Monday, January 2, 2017

                                  ਬਿਹਾਰੀ ਪੈਂਤੜਾ
                    ਚਾਹ ਤੋਂ ਅਕਾਲੀ 'ਉੱਬਲੇ' !
                                 ਚਰਨਜੀਤ ਭੁੱਲਰ
ਬਠਿੰਡਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਤਵਾਜ਼ੀ ਜਥੇਦਾਰਾਂ ਨੂੰ 'ਚਾਹ ਪਾਰਟੀ' ਦਾ ਸੱਦਾ ਦੇ ਦਿੱਤਾ ਹੈ ਜਿਸ ਤੋਂ ਪੰਜਾਬ ਦੀ ਹਾਕਮ ਧਿਰ ਅੰਦਰੋਂ ਅੰਦਰੀ ਖਫ਼ਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਠੀਕ ਉਦੋਂ ਇਹ ਸੱਦਾ ਦਿੱਤਾ ਹੈ ਜਦੋਂ ਪੰਜਾਬ ਪੁਲੀਸ ਨੇ ਮੁਤਵਾਜ਼ੀ ਜਥੇਦਾਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਹੈ। ਤਖਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਾਂ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪਤਾ ਲੱਗਾ ਹੈ ਕਿ ਉਨ•ਾਂ ਨੂੰ ਗੁਰਦਾਸਪੁਰ ਜੇਲ• ਭੇਜ ਦਿੱਤਾ ਗਿਆ ਹੈ। ਬਾਕੀ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਆਗੂਆਂ ਦੇ ਘਰਾਂ ਤੇ ਵੀ ਛਾਪੇ ਮਾਰੇ ਗਏ ਹਨ। ਸੂਤਰ ਆਖਦੇ ਹਨ ਕਿ ਇਹ ਚਾਹ ਪਾਰਟੀ ਨਿਤੀਸ਼ ਕੁਮਾਰ ਦੀ ਮੁਤਵਾਜ਼ੀ ਜਥੇਦਾਰਾਂ ਨੂੰ ਮਾਨਤਾ ਦੇਣ ਦੀ ਮੋਹਰ ਹੈ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਤਵਾਜ਼ੀ ਜਥੇਦਾਰਾਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਉਤਸਵ ਦੇ ਮੁੱਖ ਸਮਾਗਮਾਂ ਤੋਂ ਇੱਕ ਦਿਨ ਪਹਿਲਾਂ 4 ਜਨਵਰੀ ਨੂੰ ਪਟਨਾ ਸਾਹਿਬ ਵਿਖੇ ਆਪਣੇ ਰਿਹਾਇਸ਼ ਤੇ 'ਚਾਹ ਪਾਰਟੀ' ਤੇ ਸੱਦਿਆ ਹੈ। ਨਿਤੀਸ਼ ਕੁਮਾਰ ਤਰਫ਼ੋਂ ਮੁਤਵਾਜ਼ੀ ਜਥੇਦਾਰਾਂ ਦੇ ਸਨਮਾਨ ਵਿਚ ਇਹ ਚਾਹ ਪਾਰਟੀ ਰੱਖੀ ਗਈ ਹੈ।
                       ਸੂਤਰ ਦੱਸਦੇ ਹਨ ਕਿ ਨਿਤੀਸ਼ ਕੁਮਾਰ ਤਰਫ਼ੋਂ 5 ਜਨਵਰੀ ਦੇ ਮੁੱਖ ਸਮਾਗਮਾਂ ਵਿਚ ਮੁਤਵਾਜ਼ੀ ਜਥੇਦਾਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ। ਦੂਸਰੀ ਤਰਫ਼ ਗਿਆਨੀ ਇਕਬਾਲ ਸਿੰਘ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਜਥੇਦਾਰਾਂ ਨੂੰ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਸੁਰੱਖਿਆ ਦੀ ਨਜ਼ਰ ਤੋਂ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ। ਸੂਤਰ ਦੱਸਦੇ ਹਨ ਕਿ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਅਤੇ ਭਾਈ ਮੋਹਕਮ ਸਿੰਘ ਨੇ ਹਫਤਾ ਪਹਿਲਾਂ ਜਨਤਾ ਦਲ (ਯੂਨਾਈਟਡ) ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸ੍ਰੀ ਕੇ.ਸੀ.ਤਿਆਗੀ ਨਾਲ ਦਿੱਲੀ ਵਿਚ ਦੋ ਮੀਟਿੰਗਾਂ ਕੀਤੀਆਂ ਸਨ ਜਿਨ•ਾਂ ਦੇ ਨਤੀਜੇ ਵਜੋਂ ਹੁਣ ਮੁੱਖ ਮੰਤਰੀ ਬਿਹਾਰ ਵਲੋਂ ਮੁਤਵਾਜ਼ੀ ਜਥੇਦਾਰਾਂ ਨੂੰ 4 ਜਨਵਰੀ ਨੂੰ ਚਾਹ ਪਾਰਟੀ ਦਾ ਸੱਦਾ ਭੇਜਿਆ ਹੈ। ਪੰਥਕ ਧਿਰਾਂ ਵਲੋਂ ਨਿਤੀਸ਼ ਕੁਮਾਰ ਦੀ ਪਾਰਟੀ ਨਾਲ ਸਿਆਸੀ ਨੇੜਤਾ ਵੀ ਬਣਾਈ ਜਾ ਰਹੀ ਹੈ। ਯੂਨਾਈਟਿਡ ਅਕਾਲੀ ਦਲ ਦੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਪੁਸ਼ਟੀ ਕੀਤੀ ਸੀ ਕਿ ਮੁਤਵਾਜ਼ੀ ਜਥੇਦਾਰਾਂ ਨੂੰ 4 ਜਨਵਰੀ ਨੂੰ ਨਿਤੀਸ਼ ਕੁਮਾਰ ਵਲੋਂ ਚਾਹ ਪਾਰਟੀ ਦਿੱਤੀ ਜਾ ਰਹੀ ਹੈ।
                      ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਇੱਧਰ ਪੰਜਾਬ ਸਰਕਾਰ ਪੰਥਕ ਆਗੂਆਂ ਨੂੰ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਰੋਕ ਰਹੀ ਹੈ ਜੋ ਕਿ ਨਿੰਦਣਯੋਗ ਕਾਰਵਾਈ ਹੈ। ਉਨ•ਾਂ ਆਖਿਆ ਕਿ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਉਹ ਬਤੌਰ ਸਿੱਖ ਪੰਥ ਦਾ ਇੱਕ ਹਿੱਸਾ ਹੋਣ ਦੇ ਨਾਤੇ ਮਾਣ ਸਨਮਾਨ ਚਾਹੁੰਦੇ ਹਨ ਜਿਸ ਦੀ ਹਾਮੀ ਨਿਤੀਸ਼ ਕੁਮਾਰ ਨੇ ਭਰੀ ਹੈ। ਉਨ•ਾਂ ਆਖਿਆ ਕਿ ਕਿਸੇ ਨੂੰ ਰੋਕਣਾ ਉਨ•ਾਂ ਦਾ ਏਜੰਡਾ ਨਹੀਂ ਹੈ। ਪਤਾ ਲੱਗਾ ਹੈ ਕਿ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਧਿਆਨ ਸਿੰਘ ਮੰਡ ਪੰਜਾਬ ਪੁਲੀਸ ਨੂੰ ਚਕਮਾ ਦੇ ਕੇ ਪੰਜਾਬ ਚੋਂ ਨਿਕਲਣ ਵਿਚ ਕਾਮਯਾਬ ਹੋ ਗਏ ਹਨ ਅਤੇ ਉਹ ਪਟਨਾ ਸਾਹਿਬ ਦੇ ਰਸਤੇ ਵਿਚ ਹਨ। ਦੂਸਰੀ ਤਰਫ਼ ਸ਼੍ਰੋਮਣੀ ਕਮੇਟੀ ਨੇ ਤਖਤਾਂ ਦੇ ਜਥੇਦਾਰਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ  ਫੋਰਸ ਦੀ ਚਾਰ ਸੌ ਮੈਂਬਰੀ ਟੀਮ ਪਟਨਾ ਸਾਹਿਬ ਭੇਜ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਤਰਫ਼ੋਂ ਧਾਰਮਿਕ ਸਮਾਗਮਾਂ ਦੀ ਪੂਰੀ ਜਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਹੈ ਅਤੇ ਉਨ•ਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਟਾਸਕ ਫੋਰਸ ਦੇ 400 ਮੈਂਬਰ ਭੇਜ ਦਿੱਤੇ ਹਨ ਜਿਨ•ਾਂ ਵਲੋਂ ਬਿਹਾਰ ਪੁਲੀਸ ਨਾਲ ਤਾਲਮੇਲ ਕਰ ਲਿਆ ਹੈ। ਉਨ•ਾਂ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਏਨਾ ਜਰੂਰ ਆਖਿਆ ਕਿ ਪੰਥਕ ਮਸਲਿਆਂ ਤੇ ਉਹ ਪੰਥਕ ਏਕਤਾ ਚਾਹੁੰਦੇ ਹਨ।

No comments:

Post a Comment