Monday, April 15, 2019

                                     ਸੇਕ ਨੋਟਬੰਦੀ ਦਾ
              ਅਸੀਂ ਬੁਢਾਪੇ ’ਚ ਹੁਣ ਕਿਧਰ ਜਾਈਏ ! 
                                     ਚਰਨਜੀਤ ਭੁੱਲਰ
ਬਠਿੰਡਾ  : ਪਿੰਡ ਸੰਧੂ ਖੁਰਦ ਦੀ ਬਜ਼ੁਰਗ ਦਲੀਪ ਕੌਰ ਦਾ ਨੋਟਬੰਦੀ ਨੇ ਬੁਢਾਪਾ ਰੋਲ ਦਿੱਤਾ ਹੈ। ਜ਼ਿੰਦਗੀ ਦੇ ਆਖਰੀ ਮੋੜ ’ਤੇ ਖੜ੍ਹੀ ਇਸ ਬਿਰਧ ਦੇ ਹੱਥ ਖਾਲੀ ਹਨ। ਚੋਣਾਂ ਵਿਚ ਹੁਣ ਜਦੋਂ ਮੋਦੀ ਦੇ ਜੁਮਲੇ ਕੰਨੀ ਪੈਣ ਲੱਗੇ ਹਨ ਤਾਂ ਇਸ ਬਜ਼ੁਰਗ ਦੇ ਮੂੰਹੋਂ ਬਦ-ਅਸੀਸਾਂ ਹੀ ਨਿਕਲਦੀਆਂ ਹਨ। 80 ਵਰ੍ਹਿਆਂ ਦੀ ਬਜ਼ੁਰਗ ਨੇ ਵਰ੍ਹਿਆਂ ’ਚ ਸਕੂਲ ਅੱਗੇ ਟਾਫੀਆਂ ਵੇਚ ਵੇਚ ਕੇ 9500 ਰੁਪਏ ਦੀ ਰਾਸ਼ੀ ਜਮ੍ਹਾ ਕੀਤੀ ਸੀ। ਬਜ਼ੁਰਗ ਦੱਸਦੀ ਹੈ ਕਿ ਨੋਟਬੰਦੀ ਨੇ ਸਾਲਾਂ ਦੀ ਕਮਾਈ ਸੰਦੂਕ ਵਿਚ ਪਈ ਹੀ ਰਾਖ ਕਰ ਦਿੱਤੀ। ਇਸ ਬਿਰਧ ਦੇ ਸਿਰੜ ਤੇ ਮਿਹਨਤ ਦੀ ਪੂਰਾ ਪਿੰਡ ਦਾਦ ਦਿੰਦਾ ਹੈ। ਪਤੀ ਦੀ ਮੌਤ ਮਗਰੋਂ ਇਸ ਬਜ਼ੁਰਗ ਮਾਈ ਨੇ ਖੁਦ ਖੇਤੀ ਕੀਤੀ ਅਤੇ ਗੋਹਾ ਕੂੜਾ ਕੀਤਾ। ਪੰਜ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਖੁਦ ਟਿੱਬੇ ਪੱਧਰ ਕਰਕੇ ਜ਼ਮੀਨ ਖੇਤੀਯੋਗ ਬਣਾਈ।  ਦਲੀਪ ਕੌਰ ਆਖਦੀ ਹੈ ਕਿ ਦਵਾਈ ਲੈਣ ਲਈ ਪੈਸੇ ਨਹੀਂ ਹਨ। ਉਸ ਨੇ ਤਾਂ ਇਸ ਨੋਟਬੰਦੀ ਚੋਂ ਘਾਟਾ ਹੀ ਖੱਟਿਆ ਹੈ। ਬਰਨਾਲਾ ਦੇ ਪਿੰਡ ਹਮੀਦੀ ਦੀ 90 ਵਰ੍ਹਿਆਂ ਦੀ ਮਾਈ ਦਾ ਨਾਮ ਵੀ ਦਲੀਪ ਕੌਰ ਹੈ। ਜਦੋਂ ਉਸ ਕੋਲ ਮੋਦੀ ਦੀ ਨੋਟਬੰਦੀ ਦੀ ਗੱਲ ਕੀਤੀ ਤਾਂ ਉਹ ਇੱਕੋ ਸਾਹ ਕਿੰਨਾ ਕੁਝ ਹੀ ਮੋਦੀ ਨੂੰ ਬੁਰਾ ਭਲਾ ਬੋਲ ਗਈ। ਬਜ਼ੁਰਗ ਦਲੀਪ ਕੌਰ ਨੇ ਬੁਢਾਪਾ ਪੈਨਸ਼ਨ ਦੇ ਪੈਸੇ ਬਚਾ ਬਚਾ ਕੇ ਰੱਖੇ ਸਨ। ਪਤਾ ਹੀ ਨਾ ਲੱਗਾ ਕਿ ਕਦੋਂ ਨੋਟਬੰਦੀ ਉਸ ਦੇ ਨੋਟਾਂ ਨੂੰ ਸੁਆਹ ਕਰ ਗਈ। ਉਹ ਆਖਦੀ ਹੈ ਕਿ ਬੁਢਾਪੇ ਵਾਸਤੇ ਪੈਨਸ਼ਨ ਜੋੜ ਕੇ ਰੱਖੀ ਸੀ ਜੋ ਬਿਨਾਂ ਕਸੂਰੋਂ ਮੋਦੀ ਨੇ ਖੋਹ ਲਈ।
                  ਦੱਸਣਯੋਗ ਹੈ ਕਿ ਪੇਂਡੂ ਬਜ਼ੁਰਗਾਂ ਨੇ ਸੰਜਮਾਂ ਨਾਲ ਪੈਸੇ ਜੋੜ ਕੇ ਰੱਖੇ ਹੋਏ ਸਨ ਜੋ ਸੰਦੂਕਾਂ ’ਚ ਹੀ ਬੰਦ ਰਹਿ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਜਿਸ ਮਗਰੋਂ ਲੋਕਾਂ ਵਿਚ ਹਾਹਾਕਾਰ ਮਚ ਗਈ। ਸਰਦੇ ਪੁੱਜਦੇ ਤਾਂ ਨੋਟ ਬਦਲੀ ਕਰਾ ਗਏ ਜੋ ਪੇਂਡੂ ਬਜ਼ੁਰਗ ਸਨ, ਉਨ੍ਹਾਂ ਦੀ ਬੱਚਤ ਪੂੰਜੀ ਸੰਦੂਕਾਂ ’ਚ ਹੀ ਪਈ ਰਹਿ ਗਈ। ਹੁਣ ਚੋਣਾਂ ਮੌਕੇ ਨਰਿੰਦਰ ਮੋਦੀ ਤਾਂ ਨੋਟਬੰਦੀ ਦੀ ਚਰਚਾ ਨਹੀਂ ਛੇੜਦੇ ਪ੍ਰੰਤੂ ਨੋਟਬੰਦੀ ਦੀ ਸੱਟ ਝੱਲਣ ਵਾਲੇ ਬਜ਼ੁਰਗਾਂ ਨੇ ਨੋਟਬੰਦੀ ਦਾ ਗੁੱਡਾ ਬੰਨ੍ਹ ਰੱਖਿਆ ਹੈ। ਮਾਨਸਾ ਦੇ ਪਿੰਡ ਅਨੂਪਗੜ ਮਾਖਾ ਦੀ ਮਾਤਾ ਚਤਿੰਨ ਕੌਰ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ। ਉਸ ਨੇ ਬੁਢਾਪੇ ਲਈ ਬੁਢਾਪਾ ਪੈਨਸ਼ਨ ਜੋੜ ਜੋੜ ਕੇ ਰੱਖੀ। ਜਦੋਂ ਮਾਈ ਬਿਮਾਰ ਹੋਈ ਤਾਂ ਉਸ ਨੇ ਸੰਦੂਕ ਚੋਂ ਪੈਸਾ ਕੱਢ ਲਏ। ਪੁੱਤਾਂ ਨੇ ਦੱਸਿਆ ਕਿ ‘ਬੇਬੇ ਇਹ ਤਾਂ ਹੁਣ ਫੋਕੇ ਕਾਗ਼ਜ਼ ਨੇ’। ਬਜ਼ੁਰਗ ਨੋਟਬੰਦੀ ’ਤੇ ਹੁਣ ਝੂਰ ਰਹੀ ਹੈ। ਬਠਿੰਡਾ ਮਾਨਸਾ ਦੇ ਕਈ ਬਜ਼ੁਰਗਾਂ ਨੇ ਇਹ ਗੱਲ ਆਖੀ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਉਨ੍ਹਾਂ ਦੇ ਪਿੰਡ ਆਈ ਤਾਂ ਉਹ ਨੋਟਬੰਦੀ ਦੇ ਨਫ਼ੇ ਬਾਰੇ ਜਰੂਰ ਪੁੱਛਣਗੇ। ਪਿੰਡ ਕੋਟਸ਼ਮੀਰ ਦੀ ਘਰੇਲੂ ਅੌਰਤ ਬਲਜੀਤ ਕੌਰ ਨੋਟਬੰਦੀ ਖਤਮ ਹੋਣ ਮਗਰੋਂ ਪੰਜ ਹਜ਼ਾਰ ਦੇ ਨੋਟ ਚੁੱਕ ਕੇ ਕਈ ਦਿਨ ਘੁੰਮਦੀ ਰਹੀ। ਆਖਰ ਉਸ ਨੇ ਚੁੱਲ੍ਹੇ ਵਿਚ ਫੂਕ ਦਿੱਤੇ। ਇਸ ਮਹਿਲਾ ਨੇ ਬੱਚਤ ਕਰ ਕਰ ਕੇ ਰਾਸ਼ੀ ਜੋੜੀ ਸੀ।
               ਇਵੇਂ ਬਾਲਿਆਂ ਵਾਲੀ ਦੀ ਮਜ਼ਦੂਰ ਅੌਰਤ ਦਿਆਲ ਕੌਰ ਦੇ ਤਿੰਨ ਹਜ਼ਾਰ ਕੂੜਾ ਹੋ ਗਏ। ਉਹ ਆਖਦੀ ਹੈ ਕਿ ਮੋਦੀ ਨੇ ਬੁਢਾਪੇ ਵਿਚ ਜੇਬਾਂ ਲੁੱਟ ਲਈਆਂ। ਜ਼ਿਲ੍ਹਾ ਮੁਕਤਸਰ ਦੇ ਪਿੰਡ ਭੁੱਟੀਵਾਲਾ ਦੇ ਬਜ਼ੁਰਗ ਮਹਿੰਦਰ ਸਿੰਘ ਦੀ 25 ਵਰ੍ਹਿਆਂ ਦੀ ਕਮਾਈ ਖਾਕ ਹੋ ਗਈ। ਉਹ ਦੱਸਦਾ ਹੈ ਕਿ ਦਿਹਾੜੀ ਕਰ ਕਰਕੇ ਇੱਕ ਲੱਖ ਰੁਪਏ ਜੋੜੇ ਸਨ। ਨੋਟਬੰਦੀ ਦੇ ਐਲਾਨ ਮਗਰੋਂ ਉਸ ਨੇ ਡਰ ਵਿਚ ਬੱਚਿਆਂ ਨੂੰ ਪੈਸੇ ਵੰਡ ਦਿੱਤੇ। ਹੁਣ ਜਦੋਂ ਉਸ ਨੂੰ ਇਲਾਜ ਲਈ ਪੈਸੇ ਲੋੜੀਂਦੇ ਹਨ ਤਾਂ ਖੀਸਾ ਖਾਲੀ ਹੈ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਮਨਗਰ ਛੰਨਾ ਦੀ ਮੁਖਤਿਆਰ ਕੌਰ (80 ਸਾਲ) ਨਾਲ ਵੀ ਨੋਟਬੰਦੀ ਨੇ ਜੱਗੋਂ ਤੇਰ੍ਹਵੀਂ ਕੀਤੀ। ਉਹ ਵੀ ਨੋਟ ਬਦਲਨੋਂ ਖੁੰਝ ਗਈ ਸੀ। ਹੁਣ ਉਹ ਰੱਬ ਦਾ ਭਾਣਾ ਮੰਨ ਕੇ ਬੈਠ ਗਈ ਹੈ। ਕਾਫ਼ੀ ਬਜ਼ੁਰਗ ਤਾਂ ਹੁਣ ਵੀ ਸੰਦੂਕਾਂ ਵਿਚ ਪਏ ਪੁਰਾਣੇ ਨੋਟਾਂ ਦਾ ਭੇਤ ਖੋਲ੍ਹਣ ਤੋਂ ਡਰ ਗਏ ਹਨ ਕਿ ਕਿਤੇ ਸਰਕਾਰ ਕੇਸ ਹੀ ਦਰਜ ਨਾ ਕਰ ਦੇਵੇ। ਏਦਾਂ ਦੇ ਵੀ ਕਾਫ਼ੀ ਬਜ਼ੁਰਗ ਹਨ ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਐਤਕੀਂ ਉਹ ਵੋਟ ਪਾਉਣ ਜ਼ਰੂਰ ਜਾਣਗੇ। ਨੋਟਬੰਦੀ ਦਾ ਚੇਤਾ ਵੀ ਨਹੀਂ ਭੁੱਲਣਗੇ।


1 comment:

  1. ਮੋਦੀ ਤੇ ਉਸ ਦੇ ਸਾਥੀਆ ਨੇ ਮਨਮੋਹਨ ਸਿੰਘ, ਇੱਕ ਸਿਖ ਤੇ ਸੋਨੀਆ ਗਾਂਧੀ ਇੱਕ christian lady ਤੋ power ਇਸ ਲਈ ਹਥੀਆ ਸੀ - ਕਿ ਓਹ ਹਿੰਦੂ ਨਹੀ ਹਨ ਤੇ ਇੰਡੀਆ ਉਨਾ ਦਾ ਦੇਸ ਹੈ - ਤੇ ਓਹ ਪਹਿਲਾ ਖਾਣਗੇ. ਖਾਣ ਵਾਸਤੇ, ਲੁਟਣ ਵਾਸਤੇ ਹੀ power ਹਥੀਆਈ ਸੀ!!! ਨੋਤਬੰਦੀ ਦਾ ਇੱਕ reason ਸੀ ਉਸ ਵੇਲੇ 3 ਵਡੇ ਸੂਬਿਆ ਵਿਚ ਵੋਟਾ ਪੈਨੀਆ ਸਨ - ਪੰਜਾਬ, ਉਤਰਪ੍ਰੇਦਸ਼ ਤੇ ਮਧਪ੍ਰੇਦਸ਼ ਜਾ ਕਿਤੇ ਹੋਰ ਤੇ ਜੋ ਵੀ ਉਸ ਵੇਲੇ ਦੀਆਂ ਪਾਰਟੀਆ ਨੇ ਕੇਸ਼ ਲਕੋ ਕੇ ਰਖਿਆ ਸੀ ਓਹ ਬਾਹਰ ਕਢਣਾ ਪੈਣਾ ਸੀ!!! ਦੂਸਰੀ ਗਲ ਸੀ ਕਿ ਬੈਂਕਾ bankrupt ਸਨ ਕਿਓ ਕਿ ਮੋਦੀ ਸਰਕਾਰ ਵੇਲੇ ਵਡੇ ਮਗਰਮਛ ਪੈਸਾ ਨਹੀ ਮੋੜਦੇ ਹਨ - 4x ਗੁਣਾ ਵਧ ਗਏ wilful defaulter!!! ਤੇ ਓਹ ਨੋਟ ਲੋਕਾ ਦੇ ਬੈਂਕਾ ਵਿਚ ਪੈਸਾ ਜੋ ਇਕਠਾ ਹੋਇਆ - ਓਹ loan ਦੇ ਕੇ ਕਮਾਈ ਕਰਨਗੇ!!! ਤੀਸਰੀ ਗਲ ਸੀ ਜੀ ਜੇ ਲੋਕ ਚੈਕ ਲਿਖਣਗੇ ਤਾ ਇਸ cost ਦੀ ਕਮਾਈ ਬੈੰਕ ਨੂ ਹੋਵੇਗੀ!!! ਚੋਥੀ ਗਲ ਸੀ ਜੋ ਵੀ ਪੈਸਾ ਵਾਪਸ ਨਾ ਆਇਆ ਓਨਾ ਪੈਸਾ ਹੀ govt ਫਿਰ ਛਾਪ ਸਕਦੀ ਹੈ ਵਾਧੂ ਤੇ ਓਹ govt ਦਾ ਮਾਲ ਹੋਵੇਗਾ - ਮਤਲਬ ਕਿ free ਦੀ ਲੁਟ!!!..NRIs ਦਾ ਪੈਸਾ ਵੀ ਐਵੇ ਹੀ ਗਿਆ!!! ਸਭ ਤੋ ਜਿਆਦਾ ਪੈਸਾ bjp ਤੇ ਗੁਜਰਾਤ ਵਿਚੋ ਕੈਸ਼ ਨਿਕਲੀਆ - ਯਾਦ ਹੋਵੇਗਾ ਇੱਕ ਪ੍ਰੋਪੇਰਟੀ dealer ਕੋਲ 35 ਹਜਾਰ ਕਰੋੜ - ਤੇ ਉਸ ਨੇ ਕਹਿਆ ਸੀ ਕਿ ਓਹ ਨਾਮ ਲੈ ਦੇਵੇਗਾ - ਪਰ ਓਹ ਮਾਮਲਾ ਵੀ ਖੁਰਦ ਬੁਰਦ ਹੋ ਗਿਆ!!! Steve Forbes Editor in chief of Forbes ਮੈਗਜ਼ੀਨ ਜੋ ਸਾਰੀ ਦੁਨੀਆ ਦੇ ਅਮੀਰ ਲੋਕਾ ਦੀ ਲਿਸਟ ਛਾਪਦਾ ਹੁੰਦਾ ਹੈ ਉਸ ਨੇ demonetisation ਨੂ ਆਨੈਤਿਕ ਦਸਿਆ ਤੇ ਲੋਕਾ ਦੇ ਪ੍ਰੋਪੇਰਟੀ ਦੀ ਚੋਰੀ - ਓਹ ਉਸ govt ਵਲੋ ਜੋ ਲੋਕਾ ਨੇ ਵੋਟਾ ਪਾ ਕੇ ਚੁਗੀ ਹੋਵੇ
    Demonetisation is immoral, theft of people’s property: Steve Forbes
    Calling India’s demonetisation drive as immoral, Steve Forbes, Editor-in-Chief of Forbes magazine, said it also amounted to theft of people’s property.
    https://www.hindustantimes.com/india-news/demonetisation-is-immoral-theft-of-people-s-property-steve-forbes/story-BDigKi3Om6ezIiEYXpGeVJ.html

    ReplyDelete