Thursday, January 26, 2017

                                      ਦਾਸ ਦੀ ਚੀਸ
                  ਸੁਖਬੀਰ ਨੇ ਸਾਡਾ ਘਰ ਪਾੜਿਆ
                                     ਚਰਨਜੀਤ ਭੁੱਲਰ
ਬਠਿੰਡਾ : ਸਾਬਕਾ ਐਮ.ਪੀ ਗੁਰਦਾਸ ਸਿੰਘ ਬਾਦਲ ਨੇ ਆਖਿਆ ਕਿ ਸੁਖਬੀਰ ਬਾਦਲ ਨੇ ਮਨਪ੍ਰੀਤ ਨੂੰ ਲਾਂਭੇ ਕਰਨ ਖਾਤਰ ਬਾਦਲ ਪਰਿਵਾਰ ਨੂੰ ਦੁਫਾੜ ਕੀਤਾ ਜਿਸ ਦਾ ਸਾਨੂੰ ਦੋਵੇਂ ਭਰਾਵਾਂ (ਦਾਸ਼ ਤੇ ਪਾਸ਼) ਨੂੰ ਅਫਸੋਸ ਹੈ। ਬਾਦਲ ਪਰਿਵਾਰ ਵਿਚ ਕੋਈ ਝਗੜਾ ਨਹੀਂ ਸੀ ਪਰ ਸੁਖਬੀਰ ਨੂੰ ਡਰ ਸੀ ਕਿ ਕਿਤੇ ਮਨਪ੍ਰੀਤ ਅੱਗੇ ਨਾ ਨਿਕਲ ਜਾਵੇ। ਮੁੱਖ ਮੰਤਰੀ ਨੇ ਵੀ ਸੁਖਬੀਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕੱਠੇ ਰਹਿਣ 'ਚ ਹੀ ਪਰਿਵਾਰ ਦੀ ਤਾਕਤ ਹੈ ਪਰ ਸੁਖਬੀਰ ਸਮਝਿਆ ਨਹੀਂ। ਉਨ•ਾਂ ਆਖਿਆ ਕਿ ਸੁਖਬੀਰ ਤੇ ਹਰਸਿਮਰਤ ਸਿਆਣੇ ਨਹੀਂ ਹਨ ਅਤੇ ਉਨ•ਾਂ ਨੂੰ ਹੰਕਾਰ ਬਹੁਤ ਆ ਗਿਆ ਹੈ। ਹੁਣ ਤਾਂ ਮੁੰਡੇ ਭਾਰੂ ਪੈ ਗਏ ਹਨ ਅਤੇ ਮੁੱਖ ਮੰਤਰੀ ਦੇ ਕੁਝ ਵਸ ਵਿਚ ਨਹੀਂ ਹੈ। ਸਿਆਸਤ ਨੇ ਪਰਿਵਾਰ ਵੰਡ ਦਿੱਤਾ ਤੇ ਹੁਣ ਤਾਂ ਰਾਹ ਹੀ ਵੱਖ ਹੋ ਗਏ ਹਨ। ਕੁਝ ਕਰੁਪਟ ਜਥੇਦਾਰਾਂ ਨੇ ਹੀ ਮੁੱਖ ਮੰਤਰੀ ਨੂੰ ਕਮਜ਼ੋਰ ਕੀਤਾ ਹੈ। 
                         ਗੁਰਦਾਸ ਬਾਦਲ ਨੇ ਇੱਕ ਵਿਸ਼ੇਸ਼ ਇੰਟਰਵਿਊ 'ਚ ਇਹ ਵੀ ਖੁਲਾਸਾ ਕੀਤਾ ਕਿ ਮਨਪ੍ਰੀਤ ਬਾਦਲ ਅਸਲ ਵਿਚ ਅਧਿਆਪਕ ਬਣਨਾ ਚਾਹੁੰਦਾ ਸੀ ਤੇ ਸਿਆਸਤ ਤੋਂ ਦੂਰ ਰਹਿਣਾ ਚਾਹੁੰਦਾ ਸੀ। ਕਾਬਲ ਹੋਣ ਕਰਕੇ ਉਸ ਨੂੰ ਸਿਆਸਤ ਵਿਚ ਲੈ ਆਂਦਾ।  ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਉਸ ਵਿਚ ਕਾਬਲੀਅਤ ਨਹੀਂ। ਮਨਪ੍ਰੀਤ ਨੇ ਕਦੇ ਕਰੁਪਸ਼ਨ ਨਹੀਂ ਕੀਤੀ ਜਦੋਂ ਕਿ ਸੁਖਬੀਰ ਦੇ ਕਿੰਨੇ ਰੌਲੇ ਪੈ ਰਹੇ ਹਨ। ਗੁਰਦਾਸ ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ•ਾਂ ਦਾ ਪੋਤਰਾ ਅਰਜਨ ਵੀ ਸਿਆਸਤ 'ਚ ਆਏਗਾ। ਉਹ ਤਾਂ ਚਾਹੁੰਦੇ ਹਨ ਕਿ ਪਹਿਲਾਂ ਆਪਣੀ ਲਾਅ ਦੀ ਡਿਗਰੀ ਮੁਕੰਮਲ ਕਰ ਲਵੇ ਪਰ ਉਹ ਹੁਣ ਮਨਪ੍ਰੀਤ ਦੀ ਚੋਣ ਵਿਚ ਕੁੱਦਿਆ ਹੋਇਆ ਹੈ।
                         ਉਨ•ਾਂ ਸੁਰੱਖਿਆ ਦੇ ਮੁੱਦੇ ਤੇ ਆਖਿਆ ਕਿ ਉਸ ਨੇ ਕਦੇ ਵੀ ਲਾਲ ਬੱਤੀ ਵਾਲੀ ਗੱਡੀ ਅਤੇ ਗੰਨਮੈਨਾਂ ਕੀ ਮੰਗ ਨਹੀਂ ਕੀਤੀ ਪਰ ਮੁੱਖ ਮੰਤਰੀ ਦਾ ਭਰਾ ਹੋਣ ਦੇ ਨਾਤੇ ਆਪਣੇ ਆਪ ਹੀ ਸੁਰੱਖਿਆ ਦੇ ਦਿੱਤੀ ਅਤੇ ਗੱਡੀ ਭੇਜ ਦਿੱਤੀ। ਉਸ ਨੇ ਕਦੇ ਮੰਗ ਨਹੀਂ ਕੀਤੀ ਸੀ। ਗੁਰਦਾਸ ਬਾਦਲ ਨੇ ਬਿਕਰਮ ਮਜੀਠੀਆ ਤੇ ਸਿੱਧੀ ਕੋਈ ਟਿੱਪਣੀ ਨਹੀਂ ਕੀਤੀ ਪਰ ਏਨਾ ਹੀ ਆਖਿਆ ਕਿ ਲੋਕ ਉਸ ਨੂੰ ਸਿਆਣਾ ਨਹੀਂ ਸਮਝਦੇ। ਉਨ•ਾਂ ਇਹ ਵੀ ਆਖਿਆ ਕਿ ਜਦੋਂ ਕਦੋਂ ਉਹ ਬਿਮਾਰ ਹੋ ਜਾਂਦਾ ਹੈ ਤਾਂ ਮੁੱਖ ਮੰਤਰੀ ਉਸ ਦਾ ਪਤਾ ਲੈਣ ਆਉਂਦੇ ਹਨ ਪਰ ਸਿਆਸਤ ਦੀ ਹੁਣ ਕਦੇ ਕੋਈ ਗੱਲ ਨਹੀਂ ਹੋਈ ਹੈ। ਉਨ•ਾਂ ਦਾਅਵਾ ਕੀਤਾ ਕਿ ਬਠਿੰਡਾ ਸ਼ਹਿਰੀ ਸੀਟ ਤੋਂ ਮਨਪ੍ਰੀਤ ਜਿੱਤੇਗਾ ਅਤੇ ਕਾਂਗਰਸ ਸਰਕਾਰ ਬਣੇਗੀ। 

No comments:

Post a Comment