Friday, April 5, 2019

                     ਸਿਆਸੀ ਹੱਟੀ
ਤਿੰਨ-ਤਿੰਨ ਪੈਨਸ਼ਨਾਂ ਵਾਲੇ ਸੰਸਦ ਮੈਂਬਰ !
                        ਚਰਨਜੀਤ ਭੁੱਲਰ  
ਬਠਿੰਡਾ : ਭਾਜਪਾ ਦੇ 115 ਸੰਸਦ ਮੈਂਬਰਾਂ ਦੇ ਦੋਵੇਂ ਹੱਥ ਲੱਡੂ ਹਨ ਜਿਨ੍ਹਾਂ ਨੂੰ ‘ਸਿਆਸੀ ਹੱਟੀ’ ਦੀ ਖੱਟੀ ਰਾਸ ਆਈ ਹੈ। ਭਾਵੇਂ ਸਿਆਸੀ ਮੈਦਾਨ ’ਚ ਚਿੱਤ ਵੀ ਹੋ ਜਾਣ, ਮਾਲੀ ਤੌਰ ’ਤੇ ਸੌਦਾ ਲਾਹੇ ਵਾਲਾ ਹੀ ਰਹੇਗਾ। 16ਵੀਂ ਲੋਕ ਸਭਾ ਦੇ 215 ਅਜਿਹੇ ਸੰਸਦ ਮੈਂਬਰ ਹਨ ਜੋ ਚੋਣਾਂ ਹਾਰਨ ਦੀ ਸੂਰਤ ਵਿਚ ਵੀ ਦੋ ਦੋ ਪੈਨਸ਼ਨਾਂ ਲੈਣਗੇ। ਮੌਜੂਦਾ ਲੋਕ ਸਭਾ ਵਿਚ ਇਹ ਐਮ.ਪੀ ਹਨ ਜਦੋਂ ਕਿ ਪਹਿਲਾਂ ਸੂਬਿਆਂ ਵਿਚ ਵਿਧਾਇਕ ਰਹਿ ਚੁੱਕੇ ਹਨ। ਮਿਸਾਲ ਦੇ ਤੌਰ ’ਤੇ ਉਹ ਐਤਕੀਂ ਚੋਣ ਹਾਰ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਇੱਕ ਪੈਨਸ਼ਨ ਬਤੌਰ ਸਾਬਕਾ ਐਮ.ਪੀ ਵਾਲੀ ਮਿਲੇਗੀ ਅਤੇ ਦੂਸਰੀ ਪੈਨਸ਼ਨ ਬਤੌਰ ਸਾਬਕਾ ਐਮ.ਐਲ.ਏ ਵਾਲੀ ਮਿਲੇਗੀ। ਚੋਣ ਜਿੱਤ ਕੇ ਮੁੜ ਐਮ.ਪੀ ਬਣਦੇ ਹਨ ਤਾਂ ਵੀ ਐਮ.ਪੀ ਵਜੋਂ ਤਨਖਾਹ/ਭੱਤੇ ਮਿਲਨਗੇ, ਬਤੌਰ ਸਾਬਕਾ ਐਮ.ਐਲ.ਏ ਪੈਨਸ਼ਨ ਵੀ ਮਿਲੇਗੀ। ਵੇਰਵਿਆਂ ਅਨੁਸਾਰ 16ਵੀਂ ਲੋਕ ਸਭਾ ਦੇ 543 ਸੰਸਦ ਮੈਂਬਰਾਂ ਚੋਂ 215 ਸੰਸਦ ਮੈਂਬਰ ਪਹਿਲਾਂ ਵਿਧਾਨ ਸਭਾਵਾਂ ’ਚ ਐਮ.ਐਲ.ਏ ਵੀ ਰਹਿ ਚੁੱਕੇ ਹਨ ਜਿਨ੍ਹਾਂ ਨੂੰ ਪਹਿਲਾਂ ਸਾਬਕਾ ਐਮ.ਐਲ.ਏ ਵਾਲੀ ਪੈਨਸ਼ਨ ਮਿਲ ਰਹੀ ਹੈ। ਪੰਜਾਬ ਦੇ ਚਾਰ ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਚੌਧਰੀ ਸੰਤੋਖ ਸਿੰਘ ਅਤੇ ਸ਼ੇਰ ਸਿੰਘ ਘੁਬਾਇਆ ਵੀ ਇਨ੍ਹਾਂ ਵਿਚ ਸ਼ਾਮਿਲ ਹਨ ਜਿਨ੍ਹਾਂ ਨੂੰ ਦੋ ਦੋ ਪੈਨਸ਼ਨਾਂ ਮਿਲਨਗੀਆਂ। ਮਾਲੀ ਤੌਰ ’ਤੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਮਲਾਈ ਹੀ ਮਿਲੇਗੀ। ਮੌਜੂਦਾ 215 ਐਮ.ਪੀਜ਼ ਚੋਂ ਸਭ ਤੋਂ ਜਿਆਦਾ ਭਾਜਪਾ ਦੇ 115 ਐਮ.ਪੀ ਹਨ ਜੋ ਪਹਿਲੋਂ ਵਿਧਾਇਕ ਵੀ ਰਹਿ ਚੁੱਕੇ ਹਨ। ਕਾਂਗਰਸ ਦੇ ਮੌਜੂਦਾ 21 ਐਮ.ਪੀ ਹਨ ਜੋ ਪਹਿਲਾਂ ਐਮ.ਐਲ.ਏ ਵੀ ਰਹੇ ਹਨ।
         ਹਰਿਆਣਾ ਦੇ ਮੌਜੂਦਾ 7 ਐਮ.ਪੀ ਉਹ ਹਨ ਜੋ ਪਹਿਲੋਂ ਵਿਧਾਇਕ ਸਨ ਅਤੇ ਰਾਜਸਥਾਨ ਦੇ ਅਜਿਹੇ ਹੀ 9 ਐਮ.ਪੀ ਹਨ ਜੋ ਨਾਲੋ ਨਾਲ ਸਾਬਕਾ ਐਮ.ਐਲ.ਏ ਵਾਲੀ ਵੀ ਪੈਨਸ਼ਨ ਲੈ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਐਮ.ਪੀ ਸ਼ਾਂਤਾ ਕੁਮਾਰ ਹੁਣ ਦੋ ਪੈਨਸ਼ਨਾਂ ਦੇ ਹੱਕਦਾਰ ਹੋ ਗਏ ਹਨ। ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਧ 30 ਐਮ.ਪੀ ਉਹ ਹਨ ਜੋ ਪਹਿਲਾਂ ਵਿਧਾਨ ਸਭਾ ਵਿਚ ਬੈਠ ਚੁੱਕੇ ਹਨ। ਇਨ੍ਹਾਂ ਚੋਂ 28 ਐਮ.ਪੀ ਇਕੱਲੀ ਭਾਜਪਾ ਦੇ ਹਨ। ਏਦਾਂ ਹੀ ਪੱਛਮੀ ਬੰਗਾਲ ਦੇ 17 ਅਤੇ ਬਿਹਾਰ ਦੇ 19 ਐਮ.ਪੀ ਹਨ ਜਿਨ੍ਹਾਂ ਨੂੰ ਚੋਣਾਂ ਹਾਰਨ ਦੀ ਸੂਰਤ ਵਿਚ ਦੋ ਦੋ ਪੈਨਸ਼ਨ ਮਿਲਨਗੀਆਂ। ਪੰਜਾਬ ਵਿਚ ਇੱਕ ਵਾਰ ਐਮ.ਐਲ.ਏ ਬਣਨ ਦੀ ਸੂਰਤ ਵਿਚ ਮੌਜੂਦਾ ਸਮੇਂ 70 ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਜੋ ਜਿਆਦਾ ਵਾਰ ਐਮ.ਐਲ.ਏ ਬਣੇ ,ਉਨ੍ਹਾਂ ਦੀ ਰਾਸ਼ੀ ਹੋਰ ਵੱਧ ਜਾਣੀ ਹੈ। ਕੇਂਦਰ ਸਰਕਾਰ ਨੇ 1 ਅਪਰੈਲ 2018 ਤੋਂ ਸਾਬਕਾ ਐਮ.ਪੀਜ਼ ਦੀ ਪੈਨਸ਼ਨ ਵਿਚ ਵੀ ਵਾਧਾ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੌਜੂਦਾ ਲੋਕ ਸਭਾ ਦੇ 543 ਐਮ.ਪੀਜ਼ ਚੋਂ 30 ਐਮ.ਪੀ ਉਹ ਹਨ ਜੋ ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਗੱਲ ਦਾ ਭੇਤ ਹੈ ਕਿ ਇਨ੍ਹਾਂ 30 ਐਮ.ਪੀਜ਼ ਨੂੰ ਇੱਕ ਪੈਨਸ਼ਨ ਮਿਲੇਗੀ ਜਾਂ ਦੋਹਰੀ ਪੈਨਸ਼ਨ ਮਿਲੇਗੀ। ਇਕੱਲੀ ਪੈਨਸ਼ਨ ਨਹੀਂ, ਹੋਰ ਸਭ ਸਹੂਲਤਾਂ ਵੀ ਡਬਲ ਮਿਲਦੀਆਂ ਹਨ। ਆਸ਼ਰਿਤਾਂ ਨੂੰ ਉਸ ਤੋਂ ਜਿਆਦਾ ਮੌਜ ਲੱਗ ਜਾਂਦੀ ਹੈ।
        16ਵੀਂ ਲੋਕ ਸਭਾ ਵਿਚ 15 ਐਮ.ਪੀ ਪਹਿਲਾਂ ਕਿਸੇ ਨਾ ਕਿਸੇ ਸੂਬੇ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਵੀ ਦੋਹਰਾ ਗੱਫਾ ਮਿਲੇਗਾ। ਐਮ.ਪੀ ਫਾਰੂਕ ਅਬਦੁਲਾ,ਵੀਰੱਪਾ ਮੋਇਲੀ,ਸ਼ਾਂਤਾਂ ਕੁਮਾਰ, ਐਚ.ਡੀ.ਦੇਵਗੌੜਾ, ਨਰਿੰਦਰ ਮੋਦੀ,ਉਮਾ ਭਾਰਤੀ, ਸੁਸਮਾ ਸਵਰਾਜ  ਆਦਿ ਤਾਂ ਪਹਿਲਾਂ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਇਨ੍ਹਾਂ ਸਿਆਸਤਦਾਨਾਂ ਲਈ ਸਰਕਾਰੀ ਖ਼ਜ਼ਾਨੇ ਉਮਰ ਭਰ ਲਈ ਖੁੱਲ੍ਹਾ ਰਹੇਗਾ। ਜੋ ਸਰਕਾਰੀ ਅਧਿਕਾਰੀ ਐਮ.ਪੀ ਬਣੇ, ਉਨ੍ਹਾਂ ਦੇ ਦੋਵੇਂ ਹੱਥ ਲੱਡੂ ਹਨ। 16ਵੀਂ ਲੋਕ ਸਭਾ ਵਿਚ ਤਿੰਨ ਐਮ.ਪੀ ਉਹ ਹਨ ਜੋ ਪਹਿਲਾਂ ਆਈ.ਏ.ਐਸ ਅਧਿਕਾਰੀ ਸਨ। ਇਨ੍ਹਾਂ ਤੋਂ ਇਲਾਵਾ ਇੱਕ ਆਈ.ਪੀ.ਐਸ ਅਧਿਕਾਰੀ ਵੀ ਹੈ। ਕੇਂਦਰੀ ਵਜ਼ੀਰ ਰਾਜਵਰਧਨ ਰਾਠੌਰ ਭਾਰਤੀ ਫੌਜ ਵਿਚ ਕਰਨਲ ਸਨ। ਉਨ੍ਹਾਂ ਨੂੰ ਵੀ ਦੋ ਪੈਨਸ਼ਨਾਂ ਦਾ ਹੱਕ ਮਿਲੇਗਾ। ਵੱਧ ਦਿਲਚਸਪ ਉਹ ਐਮ.ਪੀ ਹਨ ਜੋ ਤਿੰਨ ਤਿੰਨ ਪੈਨਸ਼ਨਾਂ ਦੇ ਹੱਕਦਾਰ ਬਣ ਜਾਣੇ ਹਨ। ਮਿਸਾਲ ਦੇ ਤੌਰ ’ਤੇ ਉੱਤਰ ਪ੍ਰਦੇਸ਼ ਦੇ ਹਲਕਾ ਰਾਮਪੁਰ ਤੋਂ ਐਮ.ਪੀ ਡਾ.ਨੇਪਾਲ ਸਿੰਘ ਤਿੰਨ ਪੈਨਸ਼ਨਾਂ ਦੇ ਹੱਕਦਾਰ ਬਣ ਗਏ ਹਨ। ਪਹਿਲਾਂ ਉਹ ਪ੍ਰੋਫੈਸਰ ਸਨ, ਸੇਵਾ ਮੁਕਤੀ ਮਗਰੋਂ ਉਨ੍ਹਾਂ ਨੂੰ ਪ੍ਰੋਫੈਸਰ ਵਾਲੀ ਪੈਨਸ਼ਨ ਮਿਲ ਰਹੀ ਹੈ। ਉਸ ਮਗਰੋਂ ਉਹ ਯੂ.ਪੀ ਅਸੈਂਬਲੀ ਦੇ ਉਪਰਲੇ ਸਦਨ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਹੁਣ ਉਹ ਐਮ.ਪੀ ਹਨ।
                ਸਿਆਸਤ ਨੂੰ ਅਲਵਿਦਾ ਆਖ ਦੇਣ ਤਾਂ ਉਨ੍ਹਾਂ ਨੂੰ ਤਿੰਨ ਪੈਨਸ਼ਨਾਂ ਮਿਲਨਗੀਆਂ। ਕੇਰਲਾ ਦੀ ਐਮ.ਪੀ ਸ੍ਰੀਮਾਥੀ ਪਹਿਲਾਂ ਅਧਿਆਪਕ ਸਨ, ਫਿਰ ਕੇਰਲਾ ਦੀ ਵਿਧਾਨ ਪ੍ਰੀਸ਼ਦ ਦੀ ਮੈਂਬਰ ਰਹੀ ਅਤੇ ਹੁਣ ਐਮ.ਪੀ ਹਨ। ਇੱਕੋ ਸਮੇਂ ਤਿੰਨ ਪੈਨਸ਼ਨਾਂ ਦੀ ਹੱਕਦਾਰ ਬਣੀ ਹੈ ਸੂਤਰਾਂ ਅਨੁਸਾਰ ਜੋ ਸਿਆਸਤਦਾਨ ਵੱਖ ਵੱਖ ਸੂਬਿਆਂ ਦੇ ਰਾਜਪਾਲ ਬਣਦੇ ਹਨ, ਉਨ੍ਹਾਂ ਨੂੰ ਵੀ ਦੋ ਪੈਨਸ਼ਨਾਂ ਮਿਲਦੀਆਂ ਹਨ। ਜਿਆਦਾਤਾਰ ਰਾਜਪਾਲ ਪਹਿਲਾਂ ਕੇਂਦਰੀ ਵਜ਼ੀਰ, ਸੂਬਾਈ ਵਜ਼ੀਰ ਜਾਂ ਐਮ.ਪੀ ਵਗੈਰਾ ਰਹਿ ਚੁੱਕੇ ਹਨ। ਏਦਾਂ ਦੇ ਹਾਲਾਤਾਂ ਵਿਚ ਸਾਬਕਾ ਗਵਰਨਰਾਂ ਨੂੰ ਵੀ ਦੋ ਦੋ ਪੈਨਸ਼ਨਾਂ ਦਾ ਗੱਫਾ ਮਿਲਣ ਲੱਗਾ ਹੈ। ਸੂਤਰ ਆਖਦੇ ਹਨ ਕਿ ਦੇਸ਼ ਵਿਚ ਇਕੱਲੇ ਸਿਆਸਤਦਾਨ ਹਨ ਜਿਨ੍ਹਾਂ ਨੂੰ ਦੋ ਦੋ, ਤਿੰਨ ਤਿੰਨ ਪੈਨਸ਼ਨ ਦੀ ਸਹੂਲਤ ਹੈ। ਪੰਜਾਬ ਵਿਚ ਤਾਂ ਆਮ ਲੋਕ ਤੇ ਮੁਲਾਜ਼ਮ ਪੈਨਸ਼ਨ ਨੂੰ ਹੀ ਤਰਸ ਰਹੇ ਹਨ।


No comments:

Post a Comment