Thursday, May 9, 2019

                                                             ਰਪਟ ਕੌਣ ਲਿਖੂ
             ਮਹਾਰਾਜੇ ਦਾ ਖੂੰਡਾ ਬਠਿੰਡੇ ’ਚ ਗੁਆਚਿਆ
                                                            ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਹਲਕੇ ’ਚ ‘ਛੋਟਾ ਰਾਜਾ’ ਬਾਦਲਾਂ ਖ਼ਿਲਾਫ਼ ਕੂਕਦਾ ਰਿਹਾ ਜਦੋਂ ਕਿ ‘ਵੱਡੇ ਰਾਜੇ’ ਨੇ ਬਾਦਲਾਂ ਖ਼ਿਲਾਫ਼ ਸੁਰ ਨੂੰ ਮੱਠਾ ਰੱਖਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਹਲਕੇ ਵਿਚ ਭੁੱਚੋ ਮੰਡੀ ਅਤੇ ਸਰਦੂਲਗੜ੍ਹ ’ਚ ਦੋ ਚੋਣ ਜਲਸੇ ਕੀਤੇ। ਲੋਕਾਂ ਦਾ ਹੁੰਗਾਰਾ ਵੱਡਾ ਰਿਹਾ ਪ੍ਰੰਤੂ ਅਮਰਿੰਦਰ ਦੇ ਠੰਢੇ ਭਾਸ਼ਣਾਂ ਨੇ ਨਵੇਂ ਚਰਚੇ ਛੇੜ ਦਿੱਤੇ ਹਨ। ਚੋਣ ਜਲਸਿਆਂ ’ਚ ਪੁੱਜੇ ਵਰਕਰਾਂ ਨੇ ਉਹ ਦਿਨ ਯਾਦ ਕੀਤੇ ਜਦੋਂ ਅਮਰਿੰਦਰ ਸਿੰਘ ਬਾਦਲਾਂ ਖ਼ਿਲਾਫ਼ ਗਰਜਦਾ ਹੁੰਦਾ ਸੀ। ਦੋਵੇਂ ਚੋਣ ਜਲਸਿਆਂ ਵਿਚ ਮਹਾਰਾਜੇ ਦੀ ਨਾ ਗੜ੍ਹਕ ਦਿੱਖੀ ਅਤੇ ਨਾ ਹੀ ਵਰਕਰਾਂ ਨੂੰ ਪੱਬਾਂ ਭਾਰ ਕਰਨ ਵਾਲਾ ਭਾਸ਼ਨ।  ਅਮਰਿੰਦਰ ਨਾਲੋਂ ਤਾਂ ਵੜਿੰਗ ਦ ਭਾਸ਼ਨ ਕਾਫ਼ੀ ਗੂੰਜ ਵਾਲਾ ਰਿਹਾ। ਬਠਿੰਡਾ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਉਦੋਂ ਵੀ ਮੱਥਾ ਠਣਕਿਆ ਸੀ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਆਏ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਸ਼ਹਿਰ ਵਿਚ ਰੋਡ ਸ਼ੋਅ ਕਰਨ ਤੋਂ ਪਾਸਾ ਵੱਟ ਗਏ ਸਨ। ਮਗਰੋਂ ਖ਼ਜ਼ਾਨਾ ਮੰਤਰੀ ਅਤੇ ਰਾਜਾ ਵੜਿੰਗ ਨੇ ਵਪਾਰੀਆਂ ਤੋਂ ਮੁਆਫੀਆਂ ਮੰਗੀਆਂ ਸਨ। ਭੁੱਚੋ ਰੈਲੀ ਵਿਚ ਆਏ ਵਰਕਰਾਂ ਨੇ ਚੋਣ ਰੈਲੀ ਖਤਮ ਹੋਣ ਮਗਰੋਂ ਆਖਿਆ ਕਿ ਜੋ ਮਹਾਰਾਜਾ ਕਦੇ ਬਾਦਲਾਂ ਤੇ ਮਜੀਠੀਆ ਖ਼ਿਲਾਫ਼ ਸਿਆਸੀ ਫੁੰਕਾਰੇ ਮਾਰਦਾ ਹੁੰਦਾ ਸੀ, ਉਹ ਰਾਜਾ ਕਿਧਰ ਗੁੰਮ ਹੋ ਗਿਆ ਹੈ।
                 ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਰੈਲੀ ਸਮਾਪਤੀ ਮਗਰੋਂ ਸਿੱਧੇ ਬਠਿੰਡਾ ਦੇ ਹੋਟਲ ਵਿਚ ਪੁੱਜ ਗਏ ਜਿਥੋਂ ਉਹ ਅੱਜ 11.25 ਵਜੇ ਤੇ ਬਾਹਰ ਨਿਕਲੇ। ਜਦੋਂ ਕਿ ਬਠਿੰਡਾ ਹਲਕੇ ਵਿਚ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ ਅਤੇ ਬਾਦਲ ਪਰਿਵਾਰ ਲੋਕਾਂ ਦੇ ਘਰੋ ਘਰੀਂ ਜਾ ਰਿਹਾ ਹੈ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ 17 ਘੰਟੇ ਹੋਟਲ ਚੋਂ ਬਾਹਰ ਪੈਰ ਹੀ ਨਹੀਂ ਪਾਇਆ। ਏਨਾ ਜਰੂਰ ਹੈ ਕਿ ਅੱਜ ਉਨ੍ਹਾਂ ਨੇ ਹੋਟਲ ਦੇ ਅੰਦਰ ਹੀ ਬਠਿੰਡਾ ਦੇ ਕਾਂਗਰਸੀ ਵਰਕਰਾਂ ਨਾਲ ਕਰੀਬ ਇੱਕ ਘੰਟਾ ਜਰੂਰ ਮੀਟਿੰਗ ਕੀਤੀ ਹੈ।  ਕਾਂਗਰਸੀ ਮੀਟਿੰਗ ਵਿਚ ਕਈ ਕਾਂਗਰਸੀ ਲੀਡਰਾਂ ਨੇ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸਾਲ ਵਿਚ ਦੋ ਵਾਰ ਜਰੂਰ ਵਰਕਰਾਂ ਨੂੰ ਮਿਲਿਆ ਕਰਨ। ਦੂਸਰੀ ਤਰਫ਼ ਬਾਦਲ ਇੱਕ ਪਲ ਵੀ ਅਜਾਈ ਨਹੀਂ ਦੇਣ ਜਾ ਰਹੇ ਹਨ। ਅੱਜ ਸਰਦੂਲਗੜ੍ਹ ਦੀ ਚੋਣ ਰੈਲੀ ਵਿਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੇ ਬਾਦਲਾਂ ਖ਼ਿਲਾਫ਼ ਪੂਰਾ ਤਾਣ ਲਾ ਦਿੱਤਾ। ਇੱਥੋਂ ਤੱਕ ਕਿ ਸੁਖਬੀਰ ਬਾਦਲ ਨੂੰ ਦੂਸਰਾ ਜਨਰਲ ਡਾਇਰ ਦੱਸਿਆ। ਰੈਲੀ ਵਿਚ ਪੁੱਜੇ ਲੋਕ ਉਮੀਦ ਕਰਨ ਲੱਗੇ ਕਿ ਹੁਣ ਵੱਡਾ ਰਾਜਾ ਦਿਖਾਏਗਾ ਰੰਗ।
                 ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਰਵਾਇਤੀ ਭਾਸ਼ਨ ਦਿੱਤਾ ਅਤੇ ਬੇਅਦਬੀ ਦੇ ਮਾਮਲੇ ’ਤੇ ਕਿਸੇ ਨੂੰ ਨਾ ਬਖ਼ਸ਼ਣ ਦੀ ਗੱਲ ਆਖੀ। ਜਦੋਂ ਭਾਸ਼ਨ ਖਤਮ ਹੋਇਆ ਕਿ ਕਈ ਆਖਦੇ ਸੁਣੇ ਗਏ ਕਿ ਦਾਲ ਵਿਚ ਕੁਝ ਕਾਲਾ ਜਾਪਦਾ ਹੈ। ਚੋਣ ਰੈਲੀਆਂ ਵਿਚ ਅਮਰਿੰਦਰ ਸਿੰਘ ਨੇ ਗਠਜੋੜ ਸਰਕਾਰ ਦੀਆਂ ਨਕਾਮੀਆਂ ਦਾ ਜ਼ਿਕਰ ਕੀਤਾ ਅਤੇ ਮੋਦੀ ਸਰਕਾਰ ’ਤੇ ਚਰਚਾ ਕੀਤੀ ਪ੍ਰੰਤੂ ਬਾਦਲਾਂ ਪ੍ਰਤੀ ਪੁਰਾਣੀ ਸੁਰ ਗਾਇਬ ਦਿੱਖੀ। ਕੈਪਟਨ ਅਮਰਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਦਿਨ ਐਲਾਨ ਕੀਤਾ ਸੀ ਕਿ ਉਹ ਦੋ ਦੋ ਦਿਨ ਬਠਿੰਡਾ ਤੇ ਫਿਰੋਜ਼ਪੁਰ ਵਿਚ ਡੇਰੇ ਲਾਉਣਗੇ। ਪਤਾ ਲੱਗਾ ਹੈ ਕਿ ਉਮੀਦਵਾਰ ਰਾਜਾ ਵੜਿੰਗ ਅੰਦਰੋਂ ਅੰਦਰੀ ਬੇਵੱਸ ਜਾਪਦੇ ਹਨ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਤਾਂ ਪਹਿਲਾਂ ਹੀ ਪ੍ਰਚਾਰ ਕਰ ਰਹੇ ਹਨ ਕਿ ਵੱਡੇ ਘਰਾਣੇ ਆਪਸ ਵਿਚ ਮਿਲ ਕੇ ਮੈਚ ਖੇਡ ਰਹੇ ਹਨ।
                                      ਨਹੀਂ ਕਰਨਗੇ ਰੋਡ ਸ਼ੋਅ
ਸੂਤਰ ਦੱਸਦੇ ਹਨ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਧਰੇ ਵੀ ਕੋਈ ਰੋਡ ਸ਼ੋਅ ਨਹੀਂ ਕਰਨਗੇ। ਦੱਸਦੇ ਹਨ ਕਿ ਉਨ੍ਹਾਂ ਤੋਂ ਜਿਆਦਾ ਸਮਾਂ ਖੜ੍ਹਾ ਨਹੀਂ ਜਾਂਦਾ ਹੈ ਜਿਸ ਕਰਕੇ ਉਹ ਰੋਡ ਸ਼ੋਅ ਤੋਂ ਪਾਸਾ ਹੀ ਵੱਟਣਗੇ। ਬਠਿੰਡਾ ਦੇ ਰੋਡ ਸ਼ੋਅ ਤੋਂ ਕਿਨਾਰਾ ਕੀਤੇ ਜਾਣ ਦਾ ਵੀ ਇਹੋ ਕਾਰਨ ਹੀ ਦੱਸਿਆ ਜਾ ਰਿਹਾ ਹੈ।



1 comment:

  1. ਬਾਈ ਜੀ ਕੈਪਟੈਨ ਤੇ ਬਾਦਲ ਵਿਚੋ ਰਲੇ ਹੋਏ ਹਨ ਤੇ ਇਹ 2 ਜਾਣੇ ਹੀ ਦਿਲੀ ਵਿਚ ਇੰਡੀਆ ਦੇ bosses ਨੂ ਮਨਜੂਰ ਹਨ. ਇਹ ਦੇਵੋ ਜਾਣੇ ਲੋਕਾ ਨੂ ਮੂਰਖ ਬਣਾਓਣ ਦੇ ਮਾਰੇ ਬਿਆਨ ਦਿੰਦੇ ਰਹਿੰਦੇ ਹਨ ਤੇ ਇੱਕ ਦੂਜੇ ਨਾਲ game ਖੇਡੀ ਹੰਦੇ ਹਨ. ਜੇ ਬਾਦਲ 84 ਵਰਤਦਾ ਹੈ ਤਾ ਹੁਣ ਕੈਪਟੈਨ ਨੂ ਬਰਗਾੜੀ ਲਭ ਗਈ. ਬਿੱਟੂ ਜਲਾਲਾਬਾਦ ਜਾ ਕੇ ਭਗਵੰਤ ਮਾਨ ਦੀਆਂ ਵੋਟਾ ਤੋੜ ਆਇਆ ਤੇ ਕੈਪਟੈਨ ਨੇ ਜਾ ਲਬੀ ਵਿਚ ਬਾਦਲ ਦੀ ਮਦਦ ਕਰ ਦਿਤੀ. ਵਿਚੋ ਦੋਨੇ ਘਿਓ ਖਿਚੜੀ ਹਨ
    ਉਧਰ ਅਬੋਹਰ, ਜਲਾਲਾਬਾਦ, ਬੱਲੂਆਨਾ, ਸ਼੍ਰੀ ਮੁਕਤਸਰ ਸਾਹਿਬ ਵਿਚ ਸੁਖਬੀਰ ਦਾ ਜੋਰ ਬਹੁਤ ਹੈ - ਇਸ ਦੇ ਕਾਲੀ ਜਥੇਦਾਰਾ ਦਾ ਹਾਲੇ ਹੀ ਪ੍ਰਸ਼ਾਸਨ ਤੇ ਪੂਰਾ ਜੋਰ ਹੈ - ਕੋਈ ਵੀ ਪਟਵਾਰੀ, ਥਾਣੇ ਵਿਚ ਕਮ ਉਨਾ ਦੇ ਕਹੇ ਤੋ ਸਵਾਏ ਨਹੀ ਹੁੰਦੇ - ਇਥੇ ਕਾਲੀ ਤੇ congi ਰਲ ਕੇ ਇੱਕ ਦੂਜੇ ਨੂ ਵੋਟਾ ਪਵਾਓਦੇ ਹਨ - ਰਿਸ਼ਤੇਦਾਰੀ ਵਿਚ ਇੱਕ ਜਾਣਾ ਕਾਲੀ ਤੇ ਦੂਜਾ congi - ਇਥੋ 99.99% ਚਾੰਸ ਹੈ ਕਿ ਛੋਟਾ ਬਾਦਲ ਹੀ ਜਿਤੇਗਾ!! ਘੁਬਾਇਆ ਨੂ ਲੋਕ ਇਥੇ ਨਹੀ ਜਾਣਦੇ ਅਤੇ ਇਥੇ ਲੋਕਾ ਨੂ ਬਰਗਾੜੀ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਬਹੁਤੀ ਦਿਲਚਸਪੀ ਨਹੀ ਹੈ -ਪਗਾ ਜਰੂਰ ਬਨੀਆ ਹਨ - ਪਰ ਵਿਚੋ ਜਮੀਰ ਮਰੀ ਵਾਲੇ ਲੋਕ ਹਨ!!!

    ReplyDelete