Sunday, May 12, 2019

                          ਵਿਚਲੀ ਗੱਲ  
ਪੁੱਤਾ ਮੇਰਿਆ ! ਗ਼ਮਾਂ ਨੇ ਕਾਹਤੋਂ ਘੇਰਿਆ..
                        ਚਰਨਜੀਤ ਭੁੱਲਰ
ਬਠਿੰਡਾ : ਪਹਿਲਾਂ ਸਬਰ ਦਾ ਘੁੱਟ ਤੇ ਹੁਣ ਕੌੜਾ ਘੁੱਟ ਭਰਿਐ। ਮਾੜਾ ਹਾਕਮ ਜੋ ਖੁਦਾ ਦਾ ਕਹਿਰ ਬਣਿਐ। ਚੋਣਾਂ ਦਾ ਸਿਖਰ ਕੀ ਆਇਐ। ਹੁਣ ਤਾਂ ਹਰ ਕੋਈ ਡਾਇਰ ਬਣਿਐ। ਮੂੰਹ ਕਿਸੇ ਦਾ ਕੋਈ ਫੜ ਨਹੀਂ ਸਕਦਾ।  ‘ਫਾਨੀ’ ਤੂਫਾਨ ਤੋਂ ਘੱਟ ਨਹੀਂ। ਹੱਥ ਜੋੜ ਕੋਈ ਪਿੰਡ ਤੇ ਕੋਈ ਸ਼ਹਿਰ ਵੜਿਐ। ਮਾਂ ਲੱਧੀ ਦਾ ਹੁਣ ਕੌਣ ਵਿਚਾਰਾ। ਰੁੱਗ ਕਾਲਜੇ ਦਾ ਭਰਿਆ ਗਿਐ। ਵੋਟਾਂ ਵਾਲਾ ਦਿਨ ਦੂਰ ਨਹੀਂ। ਹੱਥਾਂ ਚੋਂ ਤਾਹੀਓਂ ਨਿਕਲੇ ਫਿਰਦੇ ਨੇ। ਮੰਤਰੀ ਅਨਿਲ ਵਿੱਜ ਨੂੰ ਕੌਣ ਜਿੱਤ ਸਕਦੈ। ਅੰਬਾਲੇ ਭਰੇ ਬਾਜ਼ਾਰ ’ਚ ਮਾਂ ਦੀ ਗਾਲ ਕੱਢ ਦਿੱਤੀ। ਨਾ ਰੱਬ ਦੇ ਨਾਮ ਤੇ ਨਾ ਬੋਹੜ ਦੀ ਛਾਂ ਦੀ ਸ਼ਰਮ ਕੀਤੀ। ਬਿਰਧ ਮਾਵਾਂ ਨੂੰ ਮੂੰਹ ’ਚ ਚੁੰਨੀ ਲੈਣੀ ਪਈ। ਜਦੋਂ ਦੁੱਲੇ ਰੁਲਦੇ ਹੋਣ ਤਾਂ ਘੁੱਟ ਵੀ ਭਰਨੇ ਪੈਂਦੇ ਨੇ।  ਪਿੰਡ ਮੜ੍ਹਾਕ (ਫਰੀਦਕੋਟ) ਦੀ ਬਜ਼ੁਰਗ ਸੁਖਦੇਵ ਕੌਰ ਦਾ ਜਿਗਰਾ ਦੇਖੋ। ਸੱਤਰ ਵਰ੍ਹਿਆਂ ਦੀ ਹੈ, ਜ਼ਿੰਦਗੀ ’ਚ ਕੋਈ ਸੁੱਖ ਨਹੀਂ, ਸ਼ੂਗਰ ਵਧੀ ਹੋਈ ਹੈ। ਪੁੱਤ ਹਰਪ੍ਰੀਤ ਦੇ ਭਾਗ ਰੂੜੀ ਨਾਲੋਂ ਵੀ ਮਾੜੇ ਨਿਕਲੇ। ਪਪੀਹਾ ਬਣ ਪੂਰੇ 12 ਸਾਲ ਰੁਜ਼ਗਾਰ ਲਈ ਕੂਕਿਆ। ਹੁਣ ਓਵਰਏਜ ਹੋ ਗਿਆ। ਪੁੱਤ ਲਈ ਬਾਦਲਾਂ ਤੋਂ ਰੁਜ਼ਗਾਰ ਮੰਗਿਆ। ਪਹਿਲਾਂ ਮਾਘੀ ਮੇਲੇ ਤੇ ਫਿਰ ਫਤਹਿਗੜ੍ਹ ਦੇ ਜੋੜ ਮੇਲੇ ’ਤੇ। ਭਰੇ ਪੰਡਾਲ ’ਚ ਮਾਂ ਦੀ ਪੱਤ ਰੁਲੀ। ਪਟਿਆਲਾ ਤੇ ਨਾਭਾ ਜੇਲ੍ਹ ਵਿਖਾ ਦਿੱਤੀ। ਪੁਲੀਸ ਦੀ ਧੂਹ ਘੜੀਸ ਵੱਖਰੀ। ਮੰਜੇ ’ਤੇ ਬੈਠੀ ਐ, ਤੁਰਨੋਂ ਵੀ ਗਈ। ‘ ਹਾਕਮਾਂ ਨੇ ਹੱਕ ਦੱਬਿਐ ਤਾਂ ਪੁੱਤ ਲਈ ਅੱਕ ਚੱਭਿਆ ’, ਮਿਹਨਤ ਨਹੀਂ, ਕੇਸ ਪੱਲੇ ਪੈ ਗਏ। ਤਾਹੀਂ ਘੁੱਟ ਭਰਨੇ ਪੈਂਦੇ ਨੇ।
                ਨੌਜਵਾਨ ਕੁਲਦੀਪ ਕੌੜਾ ਘੁੱਟ ਭਰ ਲੈਂਦਾ ਤਾਂ ਸ਼ਾਇਦ ਖੜਾਕ ਨਾ ਹੁੰਦਾ। ਪੜਾਈ ਦਾ ਮੁੱਲ ਨਾ ਪਿਆ, ਭਰਾ ਵਿਦੇਸ਼ ਚਲਾ ਗਿਆ। ਬਾਪ ਜਹਾਨੋ ਚਲਾ ਗਿਆ। ਕੈਂਸਰ ਮਾਂ ਦਾ ਜਿਗਰਾ ਪਰਖ ਰਿਹੈ। ਪਿੰਡ ਬੁਸ਼ੈਹਰਾ (ਸੰਗਰੂਰ) ਦੇ ਕੁਲਦੀਪ ਨੇ ਜੁਰਅਤ ਕੀਤੀ। ਸੁਆਲ ਪੁੱਛ ਬੈਠਾ। ਬੀਬੀ ਭੱਠਲ ਦਾ ਹੱਥ ਕਿੰਨਾ ਸਖ਼ਤ ਹੈ। ਕੁਲਦੀਪ ਤੋਂ ਵੱਧ ਕੋਈ ਨਹੀਂ ਜਾਣਦੈ। ਕੰਨ ਹੁਣ ਕੇਵਲ ਢਿੱਲੋਂ ਦਾ ਟੀਂ ਟੀਂ ਕਰੀ ਜਾਂਦੈ। ਮਾਂ ਸਤਬੀਰ ਕੌਰ ਨੂੰ ਪੁੱਤ ਤੇ ਮਾਣ ਤੇ ਬੀਬੀ ਭੱਠਲ ’ਤੇ ਅਫਸੋਸ।  ਕੋਟਧਰਮੂ (ਮਾਨਸਾ) ਦੀ ਬਿਰਧ ਮੁਖਤਿਆਰ ਕੌਰ ਕਿਸ ਬੂਹੇ ਤੇ ਜਾਵੇ। ਦੁੱਖਾਂ ਦੀ ਭਰੀ ਵਹਿੰਗੀ ਤਾਂ ਹੈ, ਚੁੱਕਣ ਵਾਲਾ ਕੋਈ ਨਹੀਂ। ਛੇ ਧੀਆਂ ਘਰੋਂ ਘਰੀਂ ਤੋਰ ਦਿੱਤੀਆਂ। ਹੁਣ ਇਕੱਲੀ ਜਾਨ ਬਚੀ ਹੈ। ਨਿੱਕਾ ਜੇਹਾ ਕਮਰਾ, ਉਹ ਵੀ ਨੀਵਾਂ। ਡਾਲੀ ਵਾਲੇ ਸਿੰਘ ਚੋਂ ਉਸ ਨੂੰ ਰੱਬ ਦਿਖਦੈ। ਜੋ ਗੁਰੂ ਘਰ ਚੋਂ ਉਸ ਨੂੰ ਰੋਟੀ ਦੇ ਜਾਂਦੈ। ਹਨੇਰ ਪੈ ਜਾਏ.. ਤਾਂ ਘੁੱਟ ਭਰਨਾ ਪੈਂਦਾ ਹੈ। ਜੋਧਪੁਰ (ਬਰਨਾਲਾ) ’ਚ ਬੋਹੜ ਦੀ ਛਾਂ ਨਾਲੋਂ ਜੱਗੋਂ ਤੇਰ੍ਹਵੀਂ ਹੋਈ। 75 ਵਰ੍ਹਿਆਂ ਦੀ ਮਾਂ ਮੁਖਤਿਆਰ ਕੌਰ ਤੋਂ ਹੁਣ ਬਲਦੇ ਸਿਵੇ ਨਹੀਂ ਵੇਖੇ ਜਾਂਦੇ। ਜ਼ਮੀਨ ਬਚੀ ਨਹੀਂ, ਕਰਜ਼ ਬਚਿਆ ਹੈ। ਨਾ ਹੀ ਦੋ ਪੁੱਤ ਤੇ ਇੱਕ ਪੋਤਾ ਬਚ ਸਕਿਆ। ਮਾਂ ਕੋਲ ਖੁਦਕੁਸ਼ੀ ਦੇ ਫੱਟ ਬਚੇ ਨੇ। ਦੂਸਰਾ ਪੋਤਾ ਜਦੋਂ ਅੱਡੇ ’ਚ ਵਾਜਾਂ ਮਾਰਦੈ, ਦਾਦੀ ਦਾ ਗੱਚ ਭਰ ਆਉਂਦੈ। ਪੁੱਛਦੀ ਹੈ, ਹੁਣ ਦੱਸੋ ਕਿਹੜਾ ਘੁੱਟ ਭਰਾ।
              ਮੰਡੀ ਕਲਾਂ (ਬਠਿੰਡਾ) ਦੀ ਧੀ ਤੇਜੋ ਕੌਰ ਕਿਧਰ ਜਾਵੇਂ। ਜਮਾਂਦਰੂ ਗੂੰਗੀ ਬੋਲੀ ਐ। ਪਹਿਲਾਂ ਪਤੀ ਤੇ ਫਿਰ ਦੋ ਜਵਾਨ ਮੁੰਡੇ ਚਲੇ ਗਏ। ਸਿਰਫ਼ ਬੁਢਾਪਾ ਪੈਨਸ਼ਨ ਬਚੀ ਹੈ। ਉਸ ਲਈ ਤਾਂ ਜਹਾਨ ਹੀ ਗੂੰਗਾ ਹੋ ਗਿਆ। ਚੋਣ ਜਲਸੇ ’ਚ ਗਈ ਤੇਜੋ ਤੋਂ ਲੀਡਰਾਂ ਨੂੰ ਕਾਹਦਾ ਡਰ। ਲੁਧਿਆਣਾ ਦੀ ਇੱਕ ਮਾਂ ਦੇ ਦੁੱਖਾਂ ਦਾ ਨਹੀਂ ਕੋਈ ਟਿਕਾਣਾ। ਪਹਿਲਾਂ ਜਸਵੀਰ ਤੇ ਫਿਰ ਜਦੋਂ ਪੁੱਤ ਜੱਗਾ ਜੰਮਿਆ ਤਾਂ ਵਧਾਈਆਂ ਮਿਲੀਆਂ। ਪਿਛਲੇ ਵਰੇ੍ਹ ਦੋਵੇਂ ਪੁੱਤ ਢੇਰ ਹੋਏ ਮਿਲੇ। ਕੋਲੋਂ ਸਰਿੰਜਾਂ ਵੀ ਮਿਲੀਆਂ। ਮਾਂ ਦੇ ਸੀਨੇ ’ਚ ਉਦੋਂ ਖੰਜਰ ਚੁਭਦਾ। ਜਦੋਂ ਦਿਨੇ ਕੋਈ ਲੰਮ ਸਲੰਮਾ ਨੇਤਾ ਦੇਖਦੀ ਹੈ। ਰਾਤਾਂ ਨੂੰ ਦਿਮਾਗ ’ਚ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲਾ ਚਿਹਰਾ ਘੁੰਮਦੈ। ਇਨ੍ਹਾਂ ਮਾਵਾਂ ਲਈ ਜਿਉਣਾ ਜ਼ਹਿਰ ਵਾਂਗ ਹੈ। ਕੋਈ ਵੀ ਘੁੱਟ ਮਿੱਠਾ ਨਹੀਂ। ਨੇਹੀਆਂ ਵਾਲਾ (ਬਠਿੰਡਾ) ਦੀ ਮਾਂ ਇਕਬਾਲ ਕੌਰ ਪੁੱਤ ਦਾ ਖੁਦਕੁਸ਼ੀ ਨੋਟ ਸਾਂਭੀ ਬੈਠੀ ਹੈ। ‘ਸੱਤ ਹਜ਼ਾਰ ਨਾਲੋਂ ਮੌਤ ਚੰਗੀ’ , ਖੁਦਕੁਸ਼ੀ ਨੋਟ ਦੀ ਇਹ ਇਬਾਰਤ ‘ਠੇਕਾ ਪ੍ਰਣਾਲੀ’ ਨੂੰ ਲਾਹਨਤ ਪਾਉਂਦੇ ਹੈ। ਮਾਵਾਂ ਨੂੰ ਦੁੱਖ ਜਰਨੇ ਪੈਂਦੇ ਨੇ..।
              ਮਾੜੀ ਮੁਸਤਫਾ (ਮੋਗਾ) ’ਚ ਮਾਵਾਂ ਕਿਵੇਂ ਜੀਣ, ਮਾੜੇ ਲੇਖ ਜੋ ਹੋਏ। ਸਿਵਾ ਠੰਢਾ ਨਹੀਂ ਹੋ ਰਿਹਾ। ਗੁਰਤੇਜ ਨੇ ਕਾਪੀ ਖੋਲ੍ਹ ਕੇ ਦੱਸਿਆ। 275 ਸਿਵੇ ਬਾਲੇ ਨੇ ਕੈਂਸਰ ’ਤੇ ਕਾਲੇ ਪੀਲੀਏ ਨੇ। ਕੇਂਦਰੀ ਮੰਤਰੀ ਵਿਜੇ ਸਾਪਲਾਂ ਜਦੋਂ ਆਇਆ ਤਾਂ ਮਾਵਾਂ ਨੇ ਮਾੜੇ ਪਾਣੀ ਦੇ ਦੁੱਖ ਰੋਏ। ਮੰਤਰੀ ਦਾ ਜੁਆਬ ਸੁਣੋ, ‘ਏਹ ਬਿਮਾਰੀ ਪਾਣੀ ਕਰਕੇ ਨਹੀਂ, ਮਾੜੇ ਚਰਿੱਤਰ ਕਰਕੇ ਹੁੰਦੀ ਹੈ।’ ਪੂਰੇ ਪਿੰਡ ਨੂੰ ਕੌੜਾ ਘੁੱਟ ਭਰਨਾ ਪਿਆ। ਏਦਾਂ ਲੱਗਿਐ, ਜਿਵੇਂ ਪੂਰੇ ਪਿੰਡ ਨੂੰ ਗਾਲ ਕੱਢੀ ਹੋਵੇ। ਪਿੰਡ ਹਿੰਮਤਪੁਰਾ (ਬਠਿੰਡਾ) ਦੀ ਪੰਚਾਇਤ ਗਾਲ ਨਹੀਂ ਕੱਢਣ ਦਿੰਦੀ। ਜੋ ਮਾਂ ਭੈਣ ਦੀ ਗਾਲ ਕੱਢ ਬੈਠਦੈ, ਉਦੋਂ ਹੀ ਜੁਰਮਾਨਾ ਭਰਨਾ ਪੈਂਦੈ। ਇਨ੍ਹਾਂ ਚੋਣਾਂ ’ਚ ਸਭ ਸਤਜੁਗੀ ਬਣੇ ਹੋਏ ਨੇ। ਅੱਜ ਆਲਮੀ ਮਾਂ ਦਿਵਸ ਹੈ। ਧੰਨ ਜਿਗਰਾ ਇਨ੍ਹਾਂ ਮਾਵਾਂ ਦਾ ਜਿਨ੍ਹਾਂ ਨੇ ਪੂਰੀ ਕਾਇਨਾਤ ਦੇ ਦੁੱਖ ਝੋਲੀ ਪਾ ਰੱਖੇ ਨੇ। ਸਿਆਸੀ ਧਰਮਰਾਜ ਮਾਵਾਂ ਨੂੰ ‘ਬੁਢਾਪਾ ਪੈਨਸ਼ਨ’ ਤੋਂ ਅੱਗੇ ਨਹੀਂ ਵੇਖਦੇ। ਮਮਤਾ ਦੀ ਸੂਰਤ, ਤਿਆਗ ਦੀ ਮੂਰਤ, ਬੋਹੜ ਦੀ ਛਾਂ, ਰੱਬ ਦਾ ਨਾਮ, ਗੋਦ ’ਚ ਜੰਨਤ, ਦਿਲ ’ਚ ਮੰਨਤ, ਅੱਖਾਂ ’ਚ ਸੁਪਨੇ ਤੇ ਅਸੀਸਾਂ ਦੇ ਢੇਰ, ਨਾ ਛੱਡੇ ਕਦੇ ਮੇਰ।
               ਬਾਬੇ ਨਾਨਕ ਨੇ ਵੱਡਾ ਦਰਜਾ ਦਿੱਤਾ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’। ਭਾਈ ਵੀਰ ਸਿੰਘ ਨੇ ‘ਮਾਂ ਵਰਗਾ ਘਣਛਾਵਾਂ ਬੂਟਾ’ ਲਿਖ ਕੇ ਉਸਤਤ ਕੀਤੀ। ਸ਼ਿਵ ਨੇ ‘ਕੁਝ ਰੁੱਖ ਲੱਗਦੇ ਮਾਵਾਂ’ ਲਿਖਿਆ। ਸਮਾਂ ਲੱਗੇ ਤਾਂ ਗੋਰਕੀ ਦਾ ‘ਮਾਂ’ ਨਾਵਲ ਪੜ੍ਹ ਲੈਣਾ ਜਾਂ ਫਿਰ ‘ਮਦਰ ਇੰਡੀਆ’ ਦੇਖ ਆਇਓ। ਨਰਿੰਦਰ ਮੋਦੀ ਨੇ ਸਾਰੀ ਦੁਨੀਆ ਵੇਖ ਲਈ’। ਮਾਂ ਹੀਰਾਬੇਨ ਨੇ ਪੁੱਤ ਦੀ ਕਦੇ ਨਹੀਂ ਮੋੜੀ। ਨੋਟਬੰਦੀ ਵੇਲੇ ਕਤਾਰ ’ਚ ਖੜ੍ਹੀ ਹੋ ਗਈ। ਘਰ ਆਏ ਪੁੱਤ ਨੂੰ ਸਵਾ ਰੁਪਏ ਸ਼ਗਨ ਦੇਣਾ ਵੀ ਨਹੀਂ ਭੁੱਲੀ। ਖੈਰ, ਮੋਦੀ ਤਾਂ ਗੰਗਾ ਮਾਂ ਦਾ ਗੋਦ ਲਿਆ ਪੁੱਤ ਵੀ ਹੈ। ਪੁਲਵਾਮਾ ’ਚ ਜਵਾਨ ਸ਼ਹੀਦ ਹੋਏ, ਮਾਵਾਂ ਦੀਆਂ ਆਂਦਰਾ ਠਰੀਆਂ ਨਹੀਂ। ਮਰੇ ਕੋਈ ਵੀ ਤੇ ਕਿਤੇ ਵੀ, ਖੂਨ ਮਾਂ ਦਾ ਹੀ ਤੜਫਦੈ। ਮਾਂ ਫ਼ਾਤਿਮਾ ਜੇਐਨਯੂ ਚੋਂ ਗੁੰਮਿਆ ਪੁੱਤ ਨਜੀਬ ਉਡੀਕ ਰਹੀ ਹੈ।  ਫ਼ਾਤਿਮਾ ਨੂੰ ਹੁਣ ਘਨ੍ਹਈਆ ਕੁਮਾਰ ਚੋਂ ਪੁੱਤ ਦਿਖਦੈ।
               ਪੰਜਾਬ ’ਚ ਕਾਲੇ ਝੰਡੇ ਦਿਖ ਰਹੇ ਨੇ। ਪੰਜਾਬੀਆਂ ਦਾ ਅੰਦਰਲਾ ਦੁੱਲਾ ਜਾਗਿਐ। ਉਮੀਦਵਾਰੋ ਏਨਾ ਵੀ ਨਾ ਡਰੋਂ, ‘ਮਾਤਾ ਦਾ ਮਾਲ’ ਥੋਕ ’ਚ ਪਿਐ। ਛੱਜੂ ਰਾਮ ਪੰਗੇ ਲੈਣੋ ਨੀਂ ਹਟਦਾ..ਆਖਦੈ ‘ਕਿਤੇ ਸੁਖਬੀਰ ਜੀ, ਪੰਜ ਤਾਰਾ ਹੋਟਲ ਦੀ ਥਾਂ ਆਪਣਿਆਂ ਦੀ ਯਾਦ ’ਚ ਚੈਰੀਟੇਬਲ ਹਸਪਤਾਲ ਖੋਲ ਦਿੰਦੇ, ਦਸਵੰਧ ਨਿਕਲ ਜਾਣਾ ਸੀ।’ ਉਧਰ, ਹਰਸਿਮਰਤ ਨੂੰ ਪੇਂਡੂ ਮਾਵਾਂ ਦਾ ਮੋਹ ਆਉਣੋ ਨੀ ਹਟ ਰਿਹਾ। ਰਾਜਾ ਵੜਿੰਗ ਨੂੰ ਚੋਣਾਂ ’ਚ ਮਾਂ ਚੇਤੇ ਆਈ ਹੈ। ਯਾਦ ਰੱਖਿਓ, ਕਿਤੇ ਪੰਜਾਬ ’ਚ ‘ਜੱਗੇ’ ਦੀ ਰੂਹ ਆ ਗਈ ਤਾਂ ਨਾਨੀ ਵੀ ਚੇਤੇ ਆ ਜਾਊ। ਸ਼ੇਰ ਬੱਗਿਓ.. ਲੱਧੀ ਦੇ ਦੁੱਧ ਦੀ ਲਾਜ ਜਰੂਰ ਰੱਖਣਾ।


No comments:

Post a Comment