Sunday, June 28, 2020

                             ਵਿਚਲੀ ਗੱਲ
    ਮਨਪ੍ਰੀਤ ਦਾ ਜੌਂਗਾ ਤੇ ਰੱਬ ਦਾ ਘੱਗਰਾ..!
                            ਚਰਨਜੀਤ ਭੁੱਲਰ
ਚੰਡੀਗੜ੍ਹ : ਬਲਵੰਤ ਗਾਰਗੀ ਜੀ! ਬੰਦੇ ਤਾਂ ਭੁੱਲਾਂ ਦੇ ਬੁੱਤ ਨੇ। ਚੇਤਿਆਂ ਨੂੰ ਫਰੋਲੋ, ਤੁਸੀਂ ਤਾਂ ਟਿੱਬਿਆਂ ਦੇ ਗਰਾਈਂ ਹੋ। ਇੰਜ ਨਾ ਕਰੋ, ਸਾਡੀ ਮਜਬੂਰੀ ਤਾਂ ਸਮਝੋ। ਕਿਤੇ ਹਾਜ਼ਰ ਨਾਜ਼ਰ ਹੁੰਦੇ, ਥੋਡੇ ਚਰਨਾਂ ’ਚ ਸਿਰ ਰੱਖਦਾ। ਸੱਤ ਲਕੀਰਾਂ ਵੀ ਕੱਢਦਾ। ਦਿਖਾਓ ਵਡੱਪਣ, ਕੱਢੋ ਵੱਡਾ ਦਿਲ, ਮੁਆਫ਼ ਕਰੋ ਗੁਰੂ ਦੀਆਂ ਸੰਗਤਾਂ ਨੂੰ। ਬਲਵੰਤ ਜੀ, ਨਾਲੇ ਹੁਣ ਕਿੱਥੋਂ ਭਾਲੋਗੇ ਕੱਕਾ ਰੇਤਾ ਤੇ ਕੌਡੀਆਂ ਵਾਲਾ ਸੱਪ।ਹਨੇਰਾ ਛਾਇਆ, ਬੱਦਲ ਗਰਜੇ, ਬਿਜਲੀ ਲਿਸ਼ਕੀ। ਕਿੱਧਰੋਂ ਗੈਬੀ ਆਵਾਜ਼ ਗੂੰਜੀ, ‘ਮੂਰਖੋ, ਖ਼ੁਦਾ ਦਾ ਖ਼ੌਫ਼ ਖਾਓ, ਤੁਸੀਂ ਤਾਂ ‘ਰੱਬ ਦਾ ਘੱਗਰਾ’ ਵੇਚਣ ਹੀ ਤੁਰ ਪਏ।‘ਯਾਦਾਂ ਦੀ ਪੋਟਲੀ ਹਿਲਾਓ। ਕਦੇ ਲਾਲਟੈਨਾਂ ਜੋਗੇ ਸੀ। ਉਦੋਂ ਮਿਹਣੇ ਵੱਜਦੇ, ‘ਵੇਖਿਆ ਤੇਰਾ ਬਠਿੰਡਾ, ਨਾ ਤੋਰੀ ਨਾ ਟਿੰਢਾ।’ ਗੈਬੀ ਤਾਕਤ ਦਾ ਗੱਚ ਭਰਿਆ। ‘ਵੇਲਣੇ ’ਚ ਬਾਂਹ ਐ, ਘੱਗਰਾ ਵੇਚਣ ਲੱਗੇ ਹੋ।’ ਵੱਡੇ ਸਿਆਣਿਓ, ਰੱਬ ਨਾਲ ਝੇਡਾਂ ਨਾ ਕਰੋ। ‘ਨਵਾਂ ਨੌਂ ਦਿਨ, ਪੁਰਾਣਾ ਸੌ ਦਿਨ।’ ਬੁਝਾਰਤਾਂ ਨਾ ਪਾਓ, ਗੱਲ ’ਤੇ ਆਓ। ਭਲਾ ਕੌਣ ਭੁੱਲਿਐ ਬਲਵੰਤ ਗਾਰਗੀ ਨੂੰ। ਕਿਸੇ ਨੇ ਗਾਰਗੀ ਨੂੰ ‘ਰੋਹੀ ਦਾ ਜੰਡ’ ਕਿਹਾ, ਕਿਸੇ ਨੇ ‘ਬਠਿੰਡੇ ਦਾ ਬਾਣੀਆ’। ਬਠਿੰਡਾ ਥਰਮਲ ਦੀਆਂ ਲੰਮੀਆਂ ਚੌੜੀਆਂ ਚਿਮਨੀਆਂ। ਆਸਮਾਨਾਂ ਨੂੰ ਛੂੰਹਦੀਆਂ। ਅੱਖਾਂ ਘੁਮਾ ਕੇ ਗਾਰਗੀ ਫੁਰਮਾਏ, ਸੱਚ ਪੁੱਛੋਂ ਤਾਂ ਬਈ ਏਹ ‘ਰੱਬ ਦਾ ਘੱਗਰਾ’ ਲੱਗਦੈ। ਗਾਰਗੀ ਨੇ ਡਾਂਗ ਵਰਗੇ ਅੱਖਰਾਂ ’ਚ ਵਸੀਅਤ ਲਿਖੀ। ‘ਬਠਿੰਡੇ ਨਹਿਰ ’ਚ ਪਾਇਓ ਮੇਰੇ ਫੁੱਲ’। ਜਦੋਂ ਸਾਹ ਤਿਆਗੇ। ਮਨੂ ਤੇ ਜੰਨਤ ਨੇ ਪਿਓ ਦੇ ਬੋਲ ਪੁਗਾਏ।
               ‘ਨੰਗੀ ਧੁੱਪ’ ਅੰਦਰੋਂ ਕਲਪੀ ਐ। ਅਮਰਿੰਦਰ ਸਿਓਂ ਨੇ ਰੱਬ ਹੀ ਨੰਗਾ ਕਰਤੈ। ਘੱਗਰਾ ਇੱਜ਼ਤ ਦਾ ਪ੍ਰਤੀਕ ਹੁੰਦੈ। ਭਲੇਮਾਣਸੋ, ਰੱਬ ਦੀ ਇੱਜ਼ਤ ਨੂੰ ਹੀ ਹੱਥ ਪਾ ਲਿਐ। ਹੁਣ ਤੂੰ ਆਪਣੀ ਬਣੀ ਨਿਬੇੜੀ ਮੌਲਾ। ਕੰਮ ਤਮਾਮ ਕਰਨਗੇ। ਸਪੀਕਰਾਂ ’ਚ ਕਦੇ ਗੌਣ ਵੱਜਦੇ ਸਨ। ‘ਕਾਲਾ ਘੱਗਰਾ ਸੂਫ ਦਾ..’,‘ਘੱਗਰਾ ਨੌਂ ਗਜ਼ ਦਾ’। ‘ਘੱਗਰੇ ਵੀ ਗਏ, ਫੁਲਕਾਰੀਆਂ ਵੀ ਗਈਆਂ..। ਬੱਸ ਆਹ ਗਾਣੇ ਬਚੇ ਨੇ। ਮਨਪ੍ਰੀਤ ਬਾਦਲ ਤਾਂ ਜਜ਼ਬਾਤ ਦੇ ਚਨਾਬ ਨੇ। ਬਠਿੰਡਾ ਚੋਣ ’ਚ ਮਨਪ੍ਰੀਤ ਅੱਖਾਂ ਭਰ ਲੈਂਦੇ। ਥਰਮਲ ਵੱਲ ਹੱਥ ਕਰਦੇ, ‘ਬਠਿੰਡੇ ਵਾਲਿਓ, ਏਨ੍ਹਾਂ ਚਿਮਨੀਆਂ ’ਚੋਂ ਧੂੰਆਂ ਕੱਢੂੰ।’ ‘ਅੰਨ੍ਹਾਂ ਕੀ ਭਾਲੇ..’। ਬੱਸ ਪੰਡਾਲ ਗੂੰਜਣੋਂ ਨਾ ਹਟਦਾ..‘ ਜਿੱਤੂਗਾ ਬਈ ਜਿੱਤੂਗਾ..’। ਮਨਪ੍ਰੀਤ ਜਿੱਤੇ, ਢੋਲ ਵੱਜੇ, ਨਾਅਰੇ ਗੱਜੇ। ਪਿੰਡ ਬਾਦਲ ਬੈਠਾ ਤਾਏ ਦਾ ਮੁੰਡਾ ਢਿੱਡੋਂ ਹੱਸਿਐ। ਕੌਣ ਸਮਝੇ ਸਿਆਸੀ ਹਾਸੇ ਨੂੰ। ਸ਼ਾਇਦ ਇਵੇਂ ਆਖਦੇ ਹੋਣ ‘ਅਸੀਂ ਕੋਕੇ ਜੜੇ ਨੇ, ਐਵੇਂ ਕਿਵੇਂ ਕੱਢੋਗੇ ਧੂੰਆਂ’। ਜਦੋਂ ਪ੍ਰਾਈਵੇਟ ਥਰਮਲਾਂ ਵੱਲ ਮੂੰਹ ਕੀਤਾ। ਗੱਲ ਉਦੋਂ ਸਮਝ ਪਈ। ਰੂਸੀ ਨੁਸਖ਼ਾ ਪੱਲੇ ਬੰਨ੍ਹੋ,‘ ਸਾਰੰਗੀ ਦਾ ਪਤਾ ਉਸ ਦੇ ਸੁਰਾਂ ਤੋਂ ਲੱਗਦੈ।’ ਬਠਿੰਡੇ ਵਾਲੇ ਨਿਰੇ ਬੋਲੇ ਕੁੱਕੜ ਨੇ। ਨਹੀਂ ਪਤਾ ਇੱਲ ’ਤੇ ਕੁੱਕੜ ਦਾ। ਅਗਲਿਆਂ ਨੇ ਮੰਜੀ ਦੀ ਦੌਣ ਵਾਂਗੂ ਕੱਸਤੇ। ਨਵੀਂ ਸਰਕਾਰ ਨੇ ਘੱਗਰੇ ਰੋਲ ਤੇ। ਬਾਬੇ ਨਾਨਕ ਦੀ ਯਾਦ, ਲੋਕਾਂ ਦੀ ਫ਼ਰਿਆਦ, ਢੱਠੇ ਖੂਹ ’ਚ ਪਾਤੀ। ਪਹਿਲੀ ਜਨਵਰੀ 2018 ਨੂੰ ਥਰਮਲ ਨੂੰ ਤਾਲਾ ਜੜਤਾ।
               ‘ਲੱਛੇ ਸਭ ਨੂੰ ਅੱਛੇ’, ਧੂੰਆਂ ਧਾਰ ਭਾਸ਼ਣ ਕੰਨਾਂ ’ਚ ਗੂੰਜਣੋਂ ਨਹੀਂ ਹਟ ਰਹੇ। ਭਾਗ ਲੱਛੀ ਦੇ ਹਾਰ ਗਏ। ਲੋਕ ਭਾਵੁਕਤਾ ਦੀ ਧੂਣੀ ਭਖੀ, ਸ਼ਰਮ ’ਚ ਝੀਲਾਂ ਡੁੱਬੀਆਂ, ਜਦੋਂ ਮੰਤਰੀ ਮੰਡਲ ਨੇ ਹੁਣੇ ਥਰਮਲ ਜ਼ਮੀਨ ’ਤੇ ਮੋਹਰ ਲਾਈ। ‘ਪਹਿਲਾਂ ਵਿਕਸਿਤ ਕਰਾਂਗੇ, ਫੇਰ ਵੇਚਾਂਗੇ ਜ਼ਮੀਨ।’ ਬਠਿੰਡੇ ਦੇ ਬਾਣੀਏ ਬੋਲੇ.. ‘ਕਰ ਲਓ ਘਿਓ ਨੂੰ ਭਾਂਡਾ।’ ਪਹਿਲਾਂ ਭਾਂਡੇ ’ਚ ਜਸਵਿੰਦਰ ਭੱਲੇ ਦੀ ਟਿੱਚਰ ਪਾ ਲਿਓ.. ‘ਅਖੇ ਬਠਿੰਡੇ ਵਾਲੇ ਤਾਂ ਛਿੱਲ ਕੇ ਕੇਲਾ ਖਾਂਦੇ ਨੇ।’ ਛੱਜੂ ਰਾਮ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ‘ਭੱਲਾ ਸਾਹਿਬ, ਤਪੇ ਨੂੰ ਨਾ ਤਪਾਓ, ਬਠਿੰਡੇ ਵਾਲੇ ਛਿੱਲ ਵੀ ਦਿੰਦੇ ਨੇ, ਨਾਲੇ ਛੁਲਕ ਵੀ।’ ਲੱਗਦੇ ਹੱਥ ਰਾਮ ਪ੍ਰਸਾਦ ਬਿਸਮਿਲ ਦੀ ਵੀ ਸੁਣੋ, ‘ਵਕਤ ਆਨੇ ਦੇ ਬਤਾ ਦੇਂਗੇ ਤੁਝੇ ਐ ਆਸਮਾਂ, ਹਮ ਅਭੀ ਸੇ ਕਯਾ ਬਤਾਏਂ, ਕਯਾ ਹਮਾਰੇ ਦਿਲ ਮੇਂ ਹੈ।’ ਖ਼ੈਰ ਚੋਣ ਬਹੁਤੀ ਦੂਰ ਨਹੀਂ। ਮਲਵਈ ਧੰਗੇੜ ਕਿੱਥੇ ਝੱਲਦੇ ਨੇ। ਹੈ ਤਾਂ ਸਿਰੇ ਦੇ ਲੱਲੂ। ਚਿੱਬੜ ਖਾਣ ਜੋਗੇ ਰਹਿ ਗਏ। ਕਮਲਿਆਂ ਦੇ ਅਗਵਾੜ ’ਚ ਸਿਆਣੇ ਦਾ ਕੀ ਕੰਮ। ਵਿੱਤ ਮੰਤਰੀ ਵੱਡੀ ਸੋਚ ਰੱਖਦੇ ਨੇ। ਲੰਡਨੋਂ ਪੜ੍ਹੇ ਨੇ, ਸਾਦ ਮੁਰਾਦੇ ਇਨਸਾਨ ਨੇ। ਲਿਸ਼ਕ ਪੁਸ਼ਕ ਤੋਂ ਦੂਰ। ਗੱਡੀ ਖ਼ੁਦ ਚਲਾਉਂਦੇ ਨੇ। ਕੋਈ ਗੰਨਮੈਨ ਨਹੀਂ ਲਿਆ। ਮਨਪ੍ਰੀਤ ਇੰਝ ਬੋਲੇ, ਸਭ ਝੂਠ ਐ, ਥਰਮਲ ਦੀ ਜ਼ਮੀਨ ਨਹੀਂ ਵੇਚਾਂਗੇ। ਨਵਾਂ ਸਨਅਤੀ ਪਾਰਕ ਬਣੇਗਾ। 50 ਹਜ਼ਾਰ ਮੁੰਡਿਆਂ ਨੂੰ ਨੌਕਰੀ ਮਿਲੂ।‘ਲਾਹੌਰੀ ਸ਼ੌਕੀਨ, ਬੋਝੇ ’ਚ ਗਾਜਰਾਂ।’ ਕਮਲਿਓ, ਯਕੀਨ ਕਰੋ.. ਬਾਦਲ ਆਈ ’ਤੇ ਆ ਜਾਣ, ਪਾਣੀ ’ਚ ਬੱਸਾਂ ਚਲਾ ਦਿੰਦੇ ਨੇ।’ ਕਿਤੇ ਤੀਜਾ ਮੌਕਾ ਦਿੰਦੇ ਤਾਂ ਚੰਦ ’ਤੇ ਰੈਲੀ ਕਰ ਕੇ ਵੀ ਦਿਖਾਉਂਦੇ। ਹੁਣ ਤਾਂ ਛੱਡ ਦਿਓ ਜੈਕਾਰੇ।
               ਚੰਡੀਗੜ੍ਹ ’ਚ 23 ਜੂਨ ਦੀ ਦੁਪਹਿਰ, ਮਨਪ੍ਰੀਤ ਨੇ ਪ੍ਰੈੱਸ ਕਾਨਫਰੰਸ ਬੁਲਾਈ, ਤਫ਼ਸੀਲ ’ਚ ਗੱਲ ਇੰਜ ਸਮਝਾਈ। ‘ਬਠਿੰਡਾ ਥਰਮਲ ਬੜਾ ਪੁਰਾਣੈ, ਬੰਦ ਕਰਨਾ ਪੈਣਾ ਸੀ, ਬਿਜਲੀ ਮਹਿੰਗੀ ਪੈਂਦੀ ਸੀ।’ ਵਿਚੋਂ ਕੋਈ ਅਨਾੜੀ ਬੋਲਿਆ, ‘ਉਹ ਕਿਵੇਂ ਜੀ’। ਅੱਗਿਓਂ ਮਨਪ੍ਰੀਤ ਨੇ ਗੱਲ ਏਦਾਂ ਪੱਲੇ ਪਾਈ। ‘ਅੌਹ ਮੇਰਾ ਪੁਰਾਣਾ ਜੌਂਗਾ ਖੜ੍ਹੈ, ਲਿਟਰ ’ਚ ਦੋ ਕਿਲੋਮੀਟਰ ਕੱਢਦੈ, ਭਲਾ ਤੁਸੀਂ ਦੱਸੋ, ਮੈਂ ਜੌਂਗਾ ਵਰਤੂੰ ਜਾਂ ਹੋਰ ਗੱਡੀ।’ ਬਠਿੰਡੇ ਵਾਲਿਆਂ ਦੇ ਖਾਨੇ ਫਿਰ ਨਾ ਪਈ। ਮੂਰਖੋ, ਸਰਕਾਰੀ ਸੋਚ ਦੇ ਅਸ਼ਕੇ ਜਾਓ। ‘ਵਣਜ ਕਰੇਂਦੇ ਬਾਣੀਏ, ਹੋਰ ਕਰੇਂਦੇ ਰੀਸ’। ਅਕਲੋਂ ਫੁੱਫੜ ਨਾ ਬਣੋ। ਬਠਿੰਡਾ ਥਰਮਲ ਚੱਲੂ, ਮਹਿੰਗੀ ਬਿਜਲੀ ਬਣਾਊ। ਬੋਝ ਸਿੱਧਾ ਥੋਡੇ ’ਤੇ ਆਊ। ਪੁਰਾਣੇ ਦਾ ਖਹਿੜਾ ਛੱਡੋ। ਤੁਸੀਂ ਕੀ ਲੈਣਾ, ਜੇ ਮੰਤਰੀ ਕੋਲ ਤਿੰਨ ਜੀਪਾਂ ਨੇ, ਇਕ ਪੁਰਾਣਾ ਜੌਂਗਾ ਐ। ਵਿਰਾਸਤੀ ਗੱਡੀਆਂ ਨੇ। ਕੋਈ ਵਿਰਾਸਤ ਵੀ ਵੇਚਦੈ। ਗਾਰਗੀ ਜੀ, ਤੁਸੀਂ ਸਮਝਾਓ। ‘ਘੱਗਰਾ’ ਕਾਹਤੋਂ ਵੇਚਣ ਲੱਗੇ ਨੇ। ਥਰਮਲ ਤਾਂ ਬਾਬੇ ਦੀ ਨਿਸ਼ਾਨੀ ਐ।‘ਵਹਿਣ ਪਏ ਦਰਿਆ, ਕਦੇ ਨਹੀਂ ਮੁੜਦੇ।’ ਵੱਡਿਆਂ ਦੀ ਰੀਸ ਨਾ ਕਰੋ, ਬੱਸ ਸੋਚ ’ਤੇ ਪਹਿਰਾ ਦਿਓ। ਨਾਲੇ ਇਕ ਹੋਰ ਜੈਕਾਰਾ ਛੱਡੋ। ਬਠਿੰਡੇ ਦੇ ਐਨ ਵਿਚਾਲੇ ਕਿਲਾ ਹੈ। ਮੱਧ ਕਾਲ ‘’ ਭੱਟੀ ਰਾਓ ਰਾਜਪੂਤ ਨੇ ਨਵੇਂ ਸਿਰਿਓਂ ਬਣਾਇਆ। ਉਂਜ, ਕਿਲਾ ਸਦੀਆਂ ਪੁਰਾਣੈ। ਪਰਲੋਕ ’ਚ ਬੈਠਾ ਭੱਟੀ ਰਾਓ, ਧੁਰ ਅੰਦਰੋਂ ਕੰਬ ਗਿਐ। ਧਰਮਰਾਜ ਨੂੰ ਪੁੱਛ ਰਿਹੈ, ਪੰਜਾਹ ਸਾਲ ਪੁਰਾਣੇ ‘ਘੱਗਰੇ’ ਨੂੰ ਹੱਥ ਪਾ ਲਿਐ, ਕਿਲਾ ਤਾਂ ਬਹੁਤ ਪੁਰਾਣੈ, ਥੋਨੂੰ ਕੀ ਲੱਗਦੈ। ਭੌਂ ਮਾਫੀਆ ਦਿਨੇ ਸੁਫਨੇ ਵੇਖਣ ਲੱਗਾ, ਕਿਤੇ ਕਿਲੇ ਵਾਲੀ ਥਾਂ ’ਤੇ ਕਲੋਨੀ ਕੱਟਣੀ ਹੋਵੇ..ਪੌਂ ਬਾਰਾਂ ਹੋ ਜਾਣ।
                 ਮਾਲਵਾ ’ਚ ਝੱਖੜ ਤੇ ਹਨੇਰੀ ਆਉਣੀ, ਸਭ ਇਹੋ ਆਖਦੇ, ‘ਬਠਿੰਡੇ ਵਾਲਾ ਦਿਓ’ ਆ ਗਿਆ। ਮੌਜੂਦਾ ਸਿਆਸਤ ਨੇ ਦਿਓ ਨੂੰ ਚੰਗਾ ਅਖਵਾ ਦਿੱਤਾ। ਲਹਿਰੇ ਵਾਲਾ ਤੇ ਰੋਪੜ ਵਾਲਾ ਥਰਮਲ, ਗੁਰੂਆਂ ਦੇ ਨਾਮ ‘ਤੇ ਬਣੇ ਨੇ। ਦੋਵੇਂ ਥਰਮਲ ਪਲਾਂਟ ਹੁਣ ਸਲਾਹੀਂ ਪਏ ਨੇ, ‘ਛੋਟਿਆ, ਹੁਣ ਆਪਣਾ ਕੀ ਬਣੂੰ।’ ਵਣਾਂਵਾਲਾ ਤੇ ਰਾਜਪੁਰਾ ਥਰਮਲ.. ਖਚਰੀ ਹਾਸੀ ਹੱਸੇ ਨੇ। ਲਹਿਰਾ ਥਰਮਲ ਲਈ 1095 ਕਿਸਾਨਾਂ ਅਤੇ ਰੋਪੜ ਥਰਮਲ ਲਈ 2397 ਕਿਸਾਨਾਂ ਨੇ ਜ਼ਮੀਨ ਦਿੱਤੀ ਸੀ।ਚਾਰੋਂ ਪ੍ਰਾਈਵੇਟ ਥਰਮਲਾਂ ਲਈ ਕਿਸਾਨਾਂ ਤੋਂ 5136 ਏਕੜ ਜ਼ਮੀਨ ਲਈ ਗਈ, ਦਿੱਤੀ ਨਹੀਂ ਸੀ। ਨਵੇਂ ਪ੍ਰਾਈਵੇਟ ਥਰਮਲ ਮੰਤਰੀ ਦੀ ਫਾਰਚੂਨਰ ਵਰਗੇ ਨੇ। ਸਰਕਾਰੀ ਥਰਮਲ ਪੁਰਾਣਾ ਜੌਂਗਾ ਨੇ। ਦਸੌਂਧਾ ਸਿਓਂ ਬੋਲਿਐ, ਭਾਈ ਕਿਤੇ ਬੁੱਢਾ ਜਾਣ ਕੇ ਮੈਨੂੰ ਨਾ ਵੇਚ ਦਿਓ। ਪਿੱਛਿਓਂ ਆਵਾਜ਼ ਪਈ ਐ, ਜਦੋਂ ਹਾਕਮਾਂ ਦੀ ਸੋਚ ਖੁੰਢੀ ਹੋ ਜਾਏ.. ਪੁਰਾਣੇ ਥਰਮਲਾਂ ਦੀ ਜਵਾਨ ਲਾਟ ਵੀ ਜਗਬੁੱਝ ਕਰਦੀ ਐ। ਦੀਵਾ ਮੱਥੇ ਲੱਗਦੈ.. ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਸ਼ਾਇਦ ਨਾ ਆਵੇ। ਬਠਿੰਡਾ ਥਰਮਲ ਇਕੱਲਾ ਨਹੀਂ, ਨਾਲ ਕੌਮੀ ਖਾਦ ਕਾਰਖਾਨਾ ਵੀ ਕੰਧਾੜੇ ਚੁੱਕ ਲਿਆਇਆ ਸੀ। ਹਕੂਮਤ ਜਰਵਾਣੀ ਹੋ ਜਾਏ, ਫਿਰ ਝੱਖੜ ਝੁੱਲਦੇ ਨੇ। ਘੱਗਰਾ ਤਾਂ ਛੱਡੋ, ਰੱਬ ਨੂੰ ਹੀ ਨਾ ਵੇਚ ਦੇਣ। ਅਗਲੀ ਚੋਣ ਦੂਰ ਨਹੀਂ। ਅਫ਼ਰੀਕੀ ਬਾਬੇ ਆਖਦੇ ਨੇ..‘ਮੂਰਖਾਂ ਦੀ ਭੀੜ ਨੂੰ ਕਦੇ ਘਟਾ ਕੇ ਨਾ ਦੇਖੋ।’ ਸਮਾਪਤੀ ਸਾਹਿਰ ਲੁਧਿਆਣਵੀ ਦੇ ਬੋਲਾਂ ਨਾਲ ਜੋ ਫਿਲਮ ‘ਪਿਆਸਾ’ ’ਚ ਗੂੰਜੇ। ‘ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ, ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਓ, ਜਿਨ੍ਹੇਂ ਨਾਜ਼ ਹੈ, ਹਿੰਦ ਪਰ ਉਨਕੋ ਲਾਓ, ਜਿਨ੍ਹੇਂ ਨਾਜ਼ ਹੈ ਹਿੰਦ ਪਰ। ਵੋ ਕਹਾਂ ਹੈ, ਕਹਾਂ ਹੈ।

4 comments:

  1. ਬਾਕਮਾਲ ਲਿਖਤ ਵੀਰ ਜੀ

    ReplyDelete
  2. ਬਹੁਤ ਖੂਬ ਭੁੱਲਰ ਸਾਹਿਬ, ਬਰਾੜ ਆਰ.ਸਿੰਘ

    ReplyDelete
  3. ਬਾਬਿਓ, ਪੈਰੀਂ ਹੱਥ ਲਾਉਂਦਾ ਹਾਂ ਜੀ। ਸਤਿਕਾਰ ਕਬੂਲ ਕਰੋ।

    ReplyDelete