Sunday, April 28, 2019

                                                              ਵਿਚਲੀ ਗੱਲ
                           ਕਾਲੀ ਮੱਸਿਆ ਦੀ ਰਾਤ ਪਾਉਂਦੇ ਤਾਰਿਆਂ ਦੀ ਬਾਤ
                                                             ਚਰਨਜੀਤ ਭੁੱਲਰ
ਬਠਿੰਡਾ : ਗੁਜਰਾਤੀ ਪੰਡਿਤ ‘ਅਬ ਕੀ ਵਾਰ’ ਨਹੀਂ। ਇਸ ਵਾਰ ਵਾਰਾਨਸੀ ਦੇ ਪੰਡਿਤ। ਖੋਲ੍ਹ ਪੱਤਰੀ ਜਿਨ੍ਹਾਂ ਦੱਸਿਆ ‘ਭਗਤਾ, 26 ਲਾਏਗੀ ਬੇੜਾ ਪਾਰ’। ਆਏ, ਚਾਹੇ ਨਾ ਆਏ, ਮੋਦੀ ਸਰਕਾਰ। ਵਾਰਾਨਸੀ ਦੇ ਪੰਡਿਤ ਆਪਣੀ ਚਲਾ ਗਏ। ਪਿਛਲੀ ਵਾਰ, ਗੁਜਰਾਤੀ ਪੰਡਿਤਾਂ ਨੇ ਸ਼ੁਭ ਦਿਨ ਕੱਢਿਆ ਸੀ। ਹੁਣ ਛੱਬੀ ਅਪਰੈਲ ਨੂੰ ਹੀ ਭਰੇ ਕਾਗਜ਼। ਲੈ ਕੇ ਬਾਦਲ ਦਾ ਆਸ਼ੀਰਵਾਦ। ਸਿਆਸੀ ਜਜਮਾਨ ਡੁੱੁਬਣਗੇ ਜਾਂ ਫਿਰ ਤੈਰਣਗੇ, ਪਤਾ ਨਹੀਂ। ਪਹਿਲਾਂ ਪੂਜਾ ਅਰਚਨਾ ਕੀਤੀ। ਫਿਰ ਸਭ ਦੇਵੀ ਦੇਵਤੇ ਧਿਆਏ। ਨਰਿੰਦਰ ਮੋਦੀ ਭਰ ਕਾਗ਼ਜ਼, ਮੈਦਾਨ ’ਚ ਨਿੱਤਰ ਆਏ। ਸਹਿਮੇ ਲੋਕਾਂ ਦਾ ਕੀ ਬਣੂ। ਪੰਡਿਤਾਂ ਨੇ ਇਹ ਨਹੀਂ ਦੱਸਿਆ। ਉੱਚੀ ਸਟੇਜ ਤੋਂ ਮੋਦੀ ਹੱਸਿਆ। ਅਬ ਕੀ ਬਾਰ..ਆਖ ਕੇ ਜਿਉਂ ਹੀ ਹੱਥ ’ਤੇ ਹੱਥ ਮਾਰਿਐ। ਲੋਕਾਂ ਨੂੰ ਇੰਝ ਲੱਗਾ ਕਿ ਜਿਵੇਂ ਸਾਨੂੰ ਫਿਰ ਚਾਰਿਐ। ਗ੍ਰਹਿ ਚਾਲ ਤੇ ਦਸ਼ਾ ਸੋਨੀਆ ਗਾਂਧੀ ਨੇ ਵੀ ਪਹਿਲਾਂ ਵੇਖੀ। ਫਿਰ ਭਰੇ ਰਾਏ ਬਰੇਲੀ ਤੋਂ ਕਾਗ਼ਜ਼। ਭੈੜੀਆਂ ਨਜ਼ਰਾਂ ਤੋਂ ਕਿਵੇਂ ਬਚਣੇ, ਜੋਤਸ਼ੀ ਨੇ ਉਪਾਅ ਦੱਸਿਆ। ਤਾਂਹੀਓਂ ‘ਕਾਲਾ ਟਿੱਕਾ’ ਲਾ ਕੇ ਪ੍ਰਿਯੰਕਾ ਵਾਡੇਰਾ ਘਰੋਂ ਨਿਕਲੀ। ਮੁਲਾਇਮ ਦੀ ਨੂੰਹ ਡਿੰਪਲ ਯਾਦਵ ਨੇ ‘ਲਾਲ ਟਿੱਕਾ’ ਲਾਇਐ। ਕਰਨਾਟਕਾ ’ਚ ਭਾਜਪਾ ਨੇਤਾ ਬੀ. ਸਰੀਰਾਮੁਲੂ ਨੇ ਪਹਿਲਾਂ ਗਊ ਨੂੰ ਨੁਹਾਇਆ। ਫਿਰ ਕਾਗ਼ਜ਼ ਦਾਖਲ ਕੀਤੇ। ਸ਼ਨੀ ਦੇ ਗ੍ਰਹਿ ਤੋਂ ਗ੍ਰਹਿ ਮੰਤਰੀ ਵੀ ਡਰੇ ਨੇ। ‘ਭਗਤਾ, ਤੇਰੇ ਲਈ ਮੰਗਲ ਸ਼ੁਭ ਐ’। ਪੰਡਤਾਂ ਦਾ ਕਿਹਾ, ਕੌਣ ਮੋੜੂ, ਗ੍ਰਹਿ ਮੰਤਰੀ ਰਾਜਨਾਥ ਨੇ ਕਾਗ਼ਜ਼ ਮੰਗਲਵਾਰ ਨੂੰ ਭਰੇ।
                  ਸਾਧਵੀ ਪ੍ਰੱਗਿਆ ਕਾਗ਼ਜ਼ ਭਰਨ ਇਕੱਲੀ ਨਹੀਂ ਗਈ। ਗਿਆਰਾਂ ਪੰਡਿਤ ਵੀ ਨਾਲ ਗਏ। ਕਾਂਗਰਸੀ ਜਿਓਤਿਰਾਦਿਤੇ ਸਿੰਧੀਆ ਕਿਹੜਾ ਘੱਟ ਐ। ਚੋਣ ਪ੍ਰਚਾਰ ’ਚ ਨਿੰਬੂ ਮਿਰਚਾਂ ਨਾਲ ਚੁੱਕੀ ਫਿਰਦੈ। ਦਿੱਲੀ ਵਾਲਾ ਮਨੋਜ ਤਿਵਾੜੀ ਵੀ ਜੋਤਸ਼ੀ ਦੇ ਇਸ਼ਾਰੇ ’ਤੇ ਚੱਲਦੈ। ਮਹਾਰਾਣੀ ਪ੍ਰਨੀਤ ਕੌਰ ਦਾ ਸ਼ੁਭ ਮਹੂਰਤ ਕਿਸ ਨੇ ਕੱਢਿਆ। ਕੋਈ ਪਤਾ ਨਹੀਂ, ਮਹਾਰਾਣੀ ਨੇ ਕਾਗ਼ਜ਼ ਸਹੀ 12.15 ਵਜੇ ਦਾਖਲ ਕੀਤੇ, ਇਸ ਦਾ ਸਭ ਨੂੰ ਪਤਾ ਹੈ। ਚੋਣ ਕਮਿਸ਼ਨ ਦਾ ਫ਼ਰਮਾਨ ਸੁਣੋ, ਵੋਟਾਂ ਤੱਕ ਨਾ ਕੋਈ ਜੋਤਸ਼ੀ ਭਵਿੱਖਬਾਣੀ ਕਰੇਗਾ, ਨਾ ਹੀ ਉਸ ਦਾ ਤੋਤਾ। ਹੁਣ ਸਭ ਜੋਤਸ਼ੀ ਅੌਖੇ ਨੇ। ਭਿਵਾਨੀ ਦੇ ਐਮ.ਪੀ ਧਰਮਵੀਰ ਪੁਰਾਣੀ ਜੈੱਨ ਕਾਰ ’ਚ ਗਏ। ਮੁੱਖ ਮੰਤਰੀ ਨੂੰ ਉਡੀਕੇ ਬਿਨਾਂ ਹੀ ਕਾਗ਼ਜ਼ ਭਰ ਕੇ ਆਖਿਆ ‘ਸਮਾਂ ਵੀ ਲੱਕੀ ਐ ਤੇ ਕਾਰ ਵੀ।’ ਚੋਣਾਂ ਵੇਲੇ ਨੇਤਾ ਟੇਵੇ ਲਵਾਉਣ ਭੱਜਦੇ ਨੇ। ਕੋਈ ਹੱਥ ਦੀਆਂ ਲਕੀਰਾਂ ਤੇ ਕੋਈ ਮੱਥੇ ਦੀਆਂ ਪੜ੍ਹਾ ਰਿਹੈ। ਬਠਿੰਡਾ ਦੇ ਲੇਬਰ ਚੌਂਕ ’ਚ ਮਜ਼ਦੂਰ ਨਛੱਤਰ ਸਿੰਘ ਖੜ੍ਹਦੈ। ਮੀਂਹ ਆਵੇ, ਚਾਹੇ ਨੇਰ੍ਹੀ। ਨਛੱਤਰ ਨੇ ਹੱਥਾਂ ’ਤੇ ਪਏ ਅੱਟਣ ਦਿਖਾਏ। ਆਖਣ ਲੱਗਾ ‘ਸਾਡੇ ਨਛੱਤਰ ਤਾਂ ਸਦਾ ਮਾੜੇ ਨੇ’। ਡਾ. ਨਰਿੰਦਰ ਦਭੋਲਕਾਰ ਜਿਉਂਦਾ ਹੁੰਦਾ। ਨਛੱਤਰ ਨੂੰ ਜਰੂਰ ਬਹਿ ਸਮਝਾਉਂਦਾ। ਛੱਜੂ ਰਾਮ ਨੇ ਵਿਚੋਂ ਟੋਕਿਐ, ‘ਜੋ ਤਾਂਤਰਿਕਾਂ ਦੇ ਗੋਡੀ ਲੱਗੇ ਨੇ, ਪਹਿਲਾਂ ਉਨ੍ਹਾਂ ਨੂੰ ਸਮਝਾਓ।’
                 ਪੰਜਾਬ ’ਚ ਵੋਟਾਂ ਐਤਵਾਰ ਨੂੰ ਪੈਣੀਆਂ ਨੇ। ਅਕਾਲੀ ਪਹਿਲਾਂ ਹੀ ਸ਼ਨੀ ਦੇ ਪ੍ਰਕੋਪ ਤੋਂ ਡਰੇ ਬੈਠੇ ਨੇ। ਅੰਦਰੋਂ ਨਵਾਂ ਕਾਂਗਰਸੀ ਘੁਬਾਇਆ ਵੀ ਕੰਬਿਐ। ਸੰਨੀ ਦਿਓਲ ਇਕੱਲੇ ਨਲਕੇ ਪੁੱਟਦਾ ਹੁੰਦਾ, ਤਾਂ ਸੁਨੀਲ ਜਾਖੜ ਨੂੰ ਵੀ ਤਰੇਲੀ ਨਾ ਆਉਂਦੀ। ਸਾਰੇ ਉਮੀਦਵਾਰ ਬਣੇ ਹੋਏ ਹੁਣ ਬੀਬੇ ਬੱਚੇ ਨੇ। ਉਧਰ, ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ ਬੜੇ ਮੱਚੇ ਨੇ। ਉਨ੍ਹਾਂ ਨੂੰ ‘ਕੰਪਿਊਟਰ ਬਾਬਾ’ ਜੋ ਧੋਖਾ ਦੇ ਗਿਆ। ਚੌਹਾਨ ਨੇ ਪੰਜ ਸੰਤਾਂ ਨੂੰ ਮੰਤਰੀ ਦਾ ਦਰਜਾ ਦਿੱਤਾ। ਸਵਾਮੀ ਨਾਮਦੇਵ ਉਰਫ ਕੰਪਿਊਟਰ ਬਾਬਾ, ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਗਿਆ। ਨਾਲੇ ਪੋਲ ਖੋਲ ਗਿਆ। ਪੁਜਾਰੀਆਂ ਨੂੰ ਦਿੱਤਾ ਮਾਣ ਭੱਤਾ ਵੀ ਕੰਮ ਨਾ ਆਇਆ। ਯੂ.ਪੀ ਵਾਲੇ ਯੋਗੀ ਨੇ ਸਾਧੂ ਨਿਹਾਲ ਕਰਤੇ। ਸਭ ਨੂੰ ਪੈਨਸ਼ਨ ਲਾਤੀ। ਉਧਰ ‘ਅਰਥੀ ਬਾਬਾ’ ਸਭ ਨੂੰ ਠੰਢੇ ’ਚ ਲਾ ਰਿਹੈ। ਯੂ.ਪੀ ’ਚ ਅਖਿਲੇਸ਼ ਯਾਦਵ ਦੇ ਖ਼ਿਲਾਫ਼ ਖੜੇ੍ਹ। ‘ਅਰਥੀ ਬਾਬਾ’ ਕਈ ਚੋਣਾਂ ਲੜ ਚੁੱਕੈ। ਅਰਥੀ ’ਤੇ ਕਾਗ਼ਜ਼ ਭਰਨ ਜਾਂਦੈ ਤਾਂ ਜੋ ਬਾਕੀ ਅਕਲ ਨੂੰ ਹੱਥ ਮਾਰ ਲੈਣ। ਚੋਣ ਦਫ਼ਤਰ ਸ਼ਮਸ਼ਾਨ ਘਾਟ ’ਚ ਚੱਲਦੈ।
                 ਆਓ ਥੋੜਾ ਅੰਧ ਵਿਸ਼ਵਾਸ਼ੀ ਬਾਜ਼ਾਰ ਦਾ ਗੇੜਾ ਲਾਉਂਦੇ ਹਾਂ। ਕਿਸੇ ਤੋਂ ਨਹੀਂ ਭੁੱਲਿਆ ਹੋਣਾ। ਨਹਿਰੂ ਨੇ ਦੋ ਸਵਾਮੀ ਰੱਖੇ ਹੋਏ ਸਨ। ਇੰਦਰਾ ਗਾਂਧੀ ਦੇ ਟੇਵੇ ਧੀਰੇਂਦਰ ਬ੍ਰਹਮਚਾਰੀ ਲਾਉਂਦਾ ਸੀ। ਨਰਸਿਮਾਰਾਓ ਦਾ ਤਕਦੀਰੀ ਸਲਾਹਦਾਰ ਚੰਦਰਾਸਵਾਮੀ ਸੀ। ਮਹੰਤ ਰਾਮਾਚੰਦਰਾ ਵਾਜਪਾਈ ਦੇ ਨੇੜੇ ਸਨ। ਠੀਕ ਉਨਾ ਹੀ, ਜਿੰਨਾ ਮੋਦੀ ਦੇ ਨੇੜੇ ਰਾਮਦੇਵ। ‘ਕਾਲੇ ਜਾਦੂ’ ਤੋਂ ਦੇਵਗੌੜਾ ਬਹੁਤ ਡਰਦੈ। ਸਰਕਾਰੀ ਘਰ ਦੀਆਂ ਖਿੜਕੀਆਂ ਪੁਟਾ ਦਿੱਤੀਆਂ ਸਨ। ਵਸੰਧੁਰਾ ਰਾਜੇ ਨੇ 13 ਅੰਕ ਨੂੰ ਲੱਕੀ ਮੰਨਿਐ। 13.13 ਵਜੇ ’ਤੇ ਸਹੁੰ ਚੁੱਕੀ ਸੀ। ਸਰਕਾਰੀ ਘਰ ਵੀ 13 ਨੰਬਰ ਲਿਆ। ਸ਼ੁਰੂ ’ਚ ਮੰਤਰੀ ਵੀ 13 ਹੀ ਬਣਾਏ। ਜਿਥੇ ਰਾਜਸਥਾਨ ਦੀ ਵਿਧਾਨ ਸਭਾ ਹੈ, ਉਥੇ ਪਹਿਲਾਂ ਸ਼ਮਸ਼ਾਨ ਘਾਟ ਸੀ। ਵਿਧਾਇਕ ਸੈਸ਼ਨ ’ਚ ਕੂਕੇ। ਇੱਥੇ ਤਾਂ ਰੂਹਾਂ ਦਾ ਵਾਸਾ ਹੈ, ਪਹਿਲਾਂ ਇਸ ਦੀ ਸ਼ੁੱਧੀ ਕਰਾਓ। ਪੰਜਾਬ ਵਿਧਾਨ ਸਭਾ ’ਚ ਐਤਕੀਂ ਵੱਖਰਾ ਰੰਗ ਦਿੱਖਿਆ। ਰਾਜਾ ਵੜਿੰਗ ਤੇ ਨਾਗਰਾ ਹੋਰਾਂ ਨੇ ਹੋਕਾ ਦਿੱਤਾ ਕਿ ਸਭ ਸਹੁੰ ਚੁੱਕੋ ਕਿ ਨਹੀਂ ਪੈਂਦੇ ਜੋਤਸ਼ ਗੇੜ ’ਚ ਤੇ ਹੁਣੇ ਲਾਹ ਸੁੱਟੋ ਹੱਥਾਂ ਦੇ ਨਗ। ਬਾਹਰ ਖੜ੍ਹੇ ਭੱਪੀ ਲਹਿਰੀ ਨੂੰ ਗੁੱਸਾ ਆਇਐ ‘ਪਹਿਲਾਂ ਮੈਂ ਕਿਉਂ ਲਾਹਾ, ਨਵਜੋਤ ਸਿੱਧੂ ਤੋਂ ਲੁਹਾਓ’।
                 ਛੱਜੂ ਰਾਮ ਨੇ ਤਾੜਿਐ, ਅਖੇ ਸੁਖਬੀਰ ਦੀ ਗੱਲ ਨਹੀਂ ਕਰਨੀ। ਨਾ ਹੀ ਅਮਰਿੰਦਰ ਦੀ ਜੋ ਨਦੀ ਦਾ ਪਾਣੀ ਨੱਥ ਚੜ੍ਹਾ ਕੇ ਉਤਾਰਦੈ। ਚੰਨੀ ਹਾਥੀ ’ਤੇ ਚੜ੍ਹਿਆ ਸੀ ਤੇ ਮਨਪ੍ਰੀਤ 786 ਸ਼ੁਭ ਮੰਨਦੈ, ਇਹ ਵੀ ਕਿਸੇ ਕੋਲ ਨਹੀਂ ਕਰਨੀ। ਚਲੋ ਨਹੀਂ ਕਰਦੇ, ਤੂੰ ਖੁਸ਼ ਰਹਿ ਛੱਜੂ ਰਾਮਾ। ਸਾਬਕਾ ਮੁੱਖ ਮੰਤਰੀ (ਕਰਨਾਟਕ) ਸਿੱਧਰਮਈਆ ਦੀ ਕਰ ਲੈਂਦੇ ਹਾਂ। ਸਰਕਾਰੀ ਕਾਰ ’ਤੇ ਕਾਂ ਬੈਠ ਗਿਆ। ਫੌਰੀ ਕਾਰ ਬਦਲੀ, ਬਦਸਗਨੀ ਜੋ ਹੋਈ। ਭਤੀਜਾ ਅਖਿਲੇਸ਼ ਯਾਦਵ ਬਤੌਰ ਮੁੱਖ ਮੰਤਰੀ ਨੋਇਡਾ ਨਹੀਂ ਗਿਆ। ਤਰਕ ਸੁਣੋ, ਜੋ ਨੋਇਡੇ ਜਾਂਦੈ, ਹਾਰ ਜਾਂਦੈ। ਇਹੋ ਗੱਲ ਭੂਆ ਨੇ ਲੜ ਬੰਨੀ। ਜਦੋਂ ਸਮਿਰਤੀ ਇਰਾਨੀ ਸਿੱਖਿਆ ਮੰਤਰੀ ਸੀ ਤਾਂ ਉਦੋਂ ਜੋਤਸ਼ੀ ਨੱਥੂ ਲਾਲ (ਭੀਲਵਾੜਾ) ਦੀ ਹਰ ਗੱਲ ਮੰਨੀ। ਨੱਥੂ ਲਾਲ ਕੋਈ ਐਰਾ ਗੈਰਾ ਨਹੀਂ। ਪ੍ਰਤਿਭਾ ਪਾਟਿਲ ਗਈ ਸੀ, ਰਾਸ਼ਟਰਪਤੀ ਬਣੀ, ਇਰਾਨੀ ਵੀ ਇਹੋ ਸੁਪਨੇ ਵੇਖਦੀ ਐ। ਵੱਡੇ ਬਾਦਲ ਚੋਣਾਂ ਵੇਲੇ ਅਕਸਰ ਆਖਦੇ ਨੇ ‘ਉਹ ਤਾਂ ਹਵਾ ਦਾ ਰੁਖ ਦੇਖ ਕੇ ਦੱਸ ਦਿੰਦੇ ਨੇ’। ‘ਆਪ’ ਵਾਲੇ ਹੁਣ ਵੱਡੇ ਬਾਦਲ ਨੂੰ ਹੀ ਹੱਥ ਦਿਖਾ ਲੈਣ। ਚਲੋ ਛੱਡੋ ਜੀ।
                ਖਗੋਲ ਸ਼ਾਸਤਰੀ ਦੱਸਦੇ ਹਨ ਕਿ ਸੌਰ ਮੰਡਲ ਵਿਚ ਅੱਠ ਗ੍ਰਹਿ ਹਨ ਤੇ ਤਿੰਨ ਬੌਣੇ ਗ੍ਰਹਿ ਵੀ ਨੇ। ਚੋਣ ਮੇਲੇ ਦੇ ਜੈਲਦਾਰਾਂ ਨੇ ਤਾਂ ਇਨ੍ਹਾਂ ਗ੍ਰਹਿਆਂ ਨੂੰ ਵੀ ਹੁਣ ਅੱਗੇ ਲਾ ਰੱਖਿਆ ਹੈ। ਕੌਮਾਂਤਰੀ ਖਗੋਲੀ ਰੱੁਝੇ ਹੋਏ ਹਨ। ਗ੍ਰਹਿਆਂ ’ਤੇ ਪਾਣੀ ਲੱਭਣ ਵਿਚ। ਦੁਨੀਆ ਚੰਨ ’ਤੇ ਪੈਰ ਪਾ ਆਈ ਹੈ। ਇੱਧਰ, ਸਾਡੇ ਨੇਤਾ ਜੋਤਸ਼ੀਆਂ ਦੇ ਪੈਰਾਂ ਵਿਚ ਬੈਠੇ ਹਨ। ਤਰਕਸ਼ੀਲੋ ਤੁਸੀਂ ਤਾਂ ਵਹਿਮਾਂ ਦੇ ਮੇਲੇ ’ਚ ਚੱਕੀ ਰੌਣੇ ਹੋ। ਇਹ ਤਾਂ ਬਾਬੇ ਫ਼ਰੀਦ ਤੇ ਕਬੀਰ ਨੂੰ ਟਿੱਚ ਕਰਕੇ ਜਾਣਦੇ ਨੇ। ਇਨ੍ਹਾਂ ਨਾ ਕਦੇ ਅਕਲ ਨੂੰ ਹੱਥ ਮਾਰਿਐ ਤੇ ਨਾ ਪ੍ਰੇਮ ਦੇ ਢਾਈ ਅੱਖਰ ਪੜ੍ਹੇ ਨੇ। ਤਾਹੀਂਓ ਅੰਦਰੋਂ ਹੁਣ ਡਰਦੇ ਨੇ। ‘ਕਮਲੇ’ ਲੋਕ 23 ਮਈ ਨੂੰ ਕਿਤੇ ਹੋਰ ਹੀ ਚੰਨ ਨਾ ਚਾੜ੍ਹ ਦੇਣ। ਬੋਦੀ ਵਾਲੇ ਤਾਰੇ ਦਾ ਤਾਂ ਸਰ ਜਾਊ। ਛੱਜੂ ਰਾਮ ਦਾ ਹਾਸਾ ਨਹੀਂ ਰੁਕ ਰਿਹੈ।






3 comments:

  1. ਬਹੁਤ ਖੂਬ ਬਾਈ ਜੀ। ਸ਼ਬਦ ਲੜੀਵਾਰ ਪਰੋਏ ਪਏ ਨੇ। ਇਹ ਵੀ ਇਕ ਤਰੀਕਾ ਹੈ ਸਰਕਾਰ ਨੂੰ ਆਇਨਾ ਵਿਖਾਓਣ ਦਾ।

    ReplyDelete
  2. ਨਵੀ ਨਵੀ ਉਤਰੀ ਬੀਬਾ ਜੀ(ਭਾਵੇ 50 ਸਾਲਾਂ ਦੀਆਂ ਹੀ ਹੋ ਜਾਣ ਜੇ facial ਕਰਾਈ ਹੈ ਤਾ ਬੀਬਾ ਹੀ ਵਜਦੀਆ ਹਨ) - ਰਾਜੇ ਦੀ ਰਾਨੀ ਅਮਰਿਤਾ ਵੀ ਮਥੇ ਤੇ ਪੰਡਤਾ ਵਾਲਾ ਟਿਕਾ ਲਵਾਈ ਫਿਰਦੀ ਸੀ!!! ਪਿਛੇ ਨਾ ਰਹਿ ਜਾਵੇ nationalist prove ਕਰਨ ਤੋ!!!

    ReplyDelete
  3. ਬਾਈ ਜੀ ਪਤਾ ਨਹੀ ਤੁਸੀਂ comment ਪੜਦੇ ਹੋ ਜਾ ਨਹੀ - ਪਰ ਇਹ ਇੱਕ ਬਹੁਤ ਹੀ ਗਮ੍ਭੀਰ ਮੁਦਾ ਹੈ. ਸ਼੍ਰੀ ਮੁਕਤ੍ਸਰ ਸਾਹਿਬ ਤੋ ਇੱਕ lady ਹੈ ਜੋ judges ਤੇ ਇਲਜਾਮ ਲਗਾ ਰਹਿ ਹੈ ਕਿਵੇ ਉਸ ਨੂ ਵਰਤਿਆ ਗਿਆ corruption ਦਾ ਪੈਸਾ ਢੋਹਨ ਵਾਸਤੇ -
    ਸ਼੍ਰੀ ਮੁਕਤਸਰ ਸਾਹਿਬ ਵਿੱਚ ਜੱਜਾਂ ਵੱਲੋਂ ਭਰਿਸ਼ਟਾਚਾਰ, ਜੱਜ ਕਿਵੇਂ ਉਡਾਉਂਦੇ ਨੇ ਕਾਨੂੰਨ ਦੀਆਂ ਧੱਜੀਆਂ ਪੈਸੇ ਲ
    134,950 views
    https://www.youtube.com/watch?v=OzHATkIa5-Q

    ReplyDelete