Tuesday, April 30, 2019

                                                           ਦਰਦ ਸੱਥਰਾਂ ਦੇ 
                          ਚਿੱਟੀ ਚੁੰਨੀ, ਚਿੱਟੀ ਤਖਤੀ, ਦਿਨ ਚਿੱਟੇ ਅੱਡੇ ਪੱਲੇ..
                                                           ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ਤੋਂ ਅੱਜ ਖੁਦਕੁਸ਼ੀ ਪੀੜਤ ਪਰਿਵਾਰਾਂ ਚੋਂ ਦੋ ਵਿਧਵਾ ਅੌਰਤਾਂ ਵੀਰਪਾਲ ਕੌਰ ਅਤੇ ਮਨਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਦੀਆਂ ਚਿੱਟੀਆਂ ਚੁੰਨੀਆਂ ਤੇ ਚਿਹਰੇ ’ਤੇ ਛਾਈ ਉਦਾਸੀ ਦੱਸਣ ਲਈ ਕਾਫ਼ੀ ਸੀ ਕਿ ਉਹ ਕਿਉਂ ਇਸ ਰਾਹ ਤੁਰੀਆਂ ਨੇ। ਚਿੱਟੀਆਂ ਚੁੰਨੀਆਂ ਵਾਲਾ ਰੋਡ ਸ਼ੋਅ ਉਨ੍ਹਾਂ ਦੇ ਸਿਆਸੀ ਤਮਾਸ਼ੇ ’ਤੇ ਚਪੇੜ ਸੀ ਜੋ ਕਿਸਾਨਾਂ ਨੂੰ ਮਹਿਜ ਵੋਟ ਬੈਂਕ ਸਮਝਦੇ ਹਨ। ਜਦੋਂ ਵੀਰਪਾਲ ਕੌਰ ਤੇ ਮਨਜੀਤ ਕੌਰ ਨੇ ਚੋਣ ਪ੍ਰਚਾਰ ਖਾਤਰ ਚਿੱਟੀਆਂ ਚੁੰਨੀਆਂ ਦਾ ਪੱਲਾ ਅੱਡਿਆ ਤਾਂ ਕਿਸੇ ਜੇਬ ਚੋਂ ਪੰਜ ਰੁਪਏ ਨਿਕਲੇ ਤੇ ਕਿਸੇ ਚੋਂ ਦਸ ਰੁਪਏ। ਜੋ ਰਾਹਗੀਰ ਇਸ ਚਿੱਟੇ ਪੱਲੇ ਦੇ ਮਾਅਨੇ ਤੋਂ ਵਾਕਫ਼ ਸਨ, ਉਨ੍ਹਾਂ ਨੇ ਵੀ ਆਪਣੀ ਜੇਬ ਨੂੰ ਹੱਥ ਪਾਇਆ। ਤਾਮਿਲਨਾਡੂ ਦੇ 111 ਕਿਸਾਨਾਂ ਨੇ ਸਮੁੱਚੀ ਕਿਸਾਨੀ ਦੇ ਦਰਦਾਂ ਨੂੰ ਉੁਭਾਰਨ ਲਈ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਲੜਨ ਦਾ ਫੈਸਲਾ ਕੀਤਾ ਹੈ। ਇੱਧਰ, ਇਹ ਦੋ ਵਿਧਵਾ ਅੌਰਤਾਂ ਖੇਤਾਂ ਦੇ ਵਾਰਸਾਂ ਦੇ ਦੁੱਖਾਂ ਦੀ ਪੰਡ ਚੁੱਕ ਕੇ ਬਠਿੰਡਾ ਹਲਕੇ ਦੇ ਸਿਆਸੀ ਮੁਹਾਜ਼ ’ਤੇ ਉੱਤਰੀਆਂ ਹਨ। ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਦੱਸਦੀ ਹੈ ਕਿ ਹੁਣ ਵਿਧਵਾ ਅੌਰਤਾਂ ਦਾ ਇਕੱਠ ਹੋਵੇਗਾ ਜੋ ਫੈਸਲਾ ਕਰੇਗਾ ਕਿ ਚੋਣ ਵੀਰਪਾਲ ਲੜੇਗੀ ਜਾਂ ਮਨਜੀਤ।
                 ਇਨ੍ਹਾਂ ਵਿਧਵਾ ਅੌਰਤਾਂ ਕੋਲ ਕਾਗ਼ਜ਼ ਦਾਖਲ ਮੌਕੇ ਦਿੱਤੀ ਜਾਣ ਵਾਲੀ ਜ਼ਮਾਨਤ ਰਾਸ਼ੀ ਵੀ ਨਹੀਂ ਸੀ। ਪੰਜ ਪੰਜ ਰੁਪਏ ਪੀੜਤ ਪਰਿਵਾਰਾਂ ਨੇ ਇਕੱਠੇ ਕੀਤੇ ਜੋ ਜ਼ਮਾਨਤ ਰਾਸ਼ੀ ਵਜੋਂ ਜੁੜ ਸਕੇ। ਆਈ.ਡੀ.ਪੀ ਦੇ ਕਰਨੈਲ ਜਖੇਪਲ ਅੱਜ ਇਨ੍ਹਾਂ ਵਿਧਵਾ ਅੌਰਤਾਂ ਨਾਲ ਕਾਗ਼ਜ਼ ਦਾਖਲ ਕਰਾਉਣ ਆਏ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵਿਧਵਾ ਅੌਰਤਾਂ ਨੂੰ ਸਿਆਸੀ ਮੁਹਾਜ਼ ਤੇ ਏਦਾਂ ਦਾ ਹਾਲਾਤਾਂ ਵਿਚ ਆਉਣਾ ਪਵੇ ਤਾਂ ਸਮਝ ਲਓ ਕਿ ਪੰਜਾਬ ਵਿਚ ਹੁਣ ਸੁੱਖ ਨਹੀਂ। ਦੱਸਣਯੋਗ ਹੈ ਕਿ ਪਿੰਡ ਰੱਲਾ ਦੀ ਵੀਰਪਾਲ ਕੌਰ ਆਪਣੇ ਘਰ ਦੇ ਤਿੰਨ ਕਮਾਊ ਜੀਅ ਖੇਤੀ ਸੰਕਟਾਂ ਵਿਚ ਗੁਆ ਚੁੱਕੀ ਹੈ ਜਦੋਂ ਕਿ ਖਿਆਲਾ ਕਲਾਂ ਦੀ ਮਨਜੀਤ ਕੌਰ ਦਾ ਪਤੀ ਸੁਖਦੇਵ ਸਿੰਘ ਕਰਜ਼ੇ ਦੀ ਭੇਟ ਚੜ ਚੁੱਕਾ ਹੈ। ਇਨ੍ਹਾਂ ਵਿਧਵਾ ਅੌਰਤਾਂ ਨੂੰ ਕਿਧਰੋਂ ਕੋਈ ਇਮਦਾਦ ਨਹੀਂ ਮਿਲੀ ਹੈ। ਵੀਰਪਾਲ ਦੇ ਬੱਚਿਆਂ ਨੂੰ ਕੋਈ ਐਨ.ਆਰ.ਆਈ ਪੜਾ ਰਿਹਾ ਹੈ। ਬਠਿੰਡਾ ਹਲਕੇ ਵਿਚ ਕੈਪਟਨ ਦੇ ਰਾਜ ਦੌਰਾਨ ਕਰੀਬ 210 ਕਿਸਾਨ ਮਜ਼ਦੂਰ ਖੁਦਕੁਸ਼ੀ ਕਰ ਚੁੱਕੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਨ੍ਹਾਂ ਦਿਨਾਂ ਵਿਚ ਕਿਸਾਨਾਂ ਦਾ ਕਾਫੀ ਹੇਜ ਕਰ ਰਹੇ ਹਨ। ਇਨ੍ਹਾਂ ਦੋਵੇਂ ਵਿਧਵਾ ਅੌਰਤਾਂ ਨੇ ਹਰਸਿਮਰਤ ਕੌਰ ਨੂੰ ਹੀ ਚੁਣੌਤੀ ਦਿੱਤੀ ਹੈ।
                ਬਠਿੰਡਾ ਸ਼ਹਿਰ ਵਿਚ ਚਿੱਟੇ ਦਿਨ ਰੋਡ ਸ਼ੋਅ ਨਾਲ ਕਾਗ਼ਜ਼ ਦਾਖਲ ਕਰਨ ਪੁੱਜੀਆਂ ਵਿਧਵਾ ਅੌਰਤਾਂ ਦੇ ਹੱਥਾਂ ਵਿਚ ਬੈਨਰ ਤੇ ਤਖਤੀਆਂ ਫੜੀਆਂ ਹੋਈਆਂ ਸਨ। ਤਖਤੀਆਂ ਵੀ ਚਿੱਟੀਆਂ ਸਨ ਜਿਨ੍ਹਾਂ ਤੇ ਲਿਖੇ ਕਾਲੇ ਅੱਖਰ ਉਨ੍ਹਾਂ ਦੀ ਲੇਖਾਂ ਦਾ ਬਿਰਤਾਂਤ ਪੇਸ਼ ਕਰਦੇ ਸਨ। ਵੱਡਿਆਂ ਘਰਾਂ ਨੂੰ ਚੁਣੌਤੀ, ਖੇਤੀ ਨੀਤੀ ਕਿਉਂ ਨਹੀਂ, ਖੁਦਕੁਸ਼ੀ ਦਾ ਰਾਹ ਛੱਡ ਸੰਘਰਸ਼ ਦਾ ਪੱਲਾ ਫੜ ਆਦਿ ਨਾਅਰੇ ਇਨ੍ਹਾਂ ਤਖਤੀਆਂ ’ਤੇ ਉੱਕਰੇ ਹੋਏ ਸਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਨੂੰ ਸਭ ਤੋਂ ਵੱਡਾ ਸੇਕ ਖੇਤੀ ਸੰਕਟ ਦਾ ਲੱਗਾ ਹੈ। ਕੋਈ ਪਿੰਡ ਖੁਦਕੁਸ਼ੀ ਵਾਲੇ ਸੱਥਰਾਂ ਤੋਂ ਨਹੀਂ ਬਚਿਆ। ਹੁਣ ਕਿਧਰੇ ਤੀਆਂ ਵੀ ਨਹੀਂ ਲੱਗਦੀਆਂ ਹਨ। ਚਿੱਟੀ ਚੁੰਨੀ ਤਾਂ ਪ੍ਰਤੀਕ ਹੀ ਬਣ ਗਈ ਹੈ। ਜਿਸ ਘਰ ਵਿਚ ਜਿੰਨੀਆਂ ਚਿੱਟੀਆਂ ਚੁੰਨੀਆਂ, ਉਨ੍ਹਾਂ ਤੋਂ ਅੰਦਾਜ਼ੇ ਲਗਾ ਲਓ ਕਿ ਕਰਜ਼ ਦਾ ਫਾਹਾ ਕਿੰਨੇ ਜੀਆਂ ਦੇ ਗਲਾ ਵਿਚ ਪਿਆ। ਹੁਣ ਇਨ੍ਹਾਂ ਵਿਧਵਾ ਅੌਰਤਾਂ ਵਲੋਂ ਪਿੰਡ ਪਿੰਡ ਉਨ੍ਹਾਂ ਅੌਰਤਾਂ ਦੇ ਇਕੱਠ ਕੀਤੇ ਜਾਣਗੇ ਜਿਨ੍ਹਾਂ ਦੇ ਜੀਅ ਖੇਤੀ ਕਰਜ਼ ਦੇ ਬੋਝ ਹੇਠ ਦਬ ਕੇ ਖੁਦਕੁਸ਼ੀ ਦੇ ਰਾਹ ਚਲੇ ਗਏ। ਇਨ੍ਹਾਂ ਵਿਧਵਾ ਅੌਰਤਾਂ ਨੇ ਹੁਣ ਨਵਾਂ ਰਾਹ ਕੱਢਣ ਦਾ ਬੀੜਾ ਚੁੱਕਿਆ ਹੈ।
                                              ਜਾਇਦਾਦ ਘੱਟ, ਕਰਜ਼ਾ ਜਿਆਦਾ
ਬਠਿੰਡਾ ਹਲਕੇ ਤੋਂ ਉਮੀਦਵਾਰ ਵਿਧਵਾ ਅੌਰਤ ਵੀਰਪਾਲ ਕੌਰ ਪੌਣੇ ਤਿੰਨ ਲੱਖ ਰੁਪਏ ਦੀ ਜਾਇਦਾਦ ਹੈ ਜਦੋਂ ਕਿ 5.90 ਲੱਖ ਰੁਪਏ ਦਾ ਕਰਜ਼ਾ ਹੈ। ਹਲਫਨਾਮੇ ਅਨੁਸਾਰ ਇਸ ਵਿਧਵਾ ਕੋਲ ਕੋਈ ਘਰ ਨਹੀਂ ਅਤੇ ਸਿਰਫ ਦੋ ਲੱਖ ਰੁਪਏ ਦੀ ਕੀਮਤ ਵਾਲੀ ਜ਼ਮੀਨ ਹੈ।  ਇਸ ਵਿਧਵਾ ਨੇ ਦੋ ਜਣਿਆ ਦਾ 5.90 ਲੱਖ ਰੁਪਏ ਦਾ ਕਰਜ਼ਾ ਦੇਣਾ ਹੈ। ਇਵੇਂ ਦੂਸਰੀ ਵਿਧਵਾ ਮਨਜੀਤ ਕੌਰ ਕੋਲ ਕੋਈ ਜ਼ਮੀਨ ਹੀ ਨਹੀਂ। ਸਿਰਫ ਪੰਜ ਲੱਖ ਦੀ ਕੀਮਤ ਵਾਲਾ ਘਰ ਹੈ ਜਦੋਂ ਕਿ ਉਸ ਸਿਰ ਵੀ ਪੰਜ ਲੱਖ ਦਾ ਕਰਜ਼ਾ ਹੈ। ਦੂਸਰੀ ਤਰਫ ਅੱਜ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ 13.82 ਕਰੋੜ ਦੀ ਜਾਇਦਾਦ ਹੈ।











2 comments:

  1. ਹਰਸਿਮਰਤ ਬਾਦਲ ਇਸ ਬਾਰੇ ਕੁਝ ਨਹੀ ਕਰ ਸਕਦੀ - ਅਦਾਨੀ ਤੇ ਅਬਾਨੀ ਵਰਗਿਆ ਵਲ ਦੇਖੋ. ਅਦਾਨੀ ਤੇ ਤਾ ਇੰਗਲਿਸ਼ ਵਿਚ ਇੱਕ ਕਿਤਾਬ ਵੀ ਹੈ ਕਿ ਓਹ ਕਿਵੇ ਇਨਾ ਅਮੀਰ ਹੋ ਗਿਆ!!! Ragu Ram Rajan ਨੂ ਤਾ ਆਵਦੀ ਜੋਬ ਤੋ ਹਥ ਵੀ ਧੋਨੇ ਪਏ ਜਦੋ ਓਹ ਅਮੀਰਾ ਤੋ ਕਰਜਾ ਮੰਗਦਾ ਸੀ - ਇਨਾ ਨੂ Wilful defaulters ਕਹਿੰਦੇ ਹਨ - ਜੋ ਪੈਸਾ ਮੋੜ ਸਕਦੇ ਹਨ ਪਰ ਨਹੀ ਮੋੜਦੇ. ਇਨਾ ਦਾ ਨੰਬਰ ਮੋਦੀ ਸਰਕਾਰ ਥਲੇ ਵਧਿਆ ਹੈ ਜਦੋ ਕਿ bjp ਆਪ ਸਾਰੀਆ ਪਾਰਟੀਆ ਤੋ ਅਮੀਰ ਹੋ ਗਈ ਹੈ - ਕਾੰਗ੍ਰੇਸ ਤੋ ਵੀ ਜਿਆਦਾ. The Wire ਦਾ ਇਹ ਲਿੰਕ ਹੈ 2017 ਤਕ ਦਾ. demonetisation ਦਾ ਇੱਕ reason ਜਨਤਾ ਤੋ ਪੈਸਾ ਖੋ ਕੇ ਬੈਂਕਾ ਨੂ ਭਰਨਾ ਤਾ ਕਿ govt ਨੂ ਹਰ ਰੋਜ ਛਾਪ ਛਾਪ ਕੇ bankrupt ਬੈਂਕਾ ਨਾ ਭਰਨੀਆ ਪੈਣ


    Wilful defaults in banks (in Rs crore)
    2017....109,594 ਲਖ ਕਰੋੜ
    2016.....74,694
    2015.....56,798
    2014.....39,507
    2013.....25,410

    ReplyDelete
    Replies
    1. The Wire ਦਾ ਲਿੰਕ
      https://thewire.in/banking/wilful-defaults-surge-past-rs-1-lakh-crore

      Delete