Friday, May 17, 2019

                                                              ਚੋਣ ‘ਜੰਗਲ’ 
                        ਫਿਰੋਜ਼ਪੁਰੋ ਕੌਣ ਜਿੱਤੂ : ‘ਸ਼ੇਰ’ ਜਾਂ ‘ਸਵਾ ਸ਼ੇਰ’?
                                                             ਚਰਨਜੀਤ ਭੁੱਲਰ
ਬਠਿੰਡਾ  : ਇੱਕ ਪਾਸੇ ਕਾਂਗਰਸ ਦਾ ‘ਸ਼ੇਰ’ ਤੇ ਦੂਜੇ ਬੰਨੇ੍ਹ ਅਕਾਲੀਆਂ ਦਾ ‘ਸਵਾ ਸ਼ੇਰ’। ਜਦੋਂ ਸਰਹੱਦੀ ਲੋਕਾਂ ਨੂੰ ਪੁੱਛੋ, ਜਿੱਤੇਗਾ ਕੌਣ? ‘ਜੀਹਨੂੰ ਵੱਧ ਵੋਟਾਂ ਪਈਆਂ’, ਏਦਾਂ ਟਿੱਚਰ ’ਚ ਗੱਲ ਕਰਦੇ ਨੇ ਬਹੁਤੇ ਲੋਕ। ਸਰਹੱਦੀ ਹਲਕਾ ਫਿਰੋਜ਼ਪਰ ਵੱਡਾ ਸਬਰ ਰੱਖਦਾ ਹੈ। ਕੰਡਿਆਲੀ ਤਾਰ ਨੇੜਲੇ ਸੈਂਕੜੇ ਪਿੰਡਾਂ ’ਚ ਕਦੇ ਜ਼ਿੰਦਗੀ ਨਹੀਂ ਧੜਕੀ। ਫਿਰ ਵੀ ਲੋਕ ਈਵੀਐਮ ਦਾ ਬਟਨ ਦੱਬਣ ਲਈ ਕਤਾਰਾਂ ’ਚ ਲੱਗਦੇ ਹਨ। ਇੱਕ ਨਵੀਂ ਆਸ ਨਾਲ ਤੇ ਭਰੋਸੇ ਨਾਲ। ਕੌਮਾਂਤਰੀ ਸੀਮਾ ’ਤੇ ਪੈਂਦੇ ਪਿੰਡਾਂ ਦੇ ਲੋਕ ਚੱਤੋ ਪਹਿਰ ਜੰਗ ਲੜਦੇ ਹਨ। ਦਿਲਾਂ ’ਚ ਦਹਿਲ ਤੇ ਘਰਾਂ ’ਚ ਗੁਰਬਤ। ਵੱਡੇ ਸੁਪਨੇ ਲੈਣੋਂ ਹੀ ਭੁੱਲ ਗਏ ਨੇ। ਆਟਾ ਦਾਲ, ਬੁਢਾਪਾ ਪੈਨਸ਼ਨ, ਪੰਜ ਪੰਜ ਮਰਲੇ ਦੇ ਪਲਾਟਾਂ ਤੋਂ ਅੱਗੇ ਇਨ੍ਹਾਂ ਨੂੰ ਕੁਝ ਦਿਸਦਾ ਨਹੀਂ। ਸਤਲੁਜ ਦਰਿਆ ਤੋਂ ਪਾਰ ਦੇ ਪਿੰਡ ਤਾਂ ਦੁੱਖਾਂ ਦਾ ਟਾਪੂ ਜਾਪਦੇ ਹਨ। ਪਿੰਡ ਰਾਮ ਸਿੰਘ ਭੈਣੀ ਦਾ ਜਗੀਰ ਸਿੰਘ ਆਖਦਾ ਹੈ ਕਿ ਜਦੋਂ ਸਰਹੱਦੀ ਪਿੰਡਾਂ ਵੱਲ ਗੱਡੀਆਂ ਦੇ ਮੂੰਹ ਹੁੰਦੇ ਹਨ, ਹੂਟਰ ਵੱਜਣ ਲੱਗਦੇ ਹਨ ਤਾਂ ਉਦੋਂ ਛੋਟੇ ਬੱਚੇ ਰੌਲਾ ਪਾਉਂਦੇ ਨੇ  ‘ਚੋਣਾਂ ਆਲੇ ਆ ਗਏ ਬਾਬਾ ’। ਦੋਨਾ ਨਾਨਕਾ ਦੀ ਸੰਤੋ ਆਖਦੀ ਹੈ ਕਿ ‘ਕੋਈ ਲੀਡਰ ਪਿੰਡ ਦੇ ਨਲਕੇ ਦਾ ਗਲਾਸ ਪਾਣੀ ਪੀ ਕੇ ਦਿਖਾਵੇ, ਪੂਰਾ ਟੱਬਰ ਵੋਟ ਪਾ ਦਿਊ’। ਝੰਗਰ ਭੈਣੀ ਦੀ ਆਂਗਣਵਾੜੀ ਵਰਕਰ ਦੱਸਦੀ ਹੈ ਕਿ ‘ਨੇੜਲੇ ਪਿੰਡਾਂ ’ਚ ਆਰਓ ਲੱਗੇ ਸਨ, ਸਭ ਖਰਾਬ ਪਏ ਨੇ, ਵੱਡੀ ਮੰਗ ਸਾਡੀ ਪਾਣੀ ਦੀ ਹੈ’। ਨਿੱਕੇ ਨਿੱਕੇ ਮਸਲੇ ਇਨ੍ਹਾਂ ਲੋਕਾਂ ਲਈ ਵੱਡੇ ਹਨ। ਕੋਈ ਨੇਤਾ ਇਨ੍ਹਾਂ ਦੇ ਦੁੱਖਾਂ ਦੀ ਦਾਰੂ ਨਹੀਂ ਬਣ ਸਕਿਆ।
         ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਬਤੌਰ ਕਾਂਗਰਸੀ ਉਮੀਦਵਾਰ ਮੈਦਾਨ ’ਚ ਹਨ। ਟੱਕਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੜ੍ਹੇ ਹਨ। ਘੁਬਾਇਆ ਨੇ ਟਿਕਟ ਲੈ ਕੇ ਪਹਿਲੀ ਬਾਜੀ ਤਾਂ ਜਿੱਤੀ। ਦੂਸਰੀ ਬਾਜੀ ਅੜੀ ਜਾਪਦੀ ਹੈ। ਘੁਬਾਇਆ ਪਹਿਲਾਂ ਦੋ ਦਫ਼ਾ ਅਕਾਲੀ ਟਿਕਟ ’ਤੇ ਫਿਰੋਜ਼ਪੁਰ ਤੋਂ ਜਿੱਤੇ। ਹੁਣ ਤੀਸਰੀ ਵਾਰ ਕਿਸਮਤ ਅਜ਼ਮਾ ਰਹੇ ਹਨ। ਸਥਾਪਤੀ ਵਿਰੋਧੀ ਹਵਾ ਵੀ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ। ਫਿਰੋਜ਼ਪੁਰ ’ਚ ਨੌ ਵਿਧਾਨ ਸਭਾ ਹਲਕੇ ਹਨ। ਜਲਾਲਾਬਾਦ ਅਕਾਲੀ ਦਲ ਕੋਲ ਤੇ ਅਬੋਹਰ ਭਾਜਪਾ ਕੋਲ ਹੈ। ਜੋ ਕਾਂਗਰਸੀ ਵਿਧਾਇਕ ਹਨ, ਉਨ੍ਹਾਂ ਦੇ ਦਿਲ ਘੁਬਾਇਆ ਨਾਲ ਮਿਲੇ ਨਹੀਂ ਲੱਗ ਰਹੇ। ਇੱਕ ਕਾਂਗਰਸੀ ਲੀਡਰ ਦਾ ਪ੍ਰਤੀਕਰਮ ਸੀ ਕਿ ਉਨ੍ਹਾਂ ਨੂੰ ਘੁਬਾਇਆ ਚੋਂ ਹਾਲੇ ਵੀ ਅਕਾਲੀ ਚਿਹਰਾ ਦਿਖਦਾ ਹੈ। ਸੁਰ ਤੇ ਤਾਲਮੇਲ ਬਿਠਾਉਣ ’ਚ ਮੁਸ਼ਕਲ ਹੈ। ਕਾਂਗਰਸ ਦੇ ਵਿਧਾਇਕ ਪਰਮਿੰਦਰ ਪਿੰਕੀ ਖੁੱਲ੍ਹ ਕੇ ਤੁਰੇ ਹਨ। ਪਿੰਕੀ ਦਾ ਦਿਲੋਂ ਤੁਰਨਾ ਤੇ ਇੱਕ ਭਾਜਪਾਈ ਆਗੂ ਵੱਲੋਂ ਕਾਂਡ ਕਰਨਾ, ਫਿਰੋਜ਼ਪੁਰ ਅਸੈਂਬਲੀ ਹਲਕੇ ਤੋਂ ਘੁਬਾਇਆ ਨੂੰ ਠੰਢੇ ਬੱੁਲੇ ਦਾ ਅਹਿਸਾਸ ਕਰਾ ਰਿਹਾ ਹੈ। ਖੇਡ ਮੰਤਰੀ ਰਾਣਾ ਸੋਢੀ ਨੇ ਕਈ ਮੀਟਿੰਗਾਂ ਕੀਤੀਆਂ ਹਨ। ਜਿਆਦਾ ਚੋਣ ਪ੍ਰਚਾਰ ਉਨ੍ਹਾਂ ਦਾ ਲੜਕਾ ਕਰ ਰਿਹਾ ਹੈ।
                ਕਾਂਗਰਸੀ ਵਿਧਾਇਕ ਨੱਥੂ ਰਾਮ ਦੀ ਚੋਣ ਸਰਗਰਮੀ ਵਿਚ ਕਿਧਰੇ ਰੌਂਅ ਨਹੀਂ ਦਿੱਖਦਾ ਹੈ। ਪਿੰਡਾਂ ਤੇ  ਸ਼ਹਿਰਾਂ ਦੇ ਮੋਹਤਬਰ ਇੱਕੋ ਗੱਲ ਖੁੱਲ੍ਹ ਕੇ ਆਖਦੇ ਹਨ ਕਿ ਕਾਂਗਰਸ ਦਾ ‘ਹੱਥ’ ਹੀ ਰਾਹ ਮੋਕਲੇ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਨਾਮਜ਼ਦਗੀ ਪੱਤਰ ਦਾਖਲ ਕਰਾਏ। ਫਿਰ ਫਾਜਿਲ਼ਕਾ ’ਚ ਇੱਕ ਚੋਣ ਰੈਲੀ ਕੀਤੀ। ਫਿਰੋਜ਼ਪੁਰ ਹਲਕੇ ’ਚ ਮੁੜ ਕੈਪਟਨ ਅਮਰਿੰਦਰ ਦਿਖੇ ਨਹੀਂ। ਹੋਰ ਵੀ ਕੋਈ ਵੱਡਾ ਕਾਂਗਰਸੀ ਨੇਤਾ ਨਹੀਂ ਆਇਆ। ਉਮੀਦਵਾਰ ਸ਼ੇਰ ਸਿੰਘ ਘੁਬਾਇਆ ਚਾਹੁੰਦਾ ਸੀ ਕਿ ਹਲਕੇ ਵਿਚ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਜਾਂ ਫਿਰ ਨਵਜੋਤ ਸਿੱਧੂ ਗੇੜਾ ਲਾ ਕੇ ਜਾਂਦੇ। ਸਰਹੱਦੀ ਚੋਣ ਜੰਗਲ ’ਚ ਕਾਂਗਰਸ ਨੇ ਮੁੜ ਕਦੇ ‘ਸ਼ੇਰ’ ਦੀ ਸਾਰ ਨਹੀਂ ਲਈ। ਉਧਰ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ ਮੁਕਾਬਲਾ ਅੌਖਾ ਨਹੀਂ ਜਾਪਦਾ ਹੈ। ਵੈਸੇ, ਪੰਥਕ ਧਿਰਾਂ ਵੱਲੋਂ ਬੀਤੇ ਦਿਨੀਂ ਕੀਤਾ ‘ਬਾਦਲ ਭਜਾਓ ਪੰਜਾਬ ਬਚਾਓ’ ਮਾਰਚ ਕਾਫੀ ਚਰਚਾ ਵਿਚ ਹੈ। ਸ਼ੇਰ ਸਿੰਘ ਘੁਬਾਇਆ ਨੇ ਦਾਅਵੇ ਨਾਲ ਆਖਿਆ ਕਿ ਲੀਡਰ ਵੱਡਾ ਬਣਾ ਜਾਂ ਛੋਟਾ, ਸੁਖਬੀਰ ਨੂੰ ਜਰੂਰ ਹਰਾ ਦੇਵਾਂਗਾ।
         ਸੂਤਰਾਂ ਅਨੁਸਾਰ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣਾ ਦੁੱਖ ਰੋਇਆ ਹੈ। ਜਦੋਂ ਰਾਹੁਲ ਗਾਂਧੀ ਬੀਤੇ ਦਿਨੀਂ ਬਰਗਾੜੀ ਵਿਖੇ ਹੈਲੀਪੈਡ ਤੇ ਪੁੱਜੇ ਤਾਂ ਘੁਬਾਇਆ ਨੇ ਇੱਕ ਪਾਸੇ ਕਰਕੇ ਰਾਹੁਲ ਗਾਂਧੀ ਨਾਲ ਗੱਲ ਕੀਤੀ। ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਨੂੰ ਕਾਂਗਰਸੀ ਲੀਡਰਾਂ ਬਾਰੇ ਦੱਸਿਆ ਹੈ। ਫਿਰੋਜ਼ਪੁਰ ਹਲਕੇ ਵਿਚ ਬੇਅਦਬੀ ਦਾ ਅਸਰ ਵੀ ਦਿਖ ਰਿਹਾ ਹੈ। ਲੋਕ ਆਖਦੇ ਹਨ ਕਿ ਫਿਰੋਜ਼ਪੁਰ ਹਲਕੇ ਦੇ ਕਾਂਗਰਸੀ ਦਿਲੋਂ ਮਦਦ ਕਰਨ ਤਾਂ ਅਕਾਲੀ ਉਮੀਦਵਾਰ ਬਾਦਲ ਲਈ ਮੁਸ਼ਕਲ ਖੜੀ ਹੋ ਜਾਣੀ ਹੈ। ਬਹੁਤੇ ਆਖਦੇ ਹਨ ਕਿ ਸੁਖਬੀਰ ਲਈ ਰਾਹ ਹਾਲੇ ਬਹੁਤੇ ਅੌਖੇ ਨਹੀਂ ਜਾਪਦੇ। ਫਿਰ ਵੀ ਮੁਕਾਬਲਾ ਤਾਂ ਹੈ। ਚੋਣਾਂ ’ਚ ਕੁਝ ਵੀ ਸੰਭਵ ਹੁੰਦਾ ਹੈ। ਫਿਰੋਜ਼ਪੁਰ ਹਲਕੇ ਦੇ 16.13 ਲੱਖ ਵੋਟਰ ਹਨ ਜਿਨ੍ਹਾਂ ਚੋਂ ਕਰੀਬ ਢਾਈ ਲੱਖ ਵੋਟਰ ਰਾਏ ਸਿੱਖ ਬਰਾਦਰੀ ਦੇ ਦੱਸੇ ਜਾ ਰਹੇ ਹਨ ਜਦੋਂ ਕਿ ਡੇਢ ਲੱਖ ਵੋਟ ਕੰਬੋਜ ਬਰਾਦਰੀ ਦੀ ਆਖ ਰਹੇ ਹਨ। ਵੱਡਾ ਤੇ ਛੋਟਾ ਬਾਦਲ ਇਸ ਵੋਟ ਬੈਂਕ ਨੂੰ ਪਲੋਸਣ ਲੱਗੇ ਹਨ।
                 ਘੁਬਾਇਆ ਹਲਕੇ ਦੇ ਕਰਾਏ ਵਿਕਾਸ ਕੰਮਾਂ ਦੀ ਚਰਚਾ ਕਰਦਾ ਹੈ। ਆਖਦਾ ਹੈ ਕਿ ਬੇਅਦਬੀ ਮਾਮਲੇ ਮਗਰੋਂ ਉਸ ਨੇ ਅਕਾਲੀ ਦਲ ਨੂੰ ਛੱਡਣ ਦਾ ਫੈਸਲਾ ਲਿਆ। ਉਨ੍ਹਾਂ ਦਾ ਵਿਧਾਇਕ ਪੁੱਤਰ ਦਵਿੰਦਰ ਸਿੰਘ ਘੁਬਾਇਆ ਵੀ ਦਿਨ ਰਾਤ ਪ੍ਰਚਾਰ ’ਚ ਜੁਟਿਆ ਹੈ। ਉਧਰ ਸੁਖਬੀਰ ਬਾਦਲ ਚੋਣ ਪ੍ਰਚਾਰ ’ਚ ਪਿੰਡਾਂ ਨੂੰ ‘ਮਿੰਨੀ ਚੰਡੀਗੜ੍ਹ’ ਬਣਾਉਣ ਦੀ ਗੱਲ ਆਖ ਰਹੇ ਹਨ। ਦੱਸਦੇ ਹਨ ਕਿ ਰਾਏ ਸਿੱਖ ਬਰਾਦਰੀ ਦੇ ਵੋਟ ਬੈਂਕ ਤੇ ਦੋਹਾਂ ਧਿਰਾਂ ਦੀ ਟੇਕ ਹੈ ਜੋ ਫੈਸਲਾਕੁਨ ਦੱਸੀ ਜਾ ਰਹੀ ਹੈ। ਆਮ ਆਦਮੀ ਪਾਰਟੀ ਤਰਫ਼ੋਂ ਇਸ ਹਲਕੇ ਵਿਚ ਕਾਕਾ ਸਰਾਂ ਮੈਦਾਨ ਵਿਚ ਹਨ ਜਦੋਂ ਕਿ ਜਮਹੂਰੀ ਮੋਰਚਾ ਤਰਫ਼ੋਂ ਹੰਸ ਰਾਜ ਗੋਲਡਨ ਕੁੱਦੇ ਹੋਏ ਹਨ। ਚੋਣ ਪ੍ਰਚਾਰ ਸਮਾਪਤ ਹੋਣ ਲੱਗਾ ਹੈ। ਕੌਣ ਬਾਜੀ ਜਿੱਤੇਗਾ, ਸ਼ੇਰ ਜਾਂ ਸਵਾ ਸ਼ੇਰ , 23 ਮਈ ਨੂੰ ਢੋਲ ਵੱਜ ਜਾਣਗੇ।



1 comment:

  1. ਫਿਰੋਜ਼ਪੁਰ ਤੋ ਛੋਟਾ ਬਾਦਲ ਜਿਤੇਗਾ.ਅਬੋਹਰ, ਜਲਾਲਾਬਾਦ, ਬੱਲੂਆਨਾ, ਸ਼੍ਰੀ ਮੁਕਤਸਰ ਸਾਹਿਬ ਵਿਚ ਸੁਖਬੀਰ ਦਾ ਜੋਰ ਬਹੁਤ ਹੈ - ਇਸ ਦੇ ਕਾਲੀ ਜਥੇਦਾਰਾ ਦਾ ਹਾਲੇ ਹੀ ਪ੍ਰਸ਼ਾਸਨ ਤੇ ਪੂਰਾ ਜੋਰ ਹੈ - ਕੋਈ ਵੀ ਪਟਵਾਰੀ, ਥਾਣੇ ਵਿਚ ਕਮ ਉਨਾ ਦੇ ਕਹੇ ਤੋ ਸਵਾਏ ਨਹੀ ਹੁੰਦੇ - ਇਥੇ ਕਾਲੀ ਤੇ congi ਰਲ ਕੇ ਇੱਕ ਦੂਜੇ ਨੂ ਵੋਟਾ ਪਵਾਓਦੇ ਹਨ - ਰਿਸ਼ਤੇਦਾਰੀ ਵਿਚ ਇੱਕ ਜਾਣਾ ਕਾਲੀ ਤੇ ਦੂਜਾ congi - ਇਥੋ 99.99% ਚਾੰਸ ਹੈ ਕਿ ਛੋਟਾ ਬਾਦਲ ਹੀ ਜਿਤੇਗਾ!! ਘੁਬਾਇਆ ਨੂ ਲੋਕ ਇਥੇ ਨਹੀ ਜਾਣਦੇ ਅਤੇ ਇਥੇ ਲੋਕਾ ਨੂ ਬਰਗਾੜੀ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਵੀ ਬਹੁਤੀ ਦਿਲਚਸਪੀ ਨਹੀ ਹੈ -ਪਗਾ ਜਰੂਰ ਬਨੀਆ ਹਨ - ਪਰ ਰੋਟੀ ਕਪੜਾ ਔਰ ਮਕਾਨ - ਰਬ ਨੇੜੇ ਕਿ ਘੁਸਨ. ਆਓਣ ਵਾਲੇ ਕਲ ਦੀ ਵੇਖੀ ਜਾਵੇਗੀ

    ReplyDelete