Sunday, April 14, 2019

                                  ਵਿਚਲੀ ਗੱਲ     
       ਮੇਰੇ ਲੇਖਾਂ ਦਾ ਹਿਸਾਬ ਕਰਦੇ ਧਨੀ ਰਾਮਾ...!
                                  ਚਰਨਜੀਤ ਭੁੱਲਰ
ਬਠਿੰਡਾ : ਜੇ ਮੁਕੱਦਰ ਦਾ ਧਨੀ ਹੁੰਦਾ ‘ਸਿਕੰਦਰ’, ਫਿਰ ਖਾਲੀ ਹੱਥ ਨਾ ਜਾਂਦਾ। ਹੁਣ ਧਨੀ ਰਾਮ ਚਾਤ੍ਰਿਕ ’ਤੇ ਕਾਹਦਾ ਗਿਲਾ। ਤੂੜੀ ਤੰਦ ਸਾਂਭਦੇ ਵੇਖੇ, ਹਿਸਾਬ ਕੱਟਦੇ ਵੇਖੇ, ਸੰਮਾਂ ਵਾਲੀ ਡਾਂਗ ਵੇਖੀ, ਮਾਰਦੇ ਦਮਾਮੇ ਵੇਖੇ। ਜੋ ਵੇਖਿਆ, ਧਨੀ ਰਾਮ ਲਿਖ ਗਿਆ। ਤੂੰ ਤਾਂ ਚਲਾ ਗਿਆ ਧਨੀ ਰਾਮਾ। ਹੁਣ ਬਜ਼ੁਰਗ ਗੁਰਮੁਖ ਸਿੰਘ ਕਿਧਰ ਜਾਵੇ। ਚਿੜ੍ਹੀ ਜਨੌਰ ਦਾ ਦਸਵੰਧ ਵੀ ਕੱਢਿਆ। ਭੁੱਖੇ ਵੀ ਰਜਾ ਦਿੱਤੇ। ਨਾ ਮੀਂਹ ਦੇਖਿਆ, ਨਾ ਨੇ੍ਹਰੀ। ਦਿੱਲੀ ਦੀ ਪੈਂਠ ਬਣਾ ਦਿੱਤੀ। ਭਲਾ, ਹੁਣ ਪੁੱਛ ਕੇ ਤਾਂ ਦੇਖੋ। ਬਜ਼ੁਰਗ ਆਖੇਗਾ, ਭਲੇ ਵੇਲੇ ਤੁਰ ਗਏ ਪਿਉ ਦਾਦੇ। ਵਕਤੋਂ ਪਹਿਲਾਂ ਸਿਕੰਦਰ ਤੁਰ ਜਾਏਗਾ, ਚਿੱਤ ਚੇਤੇ ਨਹੀਂ ਸੀ। ਜੋਬਨ ਰੁੱਤੇ ਪੈਲੀ ਮਰ ਗਈ। ਕਰਜ਼ ਦਾ ਮਾਰਿਆ ਦਮਾਮੇ ਕਿਵੇਂ ਮਾਰਦਾ। ਜ਼ਿੰਦਗੀ ਦਾ ਮੇਲਾ ਖੇਤ ਵਾਲੀ ਟਾਹਲੀ ਨੇ ਲੁੱਟ ਲਿਆ। ਕਿਤੇ ਅੱਜ ਧਨੀ ਰਾਮ ਹੁੰਦਾ। ਪੰਜਾਬ ਨੂੰ ਗੁਰਮੁਖ ਸਿੰਘ ਦੇ ਘਰ ਚੋਂ ਹੀ ਤੱਕਦਾ। ਫਾਜ਼ਿਲਕਾ ਦੇ ਪਿੰਡ ਵਜ਼ੀਦਪੁਰ ਭੋਮਾ ਚੱਲਦੇ ਹਾਂ। ਸੋਚਦੇ ਹੋਵੋਗੇ, ਵਿਸਾਖੀ ਵਾਲੇ ਦਿਨ ਕਿਧਰ ਲੈ ਤੁਰਿਆ। ਅੌਹ ਬਜ਼ੁਰਗ ਵੇਖੋ, ਬੁੱਕਲ ’ਚ ਬੈਠੇ ਦੋ ਬੱਚੇ ਵੀ ਵੇਖੋ। ਅਪਾਹਜ ਪੋਤਰਾ ਅਰਮਾਨ, ਪੋਤਰੀ ਏਕਮਜੋਤ। ਸਿਰਫ਼ ਇੱਕ ਬੁੱਕਲ ਬਚੀ ਹੈ। ਇਸ ਬਾਬੇ ਦੇ ਮੂੰਹੋਂ ਸੁਣੋ। ਵੱਡੇ ਮੁੰਡੇ ਬੇਅੰਤ ਨੂੰ ਬਿਮਾਰੀ ਲੈ ਗਈ। ਖੇਤ ਵੀ ਗਏ ਤੇ ਪੈਲੀ ਵੀ। ਛੋਟਾ ਮੁੰਡਾ ਸਿਕੰਦਰ ਜ਼ਿੰਦਗੀ ਤੋਂ ਹਾਰ ਗਿਆ। ਖੁਦਕੁਸ਼ੀ ਵਿਸਾਖੀ ਵਾਲੇ ਦਿਨ ਕੀਤੀ। ਨੂੰਹ ਘਰ ਛੱਡ ਕੇ ਚਲੀ ਗਈ। ਹੁਣ ਵਿਸਾਖੀ ਇਸ ਬਜ਼ੁਰਗ ਨੂੰ ਧੂਹ ਪਾਉਂਦੀ ਹੈ। ਗਹਿਰੀ ਬਾਰਾ ਸਿੰਘ ਦੇ ਕਿਸਾਨ ਜਗਸੀਰ ਦਾ ਸੀਰ ਵੀ ਵਿਸਾਖੀ ਵਾਲੇ ਦਿਨ ਹੀ ਮੁੱਕਿਆ। ਦਮਦਮੇ ਗਿਆ, ਮੱਥਾ ਟੇਕਿਆ, ਘਰ ਆ ਕੇ ਖੁਦਕੁਸ਼ੀ ਕਰ ਲਈ।
                  ਵੈਸਾਖ ਮਹੀਨੇ ਕਿਸਾਨ ਫਿਕਰਮੰਦ ਹੁੰਦੈ। ਨੀਲੀ ਛੱਤ ਵਾਲੇ ਦੀ ਛੱਤਰੀ ਦਾ ਵੀ ਕੀ ਭਰੋਸਾ। ਤਾਹੀਓਂ ਕਿਸਾਨ ਹੁਣ ਦਮਦਮੇ ਘਰਾਂ ਦੀ, ਖੇਤਾਂ ਦੀ, ਸੁੱਖ ਮੰਗਣ ਜਾਂਦੈ। ਏਨਾ ਕੁ ਤਾਂ ਚੇਤਾ ਹੋਊ, ਗੁਟਕਾ ਸਾਹਿਬ ਦੀ ਸਹੁੰ ਵੀ ਇਸੇ ਦਮਦਮੇ ਵੱਲ ਮੂੰਹ ਕਰਕੇ ਚੁੱਕੀ ਸੀ। ਜਿਸ ਦੇ ਰਾਜ ਭਾਗ ’ਚ 1030 ਕਿਸਾਨ ਫੌਤ ਹੋਏ ਹਨ। ਯਾਦ ਹੋਵੇ ਤਾਂ ਦੱਸਣਾ ਕਿ ਜਹਾਨੋਂ ਤੁਰ ਗਏ ਕਿੰਨੇ ਕੁ ਕਿਸਾਨਾਂ ਦੇ ਸੱਥਰਾਂ ’ਤੇ ਵੱਡੇ ਬਾਦਲ ਬੈਠਣ ਗਏ। ਹੁਣ ਚੋਣਾਂ ਦਾ ਮਹਾਂ ਕੁੰਭ ਵੀ ਚੱਲ ਰਿਹੈ। ਚੋਣਾਂ ਦੇ ਪੰਜ ਗੇੜ ਇਕੱਲੇ ਵੈਸਾਖ ’ਚ ਨੇ। ਨੇਤਾ ਬਾਘੀਆਂ ਪਾ ਰਹੇ ਨੇ। ਕੋਈ ਜੈ ਜਵਾਨ ਆਖਦੈ, ਕੋਈ ਜੈ ਕਿਸਾਨ। ਬਘਲੀ ਪਾਈ ਰਾਮ ਰਾਮ ਕਰ ਰਹੇ ਨੇ। ਕਿੰਨੇ ਚਾਂਭਲੇ ਹੋਏ ਨੇ। ਕਿਵੇਂ ਪਾਪੜ ਵੇਲ ਰਹੇ ਨੇ। ਪੇੜਿਆਂ ਵਾਲੇ ਮਥਰਾ ਦੇ ਖੇਤਾਂ ਵੱਲ ਦੇਖੋ। ਅੌਹ, ਹੇਮਾ ਮਾਲਿਨੀ ਦਾਤੀ ਚੁੱਕੀ ਫਿਰਦੀ ਹੈ। ਜਦੋਂ ਵੋਟਾਂ ਨੂੰ ਦਾਤੀ ਫੇਰਨੀ ਹੋਵੇ, ਉਦੋਂ ਕਣਕ ਦੇ ਥੱਬੇ ਵੀ ਚੁੱਕਣੇ ਪੈਂਦੇ ਨੇ। ਥੋਨੂੰ ਯਾਦ ਤਾਂ ਇਹ ਵੀ ਹੋਊ। ਕੇਂਦਰੀ ਮੰਤਰੀ ਰਾਧਾ ਮੋਹਨ ਦੇ ਪੁਤਲੇ ਵੀ ਮਥਰਾ ਹਲਕੇ ’ਚ ਫੂਕੇ ਗਏ ਸਨ। ਆਪਣੇ ਮੁਖਾਰਬਿੰਦ ਚੋਂ ਰਾਧਾ ਮੋਹਨ ਪਾਰਲੀਮੈਂਟ ’ਚ ਇੰਝ ਬੋਲੇ, ‘ਕਿਸਾਨ ਪ੍ਰੇਮ ਪ੍ਰਸੰਗ ’ਚ ਖੁਦਕੁਸ਼ੀ ਕਰਦੇ ਨੇ’। ਪਹਿਲਾਂ ਭਾਜਪਾ ਐਮ.ਪੀ ਗੋਪਾਲ ਸ਼ੈਟੀ ਨੇ ਆਖਿਆ ‘ਖੁਦਕੁਸ਼ੀ ਤਾਂ ਫੈਸ਼ਨ ਬਣ ਗਈ ਹੈ’। ਮੱਧ ਪ੍ਰਦੇਸ਼ ਦੇ ਪੁਰਾਣੇ ਮੰਤਰੀ ਗੋਪਾਲ ਭਾਰਗਵ ਪਿਛੇ ਨਹੀਂ ਰਹੇ। ਕਹਿੰਦੇ, ‘ਵਿਧਾਇਕ ਵੀ ਤਾਂ ਮਰਦੇ ਨੇ, ਟੈਨਸ਼ਨਾਂ ਕੋਈ ਘੱਟ ਨੇ’।
                  ਹਰਿਆਣੇ ਦੇ ਖੇਤੀ ਮੰਤਰੀ ਧਨਕੜ ਨੇ ਇਹ ਫਰਮਾਇਆ ‘ਕਿਸਾਨ ਕਾਇਰ ਨੇ, ਕਾਹਤੋਂ ਸਾਥ ਦੇਈਏ’। ਸ਼ੁਕਰ ਐ, ਪੰਜਾਬ ’ਚ ਕੋਈ ਖੇਤੀ ਮੰਤਰੀ ਨਹੀਂ। ਚੇਤਾ ਕਮਜ਼ੋਰ ਨਹੀਂ ਤਾਂ ਕੇਰਾਂ ਅਮਰਿੰਦਰ ਵੀ ਨਰਮੇ ਦੇ ਖੇਤਾਂ ’ਚ ਗਏ ਸਨ। ਉਦੋਂ ਅਸੈਂਬਲੀ ਚੋਣਾਂ ਸਨ। ਮਨਪ੍ਰੀਤ ਬਾਦਲ ਦੀ ਨਸੀਹਤ ਹੈ, ‘ਕਿਸਾਨ ਇੱਕ ਰੋਟੀ ਘੱਟ ਖਾਣ’ । ਸੁਖਬੀਰ ਬਾਦਲ ਆਖਦੇ ਹਨ, ‘ਕਿਸਾਨ ਰੋਟੀ ਰੱਜ ਕੇ ਖਾਣ, ਖਪਤ ਵਧੂ, ਅੰਨ ਦੀ ਕਦਰ ਪਊ।’ ਹੁਣ ਤੁਸੀਂ ਕਹੋਗੇ, ਛੋਟਾ ਮੂੰਹ ਵੱਡੀ ਗੱਲ। ਚਾਚੇ ਤਾਏ ਦੇ ਪੁੱਤਾਂ ਨੂੰ ਬੇਨਤੀ ਐ, ਕਾਹਤੋਂ ਖੇਚਲਾ ਕਰਦੇ ਹੋ। ‘ਕਿਸ ਨੇ ਕਿੰਨਾ ਖਾਣੈ, ਕੀ ਖਾਣੈ, ਦੱਸਣ ਲਈ ਹੋਰ ਥੋੜੇ ਨੇ।’ ਲੱਗਦੈ, ਗੱਲ ਤਿਲਕ ਗਈ। ਚੋਣਾਂ ’ਚ ਵੀ ਤਿਲਕਣ ਘੱਟ ਨਹੀਂ ਹੁੰਦੀ। ਤਾਹੀਂ ਤਾਂ ਹੇਮਾ ਮਾਲਿਨੀ ਕਦੇ ਟਰੈਕਟਰ ’ਤੇ ਚੜ੍ਹਦੀ ਐ, ਕਦੇ ਕਣਕ ਵੱਢਦੀ ਹੈ। ਬਾਜ਼ਾਰ ’ਚ ਆਇਆ ਨਵਾਂ ਲਤੀਫ਼ਾ ਸੁਣੋ। ਅਖੇ ਕਿਸੇ ਜੱਟ ਨੇ ਧਰਮਿੰਦਰ ਦੇ ਘਰ ਫੋਨ ਕੀਤਾ। ਫੋਨ ਸ਼ਨੀ ਦਿਉਲ ਨੇ ਚੁੱਕਿਆ। ਜੱਟ ਕਹਿੰਦਾ, ‘ਮੁੰਡਿਆ, ਕਣਕ ਵਢਾਉਣੀ ਸੀ, ਮਿਲੂ ਵਿਹਲ’। ਅੱਗਿਓ ਸਨੀ ਦਿਉਲ ਕਹਿੰਦਾ, ‘ ਚਾਚਾ, ਮੰਮੀ ਨਾਲ ਗੱਲ ਕਰੋ, ਨਲਕਾ ਨਲ਼ਕਾ ਪਟਾਉਣੈ ਤਾਂ ਮੈਨੂੰ ਦੱਸੋ’। ਅਸਲ ਗੱਲ ’ਤੇ ਮੁੜੀਏ। ਚੋਣਾਂ ’ਚ ਮੁੜ ‘ਜੱਗੇ ਜੱਟ’ ਦੀ ਚਰਚਾ ਚੱਲੀ ਐ। ਕਿਸਾਨ ਦੀ ਆਮਦਨ ਦੁੱਗਣੀ ਕੀਤੀ ਹੁੰਦੀ। ਆਂਧਰਾ ਦੇ ਕਿਸਾਨ ਮਲੱਪਾ ਨੂੰ ਖੁਦਕੁਸ਼ੀ ਨਾ ਕਰਨੀ ਪੈਂਦੀ। ਸਸਕਾਰ ਕਿੰਨਾ ਮਹਿੰਗਾ ਐ, ਕਫ਼ਨ ਵੀ ਸਸਤਾ ਨਹੀਂ।
                 ਮਲੱਪਾ ਨੇ ਪਹਿਲਾਂ ਸਸਕਾਰ ਦਾ ਸਮਾਨ ਘਰ ਲਿਆਂਦਾ, ਫਿਰ ਚੁੱਕ ਲਿਆ ਕਦਮ। ਇੱਧਰ, ਪੂਰਾ ਕਰਜ਼ ਮਾਫ਼ ਕਰਨ ਦਾ ਕਦਮ ਚੁੱਕਣ ਤੋਂ ਕੈਪਟਨ ਵੀ ਭੱਜ ਗਿਆ ਹੈ। ਛੱਜੂ ਰਾਮ ਦਾ ਖੂਨ ਖੌਲਿਐ। ਕਹਿੰਦਾ, ਐਂ ਨੀਂ ਭੱਜਣ ਦਿੰਦੇ। ਹੁਣ ਭੱਜ ਕੇ ਦਿਖਾਵੇ ਕੋਈ। ਛੱਜੂ ਰਾਮਾਂ ਚੁੱਪ ਰਹਿ। ਵੋਟਾਂ ਮਗਰੋਂ ਤੈਨੂੰ ਅਗਲਿਆਂ ਨੇ ਲੰਮਾ ਪਾ ਲੈਣੈ। ਤੇਰੀ ਤਾਂ ਕਣਕ ਦੀ ਰਾਖੀ ਵੀ ਕਿਸੇ ਨੇ ਨਹੀਂ ਬੈਠਣਾ। ਖੈਰ, ਵਾਢੀ ਮੌਕੇ ਬੋਹਲ਼ਾਂ ਕੋਲ ਕਿੰਨੇ ਬਿੱਲੇ ਆ ਬੈਠਦੇ ਨੇ, ਕਿਸਾਨ ਤੋਂ ਵੱਧ ਕੌਣ ਜਾਣਦੈੇ। ਗੱਲ ਅੱਗੇ ਤੋਰੀਏ, ਪੂਰਾ ਜਹਾਨ ਜਾਣਦੈ ਜੋ 100 ਸਾਲ ਪਹਿਲਾਂ 13 ਅਪਰੈਲ ਨੂੰ ਜਲ੍ਹਿਆਂ ਵਾਲੇ ਬਾਗ ’ਚ ਹੋਇਆ, ਕੌਣ ਭੁੱਲ ਸਕਦੈ। ਚੰਗਾ ਹੁੰਦਾ, ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਇਸ ਭੁੱਲ ਨੂੰ ਬਖਸਾ ਲੈਂਦੀ। ਅੰਮ੍ਰਿਤਸਰ ’ਚ ਕਿਸਾਨਾਂ, ਮਜ਼ਦੂਰਾਂ ਤੇ ਜਵਾਨੀ ਦੇ ਹੱਥਾਂ ਵਿਚ ਬਲੀ ਮਸ਼ਾਲ ਦੇ ਮਾਅਨੇ ਲਾਟ ਸਾਹਬ ਜਰੂਰ ਸਮਝਣ। ਕਿਰਤੀ ਆਖਦੇ ਨੇ, ਡਾਇਰ ਮਰਿਆ ਨਹੀਂ।
                ਬਜ਼ੁਰਗ ਗੁਰਮੁਖ ਸਿੰਘ ਦੀ ਬੁੱਕਲ ’ਚ ਬੈਠੇ ਬੱਚੇ ਨਿਆਣੇ ਹਨ। ਘਰਾਂ ਵਿਚ ਛਾਈ ਉਦਾਸੀ ਤੇ ਪਸਰੀ ਚੁੱਪ ਨੂੰ ਤਾਂ ਸਮਝਦੇ ਹਨ ਪਰ ਬੇਵੱਸ ਹਨ। ਹੁਣ ਤਾਂ ਇਹ ਬੱਚੇ ਅੰਗੂਠਾ ਹੀ ਚੁੰਘਦੇ ਨੇ, ਵੱਡੇ ਹੋਣਗੇ ਤਾਂ ਅੱਕ ਵੀ ਚੱਭ ਸਕਦੇ ਨੇ। ਜਦੋਂ ਇਹ ਇਲਮ ਹੋਵੇਗਾ ਕਿ ਰੱਸੇ ਕਿਉਂ ਖੋਹ ਲੈਂਦੇ ਨੇ ਬਚਪਨ। ਸੱਪਾਂ ਦਾ ਲੜਨਾ, ਸਪਰੇਆਂ ਦਾ ਚੜ੍ਹਨਾ ਤੇ ਖੇਤਾਂ ’ਚ ਮਰਨਾ, ਸਾਡਾ ਮਕੱਦਰ ’ਚ ਹੀ ਕਿਉਂ। ਕੋਟਕਪੂਰਾ ਦੇ ਪ੍ਰਿੰਸ ਕੇ.ਜੇ.ਸਿੰਘ ਦਾ ਨਾਟਕ  ‘ਪੀਂਘ ਤੋਂ ਫਾਹੇ ਤੱਕ’ ਇਨ੍ਹਾਂ ਬੱਚਿਆਂ ਦੀ ਸੋਚ ਦੇ ਹਾਣ ਦਾ ਜਾਪਦਾ ਹੈ। ਨਾਟਕ ’ਚ ਬਾਪ ਦੀ ਖੁਦਕੁਸ਼ੀ ਮਗਰੋਂ ਉਸ ਦਾ ਬੱਚਾ ਪਾਗਲ ਹੋ ਜਾਂਦਾ ਹੈ ਜੋ ਘਰ ਘਰ ਦੇ ਬੂਹੇ ਖੜਕਾ ਕੇ ਰੱਸੇ ਮੰਗਦਾ ਫਿਰਦੈ ਹੈ। ਪਾਗਲ ਬੱਚੇ ਨੂੰ ਲੱਗਦਾ ਹੈ ਕਿ ਪੂਰੇ ਪਿੰਡ ਦੇ ਰੱਸੇ ਫੂਕੇ ਜਾਣ ਮਗਰੋਂ ਕੋਈ ਬਾਪ ਖੁਦਕੁਸ਼ੀ ਨਹੀਂ ਕਰੇਗਾ। ਇਵੇਂ ਸਿਕੰਦਰ ਦੇ ਬੱਚੇ ਵੀ ਮਨੋ ਮਨ ਸੋਚਦੇ ਜਰੂਰ ਹੋਣਗੇ। ਕਿਉਂ ਨਾ ਪੰਜਾਬ ਦੇ ਘਰ ਘਰ ਚੋਂ ਰੱਸੇ ਇਕੱਠੇ ਕਰਕੇ ਫੂਕ ਸੱੁਟੀਏ। ਛੱਜੂ ਰਾਮ ਫਿਰ ਲੀਡਰਾਂ ਅੱਗੇ ਹੱਥ ਜੋੜ ਖੜ੍ਹਾ ਹੋਇਆ ਹੈ, ‘ਮਾਈ ਬਾਪ, ਚੋਣਾਂ ’ਚ ਥੋੜਾ ਸੰਭਲ ਕੇ, ਕਿਸੇ ਕਿਸੇ ਘਰ ’ਚ ਹਾਲੇ ਖੂੰਡੇ ਵੀ ਪਏ ਨੇ’ ।
       

1 comment:

  1. ਇਸ ਬਾਰੇ ਨਾ ਕਾੰਗ੍ਰੇਸ ਖੁਲ ਕੇ ਗਲ ਕਰੇਗੀ ਹੋਰ ਤਾ ਕਿਸੇ ਨੇ ਕੀ ਕਰਨੀ ਕਿਓ ਕਿ middle class ਦੁਕਾਨਦਾਰ ਬਾਰੇ ਦੋਨੇ ਹੀ ਨਹੀ ਬੋਲਦੇ
    ਕਿਸਾਨ ਚਾਹ ਵਾਲੇ ਨੂ ਪੁਛਣ ਕਿ ਦੇਸ਼ ਦਾ ਖ਼ਜ਼ਾਨਾ ਸਭ ਦਾ sanjha ਹੈ ਜਾ ਕੁਝ ਲੋਕ ਜਿਆਦਾ ਪਿਆਰੇ ਹਨ? ਮੋਦੀ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਥਲੇ Dec 13, 2017 ਤਕ 4 ਲਖ ਕਰੋੜ ਆਵਦੇ ਪਿਆਰੇ ਛੋਟੇ ਦੁਕਾਨਦਾਰਾ ਨੂ ਬਿਨਾ ਕਿਸੇ ਗਰੰਟੀ ਜਾ collateral ਭਰਾਏ ਬਗੈਰ ਮੁਫਤੀ ਵਾਂਗੂ ਹੀ ਕਿਵੇ ਦੇ ਦਿਤਾ - ਹਰੇਕ ਦੁਕਾਨਦਰ 2 ਕਰੋੜ ਤਕ ਲੈ ਸਕਦਾ ਹੈ ਤੇ ਫਿਰ ਓਹ ਵਾਪਸ ਕਿਓ ਦੇਵੇਗਾ? ਬੈੰਕ ਉਸ ਤੋ ਕਿਵੇ ਲਵੇਗਾ ਜਦੋ ਕਿ ਉਸ ਨੇ ਕੁਝ ਵੀ ਗਿਰਵੀ ਨਹੀ ਰਖਿਆ!!!! ਮੈ The Economist ਵਿਚ ਪੜਿਆ ਸੀ ਕਿ ਜੋ ਮੋਦੀ ਨੇ rss ਦਾ ਬੰਦਾ Reserve ਬੈੰਕ ਦਾ governor ਲਗਾਇਆ ਹੈ ਉਸ ਦੀ ਸੋਚ ਹੈ ਦੁਕਾਨਦਾਰਾ ਨੂ ਉਬਾਰਨਾ!!! ਮੋਦੀ ਦੇ ਥਲੇ ਵਡੇ ਤਾ ਖਾ ਕੇ ਰਜ ਗਏ. ਨਾਲੇ ਤਾ bjp ਸਭ ਤੋ ਅਮੀਰ ਪਾਰਟੀ ਬਣ ਗਈ ਨਾਲੇ wilful defaulter 4 ਗੁਣਾ ਵਧ ਗਏ( ਮੇਰੇ ਕੋਲ ਇਸ ਦਾ The Wire) ਦਾ ਲਿੰਕ ਹੈ . ਕਿਸਾਨ 2 ਲਖ ਪਿਛੇ ਖੁਦ੍ਕੁਸੀ ਕਰ ਲੈਂਦਾ ਹੈ ਤੇ ਇਹ 2 ਕਰੋੜ ਡਕਾਰ ਜਾਣਗੇ ਕਿਸੇ ਨੇ ਨਹੀ ਪੁਛਣਾ!!! ਜੋ ਹਾਲੇ ਵੀ bjp ਨੂ ਜਾ ਉਸ ਦੀਆਂ ਭਾਈਵਾਲੀ ਵਾਲੀ ਪਾਰਟੀ ਨੂ ਵੋਟਾ ਪਾਓਨਗੇ ਓਹ ਕਿਸਾਨ ਨਾਲ ਗਦਾਰੀ ਕਰਨਗੇ.

    Under the Mudra scheme, over Rs 4 lakh crore guarantee-less loans have been given to about 9.75 lakh youth for business

    https://www.firstpost.com/business/at-ficci-event-narendra-modi-trains-guns-on-congress-for-bad-loan-mess-calls-it-big-scam-4257059.html

    ReplyDelete