Tuesday, May 7, 2019

                               ਰਿਸਦੇ ਜ਼ਖ਼ਮ
                 ਮੁੱਕ ਚੱਲੀ ਸਾਹਾਂ ਦੀ ਪੂੰਜੀ 
                              ਚਰਨਜੀਤ ਭੁੱਲਰ
ਬਠਿੰਡਾ : ਵਿਧਵਾ ਸੁਖਵਿੰਦਰ ਕੌਰ ਪੰਜਾਬ ਦੇ ਖੇਤਾਂ ਦਾ ਰਿਸਦਾ ਜ਼ਖ਼ਮ ਹੈ। ਇੱਕ ਰਸਦੇ ਵਸਦੇ ਕਾਮੇ ਪਰਿਵਾਰ ਦੀ ਨੂੰਹ ਕੋਲ ਸਿਰਫ਼ ਸਾਹਾਂ ਦੀ ਪੂੰਜੀ ਬਚੀ ਹੈ।  ਉਹ ਕਿਸਾਨ ਪਤੀ ਨੂੰ ਗੁਆ ਚੁੱਕੀ ਹੈ। ਜਦੋਂ ਕਿ ਨੌਜਵਾਨ ਪੁੱਤ ਸੁੱਧ ਬੁੱਧ ਗੁਆ ਬੈਠੇ ਹਨ। ਜੋ ਪਰਿਵਾਰ ਖੇਤਾਂ ਦਾ ਹੀਰੋ ਸੀ, ਹੁਣ ਜ਼ੀਰੋ ਹੋ ਚੁੱਕਾ ਹੈ। ‘ਰੱਬ ਆਸਰਾ’ ਆਸ਼ਰਮ ਨੇ ਇਸ ਬਜ਼ੁਰਗ ਅੌਰਤ ਅਤੇ ਉਸ ਦੇ ਦੋ ਪੁੱਤਾਂ ਨੂੰ ਢੋਈ ਦਿੱਤੀ ਹੈ। ਸੁਖਵਿੰਦਰ ਕੌਰ ਇਕੱਲੀ ਨਹੀਂ, ਜਵਾਨ ਪੁੱਤ ਦੀ ਡਿਪਰੈਸ਼ਨ ’ਚ ਹਨ। ਮੋਗਾ ਦੇ ਪਿੰਡ ਮਾਹਲਾ ਖੁਰਦ ਦੇ ਖੇਤਾਂ ’ਚ ਇੱਕ ਕਮਰੇ ’ਚ ਤਿੰਨੋਂ ਜੀਅ ਕਈ ਮਹੀਨਿਆਂ ਤੋਂ ਬੇਸੁਧੀ ਵਿਚ ਪਏ ਰਹੇ ਜਿਨ੍ਹਾਂ ਤੋਂ ਪਿੰਡ ਵਾਸੀ ਵੀ ਅਣਜਾਣ ਸਨ। ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਜਦੋਂ ਭਿਣਕ ਪਈ ਤਾਂ ਉਨ੍ਹਾਂ ਪਹਿਲਾਂ ਖੁਦ ਹੰਭਲਾ ਮਾਰਿਆ। ਮਗਰੋਂ ਆਸ਼ਰਮ ਵਿਚ ਛੱਡ ਆਏ।ਪੰਜਾਬ ਦੀ ਕਿਸਾਨੀ ਦੀ ਜਨਮ ਕੁੰਡਲੀ ਦੱਸਣ ਲਈ ਅਰਧ ਪਾਗਲ ਅਵਸਥਾ ਵਿੱਚ ਪੁੱਜੇ ਇਹ ਤਿੰਨੋਂ ਜੀਅ ਕਾਫ਼ੀ ਹਨ। ਪਿਛਾਂਹ ਵੇਖਦੇ ਹਾਂ ਕਿ ਜਦੋਂ ਸੁਖਵਿੰਦਰ ਕੌਰ ਵਿਆਹ ਕੇ ਪਿੰਡ ਮਾਹਲਾ ਖੁਰਦ ਪੁੱਜੀ। ਉਦੋਂ ਪਿੰਡ ’ਚ ਉਸ ਦੇ ਸਹੁਰਿਆਂ ਨੂੰ ‘ਕਾਮੇ ਪਰਿਵਾਰ’ ਦਾ ਦਰਜਾ ਮਿਲਿਆ ਹੋਇਆ ਸੀ। ਖੇਤਾਂ ’ਚ ਕਮਾਈ ਕਰਨ ਤੋਂ ਬਿਨਾਂ ਇਸ ਪਰਿਵਾਰ ਨੂੰ ਹੋਰ ਕੁਝ ਨਹੀਂ ਆਉਂਦਾ ਸੀ। ਬਜ਼ੁਰਗ ਸੁਖਵਿੰਦਰ ਕੌਰ ਦੇ ਪਤੀ ਜੋਗਿੰਦਰ ਸਿੰਘ ਦੇ ਹਿੱਸੇ ਤਿੰਨ ਏਕੜ ਜ਼ਮੀਨ ਆਈ।
                 ਜਦੋਂ ਖੇਤਾਂ ਚੋਂ ਕੁਝ ਬਚਦਾ ਨਾ ਦਿਖਿਆ ਤਾਂ ਉਸ ਨੇ ਪੂਰੀ ਜ਼ਮੀਨ ਵੇਚ ਯੂ.ਪੀ ’ਚ ਜ਼ਮੀਨ ਬਣਾ ਲਈ। ਕਰਜ਼ ਉਸ ਦੇ ਪਿੱਛੇ ਪਿਛੇ ਚਲਾ ਗਿਆ। ਅਖੀਰ ਉਥੇ ਫਲੱਡਾਂ ਦੀ ਮਾਰ ਪੈਂਦੀ ਰਹੀ, ਸਭ ਕੁਝ ਵਿਕ ਗਿਆ। ਕਰੀਬ ਗਿਆਰਾਂ ਸਾਲ ਯੂ.ਪੀ ’ਚ ਰਹੇ। ਸ਼ਾਹੂਕਾਰਾਂ ਨੇ ਉਨ੍ਹਾਂ ਨੂੰ ਕਿਤੇ ਪੈਰ ਨਾ ਪੁੱਟਣ ਦਿੱਤਾ। ਮਾਹਲਾ ਖੁਰਦ ਦੇ ਮੋਹਤਬਰ ਖੁਦ ਗਏ। ਉਨ੍ਹਾਂ ਨੂੰ ਸ਼ਾਹੂਕਾਰਾਂ ਦੇ ਜਾਲ ਚੋਂ ਕੱਢ ਕੇ ਲੈ ਆਏ। ਉਦੋਂ ਉਨ੍ਹਾਂ ਦੇ ਤਨ ਦੇ ਕੱਪੜੇ ਹੀ ਪ੍ਰਾਪਰਟੀ ਸਨ। ਦਬਾਓ ’ਚ ਕਿਸਾਨ ਜੋਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ, ਉਹ ਫੌਤ ਹੋ ਗਿਆ। ਵਿਧਵਾ ਸੁਖਵਿੰਦਰ ਕੌਰ ਨੂੰ ਪਿੰਡ ਨੇ ਕਿਤੇ ਇੱਕ ਕਮਰੇ ਬਣਾ ਕੇ ਦੇ ਦਿੱਤਾ। ਇੱਕ ਮੁੰਡਾ ਪਾਲਾ ਸਿੰਘ ਪਿੰਡ ’ਚ ਦਿਹਾੜੀ ਕਰਨ ਲੱਗਾ। ਕੁਝ ਲੋਕਾਂ ਨੇ ਮਜਬੂਰੀ ਦਾ ਖੂਬ ਫਾਇਦਾ ਉਠਾਇਆ। ਦੂਸਰੇ ਲੜਕੇ ਜਸਪ੍ਰੀਤ ਨੂੰ ਮਿਰਗੀ ਦੇ ਦੌਰੇ ਪੈਣ ਲੱਗੇ। ਸਮੇਂ ਦਾ ਚੱਕਰ ਤੇਜ਼ੀ ਨਾਲ ਘੁੰਮਿਆ ਕਿ ਤਿੰਨੋਂ ਜੀਅ ਗੁੰਮਨਾਮੀ ਵਿਚ ਚਲੇ ਗਏ। ਅਖੀਰਲੇ ਸਮੇਂ ਇੱਕ ਕਮਰੇ ’ਚ ਇਹ ਸੁੱਧ ਬੁੱਧ ਖੋਹੀ ਪਏ ਸਨ। ਘਸਮੈਲੇ ਕੱਪੜੇ ਤੇ ਵਧੇ ਨਹੁੰ, ਬੁਰੇ ਹਾਲ ’ਚ ਪਏ ਸਨ। ਕੋਈ ਖਾਣ ਨੂੰ ਦੇ ਦਿੰਦਾ ਤਾਂ ਖਾ ਲੈਂਦੇ ਸਨ।
         ਮਾਹਲਾ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੇ ਵੇਲਿਆਂ ’ਚ ਇਹ ਪਰਿਵਾਰ ਕਾਮਾ ਸੀ। ਖੇਤੀ ਦੇ ਸੰਕਟਾਂ ਨੇ ਪਰਿਵਾਰ ਦੇ ਕਿਤੇ ਪੈਰ ਲੱਗਣ ਨਹੀਂ ਦਿੱਤੇ। ਜਦੋਂ ਉਨ੍ਹਾਂ ਨੂੰ ਤਿੰਨੋਂ ਜੀਆਂ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਉਪਰਾਲਾ ਕੀਤਾ, ਫਿਰ ‘ਰੱਬ ਆਸਰਾ’ ਆਸ਼ਰਮ ਵਿਚ ਛੱਡ ਆਏ। ਰਾਮਪੁਰਾ ਕੋਲ ਚੱਲ ਰਹੇ ‘ਰੱਬ ਆਸਰਾ’ ਆਸ਼ਰਮ ਦੇ ਸੰਚਾਲਕ ਬਾਬਾ ਹਰਜੀਤ ਸਿੰਘ ਢਪਾਲੀ ਨੇ ਦੱਸਿਆ ਕਿ ਕਰੀਬ ਗਿਆਰਾਂ ਵਰ੍ਹਿਆਂ ਤੋਂ ਉਹ ਦੋਵੇਂ ਲੜਕਿਆਂ ਅਤੇ ਮਾਈ ਦਾ ਇਲਾਜ ਕਰਾ ਰਹੇ ਹਨ ਜੋ ਪਹਿਲਾਂ ਤਾਂ ਗੰਭੀਰ ਡਿਪਰੈਸ਼ਨ ਦਾ ਸ਼ਿਕਾਰ ਸਨ, ਹੁਣ ਥੋੜਾ ਬੋਲਣ ਲੱਗੇ ਹਨ। ਇਲਾਜ ਲੁਧਿਆਣਾ ਤੋਂ ਚੱਲ ਰਿਹਾ ਹੈ।  ਚੋਣਾਂ ’ਚ ਕਿਸਾਨੀ ਦੇ ਜੋ ਸਿਆਸੀ ਗਾਰਡ ਹੋਣ ਦਾ ਰੌਲਾ ਪਾ ਰਹੇ ਹਨ, ਉਹ ਵਿਧਵਾ ਸੁਖਵਿੰਦਰ ਕੌਰ ਦੇ ਦੁੱਖਾਂ ਦੀ ਪੰਡ ਜਰੂਰ ਫਰੋਲਣ। ਸੁਖਵਿੰਦਰ ਕੌਰ ਇਕੱਲੀ ਨਹੀਂ, ਮਾਲਵਾ ਖ਼ਿੱਤੇ ਦੀ ਕਿਸਾਨੀ ਦਾ ਵੱਡਾ ਹਿੱਸਾ ਡਿਪਰੈਸ਼ਨ ਦਾ ਸ਼ਿਕਾਰ ਹੈ। ਹੋਰ ਆਸ਼ਰਮਾਂ ਵਿਚ ਵੀ ਏਦਾਂ ਦੇ ਕੇਸ ਜਰੂਰ ਹੋਣਗੇ।
                                    ਛੋਟੀ ਕਿਸਾਨੀ ਤਣਾਓ ’ਚ : ਨਿਧੀ ਗੁਪਤਾ
ਮਾਨਸਿਕ ਰੋਗਾਂ ਦੀ ਮਾਹਿਰ ਡਾਕਟਰ ਨਿਧੀ ਗੁਪਤਾ ਬਠਿੰਡਾ ਦਾ ਪ੍ਰਤੀਕਰਮ ਸੀ ਕਿ ਹੁਣ ਮਾਲਵੇਂ ਦੀ ਛੋਟੀ ਕਿਸਾਨੀ ’ਚ ਡਿਪਰੈਸ਼ਨ ਆਮ ਹੋ ਗਿਆ ਹੈ ਅਤੇ ਖਾਸ ਕਰਕੇ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਦੇ ਕੇਸਾਂ ਦੀ ਦਰ ਵਧੀ ਹੈ। ਬਹੁਤੇ ਕਿਸਾਨ ਇਹੋ ਦੱਸਦੇ ਹਨ ਕਿ ਹੁਣ ਕਰਜ਼ ਮੋੜਨਾ ਵਸ ’ਚ ਨਹੀਂ ਰਿਹਾ, ਜਿਸ ਕਰਕੇ ਡਿਪਰੈਸ਼ਨ ਦੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇੱਕ ਵਾਰੀ ਚਿੱਟੀ ਮੱਖੀ ਨੇ ਫਸਲ ਤਬਾਹ ਕਰ ਦਿੱਤੀ ਸੀ ਤਾਂ ਉਦੋਂ ਵੀ ਡਿਪਰੈਸ਼ਨ ਦੇ ਕੇਸਾਂ ਦੀ ਗਿਣਤੀ ਕਾਫ਼ੀ ਵਧੀ ਸੀ।
     

2 comments:

  1. ਦੇਸ਼ ਇਨਾ ਵਾਸਤੇ ਅਜਾਦ ਹੀ ਨਹੀ ਹੋਇਆ. ਇਸ ਨਾਲੋ ਤਾ ਜੇ ਗੋਰੇ ਰਹਿ ਜਾਂਦੇ ਤਾ ਸਾਇਦ ਪੰਜਾਬ ਨੂ ਕੈਲੀਫ਼ੋਰਨਿਆ ਬਣਾ ਹੀ ਦਿੰਦੇ ਜਿਵੇ ਉਨਾ ਨੇ ਅਮਰੀਕਾ ਤੇ ਕੈਨੇਡਾ, ਆਸਟ੍ਰੇਲੀਆ ਨੂ ਬਣਾਇਆ ਹੀ ਹੈ!!! ਉਨਾ ਦੇ ਆਓਣ ਤੋ ਪਹਿਲਾ ਪ੍ਰਮਾਤਮਾ ਨੇ ਰਣਜੀਤ ਸਿੰਘ ਤੇ ਮਾਲਵੇ ਦੇ ਰਾਜਿਆ ਨੂ ਸਮਾ ਤਾ ਦਿਤਾ ਸੀ - ਉਨਾ ਨੇ ਕੀ ਕੀਤਾ?
    ਮੁਸਲਮਾਨ ਰਾਜਿਆ ਵਾਲੇ ਕਮ ਕਰਨ ਲਗ ਪਏ ਪਗ ਸ਼ਿਰ ਤੇ ਰਖ ਕੇ. ਇਨਾ ਹੈ ਕਿ ਲੋਕਾ ਨੂ force ਨਹੀ ਕੀਤਾ ਧਰਮ change ਕਰਨ ਲਈ. ਪਰ ਹਿੰਦੁਆ ਨੇ ਕੀ ਕੀਤਾ ਦੇਸ ਅਜਾਦ ਹੋਣ ਤੇ - ਸਾਰਾ ਕੁਝ ਪੰਜਾਬ ਦਾ ਹੜਪ ਕਰ ਲਿਆ, ਪਾਣੀ, ਜਮੀਨ ਤੇ ਕਿਸਾਨਾ ਦਾ ਖੂਨ ਵੀ ਪੀ ਲਿਆ - 9,500,000 ਕਰੋੜ wilful default ਦੇ ਹਨ - ਇਹ ਓਹ ਲੋਕ ਜੋ ਦੇ ਸਕਦੇ ਹਨ ਪਰ ਨਹੀ ਦਿੰਦੇ!!!! ਰਾਗੁ ਰਾਮ ਰਾਜਨ ਨੇ ਮੰਗੇ ਤਾ ਮੋਦੀ ਨੇ ਬਾਹਰ ਕਢ ਕੇ ਮਾਰਿਆ!!! ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਥਲੇ ਮੋਦੀ ਦੁਕਾਨਦਾਰਾ ਨੂ 2 ਕਰੋੜ ਤਕ ਦਾ ਬਿਨਾ ਗਰੰਟੀ ਬਿਨਾ ਕੁਝ ਗਿਰਵੀ ਰਖੇ ਦਿੰਦਾ ਹੈ - 2017 ਤਕ 4 ਲਖ ਕਰੋੜ ਦੇ ਚੁਕਿਆ ਹੈ - ਉਨਾ ਦੀ ਕੁਰਕੀ ਕਿਵੇ ਹੋਵੇਗੀ? ਬੈੰਕ ਕੋਲ ਕੀ ਹੈ ਸਾਧਨ ਪੈਸਾ ਵਾਪਸ ਲੈਣ ਦਾ? ..ਤੇ ਇਥੇ ਅਨਦਾਤਾ ਆਪ ਭੁਖਾ ਮਰ ਰਹਿਆ ਹੈ ..ਲੋਹੜੇ ਵਾਲੀ ਗਲ ਹੀ ਹੈ

    ReplyDelete
  2. ਇੰਡੀਆ ਦੇ ਲੋਕਾ ਦੀ ਜਮੀਰ ਮਰ ਗਈ!!! ਕਿਸਾਨਾ ਦਾ ਖੂਨ ਚੂਸ ਰਹੇ ਹਨ

    ReplyDelete