Monday, July 20, 2020

                       ਬੁਲੇਟ ਦੇ ਸ਼ੈਦਾਈ
       ਪੰਜਾਬੀਆਂ ਨੇ ਪੁਆਤੇ ਪਟਾਕੇ
                    ਚਰਨਜੀਤ ਭੁੱਲਰ
ਚੰਡੀਗੜ੍ਹ,: ‘ਬੁਲੇਟ’ ਦੇ ਸ਼ੌਕ ਨੇ ਪੰਜਾਬੀ ਸ਼ੈਦਾਈ ਕਰ ਦਿੱਤੇ ਹਨ। ਕੋਵਿਡ ਸੰਕਟ ’ਤੇ ਵੀ ਸ਼ੌਕ ਭਾਰੂ ਪਿਆ ਹੈ। ਭਾਵੇਂ ਪੰਜਾਬੀ ਵਿੱਤੀ ਆਫ਼ਤਾਂ ਦੀ ਵਲਗਣ ’ਚ ਹਨ ਪਰ ਊਹ ਖੁੱਲ੍ਹੇ ਹੱਥ ਨਾਲ ‘ਬੁਲੇਟ’ ਖ਼ਰੀਦ ਰਹੇ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਲੰਘੇ ਸਾਢੇ ਚਾਰ ਵਰ੍ਹਿਆਂ ਵਿੱਚ ਕਰੀਬ 2500 ਕਰੋੜ ਰੁਪਏ ਖ਼ਰਚ ਕੇ ਬੁਲੇਟ ਮੋਟਰਸਾਈਕਲ ਦਾ ਸ਼ੌਕ ਪੂਰਾ ਕੀਤਾ ਹੈ। ਵੇਰਵਿਆਂ ਅਨੁਸਾਰ ਟਰਾਂਸਪੋਰਟ ਵਿਭਾਗ ਕੋਲ ਪਹਿਲੀ ਜਨਵਰੀ 2016 ਤੋਂ 15 ਜੁਲਾਈ 2020 ਤੱਕ ਪੰਜਾਬ ’ਚ ਨਵੇਂ 1,87, 291 ਬੁਲੇਟ ਮੋਟਰਸਾਈਕਲ (ਰਾਇਲ ਐਨਫੀਲਡ) ਰਜਿਸਟਰਡ ਹੋਏ ਹਨ। ਔਸਤ ਵੇਖੀਏ ਤਾਂ ਪੰਜਾਬ ਵਿੱਚ ਇਨ੍ਹਾਂ ਲੰਘੇ ਸਾਢੇ ਚਾਰ ਵਰ੍ਹਿਆਂ ਦੌਰਾਨ ਰੋਜ਼ਾਨਾ 113 ਬੁਲੇਟ ਮੋਟਰਸਾਈਕਲਾਂ ਦੀ ਵਿੱਕਰੀ ਹੋਈ। ਮਤਲਬ, ਪੰਜਾਬੀ ਰੋਜ਼ਾਨਾ ਔਸਤਨ ਡੇਢ ਕਰੋੜ ਰੁਪਏ ਬੁਲੇਟ ਦੀ ਖ਼ਰੀਦ ’ਤੇ ਖ਼ਰਚ ਹੁੰਦੇ ਰਹੇ।ਪੰਜਾਬ ’ਚ ਸਾਲ 2019 ਦੌਰਾਨ 43,682 ਬੁਲੇਟ ਵਿਕੇ ਹਨ, ਜਿਨ੍ਹਾਂ ਦੀ ਰੋਜ਼ਾਨਾ ਵਿਕਰੀ ਔਸਤ 119 ਬਣਦੀ ਹੈ। ਸਾਲ 2018 ਵਿੱਚ ਇਹੋ ਔਸਤ ਰੋਜ਼ਾਨਾ 126 ਬੁਲੇਟ ਮੋਟਰਸਾਈਕਲਾਂ ਦੀ ਸੀ। ਚਾਲੂ ਕੈਲੰਡਰ ਵਰ੍ਹੇ ਦੌਰਾਨ ਪੰਜਾਬ ਵਿੱਚ 16,911 ਬੁਲੇਟ ਰਜਿਸਟਰਡ ਹੋਏ ਹਨ। ਬੁਲੇਟ ਦੀ ਕੀਮਤ ਵਿਚ ਹਰ ਵਰ੍ਹੇ ਕੰਪਨੀ ਵੱਲੋਂ ਪੰਜ ਤੋਂ ਸੱਤ ਹਜ਼ਾਰ ਰੁਪਏ ਵਾਧਾ ਕੀਤਾ ਜਾ ਰਿਹਾ ਹੈ।
                 ਬੁਲੇਟ ਦੇ ਸਟੈਂਡਰਡ ਮਾਡਲ ਦੀ ਕੀਮਤ ਸਮੇਤ ਸਭ ਟੈਕਸਾਂ ਦੇ 1,49,500 ਰੁਪਏ ਹੈ ਜੋ ਕਰੀਬ 90 ਫ਼ੀਸਦੀ ਵਿਕਦਾ ਹੈ। ਕਲਾਸਿਕ ਮਾਡਲ ਦੀ ਕੀਮਤ 1.90 ਲੱਖ ਰੁਪਏ ਹੈ।ਲੰਘੇ ਸਾਢੇ ਚਾਰ ਸਾਲਾਂ ਦੀ ਔਸਤਨ ਕੀਮਤ 1.30 ਲੱਖ ਰੁਪਏ ਵੀ ਰੱਖ ਲਈਏ ਤਾਂ ਵੀ ਇਨ੍ਹਾਂ ਵਰ੍ਹਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਬੁਲੇਟ ਦੀ ਖ਼ਰੀਦ ’ਤੇ 2434.78 ਕਰੋੜ ਰੁਪਏ ਖ਼ਰਚੇ ਹਨ। ਪਟਿਆਲਾ ’ਚ ਰਾਇਲ ਐਨਫੀਲਡ ਏਜੰਸੀ ਦੇ ਅਧਿਕਾਰੀ ਜਗਦੀਸ਼ ਚੰਦ ਆਖਦੇ ਹਨ ਕਿ ਬੁਲੇਟ ਦੀ ਛੇ ਛੇ ਮਹੀਨੇ ਦੀ ਪਹਿਲਾਂ ਵੇਟਿੰਗ ਹੁੰਦੀ ਸੀ ਜੋ ਹੁਣ ਦੋ ਹਫ਼ਤਿਆਂ ਦੀ ਹੈ। ਉਨ੍ਹਾਂ ਦੱਸਿਆ ਕਿ ਭਾਅ ਵਧਣ ਦੇ ਬਾਵਜੂਦ ਇਸ ਦਾ ਸ਼ੌਕ ਕਦੇ ਘਟਿਆ ਨਹੀਂ ਹੈ। ਨਾਭਾ ਦੇ ਸਕੂਲ ਲੈਕਚਰਾਰ ਦਲਜੀਤ ਸਿੰਘ ਆਖਦੇ ਹਨ ਕਿ ਨੌਜਵਾਨਾਂ ਲਈ ਬੁਲੇਟ ਹੁਣ ਸਟੇਟਸ ਸਿੰਬਲ ਬਣ ਗਿਆ ਹੈ। ਗੀਤਕਾਰ ਮਨਪ੍ਰੀਤ ਟਿਵਾਣਾ ਆਖਦੇ ਹਨ ਕਿ ਪੰਜਾਬੀ ਗੀਤਾਂ ’ਚ ਬੁਲੇਟ ਦੀ ਚਰਚਾ ਨੇ ਇਸ ਦੀ ਵਿੱਕਰੀ ਨੂੰ ਹੁਲਾਰਾ ਦਿੱਤਾ ਹੈ।  ਦੇਸ਼ ਭਰ ’ਚ ਵਿਕਦੇ ਬੁਲੇਟ ਮੋਟਰਸਾਈਕਲਾਂ ’ਚੋਂ ਕਰੀਬ 6.50 ਫ਼ੀਸਦੀ ਬੁਲੇਟ ਇਕੱਲੇ ਪੰਜਾਬ ਵਿੱਚ ਵਿਕਦੇ ਹਨ। ਸਾਲ 2019 ਵਿਚ ਦੇਸ਼ ਭਰ ਵਿਚ 6,41,314 ਬੁਲੇਟ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜਿਸ ’ਚੋਂ 6.81 ਫ਼ੀਸਦੀ ਇਕੱਲੇ ਪੰਜਾਬ ਦੇ ਹਨ। ਸਾਲ 2017 ਵਿੱਚ 6.55 ਫ਼ੀਸਦੀ ਬੁਲੇਟ ਇਕੱਲੇ ਪੰਜਾਬ ‘ਚ ਵਿਕਿਆ ਹੈ।
               ਸੂਤਰ ਦੱਸਦੇ ਹਨ ਕਿ ਪੰਜਾਬ ਵਿਚ ਲੜਕੀਆਂ ਵੀ ਬੁਲੇਟ ਦੀਆਂ ਸ਼ੌਕੀਨ ਹਨ। ਇੱਕ ਤੋਂ ਦੋ ਫ਼ੀਸਦੀ ਬੁਲੇਟ ਲੜਕੀਆਂ ਨੇ ਵੀ ਖ਼ਰੀਦੇ ਹਨ। ਦੂਸਰੇ ਪਾਸੇ ਦੇਖੀਏ ਤਾਂ ਪੰਜਾਬ ਵਿਚ ਸਾਢੇ ਚਾਰ ਵਰ੍ਹਿਆਂ ਦੌਰਾਨ 5,59,670 ਕਾਰਾਂ ਦੀ ਵਿੱਕਰੀ ਹੋਈ ਹੈ ਜਿਸ ਦੀ ਰੋਜ਼ਾਨਾ ਦੀ ਔਸਤਨ 337 ਕਾਰਾਂ ਦੀ ਬਣਦੀ ਹੈ ਅਤੇ ਇਸੇ ਤਰ੍ਹਾਂ ਇਨ੍ਹਾਂ ਸਾਢੇ ਚਾਰ ਸਾਲਾਂ ਵਿਚ 26.70 ਲੱਖ ਮੋਟਰਸਾਈਕਲ/ਸਕੂਟਰ ਵੀ ਵਿਕੇ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤ 1611 ਦੀ ਬਣਦੀ ਹੈ।ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ਵਿੱਚ 89,463 ਟਰੈਕਟਰ ਵੀ ਵਿਕੇ ਹਨ ਜਿਨ੍ਹਾਂ ਦੀ ਰੋਜ਼ਾਨਾ ਦੀ ਔਸਤ 53 ਹੈ। ਪੰਜਾਬ ਸਰਕਾਰ ਹੁਣ ਵਾਹਨਾਂ ਦੀ ਰਜਿਸਟਰੇਸ਼ਨ ਆਦਿ ਤੋਂ ਸਾਲਾਨਾ 1500 ਕਰੋੜ ਰੁਪਏ ਦੀ ਕਮਾਈ ਕਰਦੀ ਹੈ। ਭਾਵੇਂ ਕੋਵਿਡ ਦਾ ਸਮਾਂ ਚੱਲ ਰਿਹਾ ਹੈ ਪਰ ਪੰਜਾਬ ਵਿਚ ਚਾਲੂ ਸਾਲ ਦੌਰਾਨ 136 ਬੀ.ਐਮ.ਡਬਲਿਊ ਲਗਜ਼ਰੀ ਗੱਡੀਆਂ ਵੀ ਵਿਕੀਆਂ ਹਨ। ਸਾਲ 2019 ਦੌਰਾਨ 249 ਗੱਡੀਆਂ ਦੀ ਵਿੱਕਰੀ ਰਹੀ ਹੈ।
                             ‘ਸ਼ੌਕ ਲਈ ਅੱਗਾ-ਪਿੱਛਾ ਨਹੀਂ ਵੇਖਦੇ ਪੰਜਾਬੀ’
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਾ. ਰਵੀ ਰਵਿੰਦਰ ਆਖਦੇ ਹਨ ਕਿ ਪੰਜਾਬੀ ਸੁਭਾਅ ਏਦਾਂ ਦਾ ਹੈ ਕਿ ਸ਼ੌਕ ਦੀ ਪੂਰਤੀ ਲਈ ਅੱਗਾ ਪਿੱਛਾ ਨਹੀਂ ਦੇਖਦੇ ਹਨ। ਆਮ ਦੁਪਹੀਆ ਅਤੇ ਚਾਰ ਪਹੀਆ ਵਾਹਨ ਤਾਂ ਹੁਣ ਮੌਜੂਦਾ ਦੌਰ ਦੀ ਲੋੜ ਬਣ ਗਏ ਹਨ ਪਰ ਮਹਿੰਗੇ ਵਾਹਨ ਸ਼ੌਕ ਦੀ ਪੂਰਤੀ ਲਈ ਰਸਦੇ ਪੁੱਜਦੇ ਪਰਿਵਾਰ ਜ਼ਿਆਦਾ ਖ਼ਰੀਦਦੇ ਹਨ।

1 comment:

  1. ਇਹ ਸ਼ੌਂਕ ਪੰਜਾਬੀਅਾਂ ਨੂੰ ਬਹੁਤ ਮਹਿੰਗੇ ਪੈਣੈ ਅਾ ਭੁੱਲਰ ਸਾਹਿਬ

    ReplyDelete