਗੇ ਨੇ।’ ਤਾਕਤ ਦਾ ਨਸ਼ਾ ਕਿੰਨਾ ਕੁ ਮਾੜੈ। ਸਿਰ ਚੜ੍ਹ ਜਾਏ ਤਾਂ ਦੌਲਤ ਤੋਂ ਵੱਧ। ਬਾਕੀ ਕੋਈ ਡੋਪ ਟੈਸਟ ਹੁੰਦਾ, ਜ਼ਰੂਰ ਚਾਨਣਾ ਪਾਉਂਦੇ। ਤੁਸੀਂ ‘ਮਨ ਦੀ ਬਾਤ’ ਸੁਣਾਈ। ਅਸੀਂ ‘ਦੋ ਗਜ਼ ਦੀ ਦੂਰੀ’ ਬਣਾਈ। ਗੱਲ ਭਲੇ ਦੀ ਜੋ ਹੈ। ਤੁਸੀਂ ਵੀ ਨਾ ਭੁੱਲਿਓ, ‘ਸਾਢੇ ਤਿੰਨ ਹੱਥ ਧਰਤੀ’। ਲੋਕ ਪੁੱਛਦੇ ਨੇ, ਬਾਤਾਂ ਸੁਣਾਉਣ ਵਾਲੇ, ਕਦੋਂ ਸਬਕ ਸਿੱਖਣਗੇ। ਭਾਈ ਸਿੱਖਣਾ ਹੁੰਦਾ ਤਾਂ ਸਿੱਖ ਲੈਂਦੇ। ਆਖਰੀ ਮੁਗਲ ਬਾਦਸ਼ਾਹ, ਬਹਾਦਰ ਸ਼ਾਹ ਜ਼ਫ਼ਰ ਤੋਂ। ਅੰਗਰੇਜ਼ਾਂ ਨੇ ਗਜ਼ ਚੁੱਕਿਆ, ਬਹਾਦਰ ਸ਼ਾਹ ਨੂੰ ਮਿਣ ਕੇ ਹੈਸੀਅਤ ਦਿਖਾਈ। ਇਸ ’ਤੇ ਗੌਰ ਕਰੋ, ‘ਕਿਤਨਾ ਹੈ ਬਦਨਸੀਬ ਜ਼ਫ਼ਰ ਦਫ਼ਨ ਕੇ ਲੀਏ, ਦੋ ਗਜ਼ ਜ਼ਮੀਨ ਭੀ ਨਾ ਮਿਲੀ, ਕੂਏ ਯਾਰ ਮੇਂ।’ ਸ਼ਾਇਦ ਕੋਈ ਸ਼ਾਇਰੀ ਦਾ ਸ਼ੌਕੀਨ ਮੰਤਰੀ ਗਲ ਪੱਲੇ ਬੰਨ੍ਹ ਲਵੇ।
              ਪਾਵਰਕੱਟ ਜ਼ਮੀਰਾਂ ਦਾ ਲੱਗ ਜਾਵੇ। ਝਾੜ ਸੋਚਾਂ ਦਾ ਘੱਟ ਜਾਵੇ, ਬੋਹਲ਼ਾਂ ਨੂੰ ਰੋਣਾ ਪੈਂਦੇ। ਯਾਦ ਕਰੋ ਪੰਜਾਬ ਦਾ ਉਹ ਵੇਲਾ। ਜਦੋਂ ਇੱਕ ਨਿਆਣਾ ਗੱਜਿਆ ਸੀ, ‘ਬੰਦੂਖਾਂ ਬੀਜ ਰਿਹਾ ਹਾਂ।’ ਅੰਗਰੇਜ਼ਾਂ ਦੀ ਪਦੀੜ ਪਾ ਦਿੱਤੀ। ਆਹ ਵਕਤ ਤੁਸੀਂ ਹੱਡੀ ਹੰਢਾ ਰਹੇ ਹੋ। ਕਿੰਨੀਆਂ ਨਸਲਾਂ ਲਈ ਕੰਡੇ ਬੀਜੇ ਗਏ। ਆਫਤ ਮਗਰੋਂ ਖੜ੍ਹਾ ਕੇ ਜ਼ਰੂਰ ਪੁੱਛਣਾ। ਕਾਰਲ ਮਾਰਕਸ ਨੇ, ਨਾ ਪੁੱਛਿਆ ਤੇ ਨਾ ਦੱਸਿਆ। ਵਿਸ਼ਵ ’ਚ ਹੋਕਾ ਗੂੰਜਿਆ, ‘ਦੁਨੀਆਂ ਭਰ ਦੇ ਕਾਮਿਓਂ ਇੱਕ ਹੋ ਜਾਓ’। ਗੁਰਬਤ ਦੀ ਲਾਗ ਜ਼ਿੰਦਗੀ ਚੱਟ ਗਈ। ਸੱਚਮੁੱਚ ਅੱਜ ਕਾਮਾ ’ਕੱਲਾ ਹੋ ਗਿਆ। ‘ਹਨੇਰੇ ’ਚ ਤਾਂ ਪਰਛਾਵਾਂ ਵੀ ਸਾਥ ਛੱਡ ਦਿੰਦੈ।’ ਰੁਜ਼ਗਾਰ ਖੁਸ ਗਏ। ਮਈ ਦਿਵਸ ਮੌਕੇ ਵੀ ਪੈਰ ਨਹੀਂ ਰੁਕੇ। ਚਲਦੇ ਹੀ ਜਾ ਰਹੇ ਸਨ। ਕੋਈ ਦਿੱਲੀਓਂ ਯੂਪੀ ਤੇ ਕੋਈ ਬਿਹਾਰ ਵੱਲ। ਪਿੱਛੋਂ ਦੁੱਖਾਂ ਨੇ ਕੂਹਣੀ ਮਰੋੜੀ ਹੋਈ ਹੈ। ਗੋਰਖਪੁਰ ਵੱਲ ਤੁਰੇ ਮਜ਼ਦੂਰਾਂ ਨੇ ਕਿਹਾ, ‘ਭੁੱਖ ਨਾਲੋਂ ਚੰਗਾ, ਸੜਕਾਂ ’ਤੇ ਮਰੀਏ’। ਅਲੀਗੜ੍ਹ ਦੇ ਮਜ਼ਦੂਰ ਮੁੰਡੇ ਕੋਲ ਪਾਣੀ ਤੱਕ ਨਹੀਂ ਸੀ, ਸਿਰਫ਼ ਆਧਾਰ ਕਾਰਡ ਸੀ। ਹਜ਼ਾਰਾਂ ਮਜ਼ਦੂਰਾਂ ਨੇ ਪੈਦਲ ਚਾਲੇ ਪਾਏ। ਵਿਸ਼ਵ ਖਾਧ ਪ੍ਰੋਗਰਾਮ ਦਾ ਅਨੁਮਾਨ ਹੈ, ਕਰੀਬ 26.5 ਕਰੋੜ ਲਈ ਢਿੱਡ ਦਾ ਸੰਕਟ ਬਣੇਗਾ। ਮਜ਼ਦੂਰ ਤੁਰੇ ਜਾ ਰਹੇ ਹਨ। ਉਨ੍ਹਾਂ ਕੋਲ ਉਦਾਸ ਹੋਣ ਦੀ ਵਿਹਲ ਕਿੱਥੇ। ਨੰਗੇ ਪੈਰ, ਜੇਬਾਂ ਖਾਲੀ। ਕਿਤੇ ਖਾਈ ’ਚ ਹੀ ਨਾ ਡਿੱਗ ਪੈਣ। ਹਰਿਆਣੇ ਨੇ ਦਿੱਲੀ ਵਾਲੇ ਪਾਸੇ, ਸੜਕ ’ਤੇ ਡੂੰਘੀ ਖਾਈ ਪੁੱਟੀ ਹੈ। ਆਂਧਰਾ ਨੇ ਤਾਮਿਲਨਾਡੂ ਵਾਲੇ ਪਾਸੇ। ਸੜਕਾਂ ’ਤੇ ਉੱਚੀਆਂ ਕੰਧਾਂ ਕੱਢੀਆਂ ਨੇ। ਬਚਾਅ ਤਾਂ ਠੀਕ ਹੈ। ਦੀਵਾਰਾਂ ਅੱਗੇ ਘੱਟ ਸਨ। ਚਮਗਿੱਦੜ ਛੇਤੀ ਪਿੱਛਾ ਛੱਡਣ ਵਾਲੇ ਨਹੀਂ। ‘ਸਾਡੀ ਮੌਤ ਟੋਡਰਾਂ ਦਾ ਹਾਸਾ’।
               ਤਾਲਾਬੰਦੀ ਕੀ ਹੋਈ, ਹਾਸੇ ਦਾ ਤਮਾਸ਼ਾ ਹੋ ਗਿਐ। ਸ਼ਰਾਬੀ ਅੰਤਾਂ ਦੇ ਤੰਗ ਨੇ। ‘ਨਾਭੇ ਦੀਏ ਬੰਦ ਬੋਤਲੇ..!’ ਲੱਗਦੇ ਸਭ ਦੇ ਭਾਗ ਖੋਟੇ ਪੈ ਗਏ। ਅਮਰਿੰਦਰ ਸਿਓਂ ਨੇ ਕੇਂਦਰ ਕੋਲ ਅਰਜ਼ੀ ਲਾਈ। ਅੱਗਿਓਂ ਟਕੇ ਵਰਗਾ ਜੁਆਬ ਮਿਲਿਆ, ‘ਹਾਲੇ ਨਹੀਂ ਖੋਲ੍ਹਣੇ ਠੇਕੇ।’ ਇੱਕ ਸ਼ਰਾਬੀ ਨੇ ਉਲਾਂਭਾ ਦਿੱਤਾ, ‘ਘੱਟ ਗਿਣਤੀ ਦੀ ਕੌਣ ਸੁਣਦੈ।’ ਸਾਰੇ ਦੁੱਧ ਲੱਸੀ ਵਾਲੇ ਤਾਂ ਨਹੀਂ ਹੁੰਦੇ। ਕੇਰਾਂ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ ਬੋਲੇ ਸਨ। ‘ਸ਼ਰਾਬ ਨਸ਼ਾ ਨਹੀਂ, ਪਾਗਲ ਪਾਣੀ ਹੈ।’ ਸਰਕਾਰ ਇਸ ਗੱਲੋਂ ਤੰਗ ਹੈ। ਠੇਕੇ ਬੰਦ ਕਾਹਦੇ ਹੋਏ, ਖ਼ਜ਼ਾਨੇ ਦਾ ਦਮ ਪੁੱਟਿਆ ਗਿਐ। ਖ਼ਜ਼ਾਨਾ ਸ਼ਰਾਬ ਨਾਲ ਹੀ ਛਲਕਦੈ। ਵਰ੍ਹਾ 1965 ਵਿੱਚ ਸ਼ਰਾਬ ਤੋਂ 6.02 ਕਰੋੜ ਦੀ ਸਾਲਾਨਾ ਆਮਦਨੀ ਹੋਈ ਸੀ। ਹੁਣ 5500 ਕਰੋੜ ਨੂੰ ਟੱਪ ਗਈ ਹੈ। ਲੋਦਪੁਰਾ (ਰਾਜਸਥਾਨ) ਤੋਂ ਭਾਜਪਾਈ ਵਿਧਾਇਕ। ਭਵਾਨੀ ਸਿੰਘ ਕਿਤੇ ਕੋਲ ਹੁੰਦੇ, ਉਨ੍ਹਾਂ ਦੇ ਚਰਨ ਛੂੰਹਦਾ, ਨਾਲੇ ਸਦਕੇ ਜਾਂਦਾ। ਕਿਆ ਗਜ਼ਬ ਦੀ ਚਿੱਠੀ ਲਿਖੀ ਮੁੱਖ ਮੰਤਰੀ ਨੂੰ। ‘ਸਤਜੁਗ ’ਚ ਦੇਵਤਾ ਸੋਮਰਸ ਦਾ ਸੇਵਨ ਕਰਦੇ ਸਨ, ਯੋਧੇ ਪੀ ਕੇ ਦੁਸ਼ਮਣ ਨੂੰ ਢੇਰੀ ਕਰਦੇ ਸਨ, ਅੱਜ ਦੇ ਸ਼ਰਾਬੀ ਕੋਈ ਆਦੀ ਥੋੜ੍ਹਾ ਨੇ।’ ਅੱਗੇ ਕੀ ਲਿਖਦੇ ਨੇ। ‘ਠੇਕੇ ਖੋਲ੍ਹੋ, ਪੈਸੇ ਕਮਾਓ, ਕਰੋਨਾ ਭਜਾਓ’। ਭਵਾਨੀ ਸਿਓਂ ਦਾ ਤਰਕ ਸੁਣੋ, ‘ਸ਼ਰਾਬ ਗਲੇ ਦਾ ਵਾਇਰਸ ਸਾਫ਼ ਕਰਦੀ ਹੈ।’ ਕੋਟਾ ਜ਼ਿਲ੍ਹੇ ਦੇ ਕਾਂਗਰਸੀ ਐੱਮਐੱਲਏ ਭਰਤ ਸਿੰਘ। ਧੰਨਭਾਗ ਭਰਤ ਸਿਆਂ, ਵਿਗਿਆਨੀ ਤਾਂ ਤੇਰੇ ਪੈਰ ਵਰਗੇ ਨਹੀਂ। ਭਰਤ ਸਿਓਂ ਨੇ ਸਸਤਾ ਫਾਰਮੂਲਾ ਦੱਸਿਐ। ਅਖੇ ‘ਸ਼ਰਾਬ ਪੀਓ, ਗਲਾ ਸਾਫ਼ ਕਰੋ, ਨਾਲੇ ਹੱਥ ਧੋਵੋ, ਵਾਇਰਸ ਦੌੜਦੈ ਦੇਖਿਓ’। ਕਈ ਭਾਜਪਾਈ ਗਊ ਮੂਤਰ ਦੀ ਵੰਨਗੀ ਦੱਸ ਰਹੇ ਨੇ।
               ਅਕਲੋਂ ਕੋਰੇ ਡਾਕਟਰ ਆਖਦੇ ਨੇ, ਏਹ ਸਭ ਮਿੱਥਾਂ ਨੇ। ਭਲਿਓਂ ਕੱਲ੍ਹ ਨੂੰ ਕਹੋਗੇ, ਵਿੱਥਾਂ ਨੇ। ਮੱਧ ਪ੍ਰਦੇਸ਼ ’ਚ ਅਫ਼ੀਮ ਦੀ ਖੇਤੀ ਰੁਲ ਗਈ। ਚੀਨ ’ਚ ਕਿਸੇ ਵੇਲੇ 6 ਕਰੋੜ ਅਮਲੀ ਸਨ। ਰਾਤੋ-ਰਾਤ ਅਫੀਮ ਛੱਡ ਗਏ। ਸ਼ਰਾਬੀ ਨੂੰ ਸਭ ਦੁੱਖਾਂ ਦੀ ਦਾਰੂ ਪਊਏ ’ਚੋਂ ਦਿਖਦੀ ਹੈ। ਖੈਰ, ਕਿੰਨਾ ਮਰਜ਼ੀ ਨਿੰਦੋ ਪਰ ‘ਸ਼ਰਾਬ ਅੰਦਰ, ਸੱਚ ਬਾਹਰ’। ਗੁਰਜੀਏਫ ਕੋਲ ਕੋਈ ਵੀ ਨਵਾਂ ਸ਼ਿਸ਼ ਬਣਨ ਲਈ ਆਉਂਦਾ। ਪਹਿਲੋਂ ਉਹ ਸ਼ਰਾਬ ਪਿਲਾਉਂਦਾ। ਮਿਰਜ਼ਾ ਗ਼ਾਲਿਬ ਪਾਗਲ ਪਾਣੀ ਨਾਲ ਅਖੀਰ ਤੱਕ ਨਿਭੇ। ਆਖਰੀ ਤਨਖਾਹ ਠੇਕੇ ’ਤੇ ਢੇਰੀ ਕਰ ਦਿੱਤੀ। ਜਦੋਂ ਇਹ ਕੰਨੀ ਸੁਣ ਲਿਆ। ਰਿਜ਼ਕ ਤਾਂ ਅੱਲਾ ਦੇਏਗਾ, ਸ਼ਰਾਬ ਖੁਦ ਲੈ ਆਏ। ਪਤਨੀ ਨਿੱਤ ਲੜਦੀ। ਮਿਲੇਨੀਆ ਟਰੰਪ ਕਿਤੇ ਲੜਦੀ। ਡੋਨਾਲਡ ਟਰੰਪ ਨੇ ਜਣੇ-ਖਣੇ ਨਾਲ ਨਹੀਂ ਖਹਿਣਾ ਸੀ। ਸੱਤਾ ਦਾ ਨਸ਼ਾ ਪੈਰਾਂ ਹੇਠ ਅੱਗ ਮਚਾਉਂਦੈ। ਢਿੱਡ ਦੀ ਅੱਗ ਦੇਖਣ ਕਿਸੇ ਕੱਚੇ ਘਰ ਜਾਇਓ। ਏਹ ਮਹਾਮਾਰੀ ਨਹੀਂ, ਠੋਕਰ ਹੈ। ਅਨਾੜੀ ਨਾ ਬਣੇ ਰਹਿਓ। ਬਾਕੀ ਜਿਨ੍ਹਾਂ ਕੋਲ ਲਾਲ ਬੱਤੀ ਹੈ। ਉਨ੍ਹਾਂ ਦੇ ਇੱਕ ਹੱਥ ਹਰੀ ਝੰਡੀ ਹੈ। ਦੂਸਰਾ ਹੱਥ ਘੁੱਟ ਕੇ ਗੀਝੇ ਨੂੰ ਪਾਇਐ। ਤੁਸੀਂ ਪੁੱਛਣੋਂ ਨਹੀਂ ਹਟ ਰਹੇ, ਅਖੇ ਆਫਤ ਤੋਂ ਸਬਕ ਸਿੱਖਣਗੇ..!

No comments:

Post a Comment