Sunday, May 5, 2019

                                                                 ਵਿਚਲੀ ਗੱਲ
                      ਲਾਈਟ.. ਸਾਊਂਡ.. ਕੈਮਰਾ.. ਐਕਸ਼ਨ..ਤੇ ਪੈਸਾ ਵਸੂਲ !
                                                               ਚਰਨਜੀਤ ਭੁੱਲਰ
ਬਠਿੰਡਾ : ਟਵਿੰਕਲ ਖੰਨਾ ਟਿੱਚਰਾਂ ਕਰਨੋਂ ਨਹੀਂ ਹਟ ਰਹੀ। ਭਮੱਤਰੇ ਹੋਏ ਅਕਸ਼ੈ ਕੁਮਾਰ ਨੂੰ ਕੋਈ ਰਾਹ ਨਹੀਂ ਦਿੱਖਦਾ। ਹੁਣ ਵੇਲੇ ਨੂੰ ਪਛਤਾ ਰਿਹੈ। ਕਿਤੇ ਬੀਵੀ ਟਵਿੰਕਲ ਦੀ ਮੰਨ ਲੈਂਦਾ। ਮੂੰਹ ਦਿਖਾਉਣ ਜੋਗਾ ਤਾਂ ਰਹਿ ਜਾਂਦਾ। ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਸੀ। ਅੱਗਿਓਂ ਟੱਕਰਿਆ ਸਵਾ ਸ਼ੇਰ। ਨਰਿੰਦਰ ਮੋਦੀ ਦੀ ਇੰਟਰਵਿਊ ਕਰਨੀ ਸੀ। ਪਹਿਲਾਂ ‘ਗ੍ਰਹਿ ਮੰਤਰੀ’ ਤੋਂ ਤਾਂ ਪੁੱਛ ਲੈਂਦਾ। ਉਦੋਂ ਤਾਂ ਹੁੱਬ ਕੇ ਚਲਾ ਗਿਆ। ਹੁਣ ਟਵਿੰਕਲ ਨੇ ਘਰੇ ਕਲੇਸ਼ ਪਾ ਰੱਖਿਐ। ਟਵਿੰਕਲ ਨੂੰ ਟਿੱਚਰ ਤਾਂ ਮੋਦੀ ਨੇ ਕੀਤੀ। ਭੁਗਤ ਹੁਣ ਘਰੇ ਅਕਸ਼ੈ ਕੁਮਾਰ ਰਿਹੈ। ਜਦੋਂ ਟਵਿੰਕਲ ਨੇ ਇੰਟਰਵਿਊ ਦੇਖੀ। ਉਸ ਨੂੰ ਇੱਕ ਚੜ੍ਹੇ ਤੇ ਇੱਕ ਉੱਤਰੇ। ਮੋਦੀ ਨੇ ਖਚਰੀ ਹਾਸੀ ’ਚ ਆਖਿਆ ਸੀ, ‘ਬੱਲਿਆ, ਬੀਵੀ ਨੂੰ ਸਮਝਾ, ਟਵਿੱਟਰ ’ਤੇ ਗੁੱਸਾ ਕੱਢਦੀ ਐ.. ਮੈਂ ਕਿਹੜਾ ਉਹਦੇ ਮਾਂਹ ਮਾਰੇ ਨੇ।’ ਉਦੋਂ ਦਾ ਹੁਣ ਅਕਸ਼ੈ ਕੁਮਾਰ ਡੁੰਨ ਵੱਟਾ ਬਣਿਐ। ਇੱਕ ਪਾਸੇ ਬੀਵੀ, ਦੂਜੇ ਪਾਸੇ ਮੋਦੀ। ਗੁੱਸੇ ’ਚ ਵੋਟ ਪਾਉਣ ਹੀ ਨਹੀਂ ਗਿਆ। ਹੁਣ ਮਨੋਂ ਮਨੀ ਸੋਚ ਰਿਹੈ। ਫਾਰੂਕ ਅਬਦੁੱਲਾ ਨੇ ਸੱਚ ਹੀ ਆਖਿਆ ‘ਮੋਦੀ ਸਭ ਤੋਂ ਵੱਡੇ ਐਕਟਰ ਨੇ’। ਸਾਹਰੁਖ ਖਾਨ ਕੀ ਰੀਸ ਕਰੂ। ਤੇਲਗੂ ਦੇਸਮ ਵਾਲਾ ਕੇਸਨੈਨੀ ਪਾਰਲੀਮੈਂਟ ’ਚ ਬੋਲਿਆ ‘ ਮੋਦੀ ਜੀ, ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਐਕਟਰ ਹੋ, ਗੇ੍ਰਟ ਡਰਾਮਾ, ਗੇ੍ਰਟ ਐਕਸ਼ਨ।’ ਸੰਨੀ ਦਿਓਲ ਨੇ ਦੁਕਾਨ ਹਾਲੇ ਨਵੀਂ ਖੋਲ੍ਹੀ ਹੈ। ਪੂਜਾ ਦਿਓਲ ਨੇ ਘਰੋਂ ਤੁਰਨ ਲੱਗੇ ਨੂੰ ਗੁੜ ਦੀ ਰੋੜੀ ਦਿੱਤੀ। ਦਿੱਲੀਓਂ, ਮੋਦੀ ਨੇ ਸਿਰ ਪਲੋਸ ਕੇ ਤੋਰ ਦਿੱਤਾ, ‘ਜਾਹ ਬੱਚਾ ਜਾਖੜ ਉਡੀਕੀ ਜਾਂਦੈ’। ਅਕਸ਼ੈ ਤਾਂ ਸਮਝ ਗਿਐ ਕਿ ਅਸਲੀ ਐਕਟਰ ਕੌਣ ਨੇ। ਸਿਆਸਤ ’ਚ ਸੰਨੀ ਹਾਲੇ ਬੱਚਾ। ਏਹ ਵੀ ਸਮਝ ਜਾਊ।
                  ਅਮਿਤਾਭ ਬੱਚਨ ਵੀ ਸਿਆਸੀ ਪਰਦੇ ’ਤੇ ਆਇਆ ਤੇ ਗੋਵਿੰਦਾ ਵੀ। ਅਮਿਤਾਭ ਤੇ ਗੋਵਿੰਦੇ ਨੇ ਡੱੁਲੇ ਬੇਰ ਝੋਲੀ ’ਚ ਪਾਏ, ਮੁੜ ਗਏ ਘਰੋਂ ਘਰੀ। ਇਲਮ ਹੋਇਆ ਕਿ ਸਿਆਸੀ ਕਲਾਕਾਰ ਵੱਡੇ ਨੇ। ਫਿਲਮੀ ਬਾਦਸ਼ਾਹੋ, ਕਿਸੇ ਭੁਲੇਖਾ ’ਚ ਨਾ ਰਹਿਣਾ। ਸਾਡੇ ਕੋਲ ਇੱਕ ਤੋਂ ਇੱਕ ਚੜ੍ਹਦੈ। ਆਓ, ਦਿਖਾਈਏ ਥੋਨੂੰ  ‘ਝਾਕੀ ਹਿੰਦੋਸਤਾਨ ਦੀ।’ ਥੋੜਾ ਅੱਗੇ ਆ ਜਾਓ, ਅੌਹ ਕਰਨਾਟਕਾ ਦੇ ਮੰਤਰੀ ਨਾਗਰਾਜ ਨੂੰ ਦੇਖੋ। ਦਸ ਮਿੰਟਾਂ ਤੋਂ ਨਾਗਿਨ ਡਾਂਸ ਕਰੀ ਜਾ ਰਿਹੈ। ਚੋਣਾਂ ’ਚ ਲੋਕਾਂ ਦਾ ਕਿਹਾ ਸਿਰ ਮੱਥੇ। ਤਾਹੀਓਂ ‘ਮਨ ਡੋਲੇ ਮੇਰਾ ਤਨ ਡੋਲੇ’ ਧੁੰਨ ’ਤੇ ਨੱਚੀ ਜਾਂਦੈ। ਕੰਮ ਚਲਾਊ ਡਾਂਸ ਤਾਂ ਸਾਧਵੀ ਪ੍ਰੱਗਿਆ ਦਾ ਵੀ ਹੈ। ਸਿੰਧੀ ਅੌਰਤਾਂ ਨਾਲ ਠੁਮਕੇ ਲਾ ਰਹੀ ਹੈ। ਛੱਜੂ ਰਾਮ ਨੂੰ ਚੈਨ ਕਿਥੇ.. ਆਖਦੈ.. ਸਾਧਵੀਂ ਦੀਆਂ ਅੱਖਾਂ ’ਚ ਹੰਝੂ। ਅੰਦਰੋਂ ਧਾਹ ਨਿਕਲੀ। ਉਮਾ ਭਾਰਤੀ ਨੇ ਪਹਿਲਾਂ ਸਮਝਾਇਆ, ਨਾ ਮੇਰੀ ਭੈਣ, ਇੰਝ ਨਹੀਂ ਕਰਦੇੇ, ਫਿਰ ਚਮਚਾ ਖੀਰ ਦਾ ਖੁਆਇਆ। ਸਭ ਚੋਣਾਂ ਦਾ ਪ੍ਰਤਾਪ ਹੈ। ਬੰਗਾਲ ਦੇ ਦੇਵਜੀਤ ਨੇ ਐਵੇਂ ਰਿਕਸ਼ਾ ਥੋੜਾ ਚਲਾਉਣਾ ਸੀ। ਤ੍ਰਿਣਾਮੂਲ ਵਾਲਾ ਕਲਿਆਣ ਬੈਨਰਜੀ ਵੀ ਰਿਕਸ਼ੇ ਤੇ ਚੜ੍ਹਿਆ ਫਿਰਦੈ। ਵੀਰਭੂਮ ਜ਼ਿਲ੍ਹੇ ’ਚ ਮੰਡਲ ਸਾਹਿਬ, ਗੱਡੇ ’ਤੇ ਬੈਠੇ ਨੇ। ਕਰਨਾਲ ’ਚ ਸੰਜੇ ਭਾਟੀਆ ਟਰੈਕਟਰ ਖਿੱਚੀ ਫਿਰਦੈ। ਜੋਗੀ ਇਕਦਮ ਡਰਿਆ, ਜਦੋਂ ਰਾਇਬਰੇਲੀ ’ਚ ਪ੍ਰਿਯੰਕਾ ਨੇ ਸੱਪ ਹੱਥ ’ਚ ਫੜਿਆ। ਜੋਗੀ ਕੀ ਜਾਣੇ, ਚੋਣਾਂ ਦੀਆਂ ਬਾਤਾਂ। ਅਮੇਠੀ ’ਚ ਮੰਜੇ ’ਤੇ ਸੁੱਕਣੇ ਪਾਏ ਪਾਪੜ ਵੀ ਬੀਬਾ ਨੇ ਵੇਖੇ ਨੇ। ਰਾਹੁਲ ਦਾ ਤਪ ਤੇਜ਼ ਹੁੰਦਾ। ਪ੍ਰਿਯੰਕਾ ਢਾਬਿਆਂ ’ਤੇ ਚਾਹਾਂ ਕਾਹਤੋ ਪੀਂਦੀ।
                 ਗੁਲਾਬੀ ਗੈਂਗ ਵਾਲੀ ਸੰਪਤ ਪਾਲ ਵਾਜਾ ਚੁੱਕੀ ਫਿਰਦੀ ਹੈ। ‘ਧਰਮ ਦੇ ਨਾਮ ਤੇ ਦੰਗੇ ਕਰਾਏ,  ਕੌਣ ਹੈ ਜੋ ਹਮੇ ਸਤਾਏ, ਯੇ ਜਨਤਾ ਜਾਣਦੀ ਹੈ।’ ਗਲੀ ਗਲੀ ਘੁੰਮ ਰਹੀ ਹੈ। ਅਮੇਠੀ ਦੇ ਖੇਤਾਂ ’ਚ ਸਮ੍ਰਿਤੀ ਇਰਾਨੀ ਬਾਲਟੀ ਚੁੱਕੀ ਅੱਗ ਬੁਝਾ ਰਹੀ ਹੈ।  ਬੁਢਲਾਡੇ ਦੇ ਖੇਤਾਂ ’ਚ ਅੱਗ ਲੱਗੀ। ਹਰਸਿਮਰਤ ਵੀ ਭੱਜੀ ਭੱਜੀ ਗਈ। ਗੁਰਜੀਤ ਅੌਜਲਾ ਵੀ ਖੇਤਾਂ ’ਚ ਤੁਰਿਆ ਫਿਰਦੈ। ਸੁਖਬੀਰ ਬਾਦਲ  ‘ਸੈਲਫੀ ਸਟਾਰ’ ਬਣਿਆ। ਅੌਹ, ਰਾਜਾ ਵੜਿੰਗ ਝੁੱਗੀ ’ਚ ਸੁੱਤਾ ਪਿਐ। ਵੜਿੰਗ ਘੁੱਟ ਘੁੱਟ ਕੇ ਜੱਫੀਆਂ ਵੀ ਪਾ ਰਿਹੈ। ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ।  ਉਧਰ, ਮਜੀਠੀਆ ਸਿਰੋਪੇ  ਪਾ ਰਿਹੈ। ਨਰਿੰਦਰ ਮੋਦੀ 28 ਮਾਰਚ ਤੋਂ ਤੁਰਿਐ। 33 ਦਿਨਾਂ ਚੋਂ ਸਿਰਫ ਛੇ ਦਿਨ ਘਰੇ ਟਿਕਿਐ। ਅਮਿਤ ਸ਼ਾਹ ਦਾ ਵੀ ਪੈਰ ਭੁੰਜੇ ਨਹੀਂ ਲੱਗਦਾ। ਟੁੰਢੇ ਲਾਟ ਦੀ ਪ੍ਰਵਾਹ ਨਹੀਂ ਕਰਦੇ। ਇੱਧਰ, ਵੱਡੇ ਬਾਦਲ ਉਨ੍ਹਾਂ ਦੇ ਸੱਥਰਾਂ ’ਤੇ ਵੀ ਬੈਠੀ ਜਾਂਦੇ ਨੇ ਜਿਨ੍ਹਾਂ ਦੀ ਪਹਿਲੀ ਬਰਸੀ ਵੀ ਲੰਘ ਗਈ। ਗਡਕਰੀ ਬਲੱਡ ਵਧਾਈ ਫਿਰਦੈ। ਅਕਸ਼ੈ ਨੇ ਮੱਥੇ ’ਤੇ ਹੱਥ ਮਾਰਿਆ, ਮੈਂ ਕਿਹੜੀ ਦੁਨੀਆ ’ਚ ਰਿਹਾ। ਵੱਡੇ ਅਦਾਕਾਰ ਤਾਂ ਏਹ ਨੇ। ਸਤਰੂਘਣ ਸਿਨਹਾ ਮੁਸਕਰਾਇਆ, ਆਗੇ ਆਗੇ ਦੇਖੀਏ..। ਰਾਜੇ ਵੜਿੰਗ ਦੇਖੋ, ਕਿਵੇਂ ਤਰਲੇ ਮਾਰਦੈ..‘ ਛੋਟੇ ਹੁੰਦੇ ਦੀ ਮਾਂ ਚਲੀ ਗਈ, ਬਾਪ ਨਹੀਂ ਰਿਹਾ, ਯਤੀਮ ਹੋ ਗਿਆ, ਮਾਪਿਓ ਤੁਸੀਂ ਲਾਓ ਗਲ ਨਾਲ।’
                 ਭਗਵੰਤ ਮਾਨ ਆਪਣਾ ਮਾਲ ਵੇਚੀ ਜਾ ਰਿਹੈ। ਚੋਣ ਮੇਲੇ ’ਚ ‘ਆਪ’ ਵਾਲੇ ਪਤਾ ਨਹੀਂ ਕਿਥੇ ਗੁਆਚ ਗਏ। ਚੋਣਾਂ ’ਚ ਅੱਜ ਜੋ ਖੜ੍ਹੇ ਨੇ, ਜਿੱਤਣ ਮਗਰੋਂ ਬੈਠ ਜਾਣਗੇ। ਸੰਗਤ ਦਰਸ਼ਨਾਂ ’ਚ ਜਦੋਂ ਹਰਸਿਮਰਤ ਬੋਲਦੇ ਹੁੰਦੇ ਸਨ, ਮਾਇਕ ’ਤੇ ਪਹਿਲਾਂ ਰੁਮਾਲ ਬੰਨ੍ਹਿਆ ਜਾਂਦਾ ਸੀ। ਉਹੀ ਬੀਬਾ ਹੁਣ ਦਲਿਤ ਬੀਬੀਆਂ ਨੂੰ ਗਲੇ ਲਾ ਰਹੇ ਨੇ। ਸਭ ਉਮੀਦਵਾਰ ਬੀਬੇ ਰਾਣੇ ਤੇ ਨਿਮਾਣੇ ਬਣੇ ਹੋਏ ਨੇ। ਸੁਰੱਖਿਆ ਦੀ ਵੀ ਪ੍ਰਵਾਹ ਨਹੀਂ।  ਪੰਜਾਬ ’ਚ 13 ਸੀਟਾਂ ਲਈ 278 ਉਮੀਦਵਾਰਾਂ ਨੇ ਠੂਠੇ ਚੁੱਕੇ ਨੇ। ਹੁਣ ਤਾਂ ਚਿੜੀਆਂ ਦਾ ਦੁੱਧ ਕੀ ਨਾ ਲਿਆ ਦੇਣ। ਸਿਆਸੀ ਅਦਾਕਾਰਾਂ ਨੂੰ ਵੇਖ ਕੇ ਤਾਂ ਮਗਰਮੱਛਾਂ ਦੇ ਵੀ ਕੋਏ ਸੁੱਕੇ ਨੇ। ਛਤੀਸਗੜ੍ਹ ਦੇ ਪਿੰਡ ਮੋਹਤਰਾ ਦਾ ‘ਗੰਗਾਰਾਮ’ ਇਨ੍ਹਾਂ ਨਾਲੋ ਸੌ ਦਰਜੇ ਚੰਗਾ ਸੀ। ਛੱਪੜ ’ਚ ਮਗਰਮੱਛ ਸੀ, ਪਿੰਡ ਵਾਲੇ ਉਸ ਨੂੰ ਗੰਗਾਰਾਮ ਆਖਦੇ ਸਨ। ਨਾ ਕਦੇ ਬੇਕਾਬੂ ਹੋਇਆ ਤੇ ਨਾ ਅੱਥਰੂ ਵਹਾਏ। ਸ਼ਾਇਦ, ਘਾਟ ਘਾਟ ਦੇ ਨੇਤਾ ਗੰਗਾਰਾਮ ਨੇ ਵੀ ਵੇਖੇ ਹੋਣੇ ਨੇ। ਗੰਗਾਰਾਮ ਮਰ ਗਿਆ ਹੈ। ਹੁਣ ਗੰਗਾਰਾਮ ਦਾ ਸਮਾਰਕ ਬਣ ਰਿਹਾ ਹੈ। ਨੇਤਾ ਸਮਾਰਕ ’ਤੇ ਮੱਥਾ ਜਰੂਰ ਟੇਕਣ। ਪ੍ਰੇਸ਼ਾਨੀ ਗਿਰਗਿਟ ਵੀ ਘੱਟ ਨਹੀਂ। ਚੋਣਾਂ ’ਚ ਉਸ ਦਾ ਹੀ ਨਾਮ ਚੱਲਦੈ। ਬੰਗਾਲੀ ਰੰਜਨ ਚੌਧਰੀ ਨੇ ਉੱਚੀ ਦੇਣੇ ਆਖਿਆ ‘ ਮਮਤਾ ਤਾਂ ਗਿਰਗਿਟ ਹੈ’। ਜਲੰਧਰ ਵਿਚ ‘ਗਿਰਗਿਟ’ ਨਾਟਕ ਖੇਡ ਕੇ ਨੀਰਜ ਕੌਸ਼ਿਕ ਮਤਲਬ ਸਮਝਾਈ ਜਾ ਰਿਹੈ।
             ‘ਵਾਸ਼ਿੰਗਟਨ ਪੋਸਟ’ ਵਾਲੇ ਥੋੜਾ ਸਮਾਂ ਸਾਨੂੰ ਵੀ ਦੇਣ। ਜਿਨ੍ਹਾਂ ਨਤੀਜਾ ਕੱਢਿਐ ਕਿ ਅਮਰੀਕਾ ਵਾਲਾ ਟਰੰਪ ਰੋਜ਼ਾਨਾ 23 ਝੂਠ ਬੋਲਦੈ। ਟਰੰਪ ਵੀ ਕੱਚਾ ਖਿਡਾਰੀ ਹੀ ਨਿਕਲਿਐ। ਕਦੇ ਸਾਡੇ ਆਲ਼ੇ ਤੋਂ ਲੈਂਦਾ ਸਿਖਲਾਈ। ਅਦਾਕਾਰ ਸਾਡੇ ਵਾਲੇ ਵੱਡੇ ਨੇ। ਮਜਾਲ ਐ ਕੋਈ  ਬੁੱਝ ਲਏ। ਬੱਸ ਵੋਟਾਂ ਪੈਣ ਲੈ ਦਿਓ, ਫੇਰ ਸਭ ਡਾਰਕ ਰੂਮ ਵਿਚ ਜਾਣਗੇ। ਲੱਭਦੇ ਫਿਰਿਓ ਫਿਰ ਪੰਜ ਸਾਲ। ਏਹਨੂੰ ਕਹਿੰਦੇ ਨੇ ਹੱਥ ਦੀ ਸਫਾਈ। ਫਿਰ ਸਵੱਛ ਅਭਿਐਨ ਚਲਾਉਣਗੇ। ਜ਼ਿੰਦਗੀ ਦੇ ਅਸਲ ਅਦਾਕਾਰ ਚੋਣਾਂ ਦੇ ਘੜਮੱਸ ’ਚ ਰੁਲੇ ਨੇ। ਜਿਵੇਂ ਮੰਡੀਆਂ ’ਚ ਕਿਸਾਨ ਰੁਲ ਰਿਹੈ, ਗਰੀਬ ਹਸਪਤਾਲ ’ਚ। ਵਾਰਾਨਸੀ ਤੋਂ ਤੇਲੰਗਾਨਾ ਦਾ ਕਿਸਾਨ ਸੰਨਮ ਮਿਸਤਰੀ ਚੋੋਣ ਲੜ ਰਿਹੈ ਤੇ ਬਠਿੰਡਾ ਤੋਂ ਵਿਧਵਾ ਵੀਰਪਾਲ ਕੌਰ। ਸਿਰਫ ਅੰਨਦਾਤੇ ਦੇ ਘਰ ’ਚ ਭੁੰਜਦੀ ਭੰਗ ਦਿਖਾਉਣ ਲਈ। ਏਨੀ ਕੁ ਗੱਲ ਧਰਵਾਸ ਦਿੰਦੀ ਹੈ। ਉਮੀਦਵਾਰਾਂ ਤੋਂ ਸੁਆਲ ਪੁੱਛਣ ਲਈ ਕੋਈ ਤਾਂ ਹੱਥ ਉੱਠੇ ਨੇ। ਬਾਕੀ ਸੰਨੀ ਦਿਓਲ ਨੂੰ ਪਤੈ.. ਕੀ ਜਦੋਂ ਢਾਈ ਕਿਲੋ ਦਾ ਹੱਥ ਉੱਠਦੈ..।
   


No comments:

Post a Comment