Sunday, July 12, 2020

                        ਵਿਚਲੀ ਗੱਲ
           ਬੁੱਲ੍ਹਿਆ ਅਸਾਂ ਦਾ ਰੋਗ ਅਵੱਲਾ..!
                       ਚਰਨਜੀਤ ਭੁੱਲਰ
ਚੰਡੀਗੜ੍ਹ : ਦਸੌਂਧਾ ਸਿਓ ਨਵਾਂ-ਨਵਾਂ ਜਥੇਦਾਰ ਬਣਿਐਂ। ਵਾਰ-ਵਾਰ ਇੱਕੋ ਗੱਲ ਆਖਦੈ, 'ਹੁਕਮ ਬਿਨਾਂ ਹਿੱਲੇ ਨਾ ਪੱਤਾ'। ਪੁਰਤਗਾਲੀ ਵੱਖਰਾ ਪ੍ਰਸੰਗ ਰੱਖਦੇ ਨੇ। ਜਥੇਦਾਰ ਜੀ, 'ਵਕਤ ਤਾਂ ਹਵਾ ਵਾਂਗ ਲੰਘ ਜਾਂਦੈ।' ਗੱਲ ਤਾਂ ਪਤੇ ਦੀ ਹੈ, ਸਮਝ ਫਿਰ ਨਹੀਂ ਪੈਂਦੀ। ਕੋਈ ਤਾਂ ਦੱਸ ਪਾਓ, ਪੰਜਾਬੀ ਕੰਡਾ ਕਿਵੇਂ ਕੱਢਣ। ਗੁਰੂ ਦੇ ਪਿਆਰੇ, ਕਿਤੇ ਬੁਰਾ ਨਾ ਮਨਾ ਜਾਈਂ। ਇੱਧਰ ਤਾਂ ਅਮਰਿੰਦਰ ਦਾ ਹੁਕਮ ਚੱਲਦੈ। ਮਜ਼ਾਲ ਐ, ਕੋਈ ਪੱਤਾ, ਕੋਈ ਟਾਹਣੀ, ਕੋਈ ਕਰੂੰਬਲ ਹਿੱਲ ਜਾਵੇ। ਬੇਸ਼ੱਕ ਮਝੈਲ ਸੁੱਖੀ ਰੰਧਾਵੇ ਨੂੰ ਪੁੱਛ ਲੈਣਾ। ਮਨੀ ਰਾਮ ਨਾ ਮੰਨੇ ਤਾਂ ਨਵਜੋਤ ਸਿੱਧੂ ਨੂੰ ਛੇੜ ਲੈਣਾ। ਜਰਮਨੀ ਵਾਲੇ ਇੰਝ ਮੱਤ ਦਿੰਦੇ ਨੇ। 'ਭਰੋਸਾ ਕਰਨ ਵਾਲੇ ਦੀ ਗਾਂ ਚੋਰੀ ਹੁੰਦੀ ਹੈ।' ਪੰਜਾਬ ਤਾਂ ਪੂਰਾ ਵੱਗ ਹੀ ਗੁਆ ਬੈਠੈ। ਸਿਆਸੀ ਸਿਰਾਂ 'ਤੇ ਭੂਤ ਸਵਾਰ ਹੈ। ਝਕਾਨੀ ਦੇ ਗਿਆ, ਕਿਤੋਂ ਤਾਂ ਲੱਭੋ, ਸਾਡਾ 'ਵਿਕਾਸ' ਫਰਾਰ ਹੈ। ਸਿਰ 'ਤੇ ਕਿੰਨਾ ਕੁ ਇਨਾਮ ਰੱਖੀਏ। ਯੂਪੀ ਵਾਲੇ ਯੋਗੀ ਨੂੰ ਪੁੱਛਦੇ ਹਾਂ। ਜੀਹਨੇ ਬਿਨਾਂ ਗੱਲੋਂ ਕੰਨ ਨਹੀਂ ਪੜਵਾਏ। ਕਾਨਪੁਰ ਵਾਲਾ ਬਦਮਾਸ਼ ਵਿਕਾਸ ਦੂਬੇ। ਅੱਠ ਪੁਲੀਸ ਵਾਲੇ ਮਾਰੇ, ਫਰਾਰ ਹੋ ਗਿਆ। ਸੰਖ ਯੋਗੀ ਨੇ ਵਜਾ ਦਿੱਤਾ, 'ਵਿਕਾਸ ਲੱਭੋ, ਇਨਾਮ ਪਾਓ।' ਯੂਪੀ ਪੁਲੀਸ ਨੇ ਗੁੱਭਗੁਭਾਟ ਕੱਢ ਲਈ। ਸੜਕ ਕਿਨਾਰੇ ਨਿਆਂ ਕੀਤਾ। ਪਿਆਦੇ ਹੱਸੇ, ਕਾਨੂੰਨ ਰੋਇਆ। ਖ਼ਬਰ ਛਪ ਗਈ 'ਵਿਕਾਸ ਦੂਬੇ ਪੁਲੀਸ ਮੁਕਾਬਲੇ 'ਚ ਢੇਰ।' ਕਾਨਪੁਰੀ ਵਿਕਾਸ ਦਾ ਤਾਂ ਪੋਸਟਮਾਰਟਮ ਹੋ ਗਿਐ। ਦੇਸ਼ ਪੰਜਾਬ ਦੇ 'ਵਿਕਾਸ' ਦਾ ਕੌਣ ਕਰੂ। ਆਓ ਹੰਭਲਾ ਮਾਰਦੇ ਹਾਂ।
             ਪੰਜਾਬ ਦੇ ਵਾਲ ਐਵੇਂ ਚਿੱਟੇ ਨਹੀਂ ਹੋਏ। ਰੋਗ ਅਵੱਲੇ ਨੇ, ਨਾਅਰੇ ਝੱਲੇ ਨੇ। ਕੱਲ੍ਹ ਦੀਆਂ ਗੱਲਾਂ ਨੇ, ਜਦੋਂ ਨਹਿਰੂ ਬੋਲੇ, ਆਰਾਮ ਹਰਾਮ ਹੈ। ਤਰਾਰਾ ਬੱਝਿਆ, 'ਗਊ ਵੱਛੇ ਕੋ ਵੋਟ ਦੋ, ਬਾਕੀ ਸਭ ਕੋ ਛੋੜ ਦੋ।' ਕੰਨਾਂ 'ਚ ਗੂੰਜ ਪਈ ਐ। 'ਜਨ ਸੰਘ ਕੋ ਵੋਟ ਦੋ, ਬੀੜੀ ਪੀਣਾ ਛੋੜ ਦੋ, ਬੀੜੀ ਮੇਂ ਤੰਬਾਕੂ ਹੈ, ਕਾਂਗਰਸ ਵਾਲਾ ਡਾਕੂ ਹੈ।' ਟਕਰਾ ਕੇ ਆਵਾਜ਼ ਆਈ, 'ਕਾਂਗਰਸ ਨਾਲ ਵਿਕਾਸ'। ਜਨ ਸੰਘੀ ਮੁੜ ਭੜਕੇ, 'ਯੇ ਦੇਖੋ ਇੰਦਰਾ ਕਾ ਖੇਲ, ਖਾ ਗਈ ਸ਼ੱਕਰ, ਪੀ ਗਈ ਤੇਲ।' ਕਾਂਗਰਸੀ ਚੇਲੇ ਸੰਘ ਪਾੜਨ ਲੱਗੇ। 'ਗਰੀਬੀ ਹਟਾਓ, ਇੰਦਰਾ ਲਿਆਓ।' 'ਜਬ ਤੱਕ ਸੂਰਜ ਚਾਂਦ ਰਹੇਗਾ, ਇੰਦਰਾ ਤੇਰਾ ਨਾਮ ਰਹੇਗਾ।' ਅੱਗੇ ਤੁਰਦੇ ਆਓ। 'ਗਾਲ਼ੋਂ ਮੇਂ ਲਾਲੀ ਹੈ, ਤੋਪੋਂ ਕੀ ਦਲਾਲੀ ਹੈ।' ਸਭ ਨੇ ਪਿੰਡੇ ਹੰਢਾਇਆ, 'ਬਾਰੀ ਬਾਰੀ, ਸਭ ਕੀ ਬਾਰੀ, ਅਬ ਕੀ ਬਾਰ ਅਟਲ ਬਿਹਾਰੀ।' ਸਫ਼ਰ ਥੋੜ੍ਹਾ ਲੰਮਾ ਹੈ। 'ਸੋਨੀਆ ਨਹੀਂ ਯੇ ਆਂਧੀ ਹੈ, ਦੂਸਰੀ ਇੰਦਰਾ ਗਾਂਧੀ ਹੈ।' ਵਾਟ ਮੁੱਕਣ ਵਾਲੀ ਐ। 'ਅਬ ਕੀ ਬਾਰ ਮੋਦੀ ਸਰਕਾਰ'। ਆਹ ਨਵਾਂ ਨਕੋਰ ਐ, 'ਸਭ ਕਾ ਸਾਥ, ਸਭ ਕਾ ਵਿਕਾਸ'। ਜਥੇਦਾਰਾ ਜ਼ਰਾ ਸੁਣ ਕੇ ਜਾਈਂ। 'ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦਿਆਂਗੇ'। 'ਰਾਜ ਨਹੀਂ ਸੇਵਾ'। 'ਕਾਂਗਰਸ ਭਜਾਓ, ਪੰਜਾਬ ਬਚਾਓ।' ਕਿਤੇ ਪੰਜਾਬ ਵਿਕਾਸ ਯਾਤਰਾ। ਕਿਤੇ ਜਾਗੋ ਪੰਜਾਬ ਯਾਤਰਾ। 'ਚਾਹੁੰਦਾ ਹੈ ਪੰਜਾਬ..!' ਬੱਸ ਭਾਈ ਬੱਸ, ਅੱਗੇ ਨਾ ਬੋਲੀਂ ਹੁਣ।
             ਮਾਲੇਰਕੋਟਲਾ ਵਾਲੇ ਐੱਸ. ਤਰਸੇਮ ਇੰਝ ਬੋਲੇ ਨੇ,' ਨਾ ਰੋਸ਼ਨਦਾਨ, ਨਾ ਬੂਹਾ, ਨਾ ਖਿੜਕੀ ਬਣਾਉਂਦਾ ਹੈ, ਮੇਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ।' ਏਹ ਗੱਲ ਐ...ਤਾਹੀਓਂ ਆਏ ਦਿਨ ਨਵਾਂ ਦਲ ਉਗਦੈ। ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ 'ਡੱਡਾ' (ਡੈਮੋਕਰੇਟਿਕ) ਬਣਾਇਐ। ਸਿਆਸਤ ਦੇ ਥੋਕ ਬਾਜ਼ਾਰ 'ਚ ਦਲਾਂ ਦਾ ਹਰ ਬਰਾਂਡ ਹੈ। ਸ਼੍ਰੋਮਣੀ ਅਕਾਲੀ ਦਲ, ਸੱਸਾ, ਲੱਲਾ, ਪੱਪਾ, ਫੱਫਾ, ਬੱਬਾ, ਮੱਮਾ, ਟੈਂਕਾ..! ਜਥੇਦਾਰੋ, ਕਿਤੇ ਪੈਂਤੀ ਨਾ ਮੁਕਾ ਦਿਓ। ਪਿਆਰੇ ਵਾਸੀਓ, ਨਹੀਂ ਪਸੰਦ ਤਾਂ ਹੋਰ ਗੇੜਾ ਕੱਢ ਲਓ। ਕੇਜਰੀਵਾਲ ਐ, ਬੈਂਸ ਭਰਾ ਨੇ, ਖਹਿਰਾ ਬੈਠਾ, ਬ੍ਰਹਮਪੁਰਾ ਪਿਐ, ਪਟਿਆਲੇ ਵਾਲਾ ਗਾਂਧੀ ਐ, ਕਾਮਰੇਡ ਨੇ। ਜਾਪਾਨੀ ਸਲਾਹ ਦਿੰਦੇ ਨੇ, 'ਬਹੁਤੇ ਮਲਾਹ ਬੇੜੀ ਨੂੰ ਪਹਾੜਾਂ 'ਚ ਲੈ ਜਾਂਦੇ ਨੇ।' ਦਲਾਂ ਦੀ ਦਲ ਦਲ ਏਨੀ ਹੈ, ਥਾਹ ਨਹੀਂ ਪੈ ਰਹੀ। 'ਮੇਰੇ ਰੋਗ ਦੀ ਸਮਝ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ।' ਪੰਜਾਬ ਦਾ ਗੁੱਟ ਕੌਣ ਛੱਡਦੈ। ਸਿਆਸੀ ਢਾਡੀ ਨੇ ਏਹ ਸਭ। ਤੁਸੀਂ ਵੋਟਾਂ ਵਾਰਦੇ ਮੁੱਕ ਜਾਓਗੇ। 'ਵਿਕਾਸ ਕਿਹੜੇ ਭੋਰੇ 'ਚ ਵੜਿਐ।' ਢੀਂਡਸਾ ਹਿੱਕ ਥਾਪੜਦੈ, ਦਾਸ ਨੂੰ ਮੌਕਾ ਦਿਓ, ਪਤਾਲ 'ਚੋਂ ਕੱਢ ਲਿਆਊਂ ਵਿਕਾਸ। ਕਿਤੇ ਗੁਜਰਾਤ ਨੇ ਤਾਂ ਅਗਵਾ ਨਹੀਂ ਕੀਤਾ। ਚੌਕੀਦਾਰ ਬੋਲਿਆ, 'ਯੇ ਮੇਰਾ ਵਿਕਾਸ ਹੈ।' ਗੁਜਰਾਤੀ ਮੁੰਡਾ ਸਾਗਰ ਬੇਖ਼ੌਫ ਬੋਲਿਆ, 'ਵਿਕਾਸ ਪਾਗਲ ਹੋ ਗਿਆ'। ਕਿਤੇ ਕੋਵਿਡ ਵਾਲਾ ਅੜਿੱਕੇ ਨਾ ਪੈਂਦਾ, ਅਮਰਿੰਦਰ ਲਾਉਂਦਾ 'ਵਿਕਾਸ' ਦੇ ਜੋਕਾਂ। ਕਿਥੇ ਭੁੱਲਦੇ ਨੇ ਸਾਨੂੰ ਸੁਖਬੀਰ ਬਾਦਲ। ਪਾਣੀ ਵਾਲੀ ਬੱਸ, ਬੰਬਾਂ ਵਾਲੀਆਂ ਸੜਕਾਂ
              ਛੋਟੇ ਬਾਦਲ ਢਿੱਡੋਂ ਮੀਸਣੇ ਨਹੀਂ। ਮੂੰਹ ਫੱਟ ਨੇ.., ਅਸੀਂ ਵਿਕਾਸ ਕੀਤੈ, ਸ਼ੇਅਰੋ ਸ਼ਾਇਰੀ ਨਹੀਂ। ਅਮਰਿੰਦਰ ਦੀ ਸੁਣੋ, ਘਰੋਂ ਨਾ ਨਿਕਲੋ, ਕੋਵਿਡ ਦੀ ਨੇਰ੍ਹੀ ਚੜ੍ਹੀ ਐ। ਵਿਕਾਸ ਨੂੰ ਛੱਡੋ, ਮਾਸਕ ਪਹਿਨੋ, ਨਾਲੇ ਵਾਰ-ਵਾਰ ਹੱਥ ਧੋਵੋ। ਧੋਆ-ਧੁਆਈ ਤੋਂ ਗੁਰਬਚਨ ਭੁੱਲਰ ਚੇਤੇ 'ਚ ਆ ਵੱਜੇ। ਜਿਨ੍ਹਾਂ ਦੀ ਕਿਤਾਬ 'ਸਾਹਿਤ ਦੀ ਸਰਘੀ' 'ਚੋਂ ਬਿਰਤਾਂਤ ਸੁਣੋ। ਗੂੰਜ 'ਸਿੱਖਾਂ ਦੇ ਹੋਮਲੈਂਡ' ਦੀ ਸੀ। ਪਿੱਥੋ ਵੱਲ ਦਾ ਜਥੇਦਾਰ ਭਾਸ਼ਨ ਕਰੇ, 'ਸੰਗਤੋਂ ਅਸੀਂ ਹੋਮਲੇਟ ਨਹੀਂ ਦੇਣਾ'। ਕਵੀਸ਼ਰ ਚੇਤ ਸਿਓਂ ਬੋਲੇ, 'ਜਥੇਦਾਰਾਂ ਹੋਮਲੇਟ ਦਾ ਕੀ ਕਰੋਗੇ, ਸਨਲੇਟ ਮੰਗੋ, ਲੀੜੇ ਧੋ ਲਿਆ ਕਰਾਂਗੇ।' ਪੰਡਾਲ 'ਚ ਹਾਸੜ ਮੱਚਿਆ। ਪੰਜਾਬ 'ਚ ਦੁੱਖਾਂ ਦੀ 'ਵਿਕਾਸ ਦਰ' ਵਧੀ ਹੈ। 'ਵਿਕਾਸ ਭਵਨ' ਨਾਲ ਧਰਵਾਸ ਨਹੀਂ ਹੁੰਦਾ। ਗਲੀਆਂ ਨਾਲੀਆਂ, ਸਿਵਿਆਂ ਦੀਆਂ ਕੰਧਾਂ, ਧਰਮਸ਼ਾਲ਼ਾਵਾਂ, ਛੱਪੜਾਂ ਦੀਆਂ ਦੀਵਾਰਾਂ, ਵਿਕਾਸ ਨਹੀਂ ਹੁੰਦਾ। ਕਿਤੇ ਗੱਲ ਨਾ ਭੁੱਲ ਜਾਈਏ, ਆਪਣੇ ਅੰਬਾਨੀ ਜੀ, ਦੁਨੀਆਂ ਦੇ ਅੱਠਵੇਂ ਦੌਲਤਮੰਦ ਬਣੇ ਨੇ, ਮਾਰੋ ਤਾੜੀਆਂ। ਮਾਈ ਭਾਈ ਨੂੰ ਅਰਜ਼ ਐ... 'ਨਾ ਲੱਭੀਏ ਹੁਣ ਵਿਕਾਸ, ਪਹਿਲਾਂ ਇਖ਼ਲਾਕ ਲੱਭੀਏ, ਇਮਾਨ ਲੱਭੀਏ, ਜੜ੍ਹ ਲੱਭੀਏ ਤੇ ਦਵਾ ਲੱਭੀਏ। ਦਰੱਖ਼ਤਾਂ ਨੂੰ ਮੌਲਣ ਦੀ ਖੁੱਲ੍ਹ ਮਿਲੇ ਤੇ ਪੱਤਿਆਂ ਨੂੰ ਹਿੱਲਣ ਦੀ। ਨੰਦ ਲਾਲ ਨੂਰਪੁਰੀ ਨੂੰ ਗਾਉਣਾ ਨਾ ਪਵੇ...'ਏਥੇ ਡਾਕੇ ਪੈਣ ਦੁਪਹਿਰ ਨੂੰ, ਤੇਰੇ ਆਲ੍ਹਣੇ ਦੇਣਗੇ ਢਾਹ।'
             ਬੱਸ, ਥੋਡਾ ਥੋੜ੍ਹਾ ਵਕਤ ਹੋਰ ਲੈਣੈ। ਇਨਾਮ ਤੁਸੀਂ ਲੈ ਲੈਣਾ, ਵਿਕਾਸ ਲੱਭ ਲਿਆ ਹੈ। ਜ਼ਰਾ ਗੌਰ ਨਾਲ ਵੇਖਣਾ। 2014-15 ਤੋਂ 2018-19 ਤੱਕ ਦੇ ਵਹੀ ਖਾਤੇ ਫਰੋਲੇ। ਪੰਜ ਵਰ੍ਹਿਆਂ ਦੇ ਬਜਟ ਖਰਚੇ ਦੀ ਔਸਤਨ ਸਿਰ ਚੜ੍ਹ ਬੋਲੀ। ਪੰਜਾਬ ਦਾ ਮਨੁੱਖੀ ਵਿਕਾਸ 'ਚ ਦੇਸ਼ 'ਚੋਂ ਨੰਬਰ 28ਵਾਂ ਹੈ। ਆਰਥਿਕ ਵਿਕਾਸ 'ਚ ਪੰਜਾਬ 25ਵੇਂ ਨੰਬਰ 'ਤੇ। ਕਰਜ਼ ਅਦਾਇਗੀ ਤੇ ਵਿਆਜ 'ਚ ਆਮਦਨੀ ਦਾ 84 ਫੀਸਦੀ ਚਲਾ ਜਾਂਦੈ। ਪੇਂਡੂ ਵਿਕਾਸ 'ਚ ਪੰਜਾਬ ਦਾ 28ਵਾਂ ਅਤੇ ਸ਼ਹਿਰੀ ਵਿਕਾਸ 'ਚ ਨੰਬਰ 29ਵਾਂ ਹੈ। ਸਿੱਖਿਆ ਖੇਤਰ 'ਚ 25ਵਾਂ ਤੇ ਸਿਹਤ ਸੇਵਾਵਾਂ 'ਚ 28ਵਾਂ। ਸੜਕਾਂ 'ਤੇ ਖਰਚੇ 'ਚ ਸਭ ਤੋਂ ਫਾਡੀ। ਭਲੇ ਵੇਲੇ ਹੁਣ ਕਿਥੇ ਰਹੇ ਨੇ। ਫਰਵਰੀ 1962 ਵਿੱਚ ਪੰਜ ਲੱਖ ਸਕੂਲੀ ਬੱਚਿਆਂ ਨੂੰ ਸਰਕਾਰ ਰੋਜ਼ਾਨਾ ਦੁੱਧ ਪਿਆਉਂਦੀ ਸੀ। ਪਿੰਡੋਂ ਪਿੰਡ ਹੁਣ ਠੰਢੀ ਬੀਅਰ ਮਿਲਦੀ ਐ, ਪੀਣ ਵਾਲਾ ਪਾਣੀ ਨਹੀਂ । ਇੰਝ ਲੱਗਦੈ, ਜਿਵੇਂ ਐਤਕੀਂ ਵਿਕਾਸ ਦਾ ਠੀਕਰਾ ਕਿਤੇ ਕੋਵਿਡ ਸਿਰ ਨਾ ਭੰਨ ਦੇਣ। 'ਕੱਚ ਘਰੜ ਹਕੀਮ, ਜਾਨ ਦਾ ਖੌਅ।' ਅਗਲੀ ਚੋਣ ਵੇਲੇ ਤੈਰਵੀਂ ਨਜ਼ਰ ਮਾਰਨਾ। ਸਿਆਸਤਦਾਨਾਂ ਦੀ ਜਾਇਦਾਦ 'ਤੇ ਕੋਵਿਡ ਦਾ ਕਿੰਨਾ ਕੁ ਅਸਰ ਪਿਐ। ਥੋੜ੍ਹਾ ਕੰਡੇ 'ਚ ਰਹਿਣਾ। ਦੀਪਕ ਜੈਤੋਈ ਵੀ ਥਾਪੀ ਦੇ ਰਿਹੈ, 'ਤੂਫ਼ਾਨਾਂ ਨੂੰ ਕਹਿ ਦਿਓ, ਵਧ ਵਧ ਕੇ ਆਓ, ਮੈਂ ਕਿਸ਼ਤੀ ਕਿਨਾਰੇ, ਲਗਾ ਕੇ ਹਟਾਂਗਾ।' ਚੋਣਾਂ ਵੇਲੇ ਆਖਦੇ ਨੇ, ਥੋਨੂੰ 'ਸੋਹਣਾ ਪੰਜਾਬ' ਬਣਾ ਕੇ ਦਿਆਂਗੇ। ਬਣ ਕੁਛ ਹੋਰ ਹੀ ਜਾਂਦੈ।
             ਜੱਟਾਂ ਦੇ ਮੁੰਡੇ ਨੇ ਕੇਰਾਂ ਤਰਖਾਣੀ ਕੰਮ ਸ਼ੁਰੂ ਕੀਤਾ। ਚਾਚੇ ਨੇ ਅੱਗੇ ਲੋਹਾ ਰੱਖਤਾ। ਭਤੀਜ, ਬਣਾ ਦੇ ਕਹੀ। ਭਤੀਜ ਨੇ ਆਹਰਨ ਤਪਾਈ, ਲੋਹੇ 'ਤੇ ਸੱਟ ਲਾਈ। ਗਲ ਨਾ ਬਣੀ। ਆਖਣ ਲੱਗਾ, ਚਾਚਾ, ਕਸੀਆ ਬਣਾ ਦਿਆਂ। ਅੱਗ ਤਪਾਈ, ਹਥੌੜੇ ਦੀ ਸੱਟ ਲਾਈ, ਗੱਲ ਗੇੜ 'ਚ ਨਾ ਆਈ। ਫੇਰ ਪੁੱਛਣ ਲੱਗਾ, ਚਾਚਾ, ਕਸੌਲੀ ਬਣਾ ਦਿਆਂ। ਗੱਲ ਸੂਤ ਨਾ ਆਵੇ, ਚਾਚਾ, ਖੁਰਪਾ ਨਾ ਬਣਾ ਦਿਆਂ।' ਫਸਿਆ ਚਾਚਾ ਸਿਰ ਹਿਲਾ ਛੱਡੇ। ਤਰਖਾਣੀ ਤੋਂ ਕੋਰਾ ਭਤੀਜ ਅਖੀਰ 'ਚ ਆਖਣ ਲੱਗਾ, ਚਾਚਾ, ਖੁਰਚਣੀ ਬਣਾ ਦਿਆਂ। ਕਹੀ ਬਣਾਉਣ ਆਇਆ ਚਾਚਾ ਕਦੇ ਖੁਰਚਣੀ ਵੱਲ ਵੇਖੇ ਤੇ ਕਦੇ ਭਤੀਜ ਵੱਲ। ਕੋਲ ਬੈਠੇ ਛੱਜੂ ਰਾਮ ਤੋਂ ਰਿਹਾ ਨਾ ਗਿਆ, ਲਾਣੇਦਾਰਾ, ਚੁੱਕ ਲੈ, ਕਿਤੇ ਖੁਰਚਣੀ ਤੋਂ ਵੀ ਨਾ ਜਾਈਂ। ਏਨਾ ਆਖ ਛੱਜੂ ਰਾਮ ਮੁੜ ਨਿੰਮ ਦਾ ਘੋਟਣਾ ਘੜਨ ਲੱਗ ਪਿਆ।

No comments:

Post a Comment