Sunday, April 7, 2019

                         ਵਿਚਲੀ ਗੱਲ   
         ਬੁੱਲ੍ਹਿਆ ! ਤੂੰ ਹੀ ਦੱਸ ਮੈਂ ਕੌਣ.. 
                         ਚਰਨਜੀਤ ਭੁੱਲਰ
ਬਠਿੰਡਾ : ਛੱਤੀ ਕਰੋੜ ਦੇਵੀ ਦੇਵਤੇ। ਚੁਰਾਸੀ ਲੱਖ ਜੂਨਾਂ ਨੇ। ਸਵਾ ਸੌ ਕਰੋੜ ਤੋਂ ਵੱਧ ਦੇਸ਼ ਵਾਸੀ। ਓਧਰ ਦੇਖੋ, ਸੁਰਤ ਧਿਆਈ ਕਿਰਤੀ ਖੜ੍ਹੇ ਨੇ। ਹੱਥ ਜੋੜ ਆਖਦੇ ਨੇ। ਬੱਸ ਬਾਬਾ, ਕਿਰਪਾ ਕਰ, ਹੁਣ ਹੋਰ ਨਹੀਂ। ਉਲਾਂਭੇ ਵੀ ਦਿੰਦੇ ਨੇ। ਹੱਥਾਂ ਦੇ ਅੱਟਣ ਦਿਖਾਉਂਦੇ ਨੇ। ਕੰਨਾਂ ਨੂੰ ਹੱਥ ਲਾਉਂਦੇ ਨੇ। ਰੱਜੇ ਤਿਹਾਏ ਇਸ ਜਾਮੇ ਤੋਂ। ਨਾ ਬਾਬੇ ਦੇ ਵਚਨਾਂ ਤੋਂ ਮੁੜੇ, ਨਾ ਜ਼ਮੀਰ ਤੋਂ ਆਕੀ ਹੋਏ। ਗਧੀਗੇੜ ’ਚ ਪਏ ਕਿਰਤੀ ਕਿਧਰ ਜਾਣ। ਰੱਤੀ ਫਰਕ ਨਹੀਂ ਜਾਪਦਾ। ਗਧੇ ਦੀ ਜੂਨ ਨਾਲੋ। ਬਾਹਰ ਖੜ੍ਹਾ ਗਧਾ ਹੱਸਿਐ। ਸਦੀਆਂ ਪੁਰਾਣਾ ਸਾਥੀ ਜੋ ਹੋਇਆ। ਪਿੱਛੋਂ ਅਵਾਜ਼ ਆਈ। ਬਾਬਾ, ਬਾਬਰ ਚਾਂਭਲੇ ਫਿਰਦੇ ਨੇ। ਕਿਸੇ ਕਿਰਤੀ ਦੀ ਕੀ ਮਜਾਲ। ਕੋਈ ਸ਼ੱਕ ਐ, ਤਾਂ ਆ ਤੱਕ ਉਨ੍ਹਾਂ ਦਾ ਹਾਲ। ਕਾਮਰੇਡਾਂ ਦੇ ਡਰਾਮੇ ਵਾਲਾ ਕਿਰਤੀ ਅੌਹ ਬੈਠਾ। ਭੱਠੇ ’ਤੇ ਜੰਮਿਆ। ਭੱਠੇ ’ਤੇ ਹੀ ਗੁੜ੍ਹਤੀ ਮਿਲੀ। ਇੱਟਾਂ ਪੱਥੀ ਜਾ ਰਿਹੈ। ਸ਼ੇਰੋ (ਸੰਗਰੂਰ) ਦਾ ਮੱਖਣ ਸਿੰਘ। ਏਹ ਜਾਮਾ ਮੇਚ ਨਹੀਂ ਆਇਆ। ਬਚਪਨ ਵੀ ਭੱਠੇ ’ਤੇ, ਜਵਾਨੀ ਵੀ। ਪਹਿਲਾਂ ਪੰਜ ਘੰਟੇ ਇੱਟਾਂ ਦੀ ਪਥਾਈ, ਫਿਰ ਸਕੂਲ ’ਚ ਪੜਾਈ। ਨਾ ਦਿਨ ਦੇਖਿਆ, ਨਾ ਰਾਤ। ਪੜ੍ਹਿਆ ਵੀ ਘੱਟ ਨਹੀਂ। ਐਮ.ਏ, ਐਮ.ਐਡ, ਟੈੱਟ ਪਾਸ ਐ। ਮਾਂ ਆਖਦੀ ਐ, ਸਰਕਾਰ ਦਾ ਭੱਠਾ ਬਹਿ ਗਿਆ। ‘ਨਾ ਭੱਠਾ ਮੁੱਕੇ, ਨਾ ਗਧਾ ਛੁੱਟੇ’ ਆਖ ਕੇ ਮੱਖਣ ਫਿਰ ਇੱਟਾਂ ਪੱਥਣ ਲੱਗੈ। ਅੱਗੇ ਅੌਹ ਸੂਰਜਾ ਰਾਮ ਵੱਲ ਵੇਖ। ਦੋਦਾ (ਮੁਕਤਸਰ) ਦਾ ਇਹ ਬਜ਼ੁਰਗ ਥੱਕਿਆ ਹੋਇਐ। ਕਾਹਦਾ ਹੀਰਾ ਜਨਮ ਅਨਮੋਲ। ਨੌਂ ਸਾਲ ਦੀ ਉਮਰ ’ਚ ਭੱਠੇ ਤੇ ਗਿਆ। 80 ਸਾਲ ਦਾ ਹੋ ਕੇ ਮੁੜਿਆ।
        ਗਧਿਆਂ ਤੇ ਇੱਟਾਂ ਢੋਂਹਦਾ ਰਿਹਾ। ਭਾਰ ਢੋਂਹਦੇ ਕਿੰਨੇ ਹੀ ਗਧੇ ਮਰੇ। ਅੱਜ ਹੱਥ ਖਾਲੀ ਨੇ। ਚੁੱਪ ਹੀ ਭਲੀ ਆਖ ਰਿਹੈ। ਨਹੋਰੇ ਦੇ ਰਿਹੈ, ਸਾਡੇ ਨਾਲੋਂ ਤਾਂ ਗਧੇ ਚੰਗੇ। ਸਭ ਤੁਰ ਗਏ, ਪਤਾ ਨਹੀਂ ਕਦੋਂ ਨੰਬਰ ਲੱਗੂ। ਫੂਲ ਚੰਦ ਅੰਮ੍ਰਿਤਸਰ ਵਾਲਾ। ਸੰਗਰੂਰ ਵਾਲਾ ਲਾਲ ਸਿੰਘ। ਸੱਚੀ ਕਿਰਤ ਦੇ ਜਰਨੈਲ ਸਨ। ਦੋਵਾਂ ਦਾ ਨੰਬਰ ਕਦੋਂ ਦਾ ਲੱਗਿਐ। ਕਿਰਤੀ ਦੋ, ਕਹਾਣੀ ਇੱਕ। ਕਫ਼ਨ ਤੇ ਲੱਕੜਾਂ ਲਈ ਪੈਸੇ ਨਹੀਂ ਸਨ। ਸਰਕਾਰ ਨੇ ਪੈਸੇ ਭੇਜੇ ਤਾਂ ਹੋਇਆ ਸਸਕਾਰ। ਤਾਹੀਂ ਗਧੇ ਹੱਸ ਰਹੇ ਨੇ। ਅੌਹ ਮੌੜ ਖੁਰਦ (ਬਠਿੰਡਾ) ਦਾ ਤੇਜਾ ਸਿਓਂ ਮੰਜੇ ’ਚ ਪਿਐ। ਸੁਣੋਗੇ ਤਾਂ ਉਸ ਦਾ ਢਿੱਡ ਹੌਲਾ ਹੋਜੂ। ਪੰਜ ਸਾਲ ਦਾ ਸੀ ਜਦੋਂ ਬਾਪ ਦਾ ਨੰਬਰ ਲੱਗ ਗਿਆ। ਕਬੀਲਦਾਰੀ ਆਈ ਤਾਂ ਬੇਟੀ ਤੁਰ ਗਈ। 21 ਸਾਲ ਪੱਲੇਦਾਰੀ ਕੀਤੀ। ਹੁਣ ਪੱਲੇ ਕੁਝ ਨਹੀਂ। ਨੇੜੇ ਹੋ ਕੇ ਸੁਣ। ਆਖਦੈ, ਪੰਜ ਪੰਜ ਸੌ ਬੋਰੀ ਲੱਦ ਦਿੰਦਾ ਸੀ ਜਵਾਨੀ ਪਹਿਰੇ। ਏਨੇ ਬੋਝ ਨੇ ਹੁਣ ਪਿੱਠ ਲਵਾ ਦਿੱਤੀ। ਤੁਰਨ ਫਿਰਨ ਤੋਂ ਆਹਰੀ ਐ। ਸਸਕਾਰ ਲਈ ਨਹੀਂ, ਇਲਾਜ ਲਈ ਪੈਸੇ ਮੰਗਦੈ। ਓਧਰ, ਗਧੇ ਦੀ ਹਾਸੀ ਨਹੀਂ ਰੁਕ ਰਹੀ।ਪਿੰਡ ਲੱਖੇਵਾਲੀ ਦੀ ਗਰੀਬਣੀ ਦੀ ਵੀ ਸੁਣ ਜਾਹ। ਆਖਦੀ ਐ, ਚਿੜੀਆਂ ਦਾ ਮਰਨ ਗਵਾਰਾ ਦਾ ਹਾਸਾ। ਬਿਰਧ ਉਮਰੇ ਵੀ ਸਿਰ ’ਤੇ ਗੋਹੇ ਦਾ ਬੱਠਲ। ਪੂਰਾ ਜਾਮਾ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਕਰਨ ’ਚ ਕੱਢ ਦਿੱਤੈ। ਨਜ਼ਰ ਕਮਜ਼ੋਰ ਪੈ ਗਈ ਹੈ। ਤਾਹੀਓਂ ਗੋਹੇ ਦਾ ਬੱਠਲ ਲੈ ਕੇ ਕਈ ਵਾਰੀ ਡਿੱਗੀ ਐ।
                ਇਸ ਉਮਰੇ ਕਿਰਤ ਦਾ ਮੁੱਲ ਕੌਣ ਦਿੰਦਾ। ਕੋਈ ਕਣਕ ਦੇ ਦਿੰਦੈ ਤੇ ਕੋਈ ਪਾਈਆ ਦੁੱਧ। ਸਿਰ ’ਚ ਗੰਜ ਪੈ ਗਿਆ। ਠੇਡਿਆਂ ਨੇ ਉਂਗਲਾਂ ਦੇ ਪੋਟੇ ਮੋੜਤੇੇ। ਨੰਬਰ ਲਵਾਉਣ ਲਈ ਕਾਹਲੀ ਐ। ਗਲੀ ’ਚ ਖੜ੍ਹਾ ਗਧਾ ਮੁੜ ਹੱਸਿਐ, ਪਤਾ ਨਹੀਂ ਕਾਹਦਾ ਚਾਅ ਚੜਿਐ। ਪਤਾ ਨਹੀਂ, ਕਿੰਨੇ ਕਿਰਤੀ ਨੇ, ਜਿਨ੍ਹਾਂ ਨੂੰ ਗਧੇ ਦੀ ਜ਼ਿੰਦਗੀ ’ਚੋ ਆਪਣਾ ਚਿਹਰਾ ਦਿੱਖਦਾ ਹੈ। ਬੁੱਲ੍ਹਿਆ ਤੂੰ ਵੀ ਕਲਮ ਝਰੀਟੀ, ਜੋ ਜਾਮੇ ਨੂੰ ਕਲਾਮ ਕਰ ਗਏ। ਬਾਬਾ, ਚੰਗਾ ਹੋਇਆ, ਚੋਣਾਂ ਦੇ ਦਿਨਾਂ ’ਚ ਆਇਐ। ਪਹਿਲਾਂ ਆਉਂਦਾ ਤਾਂ ਬਾਬਰ ਦੀ ਕੈਦ ’ਚ ਹੋਣਾ ਸੀ। ਹੁਣ ਫ਼ਤਿਹ ਬੁਲਾਓ ਬਾਬਾ। ਸੁਆਲ ਹੁਣ ਬਾਬੇ ਨੂੰ ਨਹੀਂ, ਤੁਹਾਨੂੰ ਹੈ। ਜਰਾ ਫਰਕ ਦੱਸਣਾ, ਕਿਵੇ ਭਿੰਨ ਐ ਗਧੇ ਤੇ ਮਜ਼ਦੂਰ ਦੀ ਜ਼ਿੰਦਗੀ। ਛੱਜੂ ਰਾਮ ਪ੍ਰਗਟ ਹੋਇਐ, ਆਖਦੈ, ਗਧਾ ਵੀ ਸਾਊ ਤੇ ਸਬਰ ਵਾਲਾ, ਕਿਰਤੀ ਵੀ। ਬੋਝ ਵੀ ਦੋਵੇਂ ਉਠਾਉਂਦੇ ਨੇ। ਜਿਨ੍ਹਾਂ ਦੇ ਅਰਮਾਨ ਫਾੜੀ ਫਾੜੀ ਹੋਏ, ਉਹ ਆਖਦੇ ਨੇ, ਗਧਾ ਸੌ ਗੁਣੇ ਚੰਗਾ। ਭਲੇ ਵੇਲਿਆਂ ’ਚ ਗਧਾ ਹੀ ਮਨੁੱਖ ਦਾ ਸੱਚਾ ਸਾਥੀ ਸੀ। ‘ਅੱਛੇ ਦਿਨ’ ਆਏ ਨੇ, ਕਿਰਤੀ ਹੁਣ ਬਾਬਰਾਂ ਦੇ ਮੈਨੀਫੈਸਟੋ ਜੋਗਾ ਰਹਿ ਗਿਆ।
               ਹੁਣ ਇੱਕ ਤੈਰਵੀਂ ਨਜ਼ਰ। ਪੰਜਾਬ ’ਚ ਸੱਤ ਲੱਖ ਇਕੱਲੇ ਰਜਿਸਟਰਡ ਉਸਾਰੀ ਕਿਰਤੀ ਨੇ। 907 ਕਰੋੜ ਦਾ ਭਲਾਈ ਫੰਡ ਕਿਰਤੀ ਹੱਥਾਂ ਤੱਕ ਨਹੀਂ ਪੁੱਜਾ। ਦੇਸ਼ ਦੀ ਵਹੀ ’ਤੇ ਨਜ਼ਰ ਮਾਰੋ। 22 ਵਰ੍ਹਿਆਂ ’ਚ ਕਿਰਤ ਭਲਾਈ ਸੈਸ ਦੇ ਇਕੱਠੇ ਹੋਏ 45 ਹਜ਼ਾਰ ਕਰੋੜ, ਖਰਚ ਕੀਤੇ 28 ਹਜ਼ਾਰ ਕਰੋੜ। ਮੋਟੀ ਨਜ਼ਰ ਗਧਿਆਂ ਦੇ ਸੰਸਾਰ ’ਤੇ ਵੀ। ਗੁਆਂਢੀ ਮੁਲਕ ਚੀਨ ਧੜਾ ਧੜ ਗਧੇ ਮੰਗਵਾ ਰਿਹਾ ਹੈ। ਨਿਹੰਗ ਸਿੰਘ ਆਪਣੀ ਭਾਸ਼ਾ ’ਚ ਗਧੇ ਨੂੰ ‘ਸੁਲਤਾਨ’ ਆਖਦੇ ਨੇ। ਪਾਕਿਸਤਾਨ ’ਚ 50 ਲੱਖ ‘ਸੁਲਤਾਨ’ ਨੇ, ਜੋ ਹੁਣ ਚੀਨ ਨੂੰ ਭੇਜੇ ਜਾਣੇ ਹਨ। ਗਧੇ ਦੀ ਚਮੜੀ ਤੋਂ ਦਵਾਈ ਬਣਦੀ ਹੈ। ਚੀਨ ਤਾਹੀਓ ਹਰ ਸਾਲ ਚਾਰ ਲੱਖ ਗਧਿਆਂ ਦਾ ਨੰਬਰ ਲਾਉਂਦੈ। ਇਥੋਪੀਆ ’ਚ 12 ਲੋਕਾਂ ਪਿਛੇ ਇੱਕ ਗਧਾ ਹੈ।  ਗਧਾ ਰੈਂਕਿੰਗ ’ਚ ਭਾਰਤ 25ਵੇਂ ਨੰਬਰ ’ਤੇ ਹੈ। ਦੇਸ਼ ’ਚ ਸੱਤ ਮਿਲੀਅਨ, ਪੰਜਾਬ ’ਚ ਅੱਠ ਹਜ਼ਾਰ ਖੱਚਰਾਂ/ਗਧੇ ਹਨ। ਤਰਨਤਾਰਨ ਨੰਬਰ ਵਨ। ਮੁਕਤਸਰ ’ਚ 450 ਗਧੇ ਨੇ, ਦੂਜੇ ਨੰਬਰ ’ਤੇ ਹੈ। ਲੰਬੀ ਵਿਚ ਪਿੰਡ ਘੁਮਿਆਰਾ ਵੀ ਹੈ। ਪੂਰਾ ਪਿੰਡ ਪਰਜਾਪਤ ਭਾਈਚਾਰੇ ਦਾ ਹੈ। ਭਾਰਤ ਚਮਕਣ ਲੱਗਾ ਹੈ। ਮਜ਼ਦੂਰਾਂ ਦੇ ਅਰਮਾਨ ਕਤਲ ਹੁੰਦੇ ਨੇ, ਕੋਈ ਕਾਨੂੰਨ ਨਹੀਂ। ਮੇਨਕਾ ਗਾਂਧੀ ਕਦੇ ਦਲਿਤ ਵਿਹੜਿਆਂ ਦਾ ਗੇੜਾ ਜਰੂਰ ਮਾਰੇ।
        ਭਾਰਤ ਦੀ ਨਿਹੱਥੀ ਜਵਾਨੀ ਫਰੰਗੀ ਮੁਲਕਾਂ ’ਚ ਵਾਇਆ ‘ਡੌਂਕੀ ਰੂਟ’ ਕਿਰਤ ਕਰਨ ਜਾਂਦੀ ਹੈ। ਜਦੋਂ ਗਧੇ ਘੋੜੇ ਦਾ ਇੱਕੋ ਮੁੱਲ ਹੋ ਜਾਵੇੇ, ਉਦੋਂ ਬਰੇਨ ਡਰੇਨ ਕਿਵੇਂ ਰੁਕੂ। ਚੋਣਾਂ ਵਾਲਾ ਤੰਦੂਰ ਤਪਿਐ। ਕੋਈ ਰੋਟੀਆਂ ਤਪਾਉਣ, ਕੋਈ ਸੇਕਣ ਲਈ ਕਾਹਲੈ। ਜਿੱਤਣ ਮਗਰੋਂ ਵੋਟਰ ਬਾਦਸ਼ਾਹ ਨੂੰ ਦੁਲੱਤੀ ਮਾਰ ਦਿੰਦੇ ਨੇ। ਉਨ੍ਹਾਂ ਨੂੰ ਵੋਟਰ ਗਧੇ ਵਾਂਗੂ ਢੀਠ ਲੱਗਦੇ ਨੇ। ਜੈਪੁਰ ਨੇੜਲਾ ਪਿੰਡ ਭਾਵਗੜ੍ਹ ਇਸ ਗੱਲੋਂ ਬਚਿਆ। ਜਿਥੇ ਗਧਿਆਂ ਦਾ ਮੇਲਾ ਲੱਗਦੈ। ਜੋ ਮੇਲੇ ਦਾ ਉਦਘਾਟਨ ਕਰਦੈ, ਹਾਰ ਜਾਂਦਾ ਹੈ। ਬਦਸਗਨੀ ਜੋ ਹੋਈ, ਲੀਡਰ ਛੇਤੀ ਕਿਤੇ ਮੂੰਹ ਨਹੀਂ ਕਰਦੇ ਭਾਵਗੜ੍ਹ ਵੱਲ। ਅਖਿਲੇਸ਼ ਯਾਦਵ ਦੀ ਅਮਿਤਾਬ ਬਚਨ ਨੂੰ ਨਸੀਹਤ ਸੁਣੋ ‘ ਆਪ ਗੁਜਰਾਤ ਕੇ ਗਧੋਂ ਕਾ ਪ੍ਰਚਾਰ ਮਤ ਕੀਝੀਏ’। ਬੜਾ ਰੌਲਾ ਪਿਆ ਸੀ।
                 ਵਿਹਲ ਮਿਲੇ ਤਾਂ ਸੈਮੂਅਲ ਜੌਹਨ ਦਾ ਨਾਟਕ ‘ਗਧਾ ਤੇ ਸ਼ੇਰ’ ਜਰੂਰ ਦੇਖਿਓ। ਨੰਬਰ ਲਵਾਉਣ ਦੀ ਨਹੀਂ, ਲਾਉਣ ਦੀ ਤਾਕਤ ਮਿਲੇਗੀ। ਆਖਰੀ ਸ਼ੀਨ ਦੇਖੋ। ਜੰਗਲ ਦਾ ਰਾਜਾ ਸ਼ੇਰ ਦਹਾੜਦੈ। ਵਾਰੋ ਵਾਰੀ ਸਭ ਨੂੰ ਛੱਕ ਜਾਂਦੈ। ਅਖੀਰ ’ਚ ਆਖਦੈ, ਗਧਿਆਂ ਦੀ ਕੀ ਅੌਕਾਤ। ਜਦੋਂ ਸਮਾਜ ਦਾ ਭਾਰ ਢੋਂਹਣ ਵਾਲੇ ਇਕੱਠੇ ਹੁੰਦੇ ਨੇ। ਫਿਰ ਦੁਲੱਤੀ ਮਾਰ ਮਾਰ ਕੇ ਸ਼ੇਰ ਦੀ ਬੁਥਾੜ ਭੰਨ ਦਿੰਦੇ ਨੇ। ਸਿਆਸਤਦਾਨਾਂ ਨੂੰ ਬਿਨ ਮੰਗੀ ਸਲਾਹ ਐ.. ਗਧੇ ਦੀ ਦੁਲੱਤੀ ਤੋਂ ਜਰਾ ਬਚ ਕੇ। ਭਾਵੇਂ ਸ਼ੇਰ ਨੂੰ ਪੁੱਛ ਲੋ, ਹੁਣ ਛੱਜੂ ਰਾਮ ਹੱਸੀ ਜਾ ਰਿਹੈ..।


1 comment:

  1. Bahut vadhia...veer g.Hun ਗਧੇ ਵਿਚਾਰੇ ਬੱਕਰੇ ਬਣਨਗੇ ।।

    ReplyDelete