Tuesday, May 21, 2019

                       ਨਵੀਂ ਕਪਤਾਨੀ
ਮਜੀਠੀਆ ਕੀ ਜਾਣੇ ਬਾਬੇ ਦੀਆਂ ਬਾਤਾਂ !
                       ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਸੰਸਦੀ ਹਲਕੇ ਦੀ ਚੋਣ ਐਤਕੀਂ ਸਾਬਕਾ ਵਜ਼ੀਰ ਬਿਕਰਮ ਸਿੰਘ ਮਜੀਠੀਆ ਲਈ ਵੱਧ ਵਕਾਰੀ ਜਾਪਦੀ ਹੈ, ਨਾ ਕਿ ਵੱਡੇ ਬਾਦਲ ਲਈ। ਜਦੋਂ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਅਤੇ ਦੂਜੀ ਵਾਰ ਚੋਣ ਲੜੀ ਸੀ ਤਾਂ ਉਦੋਂ ਕਮਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਹੁੰਦੀ ਸੀ। ਐਤਕੀਂ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਦੀ ਕਮਾਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲ ਰਹੀ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਹਲਕੇ ਤੋਂ ਵੱਧ ਸਮਾਂ ਬਠਿੰਡਾ ਹਲਕੇ ਨੂੰ ਦਿੱਤਾ ਹੈ। ਵੱਡੇ ਬਾਦਲ ਇਸ ਵਾਰ ਚੋਣ ਪ੍ਰਚਾਰ ਦੇ ਮੋਹਰੀ ਸੀਨ ਤੋਂ ਕੰਨੀ ’ਤੇ ਨਜ਼ਰ ਆਏ ਜੋ ਪਹਿਲਾਂ ਦਿਨ ਰਾਤ ਚੋਣ ਪ੍ਰਚਾਰ ’ਚ ਜੁਟਦੇ ਰਹੇ ਹਨ। ਫਸੇ ਗੱਡੇ ਕਿਵੇਂ ਕੱਢਣੇ ਨੇ, ਵੱਡੇ ਬਾਦਲ ਤੋਂ ਵੱਧ ਕੋਈ ਨਹੀਂ ਜਾਣਦਾ।  ਬਠਿੰਡਾ ਹਲਕੇ ’ਚ ਨਵੀਂ ਚਰਚੇ ਛਿੜੇ ਹਨ ਕਿ ਵੱਡੇ ਬਾਦਲ ਪਹਿਲਾਂ ਵਾਂਗ ਬਠਿੰਡਾ ਚੋਣ ਵਿਚ ਪੱਬਾਂ ਭਾਰ ਕਿਉਂ ਨਹੀਂ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਾਦਗੀ ਪੱਤਰ ਦਾਖਲ ਕਰਨ ਬਠਿੰਡਾ ਆਏ ਸਨ ਤੇ ਉਸ ਦਿਨ ਉਹ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਨੂੰ ਵੀ ਮਿਲੇ ਸਨ। ਉਸ ਮਗਰੋਂ ਵੱਡੇ ਬਾਦਲ ਬਠਿੰਡਾ ਅਤੇ ਮਾਨਸਾ ਸ਼ਹਿਰ ਵਿਚ ਕਿਤੇ ਵੀ ਨਜ਼ਰ ਨਹੀਂ ਪਏ।
                ਹਾਲਾਂਕਿ ਇਨ੍ਹਾਂ ਸ਼ਹਿਰਾਂ ਦੇ ਹਿੰਦੂ ਭਾਈਚਾਰੇ ’ਚ ਵੱਡੇ ਬਾਦਲ ਦੀ ਗੱਲ ਸੁਣੀ ਜਾਂਦੀ ਹੈ। ਜਦੋਂ ਵਿਹਲ ਮਿਲੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਜਲਸਿਆਂ ਨੂੰ ਹੀ ਸੰਬੋਧਨ ਕੀਤਾ। ਵੱਡੇ ਬਾਦਲ ਅਤੇ ਸੁਖਬੀਰ ਬਾਦਲ ਤੋਂ ਵੱਧ ਸਮਾਂ ਮਜੀਠੀਆਂ ਨੇ ਬਠਿੰਡਾ ਹਲਕੇ ਵਿਚ ਦਿੱਤਾ। ਭਾਵੇਂ ਵੱਡੇ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ ਅਗੇਤੀ ਮੁਹਿੰਮ ਵਿੱਢੀ ਸੀ ਪ੍ਰੰਤੂ ਪੁਰਾਣੀ ਭੂਮਿਕਾ ਵਿਚ ਐਤਕੀਂ ਉਹ ਨਜ਼ਰ ਨਹੀਂ ਆਏ। ਪਿੰਡਾਂ ਵਿਚ ਵੀ ਆਖਰੀ ਪੜਾਅ ’ਤੇ ਕੁਝ ਦਿਨ ਚੋਣ ਜਲਸੇ ਕੀਤੇ। ਵੱਡੀ ਚਰਚਾ ਇਹ ਵੀ ਹੈ ਕਿ ਵੱਡੇ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਕਿਤੇ ਵੀ ਇੱਕ ਸਿਆਸੀ ਸਟੇਜ ਤੇ ਇਕੱਠੇ ਨਜ਼ਰ ਨਹੀਂ ਪਏ। ਦੱਸਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੀ ਮਜੀਠੀਆ ਕਿਤੇ ਅੱਗੇ ਨਹੀਂ ਦਿਖੇ ਜਿਸ ’ਚ ਵੱਡੇ ਬਾਦਲ ਸਟੇਜ ’ਤੇ ਸਨ।  ਹੁਣ ਜਦੋਂ ਮਜੀਠੀਆ ਦੇ ਹੱਥ ਕਮਾਨ ਰਹੀ ਹੈ ਤਾਂ ਚੋਣ ਨਤੀਜੇ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਣਾ ਸੁਭਾਵਿਕ ਹੈ। ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਉਸ ਨੇ ਵੋਟਰਾਂ ਨਾਲ ਜਿਆਦਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ।
                ਇਹ ਗੱਲ ਸਮਝੋ ਬਾਹਰ ਹੈ ਕਿ ਦਿਨ ਰਾਤ ਪ੍ਰਚਾਰ ’ਚ ਜੁਟਣ ਮਗਰੋਂ ਵੋਟਾਂ ਵਾਲੇ ਦਿਨ ਹਰਸਿਮਰਤ ਕੌਰ ਬਾਦਲ ਪੂਰਾ ਦਿਨ ਕਿਸੇ ਵੀ ਪੋਲਿੰਗ ਬੂਥ ’ਤੇ ਗੇੜਾ ਮਾਰਨ ਨਹੀਂ ਆਏ। ਤਲਵੰਡੀ ਸਾਬੋ ਅਤੇ ਬੁਢਲਾਡਾ ਵਿਚ ਹਿੰਸਕ ਘਟਨਾਵਾਂ ਵੀ ਵਾਪਰੀਆਂ, ਉਥੇ ਵੀ ਉਹ ਨਹੀਂ ਪੁੱਜੇ। ਜਦੋਂ ਕਿ ਵੋਟਾਂ ਤੋਂ ਇੱਕ ਦਿਨ ਪਹਿਲਾਂ ਉਹ ਗੁਰੂਸਰ ਸੈਣੇਵਾਲਾ ਦੇ ਜ਼ਖਮੀ ਹੋਏ ਅਕਾਲੀ ਵਰਕਰ ਦਾ ਹਾਲ ਚਾਲ ਪੁੱਛਣ ਬਠਿੰਡਾ ਹਸਪਤਾਲ ਵਿਚ ਪੁੱਜੇ ਸਨ। ਵੋਟਾਂ ਵਾਲਾ ਦਿਨ ਹਰਸਿਮਰਤ ਕੌਰ ਬਾਦਲ ਨੇ ਘਰ ਹੀ ਬਿਤਾਇਆ ਜਦੋਂ ਕਿ ਬਾਕੀ ਉਮੀਦਵਾਰਾਂ ਨੇ ਪੋਲਿੰਗ ਬੂਥਾਂ ’ਤੇ ਗੇੜਾ ਰੱਖਿਆ। ਸੁਖਬੀਰ ਸਿੰਘ ਬਾਦਲ ਵੀ ਪੋਲਿੰਗ ਵਾਲੇ ਦਿਨ ਪਿੰਡ ਬਾਦਲ ਵਿਚ ਹੀ ਰਹੇ। ਬਾਦਲ ਪਰਿਵਾਰ ਨੇ ਪਿੰਡ ਬਾਦਲ ਵਿਚ ਵੋਟਾਂ ਪਾਈਆਂ ਅਤੇ ਉਸ ਮਗਰੋਂ ਉਨ੍ਹਾਂ ਨੇ ਕਿਸੇ ਵੀ ਬੂਥ ’ਤੇ ਜਾਇਜ਼ਾ ਨਹੀਂ ਲਿਆ। ਅਸੈਂਬਲੀ ਹਲਕਿਆਂ ਦੇ ਅਕਾਲੀ ਆਗੂ ਵੀ ਇਸ ਗੱਲੋਂ ਕਾਫ਼ੀ ਹੈਰਾਨ ਹਨ ਅਤੇ ਉਹ ਵੀ ਸ਼ਸ਼ੋਪੰਜ ਵਿਚ ਪਏ ਹੋਏ ਹਨ।         
                                   ਵੱਡੀ ਉਮਰ ਦਾ ਚੋਣ ਪ੍ਰਚਾਰ ’ਤੇ ਅਸਰ : ਸਿੰਗਲਾ
ਸਾਬਕਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਕਹਿਣਾ ਹੈ ਕਿ ਵੱਡੇ ਬਾਦਲ ਦੀ ਹੁਣ ਉਮਰ ਕਾਫੀ ਹੋ ਗਈ ਹੈ ਜਿਸ ਕਰਕੇ ਉਨ੍ਹਾਂ ਨੇ ਉਮਰ ਦੇ ਲਿਹਾਜ਼ ਨਾਲ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਹਰਸਿਮਰਤ ਬਾਦਲ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਆਉਣਾ ਚਾਹੁੰਦੇ ਸਨ ਪੰ੍ਰਤੂ ਉਨ੍ਹਾਂ ਨੇ ਰੋਕ ਦਿੱਤਾ ਕਿਉਂਕਿ ਭੁਗਤਾਨ ਦਾ ਕੰਮ ਤੇਜ਼ੀ ਨਾਲ ਚੱਲ ਹੀ ਰਿਹਾ ਸੀ।



No comments:

Post a Comment