Sunday, May 19, 2019

                                                            ਵਿਚਲੀ ਗੱਲ  
                             ਜੋ ਚੰਦ ਛਿੱਲੜਾਂ ’ਤੇ ਵਿਕੇ, ਉਨ੍ਹਾਂ ਦਾ ਕੱਖ ਨਾ ਰਹੇ...   
                                                            ਚਰਨਜੀਤ ਭੁੱਲਰ
ਬਠਿੰਡਾ : ਕਿਤੇ ਗਿਲਾਸੀ ਖੜਕੀ ਤੇ ਕਿਤੇ ਗੰਡਾਸੀ। ਟਾਵੀਂ ਟੱਲੀ ਜ਼ਮੀਰ ਵੀ ਧੜਕੀ। ਬਾਬਾ ਪੂਰੀ ਰਾਤ ਨਹੀਂ ਸੁੱਤਾ। ਜਾਗੋ ਮੀਚੀ ਚੋਂ ਉੱਠਿਐ। ਸਿਆਸੀ ਨਰੈਣ ਕਿਵੇਂ ਹਾਬੜੇ ਫਿਰਦੇ ਨੇ। ਰਾਡਾਰ ’ਤੇ ’ਕੱਲੀ ’ਕੱਲੀ ਕੀੜੀ ਦਾ ਘਰ ਐ। ਫਕੀਰ ਦੀ ਹੀਰ ਫਿਰ ਲੁੱਟੀ ਜਾਊ। ਕਿਵੇਂ ਸਮਝਾਏ ਕੋਈ ਕਿ ਈਦ ਰੋਜ਼ ਨਹੀਂ ਹੁੰਦੀ। ਬਾਬੇ ਦੀ ਤਾਹੀਂ ਅੱਖ ਨਹੀਂ ਲੱਗੀ। ਹੱਦੋਂ ਵੱਧ ਪ੍ਰੇਸ਼ਾਨ ਹੈ, ਵਾਲ ਐਵੇਂ ਧੁੱਪ ਨਾਲ ਚਿੱਟੇ ਨਹੀਂ ਹੋਏ। ਅੌਲਾਦ ਤੋਂ ਤਪਿਆ ਪਿਐ। ਅੌਖ ’ਚ ਫਿਰ ਮੰਜੀ ’ਤੇ ਟੇਢਾ ਹੋਇਐ। ਜਦੋਂ ਮੇਲਾ ਲੁੱਟਣਾ ਹੋਵੇ, ਉਦੋਂ ਹਰ ਨਰੈਣ ਭੱਜਦੈ। ਚੰਦ ਘੰਟੇ ਬਾਕੀ ਜੋ ਬਚੇ ਨੇ। ਪ੍ਰਾਹੁਣੇ ਨੂੰ ਫਿਰ ਕੀਹਨੇ ਪੁੱਛਣੈ। ਫੁੱਫੜ ਕੀ ਜਾਣਨ, ਲੰਬੜਾਂ ਦੀਆਂ ਚਾਲਾਂ। ਲੋਕ ਰਾਜ ਦੇ ਇੱਕ ਦਿਨ ਦੇ ਪ੍ਰਾਹੁਣੇ ਕੋਲ ਸਿਰਫ਼ ਚੰਦ ਘੰਟੇ ਬਚੇ ਹਨ। ਲੋਕ ਰਾਜ ਦਾ ਅੱਜ ਵੱਡਾ ਮੇਲਾ ਹੈ। ਮੇਲਾ ਲੁੱਟਣ ਲਈ, ਨਰੈਣ ਬੁਰੇ ਦੇ ਘਰ ਤੱਕ ਵੀ ਜਾਂਦੇ ਨੇ। ਬੁੱਤਾਂ ’ਚ ਕਿਤੇ ਜਾਨ ਹੁੰਦੀ। ਉਹ ਫਿਰ ਟੁੱਟਦੇ ਨਾ, ਗਲ਼ਾਂ ਨੂੰ ਹੱਥ ਪਾਉਂਦੇ। ਨਾ ‘ਚੌਕੀਦਾਰ’ ਦਾ ਲਿਹਾਜ਼ ਕਰਦੇ। ‘ਦੀਦੀ’ ਨੂੰ ਵੀ ਦੱਸਦੇ ਅੌਕਾਤ । ਵਿੱਦਿਆਸਾਗਰ ਦੀ ਰੂਹ ਬਹੁਤ ਕਲਪੀ ਹੋਊ। ਜਿਸ ਬੰਗਾਲ ਲਈ ਲਾਲਟੈਨ ਬਣਿਆ। ਉਥੇ ਬੁੱਤ ਵੀ ਝੱਲਿਆ ਨਹੀਂ ਗਿਆ। ਬਾਬੇ ਨੇ ਪਾਸਾ ਲਿਐ ਤੇ ਬੋਲਿਐ.. ‘ਮੈਂ ਤਾਂ ਹਰ ਨਰੈਣ ਝੱਲਿਐ’। ਸੌ ਜਾਓ ਬਜ਼ੁਰਗੋ, ਅੱਜ ਨਾ ਬੋਲੋ। ਸੁਲੱਖਣੀ ਘੜੀ ਹੈ, ਅੱਜ ਤਾਂ ਸ਼ੁੱਭ ਸ਼ੁੱਭ ਬੋਲੋ। ਪ੍ਰਾਹੁਣਿਓ, ਨਰੈਣੂ ਦੇ ਚੇਲੇ ਅੱਜ ਆਉਣਗੇ। ਕਿਸੇ ਨੂੰ ਗੱਡੀ ’ਚ ਬਿਠਾ ਕੇ। ਕਿਸੇ ਨੂੰ ਮੰਜੇ ’ਤੇ ਪਾ ਕੇ। ਕਿਸੇ ਨੂੰ ਕੰਧਾੜੇ ਚੜਾ ਕੇ, ਧੁਰ ਬੂਥ ਤੱਕ ਲੈ ਕੇ ਜਾਣਗੇ।
                 ਚੇਤੇ ਰੱਖੀ, ਅੱਜ ਭੁੱਲੀ ਨਾ। ਨਰੈਣ ਦੇ ਗੁਮਾਸ਼ਤੇ ਘੱਟ ਚਾਲੂ ਨਹੀਂ। ਰਾਤ ਤੇਰੀ ਵੋਟ ਦਾ ਨਹੀਂ, ਜ਼ਮੀਰ ਦਾ ਮੁੱਲ ਲਾਇਆ। ਜੋ ਨੋਟ ਤੇਰੀ ਜੇਬ ਚੋਂ ਕੱਢਿਆ ਸੀ, ਉਹੀ ਤੇਰੀ ਜੇਬ ’ਚ ਪਾਇਐ। ਕਬਾੜੀਏ ਵੀ ਇਨ੍ਹਾਂ ਤੋਂ ਸੌ ਗੁਣਾ ਚੰਗੇ ਨੇ ਜੋ ਖਾਲੀ ਬੋਤਲਾਂ ਖ੍ਰੀਦਦੇ ਨੇ, ਜ਼ਮੀਰਾਂ ਨਹੀਂ। ਭੁੱਲਜਾ ਰਾਤ ਦੇ ਨਸ਼ੇ ਨੂੰ। ਅੱਜ ਤਾਂ ਨਾਨਕ ਦੇ ਖੁਮਾਰ ’ਚ ਆ। ਆਪੋ ਆਪਣਾ ਇਸ਼ਟ ਧਿਆ ਕੇ, ਅਲਖ ਜਗਾ ਕੇ, ਬਿਰਤੀ ਲਾ ਕੇ, ਫਿਰ ਨੱਪੀ ਬਟਨ, ਇਹ ਸੋਚ ਕੇ ਕਿ ਅਬਕੀ ਵਾਰ.. ਜ਼ਮੀਰ ਦੀ ਸਰਕਾਰ। ਖੇਤਾਂ ਦੇ ਜੱਗਿਓ, ਜਦੋਂ ਉਂਗਲ ਨਾਲ ਬਟਨ ਦੱਬੋ, ਤਾਂ ਅੰਗੂਠੇ ਨੂੰ ਯਾਦ ਰੱਖਣਾ ਜੋ ਸ਼ਾਹੂਕਾਰਾਂ ਦੀ ਵਹੀ ਨੇ ਘਸਾਇਐ। ਕਾਮਿਓ.. ਤੁਸੀਂ ਵੀ ਬਟਨ ਭਾਵੇਂ ਹੌਲੀ ਦੱਬਿਓ ਪਰ ਹੱਥਾਂ ’ਤੇ ਪਏ ਅੱਟਣ ਨਾ ਭੁੱਲਿਓ। ਨਾ ਭੁੱਲਿਓ ਕਿ ਨਿਆਂ ਲਈ ਲਾਸਾਂ ਨੂੰ ਸੜਕਾਂ ’ਤੇ ਕਿਉਂ ਰੁਲਣਾ ਪਿਆ। ਜਵਾਨੋਂ, ਚੇਤੇ ਰੱਖਿਓ ਟੈਂਕੀਆਂ ’ਤੇ ਕੱਟੇ ਦਿਨਾਂ ਨੂੰ। ਭਾਵੁਕ ਵਹਿਣ ’ਚ ਨਾ ਵਹਿਣਾ।  ਦੇਸ਼ ਵੀ ਬਦਲ ਰਿਹੈ ਤੇ ਨਰੈਣ ਦੇ ਭਾਗ ਵੀ। ਲੋਕ ਰਾਜ ਦੇ ਫੁੱਫੜੋਂ, ਅਕਲ ਨੂੰ ਹੱਥ ਮਾਰਿਓ। ਜ਼ਿੰਦਾ ਹੋਣ ਦਾ ਸਬੂਤ ਬਣਿਓ। ਉਧਰ, ਮੰਜੇ ’ਚ ਪਿਆ ਬਾਬਾ ਹੱਸਿਐ.. ਇਨ੍ਹਾਂ ਤਿਲ਼ਾਂ ’ਚ ਤੇਲ ਨਹੀਂ।
                 ਬਾਬੇ ਤੋਂ ਕੀ ਭੁੱਲਿਐ ‘ਮਿਸ਼ਨ-13’। ਬਹੁਤ ਮਿਸ਼ਨ ਤੇ ਕਮਿਸ਼ਨ ਦੇਖੇ ਨੇ। ਬਾਬਾ ਲੋਕ ਰਾਜ ਦਾ ਵੱਡਾ 17ਵਾਂ ਮੇਲਾ ਦੇਖ ਰਿਹੈ। ਚੋਣਾਂ ਦੇ ਪੰਜਾਬ ਮੇਲੇ ’ਚ 278 ਉਮੀਦਵਾਰ ਖੜ੍ਹੇ ਨੇ। ਬਹੁਤੇ ਤਾਂ ਪੱਤਣਾਂ ਦੇ ਤਾਰੂ ਨੇ। ਦੁੱਖਾਂ ਦੀ ਦਾਰੂ ਕੋਈ ਨਹੀਂ। ਲਖਪਤੀ, ਕਰੋੜਪਤੀ ਤੇ ਅਰਬਪਤੀ ਵੀ ਨੇ। ਸਭ ਆਖਦੇ ਨੇ, ਬਾਬੇ ਦੇ ਭਾਗ ਬਦਲ ਦੇਣੇ ਨੇ। ਪਤਾ ਨਹੀਂ ਕਿਹੜੀ ਗੱਲੋਂ ਬਾਬਾ ਚੁੱਪ ਐ। ਇਨ੍ਹਾਂ ਨਾਲੋਂ ਚੋਣਾਂ ’ਚ ਕੁੱਦੇ ਮਹਾਤੜ੍ਹ ਚੰਗੇ ਨੇ। ਬਾਬਾ ਉੱਠ ਕੇ ਬੈਠਾ ਹੋਇਐ। ਪੱਪੂ ਕੁਮਾਰ ਨੇ ਬਾਬੇ ਤੋਂ ਆਸ਼ੀਰਵਾਦ ਮੰਗਿਐ। ਕੌਣ ਐ ਤੂੰ ਪੁੱਤ, ਪਛਾਣਿਆ ਨਹੀਂ, ‘ਬਾਬਾ ਸੰਗਰੂਰ ਤੋਂ ਚੋਣ ਲੜ ਰਿਹਾ’। ਪੱਪੂ ਕੁਮਾਰ ਨੰਗ ਮਲੰਗ ਐ। ਇਕੱਲਾ ਉਮੀਦਵਾਰ ਹੈ ਜਿਸ ਕੋਲ ਨਾ ਘਰ ਨਾ ਬਾਰ, ਨਾ ਪੈਸਾ ਤੇ ਨਾ ਖਾਤਾ। ਪੱਪੂ ਮਜ਼ਦੂਰੀ ਕਰਦੈ।  ਜਲੰਧਰ ਤੋਂ ਉਮੀਦਵਾਰ ਉਰਮਿਲਾ ਪੱਪੂ ਨਾਲੋਂ ਅਮੀਰ ਹੈ। ਉਰਮਿਲਾ ਕੋਲ 295 ਰੁਪਏ ਦੀ ਜਾਇਦਾਦ ਐ। ਅੰਮ੍ਰਿਤਸਰ ਤੋਂ ਉਮੀਦਵਾਰ ਚੈਨ ਸਿੰਘ ,ਉਸ ਤੋਂ ਵੀ ਵੱਧ ਅਮੀਰ ਐ, ਪੂਰੇ ਤਿੰਨ ਹਜ਼ਾਰ ਦੀ ਸੰਪਤੀ ਐ। ਲੁਧਿਆਣੇ ਵਾਲੇ ਨੌਜਵਾਨ ਦੀਦਾਰ ਕੋਲ ਛੇ ਹਜ਼ਾਰ ਦੀ ਜਾਇਦਾਦ ਐ, ਨਾਲ ਐਮ.ਏ ਦੀ ਡਿਗਰੀ ਵੀ ਹੈ। ਵਾਰੋ ਵਾਰੀ ਸਭਨਾਂ ਨੇ ਬਾਬੇ ਦੇ ਦਰਸ਼ਨ ਕੀਤੇ। ਧਨਾਢ ਤਾਂ ਬਾਬੇ ਨੂੰ ਜੇਬ ’ਚ ਪਾਈ ਫਿਰਦੇ ਨੇ।
                  ਛੱਜੂ ਰਾਮ ਡਰਿਆ ਫਿਰਦੈ। ਅਖੇ ਕਿਸੇ ਨੂੰ ਦੱਸਿਓ ਨਾ, ਹਰਸਿਮਰਤ ਕੋਲ ਇਕੱਲੇ ਗਹਿਣੇ ਨਹੀਂ, ਸਵਾ ਲੱਖ ਰੁਪਏ ਵਾਲਾ ਅਸਲਾ ਵੀ ਹੈ। ਚੋਣ ਕਮਿਸ਼ਨ ਨੇ ‘ਜਾਗੋ’ ਕੱਢੀ ਹੈ ਕਿ ਬਿਨਾਂ ਡਰ ਭੈਅ ਤੋਂ ਬਟਨ ਦੱਬਿਓ। ਜਦੋਂ ਚੋਣਾਂ ਹੋਣ, ਉਦੋਂ ਬਾਬਾ ਸਹਿਮ ਜਾਂਦੈ। ਬਹੁਤ ਦੁੱਖ ਝੱਲੇ ਨੇ, ਕਿਥੋਂ ਕਿਥੇ ਪਹੁੰਚ ਗਿਆ। ਮਾੜੀ ਅੌਲਾਦ ਨੇ ਘਰ ਦੇ ਚੁੱਲ੍ਹੇ ਠੰਢੇ ਕਰਤੇ। ਬਾਬਾ ਬੁੜ ਬੁੜ ਕਰੀ ਜਾਂਦੈ। ਚਿੱਟੀ ਚੁੰਨੀ ਵਾਲੀ ਮਹਿਲਾ ਨੇ ਬਾਬੇ ਦੇ ਪੈਰ ਛੂਹੇ ਨੇ। ਕੌਣ ਐਂ ਤੂੰ ਪੁੱਤ ? ਨਿਗ੍ਹਾ ਰਹੀ ਨਹੀਂ ਮੇਰੀ ਤਾਂ ਹੁਣ। ਬਾਬਾ, ਵੀਰਪਾਲ ਕੌਰ ਆ ਰੱਲੇ ਤੋਂ। ਕਿਸੇ ਨਰੈਣ ਨੇ ਨਹੀਂ ਸੁਣੀ। ਵਿਧਵਾ ਕਿਉਂ ਹੋ ਗਈ, ਬੱਸ ਇਹੋ ਦੱਸਣ ਲਈ ਚੋਣਾਂ ’ਚ ਖੜ੍ਹੀ ਹਾਂ। ਬਾਬੇ ਦਾ ਗੱਚ ਭਰ ਆਇਆ। ਅੌਹ ਪਿਛੇ ਕੌਣ ਖੜ੍ਹੀ ਐ ਭਾਈ। ਬਾਬਾ, ਪਰਮਜੀਤ ਕੌਰ ਖਾਲੜਾ, ਪਛਾਣਿਆ ਨਹੀਂ, ਖਡੂਰ ਸਾਹਿਬ ਤੋਂ ਚੋਣਾਂ ’ਚ ਖੜ੍ਹੀ ਹਾਂ। ਬਾਬੇ ਨੂੰ ਧਰਵਾਸ ਬੱਝਾ ਕਿ ਹਵਾ ਰੁਮਕੀ ਤਾਂ ਸਹੀ। ਬਾਹਰੋਂ ਇੱਕ ਹੋਰ ਕਾਹਲੇ ਪੈਰੀਂ ਆਇਐ। ਪਹਿਲਾਂ  ਹੀ ਬੋਲਿਐ, ਬਾਬਾ, ਪਟਿਆਲਿਓ ਧਰਮਵੀਰ ਗਾਂਧੀ। ਦਿਓ ਆਸ਼ੀਰਵਾਦ, ਟੱਕਰ ਮਹਿਲਾਂ ਨਾਲ ਐ। ਬਾਬੇ ਕੋਲ ਕੋਈ ਧਨਾਢ ਨਹੀਂ ਆਇਆ। ਕੋਈ ਕੀ ਜਾਣੇ, ਬਾਬੇ ਦਾ ਮੰਦੜਾ ਹਾਲ ਕਿਉਂ ਹੋਇਐ। ਅੰਤਾਂ ਦਾ ਕਰਜ਼ਾਈ ਐ ਬਾਬਾ। ਬਾਬੇ ਨੂੰ ਦੌਲਤਮੰਦ ਸਿਆਸੀ ਨਰੈਣਾਂ ਨੇ ਚੂੰਡ ਕੇ ਖਾ ਲਿਐ। ਧੀਆਂ ਵਿਧਵਾ ਹੋ ਰਹੀਆਂ ਨੇ ਤੇ ਬਾਬੇ ਦੇ ਪੁੱਤਾਂ ਨੂੰ ਚਿੱਟਾ ਖਾ ਗਿਆ। ਤਾਹੀਂ ਬਾਬਾ ਹੁਣ ਜ਼ਮੀਨ ਵੇਚ ਕੇ ਪੋਤਰੇ ਬਾਹਰ ਤੋਰੀ ਜਾਂਦੈ।
                  ਨਾ ਪੁੱਛਿਓ ਕਿ ਵੋਟਾਂ ਵਾਲਾ ਦਿਨ ਬਾਬੇ ਨੂੰ ਕਿਉਂ ਚੁੱਭਦੈ। ਸਿਆਸੀ ਨਰੈਣਾ ਨੇ ਬਾਬੇ ਦਾ ਪ੍ਰਵਾਰ ਵੰਡ ਦਿੱਤਾ, ਚੁੱਲ੍ਹੇ ਵੰਡ ਦਿੱਤੇ ਤੇ ਇੱਥੋਂ ਤੱਕ ਕਿ ਭੈਣ ਭਰਾ ਵੀ ਵੰਡ ਦਿੱਤੇ। ਇਨ੍ਹਾਂ ’ਤੇ ਕਿਸੇ ਨੇ ਅਕਾਲੀ ਤੇ ਕਿਸੇ ਨੇ ਕਾਂਗਰਸੀ ਠੱਪਾ ਲਾ ਦਿੱਤੈ। ਸਿਆਸੀ ਨਰੈਣਾਂ ਦੀ ਚਾਰੇ ਚੱਕ ਜਾਗੀਰ ਐ, ਬਾਬਾ ਭੁੱਖਾ ਸੌਂਦੈ। ਥੋਨੂੰ ਬਾਬੇ ਨਾਲ ਕੋਈ ਮੋਹ ਐ ਤਾਂ ਅੱਜ ਭਟਕਿਓ ਨਾ। ਬਾਬੇ ਦੀ ਇੱਜ਼ਤ ਦਾ ਸੁਆਲ ਐ। ‘ਜੋ ਚੰਦ ਛਿੱਲੜਾਂ ’ਤੇ ਵਿਕੇ, ਉਨ੍ਹਾਂ ਦਾ ਕੱਖ ਨਾ ਰਹੇ’, ਬਾਬੇ ਤੋਂ ਦੁਰਅਸੀਸ ਨਾ ਸੁਣ ਲਿਓ ਕਿਤੇ। ਵੋਟਾਂ ਮਗਰੋਂ ਦਿਲ ਹੌਲਾ ਨਾ ਕਰਿਓ। ਹੱਥ ਜੋੜਨ ਦੀ ਵਾਰੀ ਥੋਡੀ ਆਉਣੀ ਹੈ। ਜੋ ਗਲੇ ਮਿਲੇ, ਉਨ੍ਹਾਂ ਨੂੰ ਜੱਫੀਆਂ ਪਾਉਣ ਨੂੰ ਤਰਸੋਗੇ। ਉਧਰ, ਬਾਬਾ ਵੀ ’ਕੱਲਾ ਰਹਿ ਗਿਐ। ਮੰਜੇ ਤੇ ਮੁੜ ਪਿਆ ਤੇ ਅੱਖਾਂ ਭਰੀਆਂ ਨੇ। ਛੱਜੂ ਰਾਮ ਦੇ ਗੱਲ ਪਕੜ ’ਚ ਨਹੀਂ ਆ ਰਹੀ। ਕੌਣ ਐ ਇਹ ਬਾਬਾ। ਢਾਰਸ ਦਿੱਤੀ ਐ ਤੇ ਪੁੱਛਣ ਲੱਗੈ..ਬਾਬਾ, ਤੂੰ ਰੋ ਕਿਉਂ ਰਿਹੈ। ਬਾਬਾ ਬੋਲਿਐ.. ਭਲਿਆ ਲੋਕਾਂ, ਨਾ ਛੇੜ ਦਰਦਾਂ ਨੂੰ। ਨਹੀਂ ਛੇੜਦਾ ਬਾਬਾ, ਆਪਣੀ ਤਾਰੀਫ਼ ਤਾਂ ਦੱਸ ਦਿਓ। ਪੁੱਤ.. ‘ਮੈਂ ਤਾਂ ਪੰਜਾਬ ਸਿਓ ਹਾਂ’। ਅੱਖਾਂ ਛੱਜੂ ਰਾਮ ਵੀ ਭਰ ਆਇਐ।
         
         

 


2 comments:

  1. ਵਾਹ ਬਾਈ ਜੀ। ਤੁਹਾਡੀ ਕਲਮ ਤੋਂ ਬਹੁਤ ਆਸਾਂ ਨੇ।

    ReplyDelete
  2. ਬਾਹਰ ਵੀ ਕਹੀ ਜਾਂਦੇ ਹਨ ਕਿ Exist Polls ਕਹਿੰਦੇ ਮੋਦੀ ਜਿਤੂ ਤੇ ਹੋਰ ਵੀ ਵਡੀ majority ਲੈ ਕੇ. ਜਿਨਾ ਨੂ 2017 ਤਕ ਪ੍ਰਧਾਨੀ ਮੰਤਰੀ ਮੁਦ੍ਰਾ ਯੋਜਨਾ ਥਲੇ 4 ਲਖ ਕਰੋੜ ਮੁਫਤੀ ਦਿਤਾ ਹੈ(9 ਲਖ ਨੌਜਵਾਨ) ਉਨਾ ਨੇ ਵੋਟਾ ਕਿਸ ਨੂ ਪਵਾਈਆ ਹੋਣਗੀਆ?
    ਛੋਟਾ ਬਾਦਲ ਤੇ ਉਸ ਦੀ ਘਰਵਾਲੀ ਵੀ ਜਿਤਣਗੇ. ਬਰਗਾੜੀ ਦਾ ਰੋਲਾ ਹੋਇਆ ਖਤਮ ...ਘਸ ਫਟ ਗਿਆ ਤੇ ਪੰਜਾਬ ਇੱਕ ਛਪੜ ਬਣ ਕੇ ਰਹਿ ਗਿਆ ਮੁਸਲਿਮ ਪੰਜਾਬ(ਪਾਕਿਸਤਾਨ) ਤੇ ਹਿੰਦੁਸਤਾਨ ਦੇ ਵਿਚਾਲੇ. ਰੋਵੋ ਰਣਜੀਤ ਸਿੰਘ ਤੇ ਮਾਲਵੇ ਦੇ ਰਾਜਿਆ ਨੂ ਜਿਨਾ ਨੇ ਆਵਦੀ ਕੁਰਸੀ ਵਾਸਤੇ ਪੰਜਾਬ ਤੇ ਸਿਖਾ ਦਾ ਨਾ ਸੋਚਿਆ ਜਦੋ ਮੋਕਾ ਸੀ

    ReplyDelete