Tuesday, January 31, 2017

                                    ਡੇਰੇ ਨੂੰ ਡਰ
                   ਬਾਗੀ ਰੌਂਅ 'ਚ ਨੇ ਡੇਰਾ ਪ੍ਰੇਮੀ
                                  ਚਰਨਜੀਤ ਭੁੱਲਰ
ਬਠਿੰਡਾ :  ਡੇਰਾ ਸਿਰਸਾ ਦੇ ਪੈਰੋਕਾਰ ਐਤਕੀਂ ਸਿਆਸੀ ਹਮਾਇਤ ਦੇ ਮਾਮਲੇ 'ਚ ਬਾਗੀ ਰੌਂਅ ਵਿਚ ਹੋ ਗਏ ਹਨ ਜਿਸ ਤੋਂ ਸਿਆਸੀ ਵਿੰਗ ਫਿਕਰਮੰਦ ਹੋ ਗਿਆ ਹੈ। ਤਾਹੀਓ ਸਿਆਸੀ ਵਿੰਗ ਨੂੰ ਪੈਰੋਕਾਰਾਂ ਨੂੰ ਏਕਾ ਰੱਖਣ ਦੀ ਦੁਹਾਈ ਦੇਣੀ ਪੈ ਰਹੀ ਹੈ। ਉਂਜ, ਡੇਰਾ ਸਿਰਸਾ ਦੇ ਸਿਆਸੀ ਵਿੰਗ ਵਲੋਂ ਪਹਿਲੀ ਫਰਵਰੀ ਨੂੰ ਸਿਆਸੀ ਹਮਾਇਤ ਦਾ ਐਲਾਨ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਭਾਜਪਾ ਤਰਫੋਂ ਡੇਰਾ ਸਿਰਸਾ ਤੇ ਅਕਾਲੀ ਭਾਜਪਾ ਗਠਜੋੜ ਨੂੰ ਹਮਾਇਤ ਦੇ ਐਲਾਨ ਕਰਨ ਕਾਫ਼ੀ ਦਬਾਓ ਹੈ। ਦੂਸਰੀ ਤਰਫ਼ ਸਥਾਪਤੀ ਵਿਰੋਧੀ ਲਹਿਰ ਦੇ ਚੱਲਣ ਕਰਕੇ ਡੇਰਾ ਪੈਰੋਕਾਰ ਬਾਗੀ ਰੌਂਅ ਵਿਚ ਜਾਪਦੇ ਹਨ। ਸਿਆਸੀ ਵਿੰਗ ਨੇ ਇਸ਼ਾਰਾ ਕੀਤਾ ਹੈ ਕਿ ਗਠਜੋੜ ਨੂੰ ਹਮਾਇਤ ਦਿੱਤੀ ਜਾਵੇ ਪਰ ਡੇਰੇ ਦੇ ਪੈਰੋਕਾਰਾਂ ਦੇ ਕਾਫ਼ੀ ਨੌਜਵਾਨ 'ਆਪ' ਦੇ ਵਾਹਣਾਂ ਵਿਚ ਘੁੰਮਦੇ ਨਜ਼ਰ ਆਏ ਹਨ। ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ 'ਚ ਡੇਰਾ ਪੈਰੋਕਾਰਾਂ ਨੂੰ ਸਿਆਸੀ ਮਾਮਲੇ ਤੇ ਇੱਕਜੁੱਟ ਰਹਿਣ ਦਾ ਸੱਦਾ ਦਿੱਤਾ ਅਤੇ ਇੱਕ ਸੁਆਲ ਦੇ ਜੁਆਬ ਵਿਚ ਡੇਰਾ ਮੁਖੀ ਨੇ ਆਖਿਆ ਕਿ ਸਿਆਸੀ ਹਮਾਇਤ ਵਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ।
                       ਦੱਸਣਯੋਗ ਹੈ ਕਿ ਮਾਲਵਾ ਖ਼ਿੱਤੇ ਦੇ ਹਰ ਅਸੈਂਬਲੀ ਹਲਕੇ ਵਿਚ ਕਰੀਬ 10 ਹਜ਼ਾਰ ਵੋਟ ਡੇਰਾ ਸਿਰਸਾ ਦੀ ਹੈ। ਪਿਛਲੇ ਦਿਨੀ 80 ਦੇ ਕਰੀਬ ਅਕਾਲੀ ਕਾਂਗਰਸੀ ਉਮੀਦਵਾਰ ਡੇਰਾ ਸਿਰਸਾ ਵੀ ਵੋਟਾਂ ਦਾ ਅਸ਼ੀਰਵਾਦ ਲੈਣ ਲਈ ਗਏ ਸਨ।ਸਿਆਸੀ ਟੱਕਰ ਹੋਣ ਕਰਕੇ ਅਕਾਲੀ ਉਮੀਦਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੁਕਮਨਾਮੇ ਦੀ ਵੀ ਪ੍ਰਵਾਹ ਨਹੀਂ ਕੀਤੀ ਸੀ। ਸੂਤਰ ਦੱਸਦੇ ਹਨ ਕਿ ਡੇਰਾ ਪੈਰੋਕਾਰ ਅੰਦਰੋਂ ਅੰਦਰੀ ਅਕਾਲੀ ਭਾਜਪਾ ਗਠਜੋੜ ਨੂੰ ਹਮਾਇਤ ਦੇਣ ਦੇ ਮਾਮਲੇ ਤੇ ਖਫ਼ਾ ਹਨ ਅਤੇ ਉਹ ਨਰਾਜ਼ਗੀ ਜ਼ਾਹਰ ਕਰ ਰਹੇ ਹਨ ਕਿ ਨਸ਼ਿਆਂ ਦੇ ਪਸਾਰ ਕਰਕੇ ਗਠਜੋੜ ਕਟਹਿਰੇ ਵਿਚ ਹੈ ਤੇ ਡੇਰਾ ਸਿਰਸਾ ਦਾ ਮੂਲ ਏਜੰਡਾ ਵੀ ਨਸ਼ਿਆਂ ਦੇ ਖ਼ਿਲਾਫ਼ ਹੈ। ਕਈ ਡੇਰਾ ਕਮੇਟੀਆਂ ਨੇ ਚੇਤਾ ਵੀ ਕਰਾਇਆ ਹੈ ਕਿ ਮਈ 2007 ਵਿਚ ਅਕਾਲੀ ਦਲ ਵਲੋਂ ਉਨ•ਾਂ ਤੇ ਪਰਚੇ ਦਰਜ ਕੀਤੇ ਗਏ ਸਨ। ਉਧਰ ਡੇਰਾ ਸਿਰਸਾ ਦੀ ਮਜਬੂਰੀ ਬਣੀ ਹੋਈ ਹੈ ਅਤੇ ਭਾਜਪਾ ਨੂੰ ਇਨਕਾਰ ਕਰਨਾ ਔਖਾ ਲੱਗ ਰਿਹਾ ਹੈ। ਸਿਆਸੀ ਵਿੰਗ ਨੂੰ ਡਰ ਹੈ ਕਿ ਕਿਤੇ ਐਤਕੀਂ ਪੈਰੋਕਾਰ ਬਾਗੀ ਨਾ ਹੋ ਜਾਣ ਜਿਸ ਕਰਕੇ ਹਰ ਮੀਟਿੰਗ ਵਿਚ ਪੈਰੋਕਾਰਾਂ ਨੂੰ ਏਕਾ ਰੱਖਣ ਦੀ ਵਾਰ ਵਾਰ ਅਪੀਲ ਕੀਤੀ ਗਈ ਹੈ।
                        ਮੁੱਦਾ ਇਹ ਵੀ ਉਠਿਆ ਹੈ ਕਿ ਗਠਜੋੜ ਸਰਕਾਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਜਾਰੀ ਹੁਕਮਨਾਮਾ ਵਾਪਸ ਕਰਾਉਣ ਵਿਚ ਵੀ ਮਦਦ ਨਹੀਂ ਕਰ ਸਕੀ ਹੈ। ਡੇਰਾ ਪੈਰੋਕਾਰਾਂ ਨੂੰ ਜਦੋਂ ਗਠਜੋੜ ਦੀ ਹਮਾਇਤ ਦੀ ਭਿਣਕ ਪਈ ਤਾਂ ਉਨ•ਾਂ ਨੇ ਆਪਣੇ ਬਾਗੀ ਤੇਵਰ ਵੀ ਦਿਖਾਏ ਹਨ।  ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਦਾ ਕਹਿਣਾ ਸੀ ਕਿ ਪਹਿਲੀ ਫਰਵਰੀ ਤੱਕ ਸਿਆਸੀ ਹਮਾਇਤ ਦਾ ਐਲਾਨ ਹੋ ਜਾਵੇਗਾ ਅਤੇ ਫਿਲਹਾਲ ਵਿਚਾਰਾਂ ਚੱਲ ਰਹੀਆਂ ਹਨ। ਉਨ•ਾਂ ਆਖਿਆ ਕਿ ਬਹੁਗਿਣਤੀ ਪੈਰੋਕਾਰਾਂ ਨੇ ਅਕਾਲੀ ਭਾਜਪਾ ਗਠਜੋੜ ਦੀ ਹਮਾਇਤ ਕਰਨ ਵਾਰੇ ਆਖਿਆ ਹੈ ਅਤੇ ਹੋਰ ਅਲੱਗ ਮਸ਼ਵਰੇ ਵੀ ਆ ਰਹੇ ਹਨ। ਉਨ•ਾਂ ਆਖਿਆ ਕਿ ਪੈਰੋਕਾਰ ਪੂਰੀ ਤਰ•ਾਂ ਇੱਕਜੁੱਟ ਹਨ ਅਤੇ ਉਨ•ਾਂ ਦੇ ਬਾਗੀ ਹੋਣ ਦਾ ਮਤਲਬ ਹੀ ਨਹੀਂ। ਦੂਸਰੀ ਤਰਫ ਅਹਿਮ ਸੂਤਰਾਂ ਨੇ ਦੱਸਿਆ ਕਿ ਨੌਜਵਾਨ ਪੈਰੋਕਾਰਾਂ ਦਾ ਆਪਣੇ ਪਰਿਵਾਰਾਂ ਤੇ ਵੀ ਦਬਾਓ ਹੈ ਕਿ ਐਤਕੀਂ ਜ਼ਮੀਰ ਦੀ ਅਵਾਜ਼ ਮੁਤਾਬਿਕ ਵੋਟ ਪਾਈ ਜਾਵੇ। 

1 comment:

 1. ਜਦੋ ਦਿਲੀ ਵਿਚ ਲੋਕ ਸਭਾ elections ਦੇ ਵਿਚ ਬੀਜੇਪੀ ਜਿਤ ਗਈ ਸੀ ਅਤੇ ਬਾਦ ਵਿਚ ਹਰਿਆਣੇ ਵਿਚ election ਹੋਈ ਤਾਂ ਡੇਰੇ ਨੇ BJP ਨਾਲ ਗੰਡ ਤੁਪ ਕਰ ਲਿਆ. ਫਿਰ ਇਹ ਸ਼੍ਰੀ ਮੋਦੀ ਦੀ ਸਫਾਈ ਮੁਹਿਮ ਵਿਚ ਵੀ ਹਿਸਾ ਪਾਓਦੇ ਰਹੇ ਹਨ!

  ਹਰਿਆਣੇ ਵਿਚ bjp ਦੀ ਜਿਤ ਨੇ ਇਨਾ ਦੇ ਹੋਸਲੇ ਵਧਾ ਦਿਤੇ ਤਿ ਫਿਰ ਆਪਾ ਨੂ ਪਤਾ ਹੀ ਹੈ ਕਿ ਬਰਗਾੜੀ ਵਿਚ ਕੀ ਹੋਇਆ;

  ਇਹ ਖਬਰ the Hindu ਅਖਬਾਰ ਦੀ
  Did ‘deal’ with Dera help BJP in Haryana?

  Modi’s praise

  Prime Minister Narendra Modi lauded Dera head Gurmeet Ram Rahim’s cleanliness campaign at a public meting in Sirsa. Forty BJP candidates were taken by the election in-charge, Kailash Vijayvargiya, to seek Mr. Rahim’s blessings. Notably, the Dera supported Capt. Amarinder Singh of the Congress in the 2007 Punjab Assembly election. Though the Congress lost the election, the party did well in the Dera-dominated areas of Punjab.

  http://www.thehindu.com/news/national/did-deal-with-dera-help-bjp-in-haryana/article6516744.ece

  ReplyDelete