Sunday, July 26, 2020

                            ਵਿਚਲੀ ਗੱਲ 
               ਤੇਰਾ ਕਿਹੜਾ ਨਾਂ ਚੱਲਦੈ..!
                            ਚਰਨਜੀਤ ਭੁੱਲਰ
ਚੰਡੀਗੜ੍ਹ : ਬਾਬਾ ਸ਼ੇਕਸਪੀਅਰ ਇਹ ਆਖਦੇ ਤੁਰ ਗਏ... ਨਾਮ ’ਚ ਕੀ ਪਿਐ? ਗੁਲਾਬ ਨੂੰ ਕੁਝ ਵੀ ਆਖੋ, ਖ਼ੁਸ਼ਬੋ ਨਹੀਂ ਬਦਲੇਗੀ। ਗੁਲਜ਼ਾਰ ਗੁਣਗੁਣਾ ਰਹੇ ਨੇ..‘ਨਾਮ ਗੁੰਮ ਜਾਏਗਾ’। ਸ਼ਿਵ ਬਟਾਲਵੀ ਲੱਭਦਾ ਮਰ ਗਿਆ...‘ਇੱਕ ਕੁੜੀ ਜੀਹਦਾ ਨਾਮ ਮੁਹੱਬਤ’। ਅੰਗਰੇਜ਼ ਬਾਬੇ ਦੀ ਗੱਲ ਦਾ ਕੋਈ ਤੋੜ ਨਹੀਂ। ਕਿੱਕਰ ਸਿਓਂ ਕਹੋ, ਚਾਹੇ ਚਾਨਣ ਰਾਮ, ਭਾਵੇਂ ਵਲੈਤੀ ਮੱਲ ਕਹਿ ਲਓ। ਘਾਹੀਆਂ ਨੇ ਤਾਂ ਘਾਹ ਹੀ ਖੋਤਣੈ। ਅੱਗਿਓਂ ਯਹੂਦੀ ਠਰ੍ਹੰਮਾ ਬੰਨ੍ਹ ਰਹੇ ਨੇ... ‘ਜੇ ਰੱਬ ਭਾਰ ਦਿੰਦੈ ਤਾਂ ਮੋਢੇ ਵੀ ਦਿੰਦੈ।’ ਸਦੀਆਂ ਤੋਂ ਪ੍ਰਚੱਲਿਤ ਹੈ... ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸਾ ਰਾਮ। ਛੱਜੂ ਰਾਮ ਦਾ ਮਨੀ ਰਾਮ ਕੌਣ ਬਦਲੂ। ਯੁਗ ਬੀਤ ਗਏ, ਨੈਣ ਪ੍ਰਾਣ ਚੱਲਦੇ ਨ੍ਹੀਂ। ਅੰਦਰੋਂ ਠਾਠਾਂ ਮਾਰਦੈ, ਅਖੇ ‘ਤਖ਼ਤ ਬਦਲ ਦਿਓ, ਤਾਜ ਬਦਲ ਦਿਓ..!’ ਤਖ਼ਤਾਂ ਬਖ਼ਤਾਂ ਨੂੰ ਛੱਡੋ, ਪਹਿਲਾਂ ਪਰਦੇ ਨਾਲ ਦੱਸੋ.. ਫਗਵਾੜੇ ਵਾਲੇ ਬੀਡੀਪੀਓ ਨੂੰ ਕੌਣ ਬਦਲੂ। ਆਓ ਦੱਸੀਏ, ਕਾਹਤੋਂ ਤੇ ਕਿਵੇਂ ਬੌਂ-ਬੌਂ ਹੋਈ। ਕੌਣ ਭੁੱਲਿਐ ਸਾਬਕਾ ਮੰਤਰੀ ਜੋਗਿੰਦਰ ਮਾਨ ਨੂੰ। ਜਿਹੜੇ ਭੁਲੱਕੜ ਨੇ, ਕੰਨ ਖੋਲ੍ਹ ਕੇ ਵਾਈਰਲ ਆਡੀਓ ਸੁਣਨ। ਬੀਡੀਪੀਓ ਸੁਖਦੇਵ ਸਿੰਘ ਹਾਲੇ ਹੁਣੇ ਫਗਵਾੜੇ ਲੱਗੇ ਨੇ। ਆਉਂਦੇ ਹੀ ਪੇਚਾ ਜੋਗਿੰਦਰ ਸਿਓਂ ਨਾਲ ਪੈ ਗਿਆ। ਸਾਬਕਾ ਮੰਤਰੀ ਫੋਨ ਲਾਈਨ ’ਤੇ ਆਏ। ਅੱਗਿਓਂ ਸੁਖਦੇਵ ਪਾਤਸ਼ਾਹ ਪੁੱਛ ਬੈਠੇ... ਕੌਣ ਬੋਲਦੇ ਹੋ? ਜੋਗਿੰਦਰ ਸਿਓਂ ਨੂੰ ਇੱਕ ਚੜ੍ਹੇ, ਇੱਕ ਉਤਰੇ... ‘ਤੂੰ ਮੈਨੂੰ ਨਹੀਂ ਜਾਣਦਾ’। ਕਿਤੇ ਦਸੌਂਧਾ ਸਿਓਂ ਹੁੰਦਾ, ਸਿੱਧੇ ਪੈਰ ਫੜ੍ਹਦਾ। ਸੁਖਦੇਵ ਜੀ ਧੁਰ ਅੰਦਰੋਂ ਜਾਗੇ, ‘ਮੈਂ ਵੀ ਕਲਾਸ ਵਨ ਅਫ਼ਸਰ ਹਾਂ’। ਫਿਰ ਸ਼ੁਰੂ ਹੋਈ ਪ੍ਰਵਚਨੀ ਭਾਸ਼ਾ... ਬੱਸ ਰਹੇ ਰੱਬ ਦਾ ਨਾਮ।
                 ਭਲਾ ਦੱਸੋ ਖਾਂ, ਸ਼ੇਕਸਪੀਅਰ ਕਿਵੇਂ ਸਮਝਾਏ... ਬਈ ਇਨ੍ਹਾਂ ਗੱਲਾਂ ’ਚ ਕੋਈ ਤੰਤ ਨਹੀਂ। ‘ਮੂਰਖ ਕੇ ਹਮ ਸੱਚੇ ਦਾਸ’।ਸੱਚਮੁੱਚ ਦਾਸਾਂ ਦਾ ਦਾਸ ਹੁੰਦਾ। ਵਿਧਾਇਕ ਹਰਿਮੰਦਰ ਗਿੱਲ ਵੀ ਥੋੜ੍ਹੀ ਠੰਢ ਰੱਖਦੇ। ਜਨਾਬ ਗਿੱਲ ਦੀ ਵਾਈਰਲ ਆਡੀਓ ਵੀ ਧੂਹ ਪਾ ਗਈ। ਐੱਮਐੱਲਏ ਗਿੱਲ ਨੇ ਨਵੇਂ ਥਾਣੇਦਾਰ ਦੇ ਥੌਲਾ ਪਾਇਐ। ‘ਬਈ ਕਾਕਾ, ਤੈਨੂੰ ਨਹੀਂ ਪਤੈ, ਪੱਟੀ ’ਚ ਵੀ ਕੋਈ ਐੱਮਐੱਲਏ ਐ, ਜੀਹਨੂੰ ਫੋਨ ਵੀ ਕਰਨਾ ਹੁੰਦੈ।’ ਥਾਣੇਦਾਰ ਪੋਲਾ ਪੈ ਗਿਆ। ਪੱਟੀ ਵਾਲੇ ਗਿੱਲ ਦਾ ਹੱਥ ਜ਼ਰੂਰ ਮੁੱਛਾਂ ’ਤੇ ਗਿਆ ਹੋਊ। ਲੱਗਦੇ ਹੱਥ ਘੰਡਾਬੰਨੇ ਵਾਲੇ ਸੁੱਖੇ ਦੀ ਵੀ ਸੁਣ ਲਓ। ਘਟਨਾ ਕਾਫ਼ੀ ਪੁਰਾਣੀ ਐ। ਘਰ ਨੇੜਲੇ ਤਪਾ ਥਾਣੇ ’ਚ ਡਿਊਟੀ ਸੀ। ਕਿਸੇ ਨੇ ਮਾਝੇ ਦੀ ਬਦਲੀ ਕਰਾਤੀ। ਅੱਗਿਓਂ ਟੱਕਰੇ ਮਝੈਲ ਮੰਤਰੀ ਦੇ ਸੱਜੇ ਹੱਥ। ਉਨ੍ਹਾਂ ਨੂੰ ਪੁੱਛ ਬੈਠਾ, ਤੁਸੀਂ ਕੌਣ ਹੋ? ਸੱਜਾ ਮਹਾਰਾਜ ਪੈ ਨਿਕਲੇ, ‘ਤੂੰ ਮੈਨੂੰ ਨਹੀਂ ਜਾਣਦਾ।‘ ਸੁੱਖਾ ਜੁਗਤੀ ਬੋਲਿਆ... ਹੋਏਗਾ ਤੂੰ ਕੋਈ ਲੱਲੀ-ਛੱਲੀ।ਸੱਜਾ ਮਹਾਰਾਜ ਵੱਟ ਖਾ ਗਏ... ਸਾਡੇ ਹੱਥ ਬੜੇ ਲੰਮੇ ਨੇ। ਮਹਾਤੜ ਸੁੱਖਾ ਕਿਥੋਂ ਲਿਫਦੈ, ‘ਏਨੇ ਹੱਥ ਲੰਮੇ ਨੇ ਤਾਂ ਲਾ ਲੈ ਜ਼ੋਰ, ਵੱਧ ਤੋਂ ਵੱਧ ਤਪੇ ਦੀ ਬਦਲੀ ਕਰਾਏਗਾ।’ ਤੂੰ ਕਰਾ ਬਦਲੀ, ਮੈਂ ਰੁਕਵਾ ਕੇ ਦਿਖਾਊ। ਚੁਣੌਤੀ ਕਬੂਲ, ਗੁੱਸੇ ’ਚ ਸੱਜਾ ਜੀ ਨੇ ਬਦਲੀ ਕਰਾਤੀ। ਸੁੱਖੇ ਨੇ ਮੁੜ ਤਪਾ ਥਾਣੇ ਜੁਆਇਨ ਕੀਤਾ, ਨਾਲੇ ਤਾੜੀ ਮਾਰ ਕੇ ਹੱਸਿਆ। ‘ਅਕਲ ਵੱਡੀ ਜਾਂ ਭੈਂਸ’, ਲਾਓ ਦਿਮਾਗ।
               ਬਾਬਾ ਸ਼ੇਕਸਪੀਅਰ ਪੁਨਰ ਜਨਮ ’ਚ ਮੁੜਨ। ਪੰਜਾਬੀ ਸਭ ਤੋਂ ਵੱਧ ਧਨੇਸੜੀ ਦੇਣ। ਐ ਮੂਰਖ ਬੰਦਿਆ, ਅਕਲ ਨੂੰ ਹੱਥ ਮਾਰ, ਸਾਰੇ ਨਾਮ ਦੇ ਟੰਟੇ ਪਏ ਨੇ। ਕਦੇ ਕਿਸੇ ਮਾਂ ਨੇ ਬੱਚੇ ਦਾ ਨਾਂ ‘ਹਿਟਲਰ’ ਜਾਂ ‘ਰਾਵਣ’ ਰੱਖਿਐ। ‘ਨਾਂ ਮੀਆਂ ਦਾ ਮਿਸਰੀ ਖਾਂ’।ਰੱਬ ਦੇ ਸਭ ਖਾਸ ਬਣੇ ਨੇ। ਹਕੂਮਤੀ ਬੁੱਲ੍ਹੇ ਲੁੱਟਦੇ ਨੇ। ਬੁੱਲ੍ਹਾ ਬਣਨਾ ਬਹੁਤ ਅੌਖੈ। ‘ਨਾ ਮੈਂ ਅਰਬੀ ਨਾ ਲਾਹੌਰੀ/ਨਾ ਮੈਂ ਹਿੰਦੀ ਸ਼ਹਿਰ ਨਗੌਰੀ/ਨਾ ਹਿੰਦੂ ਨਾ ਤੁਰਕ ਪਸ਼ੌਰੀ/ਨਾ ਮੈਂ ਰਹਿੰਦਾ ਵਿਚ ਨਦੌਣ, ਬੁੱਲ੍ਹਾ ਕੀ ਜਾਣਾ ਮੈਂ ਕੌਣ।’ ‘ਖ਼ਰਾ ਬੰਦਾ ਸੌ ਵਰਗਾ ਹੁੰਦੈ।’ ਨਾਮ ’ਚ ਤਾਂ ਪੂਰਾ ਪਤਾਲ ਪਿਐ। ਕਿਸੇ ਜੱਟ ਨੂੰ ਪੁੱਛਣਾ... ਪਟਵਾਰੀ ਕੌਣ ਹੁੰਦੈ। ਪੁਰਾਣਾ ਟੋਟਕਾ ਹੈ। ਕੇਰਾਂ ਹੜ੍ਹ ਆਏ। ਸਰਕਾਰੀ ਬਾਬੂ ਜਾਇਜ਼ਾ ਲੈਣ ਪੁੱਜੇ। ਪਾਣੀ ’ਚੋਂ ਲੰਘਣ ਲੱਗੇ। ਬਾਬੂ ਨੂੰ ਜੱਟ ਨੇ ਕੰਧਾੜੇ ਚੁੱਕ ਲਿਆ। ਬਾਬੂ ਜੀ ਏਨੇ ਧੰਨਭਾਗੀ ਹੋਏ। ਬੋਲਣੋ ਰਹਿ ਨਾ ਸਕੇ, ‘ਤੁਹਾਡਾ ਧੰਨਵਾਦ, ਕੋਈ ਕੰਮ ਹੋਵੇ, ਦੱਸਣਾ ਮੈਂ ਜ਼ਿਲ੍ਹੇ ਦਾ ਡੀਸੀ ਹਾਂ’। ਜੱਟ ਨੇ ਬਾਬੂ ਪਾਣੀ ’ਚ ਵਗਾਹ ਮਾਰਿਆ। ਭਲਿਆ ਲੋਕਾ, ‘ਮੈਂ ਸੋਚਿਆ ਕਿਤੇ ਪਟਵਾਰੀ ਐ।’ਨਰਿੰਦਰ ਮੋਦੀ ਸਿਆਸੀ ਬਰਾਂਡ ਹਨ। ਐਵੇਂ ਪੰਡਾਲ ਨਹੀਂ ਗੂੰਜਦੇ। ਆਹ ਕੋਵਿਡ ਨੇ ਰਾਹ ਰੋਕ ਲਏ। ਫ਼ਿਲਮ ਹਾਲੇ ਬਾਕੀ ਐ..! ਸ਼ਹਿਰਾਂ, ਸੜਕਾਂ, ਸਕੀਮਾਂ, ਪੁਰਸਕਾਰਾਂ ਦੇ ਨਾਮ ਬਦਲ ਦਿੱਤੇ ਨੇ। ਸ਼ਿਮਲਾ ਵੀ ਹੁਣ ‘ਸ਼ਿਆਮਲਾ’ ਬਣ ਸਕਦੈ।
               ਪਹਿਲਾਂ ਜਿਧਰ ਵੇਖੋ... ਨਹਿਰੂ ਤੇ ਉਹਦੇ ਵਾਰਸਾਂ ਦੇ ਨਾਮ ਗੂੰਜਦੇ ਰਹੇ। ਅਮਿਤ ਸ਼ਾਹ ਆਖਦੈ, ‘ਪੱਪੂ’ ਜਿਉਂਦਾ ਰਹੇ, ਜਵਾਨੀਆਂ ਮਾਣੇ।’ ਸ਼ਾਹ ਜੀ, ਘੱਟ ਗਿਣਤੀ ਕਿਵੇਂ ਦਿਨ ਕੱਟੇ, ਚਾਨਣਾ ਪਾਉਣ ਦੀ ਕਰੋ ਕਿਰਪਾ। ਇੰਦੌਰ ਦੀ ਪੀਐੱਚਡੀ ਰਈਸਾ ਅੰਸਾਰੀ ਬਹੁਤ ਕਿਰਲਾਪੀ। ਸਬਜ਼ੀ ਦਾ ਠੇਲ੍ਹਾ ਲਾਉਂਦੀ ਐ। ਹੁਕਮ ਆਏ, ਤੇਰਾ ਠੇਲ੍ਹਾ ਨਹੀਂ ਚੱਲੇਗਾ। ਨਾਮ ਹੀ ਇੰਦੌਰੀ ਬੱਚੀ ਦਾ ਵੈਰੀ ਬਣ ਗਿਆ।ਇਕੋ ਨਾਮ ਕਦੇ ਹਜੂਮੀ ਹਿੰਸਾ ਦਾ ਸ਼ਿਕਾਰ ਹੁੰਦੈ। ਕਦੇ ਉਹੀ ਨਾਮ ਦੰਗਿਆਂ ’ਚ ਘੜੀਸ ਲਿਆ ਜਾਂਦੈ। ਕਦੇ ਕਦੇ ਇਸ ਨਾਮ ਨੂੰ ਦੇਸ਼ ਨਿਕਾਲੇ ਦਾ ਰੁੱਕਾ ਵੀ ਆਉਂਦੈ। ਸਿਆਸੀ ਦਾਲ ਦਾ ਕੋਕੜੂ ਬਣੇ ਨੇ ਏਹ ਨਾਮ। ਅਫ਼ਰੀਕੀ ਇਸ਼ਾਰਾ ਸਮਝੋ ‘ਜਿਸ ਦੇ ਝੋਲੇ ’ਚ ਹਥੌੜੀ ਹੋਵੇ, ਉਸ ਨੂੰ ਹਰ ਮਸਲਾ ਮੇਖ ਲੱਗਦੈ।’ ਕਾਸ਼! ਅੱਜ ਬੁੱਧ, ਕਬੀਰ ਤੇ ਫ਼ਰੀਦ ਹੁੰਦੇ, ਇਨ੍ਹਾਂ ਦੇ ਠੰਢ ਪਾਉਂਦੇ। ਜੱਗੇ ਜੱਟ, ਦੁੱਲੇ ਭੱਟੀ ਤੇ ਸੁੱਚੇ ਸੂਰਮੇ ਹੁੰਦੇ। ਘੱਟੋ ਘੱਟ ਕੰਧ ਤਾਂ ਬਣਦੇ। ਕਿਥੋਂ ਲੱਭ ਲਿਆਈਏ, ਹੁਣ ਨਲੂਏ ਤੇ ਗਦਰੀ ਬਾਬੇ।ਸਿੱਧੂ ਮੂਸੇਵਾਲਾ ਪੰਜਾਬ ਦੀ ਹਿੱਕ ’ਤੇ ਨੱਚਦੈ। ਕਿਤੇ ਛੋਟਾ ਨਾਮ ਐ, ਪੁਲੀਸ ਅਫ਼ਸਰ ਭੁੰਜੇ ਬਿਠਾਏ ਨੇ। ਪੰਜਾਬੀ ਕਣ ਕੰਡਾ ਮਰ ਗਿਐ। ਕੇਂਦਰ ਨੇ ਕਾਨੂੰਨ ਤਾਂ ਬਦਲ ਦਿੱਤੇ, ਇਤਿਹਾਸ ਦੀ ਵਾਰੀ ਐ। ਚੇਹਨ ਚੱਕਰ ਤੋਂ ਲੱਗਦੈ, ਕਿਤੇ ਪੰਜਾਬ ਦਾ ਨਾਮ ਨਾ ਬਦਲ ਦੇਣ। ਨਾਮ ’ਚ ਹਾਲੇ ਬਹੁਤ ਕੁਝ ਪਿਐ। ਬਿਨਾਂ ਗੱਲੋਂ ਬਰਾਂਡ ਐਬੰਸਡਰ ਨਹੀਂ ਬਣਦੇ। ਵਰੱਪਨ ਤੇ ਫੂਲਨ ਦੇਵੀ ਰੋਲ ਮਾਡਲ ਨੇ। ਕਰੋਨਾ ਨਾਮ ਤੋਂ ਵਿਸ਼ਵ ਡਰਿਐ।
                ਕੁਝ ਪਲ ਭੁੱਲੋ ਕਰੋਨਾ ਤੇ ਆਹ ਗਾਣਾ ਸੁਣੋ... ‘ਮੁੰਨੀ ਬਦਨਾਮ ਹੁਈ, ਡਾਰਲਿੰਗ ਤੇਰੇ ਲੀਏ... ਲੇ ਜੰਡੂ ਬਾਮ ਹੁਈ..!’ ਜੰਡੂ ਬਾਮ ਬਰਾਂਡ ਨਾਮ ਹੈ। ਜੰਡੂ ਬਾਮ ਕੰਪਨੀ ਨੇ ਫਿਲਮ ਨਿਰਮਾਤਾ ਨੂੰ ਕਚਹਿਰੀ ’ਚ ਖਿੱਚ ਲਿਆ।ਨਾਵਾਂ ਦਾ ਆਪਣਾ ਸੰਸਾਰ ਹੈ। ਦੱਖਣ ਦੇ ਨਾਮ ’ਕੁੱਜੇ ’ਚ ਸਮੁੰਦਰ ਵਾਂਗ ਹਨ। ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ, ਪੀਵੀ ਨਰਸਿਮ੍ਹਾ ਰਾਓ। ਇੱਕੋ ਨਾਮ ’ਚ ਖੁਦ ਦਾ, ਬਾਪ ਦਾ ਤੇ ਪਿੰਡ ਦਾ ਨਾਮ ਆਉਂਦੈ। ਜੇ ਨਾਮ ’ਚ ਕੁਝ ਨਾ ਹੁੰਦਾ, ਆਈਏਐੱਸ ਅਧਿਕਾਰੀ ਰਹੇ ਕੂੜਾ ਰਾਮ ਲਖਨਪਾਲ ‘ਕੇਆਰ ਲਖਨਪਾਲ’ ਨਾ ਹੁੰਦੇ। ਸੁੱਚਾ ਰਾਮ ਲੱਧੜ ਕਦੇ ‘ਐੱਸਆਰ ਲੱਧੜ’ ਨਾ ਹੁੰਦੇ। ਪੰਜਾਬੀ ਭਾਸ਼ਾ ਦੇ ਸਕੇ ਪੁੱਤ ਰੌਲਾ ਪਾਉਂਦੇ ਨੇ। ਅਖੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਭੂਰਾ ਸਿੰਘ ਘੁੰਮਣ, ਅੰਗਰੇਜ਼ੀ ’ਚ ‘ਬੀਐੱਸ ਘੁੰਮਣ’ ਕਿਉਂ ਲਿਖਦੇ ਨੇ। ਪਾਗਲੋ, ਇਹ ਉਨ੍ਹਾਂ ਦਾ ਨਿੱਜੀ ਮਸਲੈ। ਗਾਇਕੀ ਦੀ ਗੱਲ ਹੋਰ ਐ। ਤੇਜਿੰਦਰ ਸਿੰਘ ਮਾਨ ‘ਬੱਬੂ ਮਾਨ’ ਬਣ ਗਿਐ। ਗੁਰਿੰਦਰ ਕੌਰ ਕੈਂਥ ‘ਮਿਸ ਪੂਜਾ’ ਬਣ ਗਈ।
                ਗੁਰਦੇਵ ਸਿੰਘ ‘ਦੇਬੀ ਮਖ਼ਸੂਸਪੁਰੀ’ ਬਣਿਐ। ਮਾਨਸਾ ਵਾਲਾ ਨੇਤ ਰਾਮ ਹੁਣ ‘ਆਰ. ਨੇਤ’ ਬਣਿਐ। ਪੁਰਾਣੇ ਵੇਲਿਆਂ ’ਚ ਨਾਵਾਂ ਦਾ ਗਣਿਤ ਵੱਖਰਾ ਸੀ। ਕਿੱਕਰ ਸਿਓਂ, ਬੋਹੜ ਸਿਓਂ, ਪਿੱਪਲ ਸਿੰਘ, ਵਿਸਾਖਾ ਸਿੰਘ, ਮਾਘੀ ਰਾਮ, ਆਦਿ। ਪਿੰਡਾਂ ਦੇ ਨਾਮ... ਕੁੱਤਿਆਂ ਵਾਲੀ, ਕੱਟਿਆਂ ਵਾਲੀ, ਬੋਤਿਆਂ ਵਾਲੀ ਤੇ ਝੋਟਿਆਂ ਵਾਲੀ..! ਕੇਜਰੀਵਾਲ ਅਸਲੀ ਨਾਮ ‘ਅਰਵਿੰਦ ਬਾਂਸਲ’ ਚੋਣ ਪਿੜ ’ਚ ਰੱਖਦਾ, ਸ਼ਾਇਦ ਏਨੀ ਭੱਲ ਨਾ ਖੱਟਦਾ। ਬਾਬਾ ਸ਼ੇਕਸਪੀਅਰ ਦੀ ਡੁਗਡੁਗੀ ਘੱਟ ਨਹੀਂ ਵੱਜੀ। ਬਜ਼ੁਰਗੋ ਤੁਸੀਂ ਹੀ ਸਮਝੋ, ਨਾਮ ਤੇ ਨਾਮੇ ਵਾਲੇ ਕਿਥੋਂ ਟਲਣ ਵਾਲੇ ਨੇ। ਅਖੀਰ ਸੁਨਾਮ ਵਾਲੇ ਭੋਲੇ ਉਰਫ਼ ਪਰਵੇਸ਼ ਸ਼ਰਮਾ ਵੱਲੋਂ ਸੁਣਾਏ ਪ੍ਰਸੰਗ ਨਾਲ, ਚੰਡੀਗੜ੍ਹ ’ਚ ‘ਸੜਕਨਾਮਾ’ ’ਤੇ ਚਰਚਾ ਸੀ। ਮਸ਼ਹੂਰ ਲੇਖਕ ਬਲਦੇਵ ਸਿੰਘ ਰਾਤੋ-ਰਾਤ ‘ਬਲਦੇਵ ਸੜਕਨਾਮਾ’ ਬਣ ਗਿਆ। ਸਟੇਜ ਤੋਂ ਕਿਸੇ ਨੇ ਮਸਖਰੀ ਕੀਤੀ। ‘ਮੈਨੂੰ ਡਰ ਹੈ ਕਿ ਕਿਤੇ ਬਲਦੇਵ ਸਿੰਘ ਅਗਲੇ ਨਾਵਲ ਦਾ ਸਿਰਲੇਖ ‘ਵੱਢਖਾਣਾ’ ਨਾ ਰੱਖ ਲੈਣ।’ ਬਲਦੇਵ ਸਿੰਘ ਸੜਕਨਾਮਾ ਉੱਠੇ ਤੇ ਹਾਸੇ ’ਚ ਆਖਣ ਲੱਗੇ, ‘ਐਨਾ ਮੂਰਖ ਨਾ ਜਾਣਿਓਂ ਮੈਨੂੰ। ਮੇਰਾ ਅਗਲਾ ਨਾਵਲ ‘ਜਵਾਈ’ ਦੇ ਸਿਰਲੇਖ ਹੇਠ ਆਉਣ ਵਾਲਾ ਹੈ।

No comments:

Post a Comment