Monday, January 30, 2017

                                   ਖ਼ਾਕੀ ਦਾ ਖ਼ੌਫ
                  ਪਿੰਡ ਹੀ ਬੇਅਦਬ ਕਰ ਦਿੱਤਾ...
                                   ਚਰਨਜੀਤ ਭੁੱਲਰ
ਬਠਿੰਡਾ  : ਜਦੋਂ ਚੋਣਾਂ ਦੇ ਮਾਹੌਲ 'ਚ ਪੂਰਾ ਪੰਜਾਬ ਡੁੱਬਾ ਹੋਇਆ ਹੈ ਤਾਂ ਇਹ ਇਕਲੌਤਾ ਪਿੰਡ ਸਿਆਸੀ ਪੌਣ ਤੋਂ ਅਣਭਿੱਜ ਹੈ। ਓਪਰੇ ਆਦਮੀ ਦੀ ਪਿੰਡ 'ਚ ਦਸਤਕ ਹਰ ਨਿਆਣੇ ਸਿਆਣੇ ਭੈਅ ਭੀਤ ਕਰ ਦਿੰਦੀ ਹੈ। ਧਾਰਮਿਕ ਗਰੰਥਾਂ ਦੀ ਬੇਅਦਬੀ ਦਾ ਮੁਢ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਚੋਂ ਬੱਝਾ ਜਿਸ ਦਾ ਮਾਨਸਿਕ ਬੋਝ ਪੂਰਾ ਪਿੰਡ ਝੱਲ ਰਿਹਾ ਹੈ। ਪਹਿਲੀ ਜੂਨ 2015 ਨੂੰ ਪਿੰਡ ਦੇ ਗੁਰੂ ਘਰ ਚੋਂ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ। ਥੋੜੇ ਅਰਸੇ ਮਗਰੋਂ ਇਸ ਪਿੰਡ 'ਚ ਡੇਰਾ ਸਿਰਸਾ ਦੇ ਪੈਰੋਕਾਰ ਗੁਰਦੇਵ ਸਿੰਘ ਦਾ ਕਤਲ ਹੋ ਗਿਆ ਸੀ। ਧਾਰਮਿਕ ਗਰੰਥਾਂ ਦੀ ਬੇਅਦਬੀ ਦੇ ਜਿਸ ਮੁੱਦੇ ਨੇ ਇਨ•ਾਂ ਚੋਣਾਂ 'ਚ ਸਿਆਸੀ ਰੰਗ ਹੀ ਬਦਲ ਰੱਖੇ ਹਨ, ਉਸ ਦੀ ਪਹਿਲੀ ਘਟਨਾ ਦੇ ਗਵਾਹ ਇਸ ਪਿੰਡ 'ਚ ਹਾਲੇ ਵੀ ਪੁਲੀਸ ਦਹਿਸ਼ਤ ਦਾ ਰਾਜ ਹੈ। ਬਜ਼ੁਰਗ ਰੂਪ ਸਿੰਘ ਨੇ ਦੱਸਦਾ ਹੈ ਕਿ ਸਰੂਪ ਚੋਰੀ ਕਰਨ ਵਾਲੇ ਨੂੰ ਪੁਲੀਸ ਅੱਜ ਤੱਕ ਨਹੀਂ ਲੱਭ ਸਕੀ। ਪੁਲੀਸ ਨੇ ਪਿੰਡ ਦੇ ਦਰਜਨਾਂ ਨੌਜਵਾਨ ਕੁੱਟ ਕੁੱਟ ਨਕਾਰਾ ਕਰ ਦਿੱਤੇ ਹਨ। ਪਿੰਡ ਦੇ ਗੁਰੂ ਘਰ ਚੋਂ ਇੱਕ ਤਾਂ ਸਰੂਪ ਚੋਰੀ ਹੋਣ ਦਾ ਮਨ ਤੇ ਭਾਰ ਹੈ ਤੇ ਦੂਸਰਾ ਪੁਲੀਸ ਪਿੰਡ ਨੂੰ ਹੀ ਮੁਲਜ਼ਮ ਸਮਝ ਰਹੀ ਹੈ।
                       ਪੁਲੀਸ ਦੇ ਡਰੋਂ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਨੇ ਅਸਤੀਫ਼ਾ ਦੇ ਦਿੱਤਾ ਤੇ ਹੁਣ ਕੋਈ ਕਮੇਟੀ ਦਾ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੈ। ਜਦੋਂ ਬਾਹਰੋਂ ਕੋਈ ਪਿੰਡ 'ਚ ਕਿਸੇ ਨੂੰ ਸਧਾਰਨ ਫੋਨ ਵੀ ਆਉਂਦਾ ਹੈ ਤਾਂ ਫੋਨ ਟੇਪਿੰਗ ਹੋਣ ਕਰਕੇ ਉਸ ਪਰਿਵਾਰ ਲਈ ਬਿਪਤਾ ਖੜ•ੀ ਹੋ ਜਾਂਦੀ ਹੈ। ਪਿੰਡ ਦਾ ਪ੍ਰੇਮੀ ਗੁਰਦੇਵ ਸਿੰਘ ਦਿਨ ਦਿਹਾੜੇ ਕਤਲ ਹੋ ਗਿਆ, ਪੁਲੀਸ ਕੋਈ ਉਘ ਸੁੱਘ ਨਹੀਂ ਕੱਢ ਸਕੀ। ਨੌਜਵਾਨ ਚਰਨਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਪੁਲੀਸ ਦਾ ਭੈਅ ਲੋਕਾਂ ਦੇ ਮਨਾਂ ਚੋਂ ਨਿਕਲ ਨਹੀਂ ਰਿਹਾ। ਰਾਤ ਵਕਤ ਗੁਰੂ ਘਰ ਦੇ ਆਸ ਪਾਸ ਪੁਲੀਸ ਦਾ ਪਹਿਰਾ ਹਾਲੇ ਵੀ ਲੱਗਦਾ ਹੈ। ਗੁਰੂ ਘਰ ਅਤੇ ਪਿੰਡ ਦੇ ਮੁੱਖ ਰਾਹਾਂ ਤੇ ਸੀ.ਸੀ.ਟੀ.ਵੀ ਕੈਮਰੇ ਲੱਗੇ ਹੋਏ ਹਨ। ਲੋਕਾਂ ਦਾ ਸ਼ਿਕਵਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਛੋਟੇ ਵੱਡੇ ਨੇਤਾ ਨੇ ਪਿੰਡ ਦਾ ਗੇੜਾ ਤੱਕ ਨਹੀਂ ਮਾਰਿਆ। ਪਿੰਡ ਦਾ ਦਲਿਤ ਬੰਸਾ ਸਿੰਘ ਪੁਲੀਸ ਦੀ ਕੁੱਟ ਮਗਰੋਂ ਦਿਹਾੜੀ ਜਾਣ ਜੋਗਾ ਨਹੀਂ ਰਿਹਾ ਹੈ। ਗੁਰੂ ਘਰ ਦੇ ਤਤਕਾਲੀ ਪ੍ਰਧਾਨ ਰਣਜੀਤ ਸਿੰਘ ਨੇ ਵਿਥਿਆ ਦੱਸੀ ਕਿ ਉਸ ਨੂੰ 24 ਘੰਟੇ ਸੀ.ਆਈ.ਏ ਰੱਖਿਆ ਗਿਆ। ਪੁਲੀਸ ਨੇ ਗੁਨਾਹਗਾਰਾਂ ਨੂੰ ਫੜਨ ਦੀ ਥਾਂ ਪੂਰਾ ਪਿੰਡ ਹੀ ਕਟਹਿਰੇ ਵਿਚ ਖੜ•ਾ ਕੀਤਾ ਹੋਇਆ ਹੈ।
                     ਦੱਸਣਯੋਗ ਹੈ ਕਿ ਪਿਛਲੇ 50 ਵਰਿ•ਆਂ ਵਿਚ ਕਦੇ ਵੀ ਇਸ ਪਿੰਡ ਵਿਚ ਕੋਈ ਵੱਡਾ ਜੁਰਮ ਨਹੀਂ ਹੋਇਆ ਹੈ ਲੋਕਾਂ ਨੇ ਦੱਸਿਆ ਕਿ ਗਰੰਥੀ ਸਿੰਘ ਵੀ ਡਰ ਚੋਂ ਨਹੀਂ ਨਿਕਲ ਸਕਿਆ। ਚੋਣ ਪ੍ਰਚਾਰ ਲਈ ਅਕਾਲੀ ਉਮੀਦਵਾਰ ਸੂਬਾ ਸਿੰਘ ਇਸ ਪਿੰਡ ਵਿਚ ਆਇਆ ਪਰ ਉਸ ਨੇ ਬੇਅਦਬੀ ਦੇ ਮੁੱਦੇ ਤੇ ਕੋਈ ਸਫਾਈ ਦੇਣ ਦੇ ਵੀ ਲੋੜ ਨਹੀਂ ਸਮਝੀ। ਬਜ਼ੁਰਗ ਗੁਰਚਰਨ ਸਿੰਘ ਨੇ ਗੱਲ ਮੁਕਾਈ ਕਿ ਉਹ ਤਾਂ ਹੁਣ ਕਿਸੇ ਓਪਰੇ ਆਦਮੀ ਕੋਲ ਬੇਅਦਬੀ ਦੇ ਮਾਮਲੇ ਮੂੰਹ ਖੋਲ•ਣ ਤੋਂ ਵੀ ਡਰਦੇ ਹਨ,ਪਤਾ ਨਹੀਂ ਕਦੋਂ ਪੁਲੀਸ ਬਹੁੜ ਪਏ। ਬਜ਼ੁਰਗ ਔਰਤਾਂ ਦਾ ਕਹਿਣਾ ਸੀ ਕਿ ਪਿੰਡ ਚੋਂ ਸਰੂਪ ਚੋਰੀ ਹੋਣ ਕਰਕੇ ਉਨ•ਾਂ ਦੇ ਮਨਾਂ ਤੇ ਬੋਝ ਹੈ। ਉਪਰੋਂ ਪੁਲੀਸ ਦੀ ਦਹਿਸ਼ਤ ਨੇ ਚੱਕੀ ਦੇ ਪੁੜਾਂ 'ਚ ਫਸਾ ਰੱਖਿਆ ਹੈ। ਇਹ ਵੀ ਦੱਸਿਆ ਕਿ ਜਦੋਂ ਡੇਢ ਸਾਲ ਪੁਲੀਸ ਪਿੰਡ ਵਿਚ ਰਹੀ ਤਾਂ ਗੁਰੂ ਘਰ ਚੋਂ ਹੀ ਉਹ ਲੰਗਰ ਛਕਾਉਂਦੇ ਰਹੇ। ਭਾਵੇਂ ਪੁਲੀਸ ਦੇ ਭੈਅ ਨੇ ਪਿੰਡ ਦੇ ਲੋਕਾਂ ਦੀ ਜੁਬਾਨ ਬੰਦ ਕੀਤੀ ਹੋਈ ਹੈ ਪਰ ਲੋਕਾਂ ਵਿਚ ਬੇਅਦਬੀ ਦੇ ਮਾਮਲੇ ਤੇ ਗੁੱਸਾ ਉਬਾਲੇ ਖਾ ਰਿਹਾ ਹੈ। ਆਂਢ ਗੁਆਂਢ ਦੇ ਪਿੰਡਾਂ ਦੇ ਵੀ ਕਾਫ਼ੀ ਨੌਜਵਾਨ ਪੁਲੀਸ ਨੇ ਕੁੱਟੇ ਹਨ। ਇੱਕ ਮੋਹਤਬਾਰ ਨੇ ਦੱਸਿਆ ਕਿ ਉਨ•ਾਂ ਨੂੰ ਮੁੰਡੇ ਛੁਡਵਾਉਣ ਲਈ ਧਰਨੇ ਮੁਜ਼ਾਹਰੇ ਕਰਨੇ ਪਏ ਹਨ।
                     ਪਿੰਡ ਦੇ ਲੋਕਾਂ ਦੇ ਕਾਰੋਬਾਰ ਅਤੇ ਖੇਤੀ ਦੇ ਕੰਮ ਵੀ ਪੁਲੀਸ ਦੇ ਡਰ ਕਾਰਨ ਪ੍ਰਭਾਵਿਤ ਹੋਏ ਹਨ। ਇਸ ਪਿੰਡ ਵਿਚ ਡੇਰਾ ਸਿਰਸਾ ਦੇ ਪੈਰੋਕਾਰਾਂ ਦੇ ਦੋ ਦਰਜਨ ਦੇ ਕਰੀਬ ਘਰ ਹਨ। ਪਿੰਡ ਵਿਚ ਕੋਈ ਵਖਰੇਵਾਂ ਨਹੀਂ ਹੈ ਪਰ ਪਿੰਡ ਚੁੱਪ ਹੈ ਤੇ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਦਾ ਮਾਹੌਲ ਹੈ। ਲੋਕ ਦੱਸਦੇ ਹਨ ਕਿ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਤਾਂ ਜਰੂਰ ਆਇਆ ਸੀ ਅਤੇ ਹੁਣ 'ਆਪ' ਅਤੇ ਕਾਂਗਰਸ ਦੇ ਉਮੀਦਵਾਰ ਨੇ ਵੀ ਪਿੰਡ ਦਾ ਗੇੜਾ ਮਾਰਿਆ ਹੈ। ਲੋਕ ਇਨ•ਾਂ ਉਮੀਦਵਾਰਾਂ ਨੂੰ ਸੁਣ ਤਾਂ ਰਹੇ ਹਨ ਪਰ ਹਾਲੇ ਕੋਈ ਵੀ ਬੋਲਣ ਜਾਂ ਸੁਆਲ ਕਰਨ ਦੀ ਜੁਰਅਤ ਨਹੀਂ ਕਰ ਰਿਹਾ ਹੈ। ਸਾਦੇ ਕੱਪੜਿਆਂ ਵਾਲਾ ਕੋਈ ਵੀ ਓਪਰਾ ਜਦੋਂ ਲੋਕਾਂ ਨਾਲ ਗੱਲ ਕਰਨਾ ਚਾਹੁੰਦਾ ਹੈ ਤਾਂ ਲੋਕ ਮੂੰਹ ਘੁਮਾ ਕੇ ਤੁਰ ਜਾਂਦੇ ਹਨ। ਇਸ ਪੱਤਰਕਾਰ ਨੇ ਜਦੋਂ ਸ਼ਨਾਖ਼ਤੀ ਕਾਰਡ ਦਿਖਾਇਆ ਤਾਂ ਉਸ ਮਗਰੋਂ ਹੀ ਲੋਕਾਂ ਨੇ ਇਹ ਗੱਲਾਂ ਸਾਂਝੀਆਂ ਕੀਤੀਆਂ।

No comments:

Post a Comment