Sunday, April 21, 2019

                                                            ਵਿਚਲੀ ਗੱਲ
            ਚਾਕੂ ਵਾਲਾ ਗੁੜ ਤੇ ਧਾਗੇ ਵਾਲੀ ਮਿਸ਼ਰੀ..!
                                                         ਚਰਨਜੀਤ ਭੁੱਲਰ
ਬਠਿੰਡਾ : ਸਿਆਣੇ ਆਖਦੇ ਹਨ ‘ਪਹਿਲਾਂ ਤੋਲੋ, ਫਿਰ ਬੋਲੋ’। ਸਿਆਸੀ ਕੋਕੋ ਦੇ ਨਿਆਣੇ ਆਖਦੇ ਨੇ, ਏਨੀ ਵਿਹਲ ਕਿਥੇ। ਚੋਣਾਂ ਦਾ ਕੁੰਭ ਸਜਿਆ ਹੈ। ਸਿਆਣੇ ਫਿਰ ਬੋਲੇ ਨੇ, ਕਮਲਿ਼ਓ ਗੱਲ ਤਾਂ ਸੁਣੋ। ਸਿਆਸੀ ਨਿਆਣੇ ਖਿਝ ਕੇ ਬੋਲੇ ਨੇ, ਹੁਣ ਨਾ ਪੁੱਛੋ ਮਸ਼ਕਾਂ ਦਾ ਭਾਅ। ਕੇਹਾ ਤਿਉਹਾਰ ਹੈ ਲੋਕ ਰਾਜ ਦਾ। ਸਿਆਸੀ ਜੁਆਕ ਬੁਲੇਟ ਟਰੇਨ ਬਣੇ ਹੋਏ ਨੇ। ਮੁਲਕ ਦੇ ਪੈਰਾਂ ਹੇਠ ਅੱਗ ਮਚਾ ਰੱਖੀ ਹੈ। ਬਜ਼ੁਰਗਾਂ ਦੀ ਕੌਣ ਸੁਣਦੈ। ਸਿਆਸੀ ਸੇਕ ਪਿੰਡੇ ਸਾੜ ਰਿਹੈ। ਆਲਮੀ ਤਪਸ਼ ਫਿਰ ਕਿਉਂ ਨਾ ਵਧੇਗੀ। ਚੋਣ ਕਮਿਸ਼ਨ ਪਿਚਕਾਰੀ ਚੁੱਕੀ ਫਿਰਦੈ। ਸੁਪਰੀਮ ਕੋਰਟ ਦੇ ਸਿਆਣੇ ਬੋਲੇ, ਨਾ ਡਰੋ ਕੋਕੋ ਤੋਂ, ਸੁੱਟੋ ਪਿਚਕਾਰੀ, ਪੀਪੇ ਚੁੱਕੋ। ਲੋਕ ਰਾਜ ਦਾ ਇੱਕ ਦਿਨ ਦਾ ਪ੍ਰਾਹੁਣਾ ਸਹਿਮਿਐ। ਸਿਆਣੇ ਬੁੜ ਬੁੜ ਕਰ ਰਹੇ ਨੇ। ਭਾਈ, ਧੀਆਂ ਭੈਣਾਂ ਵਾਲਾ ਘਰ ਐ। ਬੋਲਣ ਵੇਲੇ ਅੱਗਾ ਪਿੱਛਾ ਦੇਖ ਲਿਆ ਕਰੋ। ਐਵੇਂ ਮੂੰਹ ਦਾ ਸੁਆਦ ਖਰਾਬ ਨਾ ਕਰੋ। ਕੌਣ ਮੰਨਦੈ ਅੱਜ ਕੱਲ। ਸਿਆਸੀ ਨਿਆਣੇ ਝੁਰਲੂ ਚੁੱਕੀ ਫਿਰਦੇ ਹਨ। ਲੋਕ ਰਾਜ ਦੇ ਬਾਦਸ਼ਾਹ ਜਮੂਰਾ ਬਣੇ ਹੋਏ ਹਨ। ਅੌਰਤਾਂ ਨੇ ਮੂੰਹ ’ਚ ਚੁੰਨੀ ਲਈ ਹੋਈ ਹੈ। ਹਾਲੇ ਤਾਂ ਪੰਜ ਗੇੜ ਬਾਕੀ ਹਨ। ਮੀਂਹ ਨੇ ਫਸਲ ਝੰਬ ਦਿੱਤੀ ਐ। ਕਿਸਾਨ ਫਸਲ ਸੰਭਾਲ ਰਿਹੈ। ਨੇਤਾ ਜੀ, ਤੁਸੀਂ ਵੀ ਜ਼ੁਬਾਨ ਸੰਭਾਲੋ। ਮੂੰਹਾਂ ਚੋਂ ਅੱਗ ਵਰ੍ਹਨੋਂ ਫਿਰ ਨਹੀਂ ਹਟ ਰਹੀ। ਕੋਈ ਜ਼ਬਾਨਬੰਦੀ ਦੀ ਵੈਕਸੀਨ ਹੁੰਦੀ। ਅਮਿਤਾਭ ਬਚਨ ਜਰੂਰ ਪਿਲਾਉਂਦਾ ‘ਦੋ ਬੂੰਦਾਂ ’। ਨਿੱਕੇ ਹੁੰਦੇ ਜ਼ੁਬਾਨ ਦੀ ਵੈਕਸੀਨੇਸ਼ਨ ਹੋਈ ਹੁੰਦੀ। ਤਾਂ ਅੱਜ ਇਹ ਜ਼ਮੀਰ ਤੋਂ ਬਾਗੀ ਨਾ ਹੁੰਦੇ।
                  ਨਹੀਂ ਯਕੀਨ, ਤਾਂ ਦੋ ਗੇੜਾਂ ਦਾ ਖਾਤਾ ਫਰੋਲ ਲਓ। ਯੂਨੀਸੈਫ ਏਨੀ ਕੁ ਖੇਚਲਾ ਜਰੂਰ ਕਰੇ। ਸਿਆਸੀ ਜੁਆਕਾਂ ਲਈ ਵੈਕਸੀਨ ਜਰੂਰ ਘੱਲੇ। ਇਕੱਲੀ ਪੋਲੀਓ ਮੁਕਤੀ ਕਾਫ਼ੀ ਨਹੀਂ, ਵੱਧ ਲੋੜ ਹੁਣ ‘ਅੱਗ ਮੁਕਤ’ ਜ਼ੁਬਾਨ ਦੀ ਐ। ਕਿਤੇ ਜਨੇਵਾ ਤੋਂ ਜ਼ੁਬਾਨਬੰਦੀ ਦੀ ਕੋਈ ਵੈਕਸੀਨ ਆਏ। ਭੋਪਾਲ ਤਾਂ ਦੋ ਦੋ ਬੂੰਦਾਂ ਜਰੂਰ ਭੇਜੀਏ। ਸਾਧਵੀ ਪੱ੍ਰਗਿਆ ਨੂੰ ਵੱਧ ਲੋੜ ਐ। ਪ੍ਰੱਗਿਆ ਠਾਕੁਰ ਨੇ ਠੋਕ ਵਜਾ ਕੇ ਆਖਿਐ, ਹੇਮੰਤ ਕਰਕਰੇ ਨੂੰ ਕਰਮਾਂ ਦੀ ਸਜ਼ਾ ਮਿਲੀ ਐ। ਸਾਧੂ ਸੰਤਾਂ ਦਾ ਸਰਾਪ ਲੱਗਿਐ। ਕੈਪਟਨ ਅਮਰਿੰਦਰ ਨੂੰ ਗੁੱਸਾ ਆਇਆ, ਬੀਬੀ, ਜ਼ੁਬਾਨ ਸੰਭਾਲ ਕੇ ਗੱਲ ਕਰ, ਮੁੰਬਈ ਹਮਲੇ ਦਾ ਸ਼ਹੀਦ ਐ ਹੇਮੰਤ ਕਰਕਰੇ। ਭਾਜਪਾਈ ਸਾਕਸ਼ੀ ਮਹਾਰਾਜ ਕਿਹੜਾ ਘੱਟ ਨੇ। ਮਹਾਰਾਜ ’ਤੇ 34 ਕੇਸ ਦਰਜ ਨੇ। ਸੰਨਿਆਸੀ ਮਹਾਰਾਜ ਆਖਦੇ ਨੇੇ, ‘ਵੋਟਾਂ ਦੀ ਭੀਖ ਨਾ ਦਿੱਤੀ ਤਾਂ ਸਰਾਪ ਦੇਂਦੂ।’ ਬਚਨ ਸਾਹਿਬ, ਇਨ੍ਹਾਂ ਨੂੰ ਦੋ ਬੂੰਦਾਂ ਜਰੂਰ ਪਿਲਾਓ। ਯੂ.ਪੀ ਦਾ ਗੇੜਾ ਲੱਗੇ। ਆਜ਼ਮ ਖਾਂ ਨੂੰ ਚਾਰ ਬੂੰਦਾਂ ਪਿਲਾਉਣਾ। ਪੰਜ ਗੇੜ ਜੋ ਬਾਕੀ ਪਏ ਨੇ। ਸ਼ਰਮ ਦਾ ਹੀ ਘਾਟਾ ਲੱਗਦੈ, ਤਾਹੀਂ ਜਯਾ ਪ੍ਰਦਾ ਦੇ ਅੰਦਰੂਨੀ ਕੱਪੜਿਆਂ ਦਾ ਰੰਗ ਪਰਖਦੇ ਨੇ। ਭਾਜਪਾ ਨੇਤਾ ਜੈ ਕਰਨ ਗੁਪਤਾ ਦੀ ਮੇਰਠ ’ਚ ਜੈ ਜੈ ਕਾਰ ਹੋਈ ਹੈ। ਅਖੇ , ‘ਪ੍ਰਿਅੰਕਾ ਤਾਂ ‘ਸਰਕਟ ਵਾਲੀ ਬਾਈ’ ਐ।’ ਭਾਜਪਾਈ ਹਰੀਸ਼ ਦ੍ਰਿਵੇਦੀ ਇਸ ਤੋਂ ਵੱਧ ਕੇ ਬੋਲੇ, ‘ਪ੍ਰਿਅੰਕਾ ਦਿੱਲੀ ’ਚ ਜੀਨ-ਸਕਰਟ ਪਹਿਨਦੀ ਐ’।
                 ਆਂਧਰਾ ਦਾ ਨੇਤਾ ਜੈਦੀਪ ਕਵਾਡੇ ਇੰਝ ਬੋਲਿਆ ‘ਜਦੋਂ ਅੌਰਤ ਲਗਾਤਾਰ ਪਤੀ ਬਦਲੇ, ਬਿੰਦੀ ਦਾ ਸਾਈਜ਼ ਵੱਡਾ ਹੁੰਦੇ।’ ਸਮਿਰਤੀ ਇਰਾਨੀ ਨੇ ਨਹੀਂ, ਜੁਆਬ ਹੁਣ ਉਮਾ ਭਾਰਤੀ ਨੇ ਦਿੱਤੈ ‘ ਪ੍ਰਿਅੰਕਾ ਚੋਰ ਦੀ ਪਤਨੀ ਐ’। ਬਚਨ ਪਿਆਰੇ, ਇਨ੍ਹਾਂ ਦਾ ਦੋ ਦੋ ਬੰੂਦਾਂ ਨਾਲ ਨਹੀਂ ਸਰਨਾ। ਜਦੋਂ ਚੋਣ ਅਧਿਕਾਰੀ ਨੇ ਬੈਨਰ ਉਤਾਰ ਦਿੱਤਾ। ਕਲਕੱਤਾ ਦਾ ਭਾਜਪਾ ਪ੍ਰਧਾਨ ਦਲੀਪ ਘੋਸ਼ ਬੋਲਿਆ, ‘ਹੁਣ ਤੇਰੀ ਪੈਂਟ ਉਤਾਰੂ’। ਕਾਂਗਰਸੀ ਨੇਤਾ ਵਿਨੇ ਕੁਮਾਰ ਨੇ ਸ਼ਿਮਲੇ ਦੀ ਠੰਡ ਉਤਾਰੀ ਹੈ। ਵਿਨੇ ਦਾ ਐਲਾਨ ਸੁਣੋ, ‘ਭਾਜਪਾ ਪ੍ਰਧਾਨ ਸੱਤੀ ਦੀ ਜ਼ੁਬਾਨ ਕੱਟੋ, ਦਸ ਲੱਖ ਜਿੱਤੋ।’ ਇਸ ’ਚ ਮਾਂ ਦੀ ਗੁੜ੍ਹਤੀ ਦਾ ਕੀ ਕਸੂਰ। ਬਜ਼ੁਰਗ ਸਿਰ ਫੜੀ ਮੰਥਨ ਕਰ ਰਹੇ ਨੇ। ਪੰਜ ਸਾਲ ਦੇਸ਼ ’ਚ ਜ਼ੁਬਾਨਬੰਦੀ ਜੋ ਰਹੀ। ਹੁਣ ਖੁਦ ਹੱਥਾਂ ਚੋਂ ਨਿਕਲੇ ਫਿਰਦੇ ਨੇ। ਯੂ.ਪੀ ਵਾਲੇ ਯੋਗੀ ਨੇ ਚੋਣਾਂ ਨੂੰ  ‘ਅਲੀ’ ਤੇ ‘ਬਲੀ’ ਦੀ ਜੰਗ ਦੱਸਿਆ। ਕਨ੍ਹੱਈਆ ਕੁਮਾਰ ‘ਪੜਾਈ ਤੇ ਕੜਾਹੀ’ ਦੀ ਜੰਗ ਆਖਦੇ ਨੇ। ਨਵਜੋਤ ਸਿੱਧੂ ਥਾਂ ਥਾਂ ਹੋਕਾ ਦਿੰਦਾ ਫਿਰਦੈ ‘ਐਸਾ ਛਿੱਕਾ ਮਾਰੋ, ਮੋਦੀ ਨੂੰ ਬਾਊਂਡਰੀ ਪਾਰ ਕਰਾ ਦਿਓ’। ਨੇਤਾ ਸੱਜਣ ਵਰਮਾ ਨੇ ਵੀ ਸੀਰ ਪਾਇਆ ‘ ਮਥਰਾ ’ਚ ਹੇਮਾ ਮਾਲਿਨੀ ਠੁੰਮਕੇ ਲਗਾ ਕੇ ਵੋਟਾਂ ਮੰਗਦੀ ਐ।’ ਸਮਾਜਵਾਦੀ ਫਿਰੋਜ਼ ਖਾਂ ਨੇ ਜਯਾ ਪ੍ਰਦਾ ਵੱਲ ਵੇਖ ਕੇ ਚੌਕਾ ਲਾਇਆ ‘ ਰਾਮਪੁਰ ਦੀਆਂ ਸ਼ਾਮਾਂ ਰੰਗੀਨ ਬਣ ਗਈਆਂ ਨੇ।’
                  ਬਜ਼ੁਰਗ ਆਖਦੇ ਨੇ, ਕਰਤਾਰੋ ਡਰੋਂ, ਨਾ ਬੋਲੋ ਮੰਦੜੇ ਬੋਲ। ਰਾਜਾ ਵੜਿੰਗ ਜਰੂਰ ਬੋਲਿਐ, ‘ਬਜ਼ੁਰਗੋਂ ਡਰੋ ਨਾ, ਐਸੇ ਸ਼ਮਸ਼ਾਨ ਘਾਟ ਬਣਾਦੂ, ਥੋਡਾ ਮਰਨ ਨੂੰ ਦਿਲ ਕਰੂ’। ਵੱਡੇ ਬਾਦਲ ਆਖਣ ਲੱਗੇ ‘ਜੇਹੋ ਜੇਹੀ ਅਕਲ ਹੋਊ, ਉਹੋਂ ਜੇਹੀ ਆਵਾਜ਼ ਨਿਕਲੂ’। ਮੁਕਤਸਰ ਵਾਲੇ ‘ਅਵਾਜ਼-ਏ-ਪੰਜਾਬ’ ਹੁਣ ਅਕਾਲੀ ਤਰਜ਼ਾਂ ਕੱਢਣਗੇ। ਉਧਰ, ਬਚਨ ਸਾਹਿਬ, ਕਾਹਲੀ ਕਰ ਰਹੇ ਨੇ। ਅਖੇ, ਹੋਰ ਕਿਸ ਕਿਸ ਨੂੰ ਬੂੰਦਾਂ ਪਿਲਾਈਏ। ਕਰਨਾਟਕ ਦੇ ਭਾਜਪਾ ਆਗੂ ਰਾਜੂ ਕਾਗੇ ਨੇ ਤੀਰ ਚਲਾਇਆ ਮੁੱਖ ਮੰਤਰੀ ਕੁਮਾਰਾਸਵਾਮੀ ’ਤੇ। ਰਾਜੂ ਨੇ ਰਾਜ ਖੋਲਿਐ, ‘ਸਾਡਾ ਮੋਦੀ ਗੋਰਾ ਐ, ਕੁਮਾਰਾਸਵਾਮੀ ਕਾਲਾ ਮੱਝ ਵਰਗਾ।’ ਚਾਹੇ ਸੌ ਵਾਰੀ ਨਹਾ ਲਏ। ਮੁੱਖ ਮੰਤਰੀ ਦਾ ਜੁਆਬ ਸੁਣੋ, ‘ਮੋਦੀ ਤਾਂ ਨਿੱਤ ਮੇਕਅਪ ਕਰਦੈ।’ ਭਾਜਪਾਈ ਸੁਰੇਂਦਰ ਨਰਾਇਣ ਨੇ ਸਾਰਾ ਗੁੱਸਾ ਮਾਇਆਵਤੀ ’ਤੇ ਲਾਹਿਆ। ‘ਮਾਇਆਵਤੀ ਕਿਹੜਾ ਘੱਟ ਐ, ਰੋਜ਼ਾਨਾ ਫੇਸ਼ੀਅਲ ਕਰਦੀ ਐ, ਵਾਲ ਰੰਗਦੀ ਐ, ਸ਼ੌਕੀਨ ਸਾਡੇ ਲੀਡਰਾਂ ਨੂੰ ਆਖਦੀ ਐ।’ ਸਿਆਸੀ ਤੀਰ ਅੰਦਾਜ਼ ਚੋਭਾਂ ਤੇ ਬੋਲ ਕੁਬੋਲਾਂ ਨਾਲ ਏਦਾਂ ਵਿੰਨ ਰਹੇ ਹਨ। ਬਾਬਿਆਂ ਤੋਂ ਫਿਰ ਨਹੀਂ ਰਿਹਾ ਗਿਆ, ਸੱਜਣੋ, ‘ ਕਮਾਨ ਚੋਂ ਤੀਰ, ਜਬਾਨ ਚੋਂ ਸ਼ਬਦ, ਨਿਕਲੇ ਵਾਪਸ ਨਹੀਂ ਮੁੜਦੇ’। ਥੋੜਾ ਸੰਭਲ ਕੇ। ਸਿਆਸੀ ਨਿਆਣੇ ਇੱਕ ਦੂਸਰੇ ਦੇ ਪੋਤੜੇ ਫਰੋਲੀ ਜਾ ਰਹੇ ਨੇ। ਠਿੱਬੀ ਲਾਉਣ ਲਈ ਤੱਤਾ ਤੱਤਾ ਬੋਲਦੇ ਨੇ। ਲੱਗਦੈ, ਡੋਨਾਲਡ ਟਰੰਪ ਨੇ ਵੀ ਇਨ੍ਹਾਂ ਦੀ ਕੌਲੀ ’ਚ ਛੱਕ ਲਿਆ। ਐਂਗਰੀ ਯੰਗ ਮੈਨ, ਕਿਤੇ ਅਮਰੀਕਾ ਗਏ ਤਾਂ ਟਰੰਪ ਦੇ ਮੂੰਹ ’ਚ ਵੀ ਦੋ ਬੂੰਦਾਂ ਪਾ ਆਇਓ। ਪਰ ਜਲਦੀ ਮੁੜਨਾ, ਆਖਰੀ ਗੇੜ ਪੰਜਾਬ ਦਾ ਹੈ।
                ਪੰਜਾਬ ਆਲੇ ਕਾਂਗਰਸੀ ਅਕਾਲੀ ਵੀ ਮੁੱਠੀਆਂ ’ਚ ਥੁੱਕੀਂ ਫਿਰਦੇ ਨੇ। ਸੁਖਬੀਰ ਤੇ ਮਜੀਠੀਆ ਨੇ ਗਰਮੀ ਫੜੀ ਹੈ। ਸ਼ਾਇਦ ਅਮਰਿੰਦਰ ਨੂੰ ਤਾਂ ਬੂੰਦਾਂ ਦੀ ਲੋੜ ਨਾ ਪਵੇ, ਖੂੰਡਾ ਪਹਿਲਾਂ ਰੱਖਦੇ ਸਨ, ਹੁਣ ਤਾਂ ਇਕੱਲੀ ਤਹਿਜ਼ੀਬ ਰੱਖਦੇ ਨੇ। ਆਹ ਛੱਜੂ ਰਾਮ ਕੁਝ ਹੋਰ ਹੀ ਦੱਸ ਰਿਹੈ। ਅਖੇ, ਮਹਾਰਾਜੇ ਨੂੰ ਤਾਂ ਬਾਦਲ ਪਿੰਡ ਵਾਲੇ ‘ਡਾਕਟਰ’ ਹੀ ਬੂੰਦਾਂ ਪਿਲਾ ਆਏ ਨੇ। ਇੱਧਰ, ਇੱਕ ਦਿਨ ਦਾ ਮਹਾਰਾਜਾ ਪੁੱਛੀ ਜਾ ਰਿਹੈ, ਬਜ਼ੁਰਗੋ, ਕਿਸਾਨਾਂ ਦੀ ਆਮਦਨ ਦੁੱਗਣੀ ਕਦੋਂ ਹੋਊ। ਦੋ ਕਰੋੜ ਨੌਕਰੀਆਂ ਦਾ ਕਿਥੋਂ ਪਤਾ ਕਰੀਏ। ਨੋਟਬੰਦੀ ਤੇ ਜੀ.ਐਸ.ਟੀ ਦੇ ਜ਼ਖ਼ਮਾਂ ’ਤੇ ਕਿਹੜੀ ਮੱਲਮ ਲਾਈਏ। ਪੰਜ ਪੰਜ ਮਰਲੇ ਦੇ ਪਲਾਂਟ ਕਦੋਂ ਕੱਟੋਗੇ। ਗੁਟਕੇ ਵਾਲੀ ਸਹੁੰ ਦਾ ਕੀ ਬਣਿਆ। ਬੜ੍ਹਕ ਵਾਲਾ ਕੇਜਰੀਵਾਲ ਕਿਥੇ ਗਿਆ। ਤੱਤੇ ਭਾਸ਼ਣਾਂ ਨਾਲ ਢਿੱਡ ਨਹੀਂ ਭਰਦਾ। ਅੌਹ ਛੱਜੂ ਰਾਮ ਦੀ ਸੁਣੋ, ਅਖੇ ਬੱਚਾ ਤੇ ਰੰਭਾ, ਚੰਡੇ ਕੰਮ ਆਉਂਦੇ ਨੇ। ਕਿਤੇ ਚੰਡੇ ਹੁੰਦੇ, ਫਿਰ ਖੰਘ ਕੀ ਜਾਂਦੇ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਐ। ਪੰਜਾਬੀਓ, ਹੁਣ ਤੁਸੀਂ ਐਸਾ ਚੰਡਣਾ ਕਿ ਮੁੜ ਪੰਜਾਬ ਆਉਣ ਤਾਂ ਇਹੋ ਆਖਣ, ਭੈਣੋਂ ਅੌਰ ਭਾਈਓ, ਮਾਫ਼ ਕਰ ਦੇਣਾ, ਆਓ ਮੁਹੱਬਤਾਂ ਦੀ ਬਾਤ ਪਾਈਏ।


No comments:

Post a Comment