Monday, January 23, 2017

                                ਬਦਲ ਗਏ ਰਾਹ
            ਗੈਂਗਸਟਰ ਦਾ ਹੀਰੋ ਹੁਣ ਚੀ ਗਵੇਰਾ !
                                ਚਰਨਜੀਤ ਭੁੱਲਰ
ਬਠਿੰਡਾ : ਗੈਂਗਸਟਰ ਲੱਖਾ ਸਧਾਣਾ ਦਾ ਹੀਰੋ ਹੁਣ ਚੀ ਗਵੇਰਾ ਹੈ। ਉਹ ਫੀਦਲ ਕਾਸਤਰੋ ਦੀ ਗੱਲ ਕਰਦਾ ਹੈ। ਨੌਜਵਾਨਾਂ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸੁਨੇਹਾ ਦੱਸਦਾ ਹੈ। ਗਦਰੀ ਬਾਬਿਆਂ ਦੀ ਕਹਾਣੀ ਸੁਣਾਉਂਦਾ ਹੈ। ਡਾ. ਭੀਮ ਰਾਓ ਅੰਬੇਦਕਰ ਦਾ ਫਲਸਫਾ ਦੱਸਣਾ ਨਹੀਂ ਭੁੱਲਦਾ। ਉਸ ਨੇ ਹੁਣ ਜ਼ਿੰਦਗੀ ਦੇ ਨਵੇਂ ਪੰਨੇ ਖੋਲ•ੇ ਹਨ। ਕਿਤਾਬਾਂ ਨੇ ਉਸ ਨੂੰ ਨਵੇਂ ਰਾਹ ਦਿਖਾ ਦਿੱਤੇ ਹਨ। ਕਦੇਂ ਗੈਂਗਸਟਰ ਲੱਖਾ ਸਧਾਣਾ ਸਿਰਫ ਗੋਲੀ ਦੀ ਭਾਸ਼ਾ ਜਾਣਦਾ ਹੁੰਦਾ ਸੀ। ਮਾਰ ਕੁੱਟ ਤੇ ਖੂਨ ਖ਼ਰਾਬਾ ਹੀ ਉਸ ਦਾ ਸੰਸਾਰ ਸੀ। ਮਹਿੰਗੀਆਂ ਗੱਡੀਆਂ ਤੇ ਲਾਮ ਲਸ਼ਕਰ ਉਸ ਦੀ ਪਹਿਚਾਣ ਬਣਦੇ ਸਨ। ਕਈ ਲੀਡਰਾਂ ਨੇ ਕੁਰਸੀ ਨੂੰ ਹੱਥ ਪਾਉਣ ਲਈ ਉਸ ਦਾ ਮੋਢਾ ਵਰਤਿਆ। ਹਲਕਾ ਰਾਮਪੁਰਾ ਦੇ ਪਿੰਡਾਂ 'ਚ ਲੱਗੇ ਗੈਂਗਸਟਰ ਲੱਖਾ ਸਧਾਣਾ ਦੇ ਪੋਸਟਰ ਹੁਣ  ਸਭ ਨੂੰ ਹੈਰਾਨ ਕਰਦੇ ਹਨ। ਇਨ•ਾਂ ਪੋਸਟਰਾਂ ਤੇ ਚੀ ਗਵੇਰਾ, ਫੀਦਲ ਕਾਸਤਰੋ, ਨੈਲਸ਼ਨ ਮੰਡੇਲਾ, ਡਾ. ਭੀਮ ਰਾਓ ਅੰਬੇਦਕਰ ਤੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਹਨ। ਇਹ ਪੋਸਟਰ ਲੋਕਾਂ ਦੀ ਸਮਝ ਤੋਂ ਬਾਹਰ ਹਨ। ਗੈਂਗਸਟਰ ਲੱਖਾ ਸਧਾਣਾ ਨੇ ਅੱਜ ਆਪਣੇ ਪਿੰਡ ਸਧਾਣਾ ਵਿਚ ਅੱਜ ਪਹਿਲੀ ਚੇਤਨਾ ਰੈਲੀ ਕਰਕੇ 'ਜਾਗ ਪੰਜਾਬੀ ਜਾਗ' ਦਾ ਸੁਨੇਹਾ ਦਿੱਤਾ।
                         ਲੋਕਾਂ ਦਾ ਭਰੋਸਾ ਲੱਖਾ ਜਿੱਤ ਸਕੇਗਾ ਜਾਂ ਨਹੀਂ,ਇਹ ਵੱਖਰੀ ਗੱਲ ਹੈ ਪ੍ਰੰਤੂ ਉਸ ਨੇ ਜੁਰਮ ਦੇ ਜਗਤ ਤੋਂ ਮੂੰਹ ਫੇਰਨ ਦਾ ਐਲਾਨ ਕਰ ਦਿੱਤਾ ਹੈ। ਉਹ ਹੁਣ ਆਪਣੇ ਪੁਰਾਣੇ ਦਾਗ ਧੋਣਾ ਚਾਹੁੰਦਾ ਹੈ। ਉਸ ਵਲੋਂ ਅਚਾਨਕ ਕੱਟੇ ਮੋੜੇ ਨੇ ਸਭਨਾਂ ਨੂੰ ਦੰਗ ਕੀਤਾ ਹੈ। ਦੱਸਣਯੋਗ ਹੈ ਕਿ ਲੱਖਾ ਸਧਾਣਾ ਕਬੱਡੀ ਦਾ ਚੰਗਾ ਖਿਡਾਰੀ ਰਿਹਾ ਹੈ ਅਤੇ ਉਸ ਨੇ ਜੁਰਮ ਦੀ ਦੁਨੀਆਂ ਵਿਚ ਪੈਰ ਪਾਉਣ ਮਗਰੋਂ ਮਾਲਵਾ ਖ਼ਿੱਤੇ ਵਿਚ ਪੂਰੀ ਦਹਿਸ਼ਤ ਬਣਾ ਲਈ ਸੀ। ਕਈ ਲੀਡਰਾਂ ਦੀ ਖਾਤਰ ਉਸ ਨੇ ਬੂਥਾਂ ਤੇ ਕਬਜ਼ੇ ਵੀ ਕੀਤੇ ਸਨ। ਉਸ ਨੇ ਔਸਤਨ ਤਿੰਨ ਚਾਰ ਮਹੀਨੇ ਹਰ ਸਾਲ ਜੇਲ•ਾਂ ਵਿਚ ਹੀ ਕੱਟੇ ਹਨ। ਆਦਮਪੁਰਾ ਕਾਂਡ ਵਿਚ ਉਸ ਦੇ ਗੋਲੀ ਲੱਗੀ ਅਤੇ ਉਸ ਮਗਰੋਂ ਪਿੰਡ ਸਿਧਾਣਾ ਵਿਚ ਉਸ ਤੇ ਹਮਲਾ ਹੋਇਆ ਸੀ। ਉਸ ਨੇ ਦੋ ਵਾਰੀ ਮੌਤ ਨੇੜਿਓਂ ਵੇਖੀ ਹੈ। ਪੰਜਾਬੀ ਟ੍ਰਿਬਿਊਨ ਨਾਲ ਗੱਲ ਕਰਦੇ ਹੋਏ ਲੱਖਾ ਸਧਾਣਾ ਨੇ ਪਛਤਾਵਾਂ ਕੀਤਾ ਕਿ ਉਸ ਨੇ ਲੀਡਰਾਂ ਦੇ ਹੱਥੀਂ ਚੜ• ਕੇ ਚੌਧਰ ਦੇ ਸੰਸਾਰ ਵਿਚ ਪੈਰ ਰੱਖ ਲਿਆ ਸੀ। ਉਹ ਆਖਦਾ ਹੈ ਕਿ ਕਿਤਾਬਾਂ ਨੇ ਮੈਨੂੰ ਹਲੂਣਾ ਦਿੱਤਾ ਹੈ। ਚੀ ਗਵੇਰਾ ਤੇ ਫੀਦਲ ਕਾਸਤਰੋ ਨੇ ਮੈਨੂੰ ਜਗਾ ਦਿੱਤਾ ਹੈ। ਉਹ ਦੱਸਦਾ ਹੈ ਕਿ ਉਸ ਨੇ ਜੇਲ• ਦੌਰਾਨ ਪੂਰੇ ਮਾਰਕਸਵਾਦ ਨੂੰ ਪੜਿ•ਆ ਤੇ ਸ਼ਹੀਦ ਭਗਤ ਸਿੰਘ ਦੀ ਜੋ ਕਿਤਾਬ ਹੱਥ ਲੱਗੀ, ਉਸ ਦਾ ਪਾਠ ਕੀਤਾ।
                      ਮੁਕਤਸਰ ਜੇਲ• 'ਚ ਊਰਦੂ ਭਾਸ਼ਾ ਸਿੱਖੀ ਅਤੇ ਰੂਸੀ ਤੇ ਭਾਰਤੀ ਸਾਹਿਤ ਦੀ ਹਰ ਚੰਗੀ ਪੁਸਤਕ ਨੂੰ ਪੜਿ•ਆ। ਉਹ ਦੱਸਦਾ ਹੈ ਕਿ ਜਦੋਂ ਕਿਤਾਬਾਂ ਨੇ ਉਸ ਨੂੰ ਰੋਸ਼ਨੀ ਦਿਖਾਈ ਤਾਂ ਉਸ ਨੂੰ ਰਾਤਾਂ ਦੀ ਨੀਂਦ ਇਨ•ਾਂ ਕਿਤਾਬਾਂ ਤੋਂ ਛੋਟੀ ਲੱਗੀ। ਦੱਸ ਦੇਈਏ ਕਿ ਸਾਲ 2012 ਦੀਆਂ ਚੋਣਾਂ ਵਿਚ ਲੱਖਾ ਸਧਾਣਾ ਨੇ ਪੀਪਲਜ਼ ਪਾਰਟੀ ਤਰਫ਼ੋਂ ਰਾਮਪੁਰਾ ਹਲਕੇ ਤੋਂ ਚੋਣ ਵੀ ਲੜੀ ਸੀ। ਉਹ ਦੱਸਦਾ ਹੈ ਕਿ ਹੁਣ ਚੋਣਾਂ ਵਿਚ ਵੀ ਸਭ ਧਿਰਾਂ ਵਲੋਂ ਹਮਾਇਤ ਮੰਗੀ ਜਾ ਰਹੀ ਹੈ ਪਰ ਉਸ ਨੇ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਹ ਆਖਦਾ ਹੈ ਕਿ ਚੋਣਾਂ ਨਾਲ ਮੂਲ ਮਸਲੇ ਹੱਲ ਨਹੀਂ ਹੋਣੇ ਜਿਸ ਲਈ ਹਰ ਆਦਮੀ ਨੂੰ ਜਾਗਣਾ ਪੈਣਾ ਹੈ। ਜਾਗਣ ਨਾਲ ਹੀ ਬੰਦਾ ਸੁਧਰਦਾ ਹੈ। ਜਾਗਣ ਮਗਰੋਂ ਲੋਕ ਕੀ ਕਰਨ, ਇਸ ਦਾ ਉਹ ਖੁਲਾਸਾ ਨਹੀਂ ਕਰਦਾ ਹੈ। ਲੱਖਾ ਸਧਾਣਾ ਨੂੰ ਅੱਜ ਵੀ ਆਪਣੇ ਸਾਹਾਂ ਦੀ ਗਿਣਤੀ ਦਾ ਪਤਾ ਨਹੀਂ ਪਰ ਉਹ ਚੌਕਸ ਰਹਿ ਕੇ ਜੁਰਮ ਦੀ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ ਹੈ। ਜੁਰਮ ਦਾ ਸੰਸਾਰ ਉਸ ਨੂੰ ਇਸ ਤੋਂ ਮੁਕਤ ਹੋਣ ਦਿੰਦਾ ਹੈ ਜਾਂ ਨਹੀਂ ,ਇਹ ਤਾਂ ਸਮਾਂ ਦੱਸੇਗਾ। ਜਦੋਂ ਲੱਖਾ ਨੂੰ ਪੁੱਛਿਆ ਕਿ ਤੁਸੀਂ ਹੁਣ 'ਕਾਮਰੇਡ' ਬਣ ਗਏ ਹੋ ਤਾਂ ਉਸ ਨੇ ਆਖਿਆ ਕਿ ਉਹ ਤਾਂ ਜਾਗਦੀ ਜ਼ਮੀਰ ਵਾਲਾ ਇਨਸਾਨ ਬਣਨਾ ਚਾਹੁੰਦਾ ਹੈ।
                     ਉਹ ਦੱਸਦਾ ਹੈ ਕਿ ਉਹ ਦੋ ਵਾਰ ਮੌਤ ਨੂੰ ਜੱਫੀ ਪਾ ਕੇ ਮੁੜਿਆ ਹੈ। ਉਹ ਹੁਣ ਪਿੰਡ ਦੀਵਾਨਾ (ਬਰਨਾਲਾ) ਦੀ ਲਾਇਬਰੇਰੀ ਵਿਚ ਨੌਜਵਾਨਾਂ ਨੂੰ ਕਿਤਾਬਾਂ ਲਿਆ ਕੇ ਪੜਨ ਲਈ ਪ੍ਰੇਰਦਾ ਹੈ। 'ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਰ ਬਾਕੀ ਸਮਾਂ ਹੁਣ ਲੋਕਾਂ ਲਈ ਲਾਵਾਂਗਾ।' ਲੱਖੇ ਦਾ ਇਹ ਕਹਿਣਾ ਹੈ। ਉਸ ਨੇ ਸਮਾਜਿਕ ਤੇ ਸਿਆਸੀ ਪ੍ਰਬੰਧ 'ਚ ਬਦਲਾਓ ਲਈ ਕੋਈ ਨਵਾਂ ਫ਼ਾਰਮੂਲਾ ਤਾਂ ਨਹੀਂ ਦੱਸਿਆ ਪਰ ਉਹ ਹੁਣ ਪਿੰਡ ਪਿੰਡ ਚੇਤਨਾ ਰੈਲੀਆਂ ਕਰਨ ਦਾ ਪ੍ਰੋਗਰਾਮ ਵੀ ਉਲੀਕ ਰਿਹਾ ਹੈ। ਹੁਣ ਖਾਸ ਗੱਲ ਇਹ ਵੇਖਣੀ ਹੋਵੇਗੀ ਕਿ ਉਹ ਨਵੇਂ ਰਾਹਾਂ ਤੇ ਕਿੰਨਾ ਕੁ ਪਹਿਰਾ ਦਿੰਦਾ ਹੈ ਅਤੇ ਲੋਕਾਂ ਦਾ ਦਿਲ ਜਿੱਤਣ ਵਿਚ ਕਿੰਨਾ ਕੁ ਸਫਲ ਹੁੰਦਾ ਹੈ। ਚਰਚੇ ਇਹ ਵੀ ਹੈ ਕਿ ਉਸ ਦੇ ਆਖਰੀ ਮਨਸੂਬੇ ਵਿਚ ਸਿਆਸਤ ਵਿਚ ਕੁੱਦਣ ਦੇ ਵੀ ਹੋ ਸਕਦੇ ਹਨ।

4 comments:

 1. ਮੈਂ ਕੁਝ ਮਿੱਤਰਾਂ ਨੂੰ ਜਾਣਦਾ ਹਾਂ ਜਿਹੜੇ ਇਹ ਸ਼ਾਅਦੀ ਭਰਦੇ ਹਨ ਕਿ ਲੱਖਾ ਮਾੜਾ ਬੰਦਾ ਨਹੀਂ ਸੀ ਪ੍ਰੰਤੂ ਜੁਰਮ ਦੇ ਗਲੈਮਰ ਨੇ ਉਸ ਨੂੰ ਭਟਕਾਅ ਦਿੱਤਾ। ਵਿਰਲੇ ਵਿਰਲੇ ਬੰਦੇ ਠੋਕਰਾਂ ਖਾ ਕੇ ਸੁਧਰਦੇ ਵੀ ਦੇਖੇ ਗਏ ਹਨ। ਮਿੰਟੂ ਗੁਰੂਸਰੀਆ ਦੀ ਮਿਸਾਲ ਸਾਡੇ ਸਾਹਮਣੇ ਹੈ।
  ਮੇਰੇ ਖਿਆਲ ਵਿੱਚ ਲੱਖੇ ਨੂੰ ਦੁਰਕਾਰਨ ਦੀ ਥਾਂ, ਉਸਨੂੰ ਸੁਧਰਨ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ।

  ReplyDelete
 2. I agree with Iqbal Ramoowalia statement

  ReplyDelete
 3. ਇਕਬਾਲ ਜੀ ਤੁਹਾਡਾ ਬਹੁਤ ਧਨਵਾਦ ਆਵਦਾ ਵਿਚਾਰ ਲਿਖਣ ਲਈ

  ਅਜ ਦੀ ਰਾਜਨਾਥ ਸਿੰਘ ਦੀ ਅਬੋਹਰ ਵਾਲੀ ਫੋਟੋ ਜੋ tribune ਵਿਚ ਛਪੀ ਹੈ ਓਹ ਵੇਖੋ ਐਨਕਾ ਵਾਲਾ ਬੰਦਾ ਉਸ ਨਾਲ ਖੜਾ stage ਤੇ..ਲਗਦਾ ਜਿਵੇ ਡੋਡੇ ਦਾ ਰਿਸ਼ਤੇਦਾਰ ਅਸ਼ੋਕ ਅਜੂਹਾ ਹੈ! ਖਬਰਾ ਵੀ ਆਈਆ ਕਿ ਜਿਤਣ ਵਾਸਤੇ ਬੀਜਪੀ ਨੇ ਉਸ ਤੋ ਸਾਥ ਮੰਗਿਆ ਹੈ..ਵਾਪਸ ਗਿਫਟ ਪਤਾ ਨਹੀ ਕਹਿਡੀ ਦੇਣੀ ਕੀਤੀ ਹੈ.

  ReplyDelete
 4. ਅਬੋਹਰ ਵਾਲੀ ਫੋਟੋ ਦੇਖਣੀ ਰਾਜਨਾਥ ਸਿੰਘ ਦੀ ਡੋਡੇ ਦਾ ਰਿਸ਼ਤੇਦਾਰ ਅਸ਼ੋਕ ਅਜੁਹਾ ਨਾਲ ਖੜਾ ਹੈ ਲਗਦਾ ਹੈ

  ReplyDelete