Tuesday, July 7, 2020

                          ਸਰਕਾਰੀ ਸੱਚ
      ਕਸ਼ਮੀਰ ਦਾ ਸੇਬ ਹੋਇਆ ‘ਬਿਮਾਰ’ !
                          ਚਰਨਜੀਤ ਭੁੱਲਰ
ਚੰਡੀਗੜ੍ਹ : ਕਸ਼ਮੀਰ ਦਾ ਸੇਬ ਹੁਣ ਖੁਦ ‘ਬਿਮਾਰ’ ਹੋ ਗਿਆ ਹੈ ਜਦੋਂ ਕਿ ਤੰਦਰੁਸਤੀ ਖਾਤਰ ਆਮ ਲੋਕ ਕਸ਼ਮੀਰੀ ਸੇਬ ਖਾਣ ਨੂੰ ਤਰਜੀਹ ਦਿੰਦੇ ਹਨ। ਤੰਦਰੁਸਤੀ ਵੰਡਣ ਵਾਲਾ ਕਸ਼ਮੀਰੀ ਸੇਬ ਰਸਾਇਣ ਭਰਪੂਰ ਪਾਇਆ ਗਿਆ ਹੈ ਜਦੋਂ ਕਿ ਜ਼ਹਿਰਾਂ ਤੋਂ ਪੰਜਾਬ ਦੇ ਚੌਲ ਤੇ ਨਰਮਾ ਵੀ ਨਹੀਂ ਬਚ ਸਕੇ ਹਨ। ਉੱਤਰੀ ਭਾਰਤ ’ਚ ਕਸ਼ਮੀਰੀ ਸੇਬ ਦੀ ਪੈਂਠ ਰਹੀ ਹੈ ਪ੍ਰੰਤੂ ਕਸ਼ਮੀਰ ਦਾ ਸੇਬ ਵੀ ਹੁਣ ਜ਼ਹਿਰੀਲਾ ਹੋ ਗਿਆ ਹੈ। ਕਸ਼ਮੀਰ ਵਾਦੀ ਹੁਣ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਵਾਲੇ ਖ਼ਿੱਤੇ ਵਜੋਂ ਉਭਰੀ ਹੈ।ਉੱਤਰੀ ਭਾਰਤ ਦੇ ਇਨ੍ਹਾਂ ਸੂਬਿਆਂ ਦੇ ਕਾਸ਼ਤਕਾਰ ਰਸਾਇਣਾਂ ਦੀ ਲੋੜੋਂ ਵੱਧ ਵਰਤੋਂ ਕਰ ਰਹੇ ਹਨ ਜਿਸ ਵਜੋਂ ਕਾਸ਼ਤਕਾਰਾਂ ਦੀ ਸਿਹਤ ਵੀ ਦਾਅ ’ਤੇ ਲੱਗੀ ਹੈ। ਇਨ੍ਹਾਂ ਫਸਲਾਂ ’ਚ ਖਤਰਨਾਕ ਕਾਰਸਿਨੋਜੀਕ ਕੀਟਨਾਸ਼ਕ ਦੀ ਸਭ ਤੋਂ ਵੱਧ ਵਰਤੋਂ ਹੋਈ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਪੰਜਾਬ ਖੇਤੀ ਵਰਸਿਟੀ ਲੁਧਿਆਣਾ, ਐਮੀਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਅਤੇ ਸ਼ੇਰ ਏ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਈਜ਼ ਐਂਡ ਟੈਕਨੌਲੋਜੀ ਜੰਮੂ ਤੋਂ ਤਾਜ਼ਾ ਸਹਿਯੋਗੀ ਅਧਿਐਨ ਕਰਾਇਆ ਹੈ ਜਿਸ ਵਿਚ ਇਹ ਨਵੇਂ ਖ਼ੁਲਾਸੇ ਹੋਏ ਹਨ।
              ‘ਵਾਤਾਵਰਣ ਪ੍ਰਬੰਧਨ’ ਵਿਚ ਇਸ ਅਧਿਐਨ ਦੇ ਵੇਰਵੇ ਦਰਜ ਕੀਤੇ ਗਏ ਹਨ। ਇਸ ਅਧਿਐਨ ਵਿਚ 1201 ਸੇਬ, ਕਪਾਹ ਅਤੇ ਚੌਲ ਉਤਪਾਦਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਧਿਐਨ ’ਚ ਮਾਹਿਰਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਇੰਟੈਗਰੇਟਡ ਪੈੱਸਟ ਮੈਨੇਜਮੈਂਟ ਦੀ ਯੋਜਨਾਬੰਦੀ ਦੀ ਕਮੀ ਕਰਕੇ ਕਸ਼ਮੀਰ ਸੇਬ ਦੀ ਫਸਲ ਵਿਚ ਕੀਟਨਾਸ਼ਕਾਂ ਦੀ ਜਿਆਦਾ ਵਰਤੋਂ ਹੋਈ ਹੈ। ਅਧਿਐਨ ’ਚ ਖਤਰਨਾਕ ਤੱਥ ਉਭਰੇ ਹਨ ਕਸ਼ਮੀਰ ਦੇ ਸੇਬ ਦੀ ਫਸਲ ’ਚ ਪ੍ਰਤੀ ਹੈਕਟੇਅਰ ਪਿੱਛੇ 9.039 ਕਿਲੋਗਰਾਮ ਉਹ ਰਸਾਇਣ ਵਰਤੇ ਗਏ ਹਨ, ਜੋ ਕੈਂਸਰ ਦੀ ਬਿਮਾਰੀ ਨੂੰ ਸੱਦਾ ਦੇਣ ਵਾਲੇ ਹਨ। ਅਧਿਐਨ ਅਨੁਸਾਰ ਸੇਬ ਦੀ ਫਸਲ ਵਿਚ ਜੋ ਕੁੱਲ ਕੀਟਨਾਸ਼ਕ ਵਰਤੇ ਗਏ, ਉਨ੍ਹਾਂ ਚੋ 35.8 ਫੀਸਦੀ ਰਸਾਇਣ ਕੈਂਸਰ ਦੀ ਬਿਮਾਰੀ ਨੂੰ ਬੁਲਾਵਾ ਦੇਣ ਵਾਲੇ ਸਨ। ਪੰਜਾਬ ਵਿਚ ਅੱਠ ਖੇਤੀ ਮਾਹਿਰਾਂ ਨੇ ਕਪੂਰਥਲਾ, ਜਲੰਧਰ, ਮੋਗਾ ਅਤੇ ਮੁਕਤਸਰ ਵਿਚ ਝੋਨਾ ਕਾਸ਼ਤਕਾਰਾਂ ਵੱਲੋਂ ਫਸਲਾਂ ’ਚ ਵਰਤੇ ਕੀਟਨਾਸ਼ਕਾਂ ਦੀ ਸਟੱਡੀ ਕੀਤੀ ਹੈ। ਝੋਨਾ ਕਾਸ਼ਤਕਾਰਾਂ ਨੇ ਕਰੀਬ 20 ਤਰ੍ਹਾਂ ਦੇ ਕੀਟਨਾਸ਼ਕ ਆਦਿ ਦੀ ਵਰਤੋਂ ਕੀਤੀ ਜਿਨ੍ਹਾਂ ਚੋਂ ਕੁਝ ਕੀਟਨਾਸ਼ਕ ਅਜਿਹੇ ਸਨ ਜਿਨ੍ਹਾਂ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਖਤਰਨਾਕ ਸ਼ੇ੍ਰਣੀ ’ਚ ਰੱਖਿਆ ਹੋਇਆ ਹੈ।
                ਜੰਮੂ ਕਸ਼ਮੀਰ ਖੇਤਰ ’ਚ ਇਨ੍ਹਾਂ ਦੇ ਮੁਕਾਬਲੇ ਚੌਲਾਂ ਵਿਚ ਰਸਾਇਣ ਘੱਟ ਪਾਏ ਗਏ ਹਨ। ਅਧਿਐਨ ਵਿਚ ਨਰਮਾ ਪੱਟੀ ਦੇ ਜ਼ਿਲ੍ਹਾ ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਨੂੰ ਸ਼ਾਮਿਲ ਕੀਤਾ ਗਿਆ ਹੈ। ਬੇਸ਼ੱਕ ਇਨ੍ਹਾਂ ਜ਼ਿਲ੍ਹਿਆਂ ਵਿਚ ਇੰਟੈਗਰੇਟਡ ਪੈੱਸਟ ਮੈਨੇਜਮੈਂਟ ਪ੍ਰੋਗਰਾਮ ਕਈ ਵਰ੍ਹਿਆਂ ਤੋਂ ਚੱਲ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਨਰਮਾ ਕਾਸ਼ਤਕਾਰਾਂ ਵੱਲੋਂ 26 ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਸਾਹਮਣੇ ਆਈ ਹੈ। ਕਾਸ਼ਤਕਾਰਾਂ ਨੇ ਨਰਮੇ ਦੀ ਫਸਲ ਵਿਚ ਪ੍ਰਤੀ ਹੈਕਟੇਅਰ 2.660 ਕਿਲੋਗ੍ਰਾਮ ਦੀ ਵਰਤੋਂ ਕੀਤੀ ਹੈ। ਇਨ੍ਹਾਂ ’ਚ ਵਿਸ਼ਵ ਸਿਹਤ ਸੰਸਥਾ ਵੱਲੋਂ ਖਤਰਨਾਕ ਐਲਾਨੇ ਰਸਾਇਣ ਵੀ ਸ਼ਾਮਿਲ ਹਨ।ਅਧਿਐਨ ਦੇ ਪ੍ਰਮੁੱਖ ਜਾਂਚ ਅਧਿਕਾਰੀ ਰਜਿੰਦਰ ਪੇਸ਼ੀਨ ਨੇ ਦੱਸਿਆ ਕਿ ਭਾਰਤੀ ਖੇਤੀ ਵਿਚ 1990 ਦੇ ਦਹਾਕੇ ਦੇ ਅਖੀਰ ਅਤੇ 2000 ਦੇ ਸ਼ੁਰੂ ਕੀਟਨਾਸ਼ਕਾਂ ਦੀ ਵਰਤੋਂ ਘਟਦੀ ਰਹੀ ਸੀ। ਸਾਲ 2007 ਤੋਂ ਮਗਰੋਂ ਇਸ ਦੀ ਵਰਤੋਂ ਵਿਚ ਵਾਧਾ ਹੋਇਆ ਹੈ।
             ਉਨ੍ਹਾਂ ਦੱਸਿਆ ਕਿ ਇਸ ਅਧਿਐਨ ਲਈ ਬਾਰਾਮੁੱਲਾ, ਸ਼ੋਪੀਆਂ ਅਤੇ ਕੁਪਵਾੜਾ ਦੇ ਸੇਬ ਉਗਾਉਣ ਵਾਲੇ 22 ਪਿੰਡਾਂ ਚੋਂ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਜੰਮੂ ਖੇਤਰ ਵਿਚ ਸਬਜ਼ੀਆਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਦੇ ਅਧਿਐਨ ਲਈ ਕਠੂਆ, ਜੰਮੂ, ਸਾਂਬਾ ਆਦਿ ਦੇ 25 ਪਿੰਡਾਂ ਨੂੰ ਅਧਿਐਨ ਵਿਚ ਸ਼ਾਮਿਲ ਕੀਤਾ ਗਿਆ ਹੈ। ਭਿੰਡੀ, ਬੈਂਗਣ ਅਤੇ ਟਮਾਟਰ ਦੀ ਫਸਲ ’ਤੇ ਪ੍ਰਤੀ ਹੈਕਟੇਅਰ 1.447 ਕਿਲੋਗ੍ਰਾਮ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਜੋ ਆਮ ਨਾਲੋਂ ਕਾਫ਼ੀ ਜਿਆਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਮੰਤਰਾਲੇ ਵੱਲੋਂ ਕਈ ਕੀਟਨਾਸ਼ਕਾਂ ਤੇ ਪਾਬੰਦੀ ਬਾਰੇ ਕਿਹਾ ਗਿਆ ਹੈ ਤਾਂ ਜੋ ਮਨੁੱਖੀ ਸਿਹਤ, ਵਾਤਾਵਰਣ ਅਤੇ ਖੇਤੀ ’ਤੇ ਪੈਣ ਵਾਲੇ ਦੁਰ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ।
                           ਹਿਮਾਚਲੀ ਸੇਬ ਕਿਉਂ ਨਹੀਂ ?
ਚਰਚੇ ਹਨ ਕਿ ਕੇਂਦਰੀ ਸਟੱਡੀ ’ਚ ਸਿਰਫ ਕਸ਼ਮੀਰ ਦੇ ਸੇਬ ਦੀ ਫਸਲ ਨੂੰ ਹੀ ਅਧਿਐਨ ਵਿਚ ਕਿਉਂ ਸ਼ਾਮਿਲ ਕੀਤਾ ਗਿਆ ਹੈ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ ਸੇਬ ਦੀ ਫਸਲ ਭਰਪੂਰ ਹੁੰਦੀ ਹੈ। ਅਸਲੀਅਤ ਕੁਝ ਵੀ ਹੋਵੇ ਪ੍ਰੰਤੂ ਸਿਆਸੀ ਹਲਕੇ ਇਸ ਨੂੰ ਟੇਢੀ ਨਜ਼ਰ ਨਾਲ ਵੇਖ ਰਹੇ ਹਨ। ਗੱਲਾਂ ਹੋਣ ਲੱਗੀਆਂ ਹਨ ਕਿ ਕਿਤੇ ਇਸ ਕੇਂਦਰੀ ਸਟੱਡੀ ਪਿਛੇ ਕੋਈ ਖੇਡ ਤਾਂ ਨਹੀਂ ਹੈ।



No comments:

Post a Comment