Thursday, January 26, 2017

                                        ਚੋਣ 'ਸੇਵਾ'
               'ਬਰਫ਼ੀ ਗੁੜ' ਛੱਡਣ ਲੱਗਾ ਮਹਿਕਾਂ!
                                      ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਚੋਣਾਂ ਲਈ ਰੂੜੀ ਮਾਰਕਾ ਤਿਆਰ ਹੋਣ ਲੱਗੀ ਹੈ ਜਿਸ ਕਰਕੇ ਰੁੜਕੀ ਦੇ 'ਬਰਫ਼ੀ ਗੁੜ' ਦੀ ਮੰਗ ਵਧੀ ਹੈ। ਕਰੀਬ ਵੀਹ ਦਿਨਾਂ ਤੋਂ ਬਰਫ਼ੀ ਗੁੜ ਦੀ ਕੀਮਤ ਵਿਚ 150 ਰੁਪਏ ਦਾ ਵਾਧਾ ਹੋ ਗਿਆ ਹੈ। ਮਾਲਵਾ ਖ਼ਿੱਤੇ ਵਿਚ ਬਰਫ਼ੀ ਗੁੜ ਦੀ ਲਾਗਤ ਵਿਚ ਵਾਧਾ ਹੋਇਆ ਹੈ। ਰੁੜਕੀ ਦੇ ਲਾਗਿਓਂ ਗੁੜ ਵੱਡੀ ਪੱਧਰ ਤੇ ਮਾਲਵੇ ਦੀਆਂ ਮੰਡੀਆਂ ਵਿਚ ਪੁੱਜ ਰਿਹਾ ਹੈ ਜਿਥੋਂ ਅੱਗੇ ਲੋਕ ਲਿਜਾ ਰਹੇ ਹਨ। ਬਰਫ਼ੀ ਗੁੜ ਨੂੰ ਖਾਸ ਕਰਕੇ ਸ਼ਰਾਬ ਵਾਸਤੇ ਹੀ ਵਰਤਿਆ ਜਾਂਦਾ ਹੈ ਜੋ ਕਿ ਹਲਕੇ ਪੱਧਰ ਦਾ ਹੁੰਦਾ ਹੈ। ਬਠਿੰਡਾ ਜ਼ਿਲ•ੇ ਵਿਚ ਬੀੜ ਤਲਾਬ ਰੂੜੀ ਮਾਰਕਾ ਕੱਢਣ ਵਿਚ ਕਾਫ਼ੀ ਮਸ਼ਹੂਰ ਹੈ ਜਿਥੋਂ ਅੱਜ ਚੱਲਦੀ ਭੱਠੀ ਪੁਲੀਸ ਅਤੇ ਆਬਕਾਰੀ ਅਫਸਰਾਂ ਨੇ ਫੜੀ ਹੈ। ਬੀੜ ਤਲਾਬ ਦੀ ਬਸਤੀ ਨੰਬਰ ਤਿੰਨ ਵਿਚ ਦਿਨ ਦਿਹਾੜੇ ਅੱਜ ਰੂੜੀ ਮਾਰਕਾ ਤਿਆਰ ਹੋ ਰਹੀ ਸੀ ਜਿਥੋਂ 60 ਲੀਟਰ ਕੱਢੀ ਹੋਈ ਦਾਰੂ, ਬਰਫ਼ੀ ਗੁੜ ਦੇ ਦੋ ਗੱਟੇ ਅਤੇ ਦੋ ਕੁਇੰਟਲ ਲਾਹਣ ਬਰਾਮਦ ਕੀਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਤਿਉਣਾ ਪਿੰਡ ਦੀ ਜੂਹ ਚੋਂ 6.50 ਕੁਇੰਟਲ ਲਾਹਨ ਬਰਾਮਦ ਕੀਤਾ ਗਿਆ ਸੀ। ਅਹਿਮ ਸੂਤਰ ਦੱਸਦੇ ਹਨ ਕਿ ਪਿੰਡਾਂ ਵਿਚ ਬਹੁਤੇ ਲੋਕ ਲੀਡਰਾਂ ਤੋਂ ਚੋਣਾਂ ਵਿਚ 'ਰੂੜੀ ਮਾਰਕਾ' ਦੀ ਮੰਗ ਕਰਦੇ ਹਨ ਜਿਸ ਕਰਕੇ ਕਾਫ਼ੀ ਪਿੰਡਾਂ ਵਿਚ ਦੇਸੀ ਸ਼ਰਾਬ ਤਿਆਰ ਕੀਤੇ ਜਾਣ ਦੀ ਭਿਣਕ ਪਈ ਹੈ।
                           ਜ਼ਿਲ•ਾ ਫਾਜਿਲਕਾ ਦੇ ਪਿੰਡ ਚੰਨਣਵਾਲਾ ਵਿਚ ਅੱਜ ਹਜ਼ਾਰਾਂ ਲੀਟਰ ਸ਼ਰਾਬ ਫੜੀ ਹੈ। ਫਾਜਿਲਕਾ ਅਤੇ ਫਿਰੋਜ਼ਪੁਰ ਵਿਚ ਇਹ ਸ਼ਰਾਬ ਜਿਆਦਾ ਤਿਆਰ ਹੁੰਦੀ ਹੈ। ਮੁਕਤਸਰ ਜ਼ਿਲ•ੇ ਚੋਂ ਲਾਹਨ ਦੀ ਵੱਡੀ ਖੇਪ ਫੜੀ ਜਾ ਚੁੱਕੀ ਹੈ। ਇੱਕ ਗੁੜ ਵਪਾਰੀ ਨੇ ਦੱਸਿਆ ਕਿ ਬਰਫ਼ੀ ਗੁੜ ਦੀ ਜਿਆਦਾ ਲਾਗਤ ਸਰਹੱਦੀ ਜ਼ਿਲਿ•ਆਂ ਅਤੇ ਬਠਿੰਡਾ,ਮਾਨਸਾ,ਮੁਕਤਸਰ ਵਿਚ ਹੁੰਦੀ ਹੈ। ਉਨ•ਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਜੋ ਗੁੜ 3200 ਰੁਪਏ ਕੁਇੰਟਲ ਵਿਕ ਰਿਹਾ ਸੀ, ਉਸ ਦੀ ਕੀਮਤ ਹੁਣ 3350 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਪਤਾ ਲੱਗਾ ਹੈ ਕਿ ਮੌੜ ਮੰਡੀ, ਰਾਮਪੁਰਾ, ਸੰਗਤ, ਤਲਵੰਡੀ ਅਤੇ ਰਾਮਾਂ ਮੰਡੀ ਦੇ ਇਲਾਕੇ ਵਿਚ ਬਰਫ਼ੀ ਗੁੜ ਦੀ ਜਿਆਦਾ ਵਿਕਰੀ ਹੋਈ ਹੈ। ਮਾਨਸਾ ਦੇ ਸਰਦੂਲਗੜ ਅਤੇ ਬੁਢਲਾਡਾ ਇਲਾਕੇ ਵਿਚ ਗੁੜ ਦੀ ਲਾਗਤ ਵਧੀ ਹੈ। ਗੁੜ ਵਪਾਰੀ ਪੁਸ਼ਟੀ ਤਾਂ ਕਰ ਰਹੇ ਹਨ ਪਰ ਕੋਈ ਆਪਣਾ ਨਾਮ ਜੱਗ ਜ਼ਾਹਰ ਨਹੀਂ ਕਰਨਾ ਚਾਹੁੰਦਾ ਹੈ। ਬਠਿੰਡਾ ਦੇ ਪਿੰਡ ਜੋ ਸ਼ਰਾਬ ਕੱਢਣ ਵਿਚ ਬਦਨਾਮ ਰਹੇ ਹਨ, ਉਨ•ਾਂ ਤੇ ਪੁਲੀਸ ਨੇ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਹੋਈ ਹੈ। ਹੁਣ ਤੱਕ ਬਠਿੰਡਾ ਜ਼ਿਲ•ੇ ਵਿਚ ਅੱਠ ਕੇਸ ਧਿਆਨ ਵਿਚ ਆ ਚੁੱਕੇ ਹਨ। ਹਰਿਆਣਾ ਚੋਂ ਵੀ ਸ਼ਰਾਬ ਆ ਰਹੀ ਹੈ।
                         ਕਰ ਅਤੇ ਆਬਕਾਰੀ ਮਹਿਕਮੇ ਨੇ ਤਾਂ ਚੋਣਾਂ ਕਰਕੇ ਕਰੀਬ ਦਰਜਨ ਮੁਖ਼ਬਰ ਪਿੰਡਾਂ ਵਿਚ ਛੱਡ ਦਿੱਤੇ ਹਨ ਜਿਨ•ਾਂ ਨੂੰ ਬਕਾਇਦਾ ਠੇਕੇਦਾਰਾਂ ਤੋਂ ਤਨਖਾਹ ਦਿਵਾਈ ਜਾ ਰਹੀ ਹੈ। ਇਨ•ਾਂ ਮੁਖ਼ਬਰਾਂ ਨੂੰ ਇਲਾਕੇ ਵੰਡ ਦਿੱਤੇ ਗਏ ਹਨ ਜਿਨ•ਾਂ ਸਦਕਾ ਕਈ ਕੇਸ ਫੜੇ ਵੀ ਜਾ ਚੁੱਕੇ ਹਨ। ਬੀੜ ਤਲਾਬ ਵਿਚ ਫੜੀ ਸ਼ਰਾਬ ਵਾਰੇ ਵੀ ਮੁਖ਼ਬਰ ਨੇ ਹੀ ਸੂਚਨਾ ਦਿੱਤੀ ਸੀ। ਕਰ ਅਤੇ ਆਬਕਾਰੀ ਅਫਸਰ ਬਠਿੰਡਾ ਸ੍ਰੀ ਵਿਕਰਮ ਠਾਕੁਰ ਨੇ ਦੱਸਿਆ ਕਿ ਉਨ•ਾਂ ਨੇ ਐਤਕੀਂ ਚੋਣਾਂ ਕਰਕੇ ਮੁਖ਼ਬਰ ਪਿੰਡਾਂ ਵਿਚ ਛੱਡੇ ਹਨ ਜਿਨ•ਾਂ ਦੀ ਮਾਲੀ ਮਦਦ ਠੇਕੇਦਾਰ ਕਰ ਦਿੰਦੇ ਹਨ ਕਿਉਂਕਿ ਠੇਕਿਆਂ ਦੀ ਵਿਕਰੀ ਵਿਚ ਵਾਧਾ ਹੁੰਦਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਦੀ ਮਦਦ ਨਾਲ ਕਈ ਕੇਸ ਫੜੇ ਜਾ ਚੁੱਕੇ ਹਨ ਅਤੇ ਦਿਨ ਰਾਤ ਦੀ ਨਜ਼ਰ ਰੱਖੀ ਜਾ ਰਹੀ ਹੈ। 

No comments:

Post a Comment