Tuesday, June 25, 2024

                                                   ਨਵੇਂ ਨਕੋਰ ਸਿਕੰਦਰ !           
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਸਿਕੰਦਰ ਮਹਾਨ ਹੋ ਸਕਦਾ ਹੈ ਤਾਂ ਰਵਨੀਤ ਬਿੱਟੂ ਕਿਉਂ ਨਹੀਂ। ਪ੍ਰਭੂ ਦੀ ਲੀਲ੍ਹਾ ਬੇਅੰਤ ਹੈ, ਮਰਹੂਮ ਬੇਅੰਤ ਸਿੰਘ ਦਾ ਪੋਤਰਾ ਬਿੱਟੂ ਸਿੰਘ ‘ਮੁਕੱਦਰ ਦਾ ਸਿਕੰਦਰ’ ਨਿਕਲਿਆ। ਔਹ ਦੇਖੋ, ਰਾਜਾ ਵੜਿੰਗਪੁਰੀਆ ਕਿਵੇਂ ਨਾਅਰਾ ਮਾਰਦਾ ਪਿਐ ‘ਜੋ ਜੀਤਾ ਵੋਹੀ ਸਿਕੰਦਰ।’ ਛੋਟੇ ਰਾਜੇ ਨੂੰ ਇਲਮ ਨਹੀਂਓ ਕਿ ਬਈ! ਅਮਿਤ ਸ਼ਾਹਪੁਰੀਏ ਦੀ ਛੋਹ ਨੇ ਬਿੱਟੂ ਨੂੰ ਅਜਿੱਤ ਬਣਾਇਐ। ਜੇ ਫਿਰ ਵੀ ਪੱਲੇ ਨਹੀਂ ਪੈ ਰਿਹਾ ਤਾਂ ਸ਼ਾਹਰੁਖ਼ ਖ਼ਾਨ ਨੂੰ ਧਿਆ ਲੈਣ, ‘ਕਭੀ ਕਭੀ ਜੀਤਨੇ ਕੇ ਲੀਏ, ਕੁਛ ਹਾਰਨਾ ਵੀ ਪੜਤਾ ਹੈ, ਹਾਰ ਕਰ ਜੀਤਨੇ ਵਾਲੇ ਕੋ ਬਾਜ਼ੀਗਰ ਕਹਿਤੇ ਹੈਂ।’ ਭਲਿਓ, ਹੁਣ ਦੱਸੋ ਖਾ, ਆਪਣੇ ਬਿੱਟੂ ਸਿੰਘ ਨੂੰ ਕੀ ਕਹੀਏ!

       ਬਿੱਟੂ ਸਿੰਘ ਦੀ ਇੱਕ ਤਾਂ ਸਿਫ਼ਤ ਹੈ ਕਿ ਉਸ ਨੇ ਸਦੀਆਂ ਤੋਂ ਪ੍ਰਚਲਿਤ ਲੋਕ ਕਥਨ ‘ਜੋ ਜੀਤਾ ਵਹੀ ਸਿਕੰਦਰ’ ਨੂੰ ਵੀ ਖ਼ਾਲੀ ਹੱਥੀਂ ਤੋਰ ਦਿੱਤਾ ਹੈ। ਭਾਜਪਾ ਵੱਡਾ ਸਮੁੰਦਰ ਹੈ, ਸੰਧੂ ਸਮੁੰਦਰੀ ਜਾਲ ਵਿਛਾਉਂਦਾ ਰਹਿ ਗਿਆ, ਵੇਲ੍ਹ ਮੱਛੀ ਬਿੱਟੂ ਦੇ ਜਾਲ ’ਚ ਫਸ ਗਈ। ਹਿਮਾਚਲ ਪ੍ਰਦੇਸ਼ ਵਾਲੇ ਅਨੁਰਾਗ ਠਾਕੁਰ ਨੂੰ ਹੁਣ ਕੋਈ ਕਿਨਾਰਾ ਨਹੀਂ ਝੱਲ ਰਿਹਾ। ਬਿੱਟੂ ਸਿੰਘ ਪੰਜਾਬ ’ਚ ਭਾਜਪਾ ਦਾ ਨਵਾਂ ਐਡੀਸ਼ਨ ਹੈ। ਜ਼ਰੂਰ ਨਿਆਣੀ ਉਮਰੇ ਬਿੱਟੂ ਨੇ ਪੌਸ਼ਟਿਕ ਭੋਜਨ ਛਕਿਆ ਹੋਊ। ਰਾਹੁਲ ਦਾ ਸਿਪਾਹੀ ਐਵੇਂ ਥੋੜ੍ਹਾ ਅਮਿਤ ਸ਼ਾਹ ਦਾ ਜਰਨੈਲ ਬਣਿਐ।

      ਜਿਉਂ ਹੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਦੇ ਕਾਂਗਰਸੀ ਤਿੱਲਾਂ ਵਿਚ ਹੁਣ ਤੇਲ ਨਹੀਂ, ਬਿੱਟੂ ਸਿੰਘ ਭੱਜਾ ਭੱਜਾ ਭਾਜਪਾ ਦੇ ਕੋਹਲੂ ’ਤੇ ਗਿਆ, ਇੱਧਰੋਂ ਤਿੱਲ ਪਾਏ, ਉਧਰੋਂ ਵਜ਼ੀਰੀ ਮਾਅਰਕਾ ਭਾਜਪਾਈ ਤੇਲ ਦਾ ਪੀਪਾ ਉਛਲ ਗਿਆ। ਰਾਜਾ ਵੜਿੰਗ ਤੇਲ ਦੀ ਧਾਰ ਵਹਿੰਦਾ ਰਹਿ ਗਿਆ। ਬਿੱਟੂ ਤੇ ਸ਼ਾਹ ਮਸਤੀ ’ਚ ਝੂਮ ਰਹੇ ਸਨ, ‘ਇਮਲੀ ਕਾ ਬੂਟਾ, ਬੇਰੀ ਕਾ ਪੇੜ, ਇਮਲੀ ਖੱਟੀ, ਮੀਠੇ ਬੇਰ, ਇਸ ਜੰਗਲ ਮੇਂ ਹਮ ਦੋ ਸ਼ੇਰ…।’ ਸ਼ਾਹ ਮੁਹੰਮਦ ਅੱਜ ਹੁੰਦਾ ਤਾਂ ਨਵਾਂ ਜੰਗਨਾਮਾ ਲਿਖਣਾ ਪੈਂਦਾ,‘ ਸ਼ਾਹ ਮੁਹੰਮਦਾ ਇੱਕ ਇਖ਼ਲਾਕ ਬਾਝੋਂ, ਫ਼ੌਜਾਂ ਹਾਰ ਕੇ ਅੰਤ ਨੂੰ ਜਿੱਤੀਆਂ ਨੇ।’ ਸੋ ਮਾਈ ਭਾਈ ਆਪ ਤੋਂ ਜਾਣੀ ਜਾਣ ਹੋ ਕਿ ਕਿੱਦਾਂ ਅਸਾਡਾ ਬਿੱਟੂ ਹਾਰਦਾ ਹਾਰਦਾ ਜਿੱਤ ਗਿਆ। ‘ਹੋਵੇ ਮਨਜ਼ੂਰ ਇਨ੍ਹਾਂ ਭਗਤਾਂ ਦੀ ਸੇਵਾ।’

        ਪ੍ਰਤਾਪ ਸਿੰਘ ਕੈਰੋਂ ਆਖਦੇ ਹੁੰਦੇ ਸਨ ਕਿ ਜੱਟ ਤਾਂ ਸੁਹਾਗੇ ’ਤੇ ਚੜ੍ਹਿਆ ਨੀਂ ਮਾਣ ਹੁੰਦਾ…। ਕਹਿਣ ਵਾਲੇ ਤਾਂ ਇਹ ਵੀ ਆਖਦੇ ਨੇ ਕਿ ‘ਅਨਪੜ੍ਹ ਜੱਟ ਪੜ੍ਹਿਆ ਬਰਾਬਰ, ਪੜ੍ਹਿਆ ਲਿਖਿਆ ਭਗਵਾਨ ਬਰਾਬਰ।’ ਸਭ ਆਸਵੰਦ ਹਨ ਕਿ ਕਾਕਾ ਬਿੱਟੂ ਹੁਣ ਭਾਜਪਾਈ ਸੁਹਾਗੇ ’ਤੇ ਚੜ੍ਹ ਕੇ ਪੰਜਾਬ ਸਿੰਘ ਦੇ ਦੁੱਖਾਂ ਨੂੰ ਐਨ ਪੱਧਰਾ ਕਰ ਦੇਵੇਗਾ। ਭਾਵੇਂ ਵੱਟ ’ਤੇ ਖੜ੍ਹਾ ਰਾਹੁਲ ਗਾਂਧੀ ਕੁਲਦੀਪ ਮਾਣਕ ਵਾਂਗੂੰ ਲੱਖ ਹੇਕਾਂ ਲਾਈ ਜਾਵੇ, ‘ਧੋਖਾ ਦੇ ਗਈ ਜੱਟੀਏ, ਤੂੰ ਕੌਲਾਂ ਤੋਂ ਹਾਰੀ।’ ਬਿੱਟੂ ਸਿੰਘ ਕੌਤਕੀ ਵੀ ਹੈ, ਜੁਗਤੀ ਵੀ ਹੈ। ਉੱਪਰੋਂ ਸੰਜੋਗ ਜ਼ੋਰਾਵਰ ਨਿਕਲੇ, ਜਿਹੜੇ ਬਿੱਟੂ ਨੂੰ ਮੋਢਿਆਂ ’ਤੇ ਚੁੱਕ ਭਾਜਪਾ ਦੇ ਘਰ ਲੈ ਗਏ।

       ਘਰ ਤੋਂ ਚੇਤੇ ਆਇਆ। ਭਗਵੰਤ ਮਾਨ ਨੇ ਚੋਣਾਂ ਵੇਲੇ ਬਿੱਟੂ ਨੂੰ ਬੇਘਰ ਕਰ ਦਿੱਤਾ ਸੀ। ਜਿਊਂਦਾ ਰਹੇ ਅਮਿਤ ਸ਼ਾਹ, ਜੀਹਨੇ ਗੱਜ ਵੱਜ ਕੇ ਚੋਣਾਂ ’ਚ ਕਿਹਾ ਕਿ ‘ਬਿੱਟੂ ਹਮਾਰਾ ਪੁਰਾਨਾ ਦੋਸਤ ਹੈ, ਆਪ ਜਿਤਾ ਦੋ, ਇਸ ਕੋ ਬੜਾ ਆਦਮੀ ਬਣਾਏਂਗੇ।’  ਸੱਤਾ ਤੇ ਸੁਪਨਾ ਇੱਕੋ ਸਕੀਰੀ ’ਚੋਂ ਨੇ। ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’, ਅਮਿਤ ਸ਼ਾਹ ਨੇ ਬੋਲ ਪੁਗਾ ਦਿੱਤੇ। ਵੱਡਾ ਘਰ ਵੀ ਮਿਲ ਗਿਆ। 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੰਜਾਬ ’ਚ ਇਹ ਨਵਾਂ ਪ੍ਰਯੋਗ ਹੈ। ਜੇ ਕਾਬਲੀਅਤ ਕੁਤਬ ਮੀਨਾਰ ਹੈ ਤਾਂ ਦੋਸਤੀ ਐਵਰੈਸਟ ਹੈ। ਅਗਲਿਆਂ ਨੇ ਬਿੱਟੂ ਨੂੰ ਚੋਟੀ ’ਤੇ ਚੜ੍ਹਾ’ਤਾ। ਇੰਜ ਲੱਗਦੈ ਕਿ ਅਮਿਤ ਸ਼ਾਹ ਤੇ ਬਿੱਟੂ ਹੁਣ ਜ਼ਰੂਰ ਇੱਕ ਦੂਜੇ ਨੂੰ ਵਚਨ ਦਿੰਦੇ ਪਏ ਹੋਣਗੇ, ਇਸ ਗੀਤ ਵਾਂਗੂ, ‘ਯੇ ਦੋਸਤੀ ਹਮ ਨਹੀਂ ਛੋੜੇਂਗੇ…।’

       ਸ਼ਾਹ ਹੁਸੈਨ ਫ਼ਰਮਾਉਂਦੇ ਪਏ ਨੇ, ‘ਸੱਜਣ ਦੇ ਗਲ ਬਾਂਹ ਅਸਾਡੀ, ਕਿਉਂ ਕਰ ਆਖਾਂ ਛੱਡ ਵੇ ਅੜਿਆ।’ ਸਿਆਣੇ ਤਾਂ ਇਹ ਵੀ ਆਖਦੇ ਨੇ ਕਿ ਪਾਣੀ ਵਗਦੇ ਚੰਗੇ, ਦੀਵੇ ਜਗਦੇ ਚੰਗੇ। ਕਿੰਨੇ ਕਾਂਗਰਸੀ ਆਪਣੇ ਦੀਵੇ ਹੁਣ ਭਾਜਪਾ ਦੇ ਬਨ੍ਹੇਰੇ ’ਤੇ ਜਗਾਈ ਬੈਠੇ ਨੇ। ਫ਼ਰਕ ਏਨਾ ਕੁ ਐ ਕਿ ਅਮਿਤ ਸ਼ਾਹ ਨੇ ਤੇਲਾ ਪਾ’ਤਾ, ਬਿੱਟੂ ਆਲਾ ਦੀਵਾ ਮਸ਼ਾਲ ਬਣ ਗਿਆ। ਮੂਰਖਦਾਸੋ! ਇਹ ਤਾਂ ਕਲਾ ਵਰਤੀ ਐ ਜਿਹੜਾ ਬਿੱਟੂ ਦੇ ਸਿਰ ’ਤੇ ਤਾਜ ਸਜਿਐ। ਜਿਵੇਂ ਨਸਵਾਰ ਦੀ ਚੂੰਡੀ ਦਿਮਾਗ਼ ਖੋਲ੍ਹ ਦਿੰਦੀ ਹੈ, ਉਵੇਂ ਹੁਣ ਪੰਜਾਬ ਦੇ ਭਾਗ ਖੁੱਲ੍ਹਣਗੇ।

        ਕਿਸਾਨ ਆਖਦੇ ਨੇ ਕਿ ਭਾਜਪਾ ਨੇ ਪੰਜਾਬ ਦੇ ਰਾਹਾਂ ’ਚ ਕੰਢੇ ਬੀਜੇ ਨੇ। ਬਿੱਟੂ ਨੇ ਤਾਂ ਭਾਜਪਾ ਦੀ ਮੇਨ ਨਰਸਰੀ ਵੀ ਗਾਹ ਮਾਰੀ, ਕਿਤੋਂ ਕੋਈ ਕਿੱਲ ਨਹੀਂ ਲੱਭੇ। ਬਿੱਟੂ ਨੇ ਕੇਂਦਰੀ ਸੱਤਾ ਦੇ ਕੋਲਡ ਸਟੋਰ ’ਚ ਪਈਆਂ ਪੰਜਾਬ ਦੀਆਂ ਮੰਗਾਂ ਜ਼ਰੂਰ ਬਾਹਰ ਕੱਢੀਆਂ ਨੇ। ਦੇਖਦੇ ਜਾਇਓ, ਇਹ ਪੰਜਾਬ ਦਾ ਪੁੱਤ ਕਿਵੇਂ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਨੂੰ ਰਿਹਾਅ ਕਰਾਉਂਦਾ। ਆਹ ਥੋਡੀ ਐੱਮਐੱਸਪੀ ਵਾਲੀ ਕਾਨੂੰਨੀ ਗਾਰੰਟੀ ਤਾਂ ਕਾਕਾ ਜੀ ਦੇ ਖੱਬੇ ਹੱਥ ਦੀ ਖੇਡ ਹੈ। ਤਾਹੀਂ ਤਾਂ ਬਿੱਟੂ ਸਿਓਂ ਨੇ ਕਿਹਾ ਕਿ ਹੁਣ ਅੱਗੇ ਵਧਣ ਦਾ ਵੇਲਾ ਹੈ। ਅਸਲ ‘ਬਦਲਾਅ’ ਤਾਂ ਹੁਣ ਪੋਤਰਾ ਲੈ ਕੇ ਆਵੇਗਾ।

       ਬਿੱਟੂ ਦਾ ਸਿਆਸੀ ਕੱਦ ਛੋਟਾ ਸੀ, ਅਮਿਤ ਸ਼ਾਹ ਨੇ ਖਿੱਚ ਕੇ ਵੱਡਾ ਕਰ’ਤਾ। ਪੰਜਾਬ ਦੇ ਟਕਸਾਲੀ ਭਾਜਪਾ ਆਲੇ ਆਖਦੇ ਨੇ, ‘ਚੋਰ ਦੀ ਮਾਂ ਕੋਠੀ ’ਚ ਮੂੰਹ’। ਟਕਸਾਲੀ ਮੂੰਹ ਮੋਟਾ ਕਰੀਂ ਬੈਠੇ ਨੇ। ਆਪਣਾ ਹਰਜੀਤ ਗਰੇਵਾਲ, ਕਿਸਾਨਾਂ ਨੇ ਕਦੇ ਵੀ ਇਸ ਗਰੇਵਾਲੀ ਮੁੰਡੇ ਦੇ ਮਾਣ-ਤਾਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਕਿਸਾਨ ਘੋਲ ਵੇਲੇ ਝੋਨਾ ਵੀ ਪੁੱਟ ਸੁੱਟਿਆ ਸੀ। ਪੁਰਾਣੇ ਸਮਿਆਂ ’ਚ ਗੂੰਜ ਪੈਂਦੀ ਹੁੰਦੀ ਸੀ, ‘ਜਦ ਰੂਸ ਪੰਜਾਬੇ ਆਏ, ਟਕੇ ਸ਼ੇਰ ਅੰਨ ਵਿਕਾਵੇ।’ ਸੱਜਣੋਂ, ਤਾਹੀਂ ਇਨਕਲਾਬ ਬਿੱਟੂ ਦੀ ਗੱਡੀ ਚੜ੍ਹਿਐ, ਗਰੇਵਾਲ ਟੇਸ਼ਨ ’ਤੇ ਖੜ੍ਹਾ ਰਹਿ ਗਿਆ।

         ਇੱਧਰ, ਟਕਸਾਲੀ ਭਾਜਪਾਈ ਅਮਿਤ ਸ਼ਾਹ ’ਤੇ ਔਖੇ ਹੋਏ ਫਿਰਦੇ ਨੇ। ਇਸੇ ਕਰਕੇ ਅਮਿਤ ਸ਼ਾਹ ਦੀ ਹਵੇਲੀ ’ਚ ਮੁਹੰਮਦ ਸਦੀਕ ਦਾ ਗਾਣਾ ਵੱਜ ਰਿਹੈ, ‘ਇੱਕ ਤੇਰੀ ਜਿੰਦ ਬਦਲੇ ਬੱਲੀਏ, ਸਾਰਾ ਪਿੰਡ ਮਿੱਤਰਾਂ ਦੇ ਵੈਰ ਪਿਆ।’ ਇੱਕ ਦਿਨ ਵੱਡੇ ਤੜਕੇ ਸੁਪਨਾ ਆਇਆ। ਕੀ ਦੇਖਦਾ ਹਾਂ ਕਿ ਇੱਕ ਡੇਰੇ ’ਚ ਧੂਣੀ ਲਾਈ ਭਬੂਤੀ ਆਲਾ ਬਾਬਾ ਬੈਠਾ ਹੈ, ਅੱਗੇ ਭਾਜਪਾ ਦੇ ਟਕਸਾਲੀ ਨੇਤਾ ਬੈਠੇ ਨੇ। ਮਨੋਰੰਜਨ ਕਾਲੀਆ ਆਖਣ ਲੱਗੇ, ‘ਬਾਬਾ ਜੀ ! ਸਾਡੀ ਤਪੱਸਿਆ ’ਚ ਕੀ ਕਮੀ ਰਹਿ ਗਈ ਐ।’ ਬਾਬਾ ਫ਼ਰਮਾਇਆ, ਬੱਚਾ! ਹਿਮਾਲਿਆ ਜਾਓ ਭਗਤੀ ’ਚ ਲੀਨ ਹੋ ਜਾਓ, ਰਾਮ ਭਲੀ ਕਰੇਗਾ।

        ਸੁਪਨੇ ’ਚ ਪੂਰਾ ਰੰਗ ਬੱਝ ਗਿਆ। ਹਰਜੀਤ ਗਰੇਵਾਲ ਆਖਣ ਲੱਗਾ, ਮਹਾਂਪੁਰਸ਼ੋ! ਹੁਣ ਅਸੀਂ ਕੀ ਕਰੀਏ। ਬਾਬਾ ਚੁੱਪ ਹੋ ਗਿਆ, ਮੈਥੋਂ ਰਿਹਾ ਨਾ ਗਿਆ। ਗਰੇਵਾਲਾ! ਜਿਉਂਦੇ ਜੀਅ ਕਦੇ ਕੰਮ ਮੁੱਕੇ ਨੇ। ਥੋਡੇ ਲਈ ਭਾਜਪਾ ਹੁਣ ਲਾਹੇਵੰਦ ਧੰਦਾ ਨਹੀਂ ਰਹੀ। ਜਾਓ ਕੋਈ ਸਹਾਇਕ ਧੰਦਾ ਕਰ ਲਵੋ। ਸ਼ਹਿਦ ਦੀਆਂ ਮੱਖੀਆਂ ਪਾਲੋ, ਖ਼ਰਗੋਸ਼ ਪਾਲੋ, ਹੋਰ ਨਹੀਂ ਤਾਂ ਚਾਰ ਝੋਟੇ ਹੀ ਪਾਲ ਲਓ। ਜੇ ਨਹੀਂ ਕਰ ਸਕਦੇ ਤਾਂ ਬਿੱਟੂ ਦੇ ਪੈਰ ਫੜੋ, ਉਸ ਤੋਂ ਤਵੀਤ ਲਵੋ ਜਿਹੜਾ ਉਹਨੇ ਸ਼ਾਹ ਜੀ ਨੂੰ ਘੋਲ ਕੇ ਪਿਆਇਆ ਸੀ।

        ਪੰਜਾਬ ਦੀ ਸਿਆਸਤ ’ਚ ਕਿੰਨੇ ਹੀ ਸਿਕੰਦਰ ਬਣੇ ਨੇ। ਅਮਿਤ ਸ਼ਾਹ ਦੇ ਬੋਲਾਂ ਵਾਂਗੂੰ ਕਿੰਨੇ ਹੀ ‘ਬੜੇ ਆਦਮੀ’ ਬਣੇ ਨੇ। ਢੀਂਡਸਾ ਹਾਰ ਜਾਂਦੇ ਸਨ, ਸਿੱਧਾ ਰਾਜ ਸਭਾ ਜਾਂਦੇ ਸਨ। ਇਹ ਸੁਭਾਗ ਭੂੰਦੜ ਸਾਹਿਬ ਨੂੰ ਵੀ ਪ੍ਰਾਪਤ ਹੋਇਆ ਹੈ। ਕਾਂਗਰਸ ’ਚ ਅੰਬਿਕਾ ਸੋਨੀ ਨੂੰ ਵੀ ਮੌਕਾ ਮਿਲਿਆ ਹੈ। ਹਾਰੋ ਚਾਹੇ ਜਿੱਤੋ, ਫੀਤੀ ਪੱਕੀ ਮਿਲਦੀ ਹੈ, ਬਸ਼ਰਤੇ ਕਿ ਥੋਡਾ ਵੀ ਕੋਈ ਅਮਿਤ ਸ਼ਾਹ ਵਰਗਾ ਯਾਰ ਹੋਵੇ। ਜੇ ਨਹੀਂ ਵੀ, ਤਾਂ ਵੀ ਬਹੁਤਾ ਬੋਝ ਨਹੀਂ ਪਾਈਦਾ। ਮਾਂ ਤਾਂ ਹਰ ਬੱਚੇ ਨੂੰ ਲੋਰੀ ਦਿੰਦੀ ਹੈ, ਜਿਨ੍ਹਾਂ ਦੀ ਲੋਰੀਆਂ ਨਾਲ ਜ਼ਮੀਰ ਸੌਂ ਜਾਂਦੀ ਹੈ, ਉਹ ਸਿਆਸੀ ਸਿਕੰਦਰ ਬਣ ਜਾਂਦੇ ਨੇ। ਆਖ਼ਰ ’ਚ ਸਰਦੂਲ ਸਿਕੰਦਰ ਦਾ ਆਹ ਗਾਣਾ ਵੀ ਸੁਣਦੇ ਜਾਓ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ’ਚੋਂ ਗਿਰ ਗਈ, ਕੀ ਕਰੀਏ…।’

(22 ਜੂਨ, 2024)

Friday, June 21, 2024

                                                        ਸਿਆਸੀ ਮਧਾਣੀ
                                       ਉੱਜੜੇ ਬਾਗਾਂ ਨੂੰ ਪਾਣੀ ਹੀ ਪਾਣੀ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਨਹਿਰੀ ਪਾਣੀ ਦੀ ਬੂੰਦ-ਬੂੰਦ ਲਈ ਸਿਆਸੀ ਜੰਗ ਲੜ ਰਿਹਾ ਹੈ ਪਰ ਇਸੇ ਦੌਰਾਨ ਪੰਜਾਬ ਦੇ ਉੱਜੜੇ ਹੋਏ ਬਾਗਾਂ ਲਈ ਪਾਣੀ ਹੀ ਪਾਣੀ ਹੈ। ਪੰਜਾਬ ਦੇ ਜਿਸ ਰਕਬੇ ਵਿੱਚ ਕਦੇ ਬਾਗ ਲੱਗੇ ਹੁੰਦੇ ਸਨ, ਉੱਥੇ ਹੁਣ ਝੋਨਾ ਮਹਿਕਾਂ ਛੱਡ ਰਿਹਾ ਹੈ ਪ੍ਰੰਤੂ ਜਲ ਸਰੋਤ ਵਿਭਾਗ ਦੇ ਰਿਕਾਰਡ ਵਿੱਚ ਅੱਜ ਵੀ ਇਸ ਰਕਬੇ ’ਚ ਬਾਗ ਲੱਗੇ ਹੋਏ ਹਨ। ਬਾਗਬਾਨਾਂ ਨੂੰ ਆਮ ਕਿਸਾਨਾਂ ਨਾਲੋਂ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦਿੱਤਾ ਜਾਂਦਾ ਹੈ। ਕਿਸਾਨਾਂ ਨੇ ਬਾਗ ਤਾਂ ਉਜਾੜ ਦਿੱਤੇ ਹਨ ਪ੍ਰੰਤੂ ਵੱਧ ਨਹਿਰੀ ਪਾਣੀ ਲੈਣਾ ਨਹੀਂ ਛੱਡਿਆ। ਜਦੋਂ ਅੰਗਰੇਜ਼ ਹਕੂਮਤ ਸੀ ਤਾਂ ਉਦੋਂ 23 ਦਸੰਬਰ 1943 ਨੂੰ ਬਾਗਾਂ ਵਾਸਤੇ ਜ਼ਿਆਦਾ ਨਹਿਰੀ ਪਾਣੀ ਦੇਣ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਬਾਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਮ ਕਿਸਾਨਾਂ ਨਾਲੋਂ ਬਾਗਬਾਨਾਂ ਨੂੰ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਕੀਤੀ ਗਈ ਸੀ। 

      ਪੰਜਾਬ ਸਰਕਾਰ ਨੇ 17 ਅਗਸਤ 1970 ਨੂੰ ਨਵੇਂ ਬਾਗਾਂ ਨੂੰ ਵਾਧੂ ਨਹਿਰੀ ਪਾਣੀ ਦੇਣ ਦੀ ਰੀਤ ਨੂੰ ਬੰਦ ਕਰ ਦਿੱਤਾ ਪਰ ਪੁਰਾਣੇ ਬਾਗਾਂ ਨੂੰ ਜ਼ਿਆਦਾ ਨਹਿਰੀ ਪਾਣੀ ਦੇਣ ਦੀ ਵਿਵਸਥਾ ਜਾਰੀ ਰੱਖਣ ਦਾ ਫ਼ੈਸਲਾ ਲਿਆ। ਜਲ ਸਰੋਤ ਵਿਭਾਗ ਦੇ ਰਿਕਾਰਡ ਅਨੁਸਾਰ ਸੂਬੇ ਵਿੱਚ 2544 ਬਾਗ ਅਜਿਹੇ ਹਨ ਜਿਨ੍ਹਾਂ ਨੂੰ ਆਮ ਕਿਸਾਨੀ ਨਾਲੋਂ 2.8 ਗੁਣਾ ਜ਼ਿਆਦਾ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਨਹਿਰੀ ਵਿਭਾਗ ਅਤੇ ਬਾਗਬਾਨੀ ਵਿਭਾਗ ਨੇ ਜਦੋਂ ਇਨ੍ਹਾਂ ਬਾਗਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਸਾਹਮਣੇ ਆਇਆ ਕਿ ਬਹੁਤੇ ਬਾਗਾਂ ਵਾਲੇ ਰਕਬੇ ਵਿੱਚ ਹੁਣ ਝੋਨਾ ਲਹਿਰਾ ਰਿਹਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਸੂਬੇ ਵਿੱਚ 1261 ਅਜਿਹੇ ਪੁਰਾਣੇ ਬਾਗਾਂ ਦੀ ਸ਼ਨਾਖ਼ਤ ਹੋਈ ਹੈ ਜਿਹੜੇ ਕਿ ਹੁਣ ਨਸ਼ਟ ਹੋ ਚੁੱਕੇ ਹਨ ਪ੍ਰੰਤੂ ਇਨ੍ਹਾਂ ਬਾਗਾਂ ਵਾਲੇ ਰਕਬੇ ਨੂੰ ਅੱਜ ਵੀ ਵਾਧੂ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ।

      ਨਹਿਰੀ ਵਿਭਾਗ ਦੀ ਸਖ਼ਤੀ ਮਗਰੋਂ 31 ਬਾਗਾਂ ਨੂੰ ਮਿਲਦਾ ਵਾਧੂ ਨਹਿਰੀ ਪਾਣੀ ਹੁਣ ਕੱਟ ਦਿੱਤਾ ਗਿਆ ਹੈ। 17 ਕੇਸਾਂ ਵਿੱਚ ਬਾਗਬਾਨਾਂ ਨੇ ਮੁੜ ਬਾਗ ਲਗਾ ਲਏ ਹਨ। ਜਲ ਸਰੋਤ ਵਿਭਾਗ ਨੇ ਕੈਨਾਲ ਐਕਟ ਤਹਿਤ ਅਜਿਹੇ ਬਾਗਬਾਨਾਂ ਨੂੰ ਨੋਟਿਸ ਵੀ ਜਾਰੀ ਕੀਤੇ ਸਨ। ਆਮ ਕਿਸਾਨੀ ਦੀਆਂ ਅੱਖਾਂ ਵਿੱਚ ਅਜਿਹੇ ਬਾਗਬਾਨ ਰੜਕ ਰਹੇ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਬਾਗਬਾਨਾਂ ਨੂੰ ਮੌਕਾ ਦਿੰਦਿਆਂ ਕਿਹਾ ਹੈ ਕਿ ਜੇ ਉਹ ਪੁਰਾਣੇ ਬਾਗਾਂ ਵਾਲੇ ਰਕਬੇ ਵਿੱਚ ਪੂਰਨ ਤੌਰ ’ਤੇ ਬਾਗ ਨਹੀਂ ਲਾਉਂਦੇ ਤਾਂ ਉਨ੍ਹਾਂ ਦਾ ਵਾਧੂ ਨਹਿਰੀ ਪਾਣੀ ਕੱਟ ਦਿੱਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਇਨ੍ਹਾਂ ਪੁਰਾਣੇ ਬਾਗਾਂ ਦੇ ਬਹੁਤੇ ਮਾਲਕ ਵੱਡੇ ਨੇਤਾ ਹਨ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਅਬੋਹਰ, ਫ਼ਾਜ਼ਿਲਕਾ ਤੇ ਮੁਕਤਸਰ ਇਲਾਕੇ ਦੇ ਆਗੂਆਂ ਦੀ ਹੈ।

        ਪਿੰਡ ਬਾਦਲ ਵੀ ਇਸ ਵੈਰੀਫਿਕੇਸ਼ਨ ਦੌਰਾਨ ਨਿਸ਼ਾਨੇ ’ਤੇ ਰਿਹਾ ਹੈ। ਮੌੜ ਖਿੱਤੇ ਦੇ ਕਈ ਪਿੰਡਾਂ ਵਿੱਚ ਅੰਗੂਰਾਂ ਦੀ ਕਾਸ਼ਤ ਹੁੰਦੀ ਰਹੀ ਹੈ। ਕਈ ਪਿੰਡਾਂ ਵਿੱਚ ਵੱਡਾ ਰਕਬਾ ਅੰਗੂਰਾਂ ਦੇ ਬਾਗਾਂ ਹੇਠ ਰਿਹਾ ਹੈ। ਹੁਣ ਇਹ ਅੰਗੂਰਾਂ ਦੇ ਬਾਗ ਤਾਂ ਪੁੱਟ ਦਿੱਤੇ ਗਏ ਹਨ ਪਰ ਬਹੁਤੇ ਰਕਬੇ ਵਿੱਚ ਹੋਰਨਾਂ ਫ਼ਸਲਾਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਨਹਿਰੀ ਵਿਭਾਗ ਵੱਲੋਂ ਹੁਣ ਦੂਜੇ ਗੇੜ ਦੀ ਵੈਰੀਫਿਕੇਸ਼ਨ ਸ਼ੁਰੂ ਕੀਤੀ ਜਾਣੀ ਹੈ। ਬਾਗਾਂ ਦੇ ਜਿਹੜੇ ਪੁਰਾਣੇ ਰਕਬੇ ਵਿੱਚ ਪੂਰਨ ਤੌਰ ’ਤੇ ਬਾਗ ਨਹੀਂ ਹੋਣਗੇ, ਉਨ੍ਹਾਂ ਦਾ ਵਾਧੂ ਨਹਿਰੀ ਪਾਣੀ ਕੱਟਿਆ ਜਾ ਸਕਦਾ ਹੈ। ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਇਨ੍ਹਾਂ ਪੁਰਾਣੇ ਬਾਗਾਂ ਵਾਲੇ ਨਸ਼ਟ ਹੋਏ ਰਕਬੇ ਦਾ ਵਾਧੂ ਪਾਣੀ ਗੁਆਂਢੀ ਖੇਤਾਂ ਦੇ ਕਿਸਾਨ ਆਪਣੇ ਹਿੱਸੇ ਮੁਤਾਬਕ ਮੰਗ ਰਹੇ ਹਨ। ਇਹ ਕਿਸਾਨ ਆਖਦੇ ਹਨ ਕਿ ਫ਼ਰਜ਼ੀ ਬਾਗਾਂ ਨੂੰ ਵਾਧੂ ਨਹਿਰੀ ਪਾਣੀ ਦੇ ਕੇ ਉਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਹੈ।

Thursday, June 20, 2024

                                                       ਮੁਰੱਬਿਆਂ ਵਾਲੇ 
                                   ਕਿਤੇ ਪੱਤਣਾਂ ਦਾ ਪਾਣੀ ਨਾ ਮੁਕਾ ਦੇਣ..!
                                                      ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਦਾ ਜ਼ਮੀਨੀ ਪਾਣੀ ਨੂੰ ਲੈ ਕੇ ਇਹ ਵੱਡਾ ਫ਼ਿਕਰ ਹੈ ਕਿ ਕਿਤੇ ਮੁਰੱਬਿਆਂ ਵਾਲੇ ਕਿਸਾਨ ਪੱਤਣਾਂ ਦਾ ਪਾਣੀ ਹੀ ਨਾ ਮੁਕਾ ਦੇਣ। ਵੱਡੇ ਕਿਸਾਨਾਂ ਕੋਲ ਕਈ ਕਈ ਮੋਟਰ ਕੁਨੈਕਸ਼ਨ ਹਨ ਜਦੋਂ ਕਿ ਛੋਟੀ ਕਿਸਾਨੀ ਡੀਜ਼ਲ ਫ਼ੂਕ ਕੇ ਝੋਨਾ ਪਾਲਦੀ ਹੈ। ਇਵੇਂ ਦੀ ਕਾਣੀ ਵੰਡ ਛੋਟੀਆਂ ਪੈਲ਼ੀਆਂ ਦੇ ਮਾਲਕਾਂ ਨੂੰ ਰੜਕਦੀ ਹੈ। ਇਨ੍ਹਾਂ ਦਿਨਾਂ ’ਚ ਗਰਮੀ ਵੀ ਸਿਖਰ ’ਤੇ ਹੈ ਅਤੇ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਝੋਨੇ ਦੀ ਲੁਆਈ ਦਾ ਕੰਮ ਜ਼ੋਰ ਫੜਨ ਲੱਗਾ ਹੈ। ਚੇਤੰਨ ਧਿਰਾਂ ਵੱਲੋਂ ਜ਼ਮੀਨੀ ਪਾਣੀ ਬਚਾਉਣ ਦੀ ਦੁਹਾਈ ਪਾਈ ਜਾ ਰਹੀ ਹੈ। ਪੰਜਾਬ ਵਿਚ ਇਸ ਵੇਲੇ 13.91 ਲੱਖ ਮੋਟਰ ਕੁਨੈਕਸ਼ਨ ਹਨ। ਮੌਜੂਦਾ ਵਿੱਤੀ ਵਰ੍ਹੇ 2024-25 ਵਿਚ ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਦਾ ਬਿੱਲ ਸਾਲਾਨਾ 10,175 ਕਰੋੜ ਬਣੇਗਾ। ਇਸ ਲਿਹਾਜ਼ ਨਾਲ ਪ੍ਰਤੀ ਕੁਨੈਕਸ਼ਨ ਔਸਤਨ 73,148 ਰੁਪਏ ਸਾਲਾਨਾ ਬਿਜਲੀ ਸਬਸਿਡੀ ਸਰਕਾਰ ਦੇ ਰਹੀ ਹੈ। 

         ਵੇਰਵਿਆਂ ਅਨੁਸਾਰ ਖੇਤੀ ਸੈਕਟਰ ’ਚ 1.83 ਲੱਖ ਕਿਸਾਨਾਂ ਕੋਲ ਇੱਕ ਤੋਂ ਜ਼ਿਆਦਾ ਖੇਤੀ ਮੋਟਰਾਂ ਦੇ ਕੁਨੈਕਸ਼ਨ ਹਨ। ਮਾਹਿਰਾਂ ਅਨੁਸਾਰ ਦੋ ਜਾਂ ਦੋ ਤੋਂ ਜ਼ਿਆਦਾ ਮੋਟਰਾਂ ਵਾਲੇ ਕਿਸਾਨ ਸਾਲਾਨਾ ਕੁੱਲ ਬਿਜਲੀ ਸਬਸਿਡੀ ਦਾ ਕਰੀਬ 28 ਫ਼ੀਸਦੀ ਹਿੱਸਾ ਲੈ ਜਾਂਦੇ ਹਨ। ਤੱਥ ਗਵਾਹ ਹਨ ਕਿ ਚਾਰ ਜਾਂ ਚਾਰ ਤੋਂ ਜ਼ਿਆਦਾ ਮੋਟਰਾਂ ਵਾਲੇ 10,128 ਕਿਸਾਨ ਹਨ ਜਿਨ੍ਹਾਂ ਨੂੰ ਸਾਲਾਨਾ 200 ਕਰੋੜ ਤੋਂ ਜ਼ਿਆਦਾ ਬਿਜਲੀ ਸਬਸਿਡੀ ਮਿਲ ਰਹੀ ਹੈ। ਇਨ੍ਹਾਂ ਕਿਸਾਨਾਂ ਵੱਲੋਂ ਜ਼ਮੀਨੀ ਪਾਣੀ ਕੱਢਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਇਸ ਹਰ ਕਿਸਾਨ ਕੋਲ 25 ਏਕੜ ਤੋਂ ਜ਼ਿਆਦਾ ਜ਼ਮੀਨ ਦੀ ਮਾਲਕੀ ਹੋਵੇਗੀ। ਫ਼ਸਲੀ ਖ਼ਰੀਦ ਦੇ ਵੇਰਵਿਆਂ ਅਨੁਸਾਰ ਪੰਜਾਬ ਵਿਚ 25 ਏਕੜ ਤੋਂ ਵੱਧ ਮਾਲਕੀ ਵਾਲੇ 30,959 ਕਿਸਾਨ ਆਪਣੀ ਫ਼ਸਲ ਦੀ ਵੇਚ ਵੱਟਤ ਕਰਦੇ ਹਨ। ਪੰਜਾਬ ਵਿਚ 10 ਏਕੜ ਤੋਂ 25 ਏਕੜ ਦੀ ਮਾਲਕੀ ਵਾਲੇ ਕਿਸਾਨਾਂ ਦਾ ਅੰਕੜਾ 1.84 ਲੱਖ ਬਣਦਾ ਹੈ ਜਿਨ੍ਹਾਂ ਵੱਲੋਂ ਸਰਕਾਰੀ ਭਾਅ ’ਤੇ ਫ਼ਸਲ ਵੇਚੀ ਜਾਂਦੀ ਹੈ।

        ਸੂਬੇ ਦੇ ਇਹ ਸਾਰੇ ਧਨਾਢ ਕਿਸਾਨ ਹਨ ਜਿਨ੍ਹਾਂ ਵੱਲੋਂ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਹਾਲਾਂਕਿ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਜ਼ਮੀਨੀ ਪਾਣੀ ਦੇ ਨਿਕਾਸ ਲਈ ਬਰਾਬਰ ਦੇ ਜ਼ਿੰਮੇਵਾਰ ਹਨ, ਪਰ ਵੱਡੇ ਕਿਸਾਨਾਂ ਕੋਲ ਕਈ ਕਈ ਮੋਟਰਾਂ ਹੋਣ ਕਰਕੇ ਉਨ੍ਹਾਂ ਦੀ ਪਾਣੀ ਨਿਕਾਸੀ ਮਾਮਲੇ ’ਚ ਵੱਧ ਭੂਮਿਕਾ ਜਾਪਦੀ ਹੈ। ਸੂਬੇ ਵਿਚ 1.42 ਲੱਖ ਕਿਸਾਨ ਉਹ ਹਨ ਜਿਨ੍ਹਾਂ ਕੋਲ ਦੋ ਦੋ ਖੇਤੀ ਮੋਟਰਾਂ ਹਨ ਅਤੇ ਇਨ੍ਹਾਂ ਕਿਸਾਨਾਂ ਨੂੰ 1500 ਕਰੋੜ ਤੋਂ ਜ਼ਿਆਦਾ ਬਿਜਲੀ ਸਬਸਿਡੀ ਮਿਲ ਰਹੀ ਹੈ। ਇਸੇ ਤਰ੍ਹਾਂ ਹੀ 29,322 ਕਿਸਾਨਾਂ ਕੋਲ ਤਿੰਨ ਤਿੰਨ ਮੋਟਰ ਕੁਨੈਕਸ਼ਨ ਹਨ। ਬਿਜਲੀ ਸਬਸਿਡੀ ਦਾ ਵੱਡਾ ਹਿੱਸਾ ਵੱਡੀ ਕਿਸਾਨੀ ਦੀ ਝੋਲੀ ਪੈ ਜਾਂਦਾ ਹੈ। ਕਈ ਕਿਸਾਨ ਧਿਰਾਂ ਵਿਰੋਧ ਕਰਦੀਆਂ ਹਨ ਕਿ ਵੱਡੇ ਕਿਸਾਨਾਂ ਦੀ ਬਿਜਲੀ ਸਬਸਿਡੀ ਬੰਦ ਹੋਣੀ ਚਾਹੀਦੀ ਹੈ। ਵੱਡੇ ਕਿਸਾਨੀ ’ਚ ਵੱਡੇ ਸਿਆਸਤਦਾਨਾਂ ਦਾ ਨਾਮ ਬੋਲਦਾ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਸਭ ਤੋਂ ਵੱਧ 1504 ਵੱਡੇ ਕਿਸਾਨ ਹਨ ਜਿਨ੍ਹਾਂ ਕੋਲ ਚਾਰ ਚਾਰ ਮੋਟਰ ਕੁਨੈਕਸ਼ਨ ਹਨ। 

         ਕਾਂਗਰਸ ਸਰਕਾਰ ਸਮੇਂ ਜੋ ਖੇਤੀ ਨੀਤੀ ਡਰਾਫ਼ਟ ਕੀਤੀ ਗਈ ਸੀ, ਉਸ ਵਿਚ 10 ਏਕੜ ਤੋਂ ਵੱਧ ਜ਼ਮੀਨਾਂ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਬੰਦ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ। ਕਿਸੇ ਵੀ ਸੱਤਾਧਾਰੀ ਧਿਰ ਕੋਲ ਏਨੀ ਇੱਛਾ ਸ਼ਕਤੀ ਨਹੀਂ ਰਹੀ ਕਿ ਵੱਡੇ ਕਿਸਾਨਾਂ ਦੀ ਬਿਜਲੀ ਸਬਸਿਡੀ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਖੇਤੀ ਅਤੇ ਘਰੇਲੂ ਬਿਜਲੀ ਮੁਫ਼ਤ ਹੈ। ਮਾਹਿਰ ਆਖਦੇ ਹਨ ਕਿ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਨੇ ਜਿੱਥੇ ਜ਼ਮੀਨੀ ਪਾਣੀ ਦੀ ਦੁਰਵਰਤੋਂ ਵਧਾਈ ਹੈ, ਉੱਥੇ ਬਿਜਲੀ ਦੀ ਖਪਤ ਵੀ ਵਧੀ ਹੈ। ਦੂਜੇ ਬੰਨੇ ਨਜ਼ਰ ਮਾਰੀਏ ਤਾਂ ਉਹ ਛੋਟੇ ਕਿਸਾਨ ਹਨ ਜਿਨ੍ਹਾਂ ਕੋਲ ਪਾਣੀ ਦਾ ਕੋਈ ਸਾਧਨ ਹੀ ਨਹੀਂ ਹੈ। ਇਨ੍ਹਾਂ ਕਿਸਾਨਾਂ ਦੀ ਗਿਣਤੀ 1.50 ਲੱਖ ਤੋਂ ਜ਼ਿਆਦਾ ਹੈ ਅਤੇ ਇਹ ਕਿਸਾਨ ਡੀਜ਼ਲ ਫ਼ੂਕ ਕੇ ਫ਼ਸਲ ਪਾਲਦੇ ਹਨ। 

         ਇਹ ਕਿਸਾਨ ਆਪਣਾ ਕਸੂਰ ਪੁੱਛਦੇ ਹਨ ਕਿ ਮੋਟਰਾਂ ਵਾਲਿਆਂ ਨੂੰ ਤਾਂ ਸਰਕਾਰ ਸਬਸਿਡੀ ਦੇ ਰਹੀ ਹੈ ਜਦੋਂ ਕਿ ਉਨ੍ਹਾਂ ਨੂੰ ਕੋਈ ਸਬਸਿਡੀ ਤਾਂ ਕੀ ਮਿਲਣੀ ਸੀ, ਬਲਕਿ ਪੱਲਿਓਂ ਡੀਜ਼ਲ ਖਰਚਾ ਕਰਕੇ ਫ਼ਸਲ ਪਾਲਣ ਲਈ ਮਜਬੂਰ ਹੋਣਾ ਪੈਂਦਾ ਹੈ। ਦੇਸ਼ ਵਿਚ ਅਜਿਹੇ ਪੰਜ ਹੋਰ ਸੂਬੇ ਹਨ ਜਿੱਥੇ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਇਨ੍ਹਾਂ ਸੂਬਿਆਂ ਵਿਚ ਕੋਈ ਨਾ ਕੋਈ ਸ਼ਰਤ ਲਗਾਈ ਹੈ ਅਤੇ ਸਾਰੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਨਹੀਂ ਹੈ। ਇਨ੍ਹਾਂ ਸੂਬਿਆਂ ਵਿਚ ਕਰਨਾਟਕ, ਤਿਲੰਗਾਨਾ, ਤਾਮਿਲਨਾਡੂ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ ਸਭ ਕਿਸਾਨਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ।

                                         36 ਗੁਣਾ ਵਧੀ ਬਿਜਲੀ ਸਬਸਿਡੀ

ਇਸ ਵੇਲੇ ਸਰਕਾਰੀ ਖ਼ਜ਼ਾਨੇ ’ਤੇ ਬਿਜਲੀ ਸਬਸਿਡੀ ਦਾ ਸਭ ਤੋਂ ਵੱਡਾ ਭਾਰ ਹੈ। ਪੰਜਾਬ ਸਰਕਾਰ 1997-98 ਤੋਂ ਹੁਣ ਤੱਕ 1.25 ਲੱਖ ਕਰੋੜ ਤੋਂ ਜ਼ਿਆਦਾ ਬਿਜਲੀ ਸਬਸਿਡੀ ਦੇ ਚੁੱਕੀ ਹੈ। ਜਦੋਂ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ 1997 ਵਿਚ ਸ਼ੁਰੂ ਹੋਈ ਸੀ ਤਾਂ ਪਹਿਲੇ ਵਿੱਤੀ ਵਰ੍ਹੇ ਵਿਚ ਬਿਜਲੀ ਸਬਸਿਡੀ ਦਾ ਬਿੱਲ 604 ਕਰੋੜ ਰੁਪਏ ਬਣਿਆ ਸੀ ਜੋ ਕਿ ਮੌਜੂਦਾ ਵਿੱਤੀ ਵਰ੍ਹੇ ਵਿਚ 21,909 ਕਰੋੜ ਦਾ ਬਣਨ ਦਾ ਅਨੁਮਾਨ ਹੈ। ਇਸ ਸਮੇਂ ਦੌਰਾਨ ਬਿਜਲੀ ਸਬਸਿਡੀ ਦਾ ਬਿੱਲ 36 ਗੁਣਾ ਵਧ ਗਿਆ ਹੈ।

Tuesday, June 11, 2024

                                                         ‘ ਬੱਲ੍ਹੋ ਮਾਡਲ ’
                              ਜ਼ਮੀਨੀ ਪਾਣੀ ਬਚਾਓ, ਨਗਦ ਇਨਾਮ ਪਾਓ !
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਨੇ ਹੁਣ ਜ਼ਮੀਨੀ ਪਾਣੀ ਬਚਾਉਣ ਲਈ ‘ਬੱਲ੍ਹੋ ਮਾਡਲ’ ਤਿਆਰ ਕੀਤਾ ਹੈ। ਭਲਕੇ ਪੰਜਾਬ ਵਿਚ ਝੋਨੇ ਦੀ ਲੁਆਈ ਸ਼ੁਰੂ ਹੋ ਰਹੀ ਹੈ ਅਤੇ ਜੂਨ ਦੇ ਆਖ਼ਰੀ ਹਫ਼ਤੇ ਮੌਨਸੂਨ ਆਉਣ ਦੀ ਸੰਭਾਵਨਾ ਹੈ। ਪਿੰਡ ਬੱਲ੍ਹੋ ਦੀ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਨੇ ਐਲਾਨ ਕੀਤਾ ਹੈ ਕਿ ਪਿੰਡ ਬੱਲ੍ਹੋ ਦਾ ਜੋ ਵੀ ਕਿਸਾਨ 25 ਜੂਨ ਤੋਂ ਬਾਅਦ ਝੋਨੇ ਦੀ ਲੁਆਈ ਕਰੇਗਾ, ਉਸ ਨੂੰ ਸੰਸਥਾ ਵੱਲੋਂ ਪ੍ਰਤੀ ਏਕੜ 500 ਰੁਪਏ ਦਾ ਵਿੱਤੀ ਇਨਾਮ ਦਿੱਤਾ ਜਾਵੇਗਾ। ਪੰਜਾਬ ਵਿਚ ਕਰੀਬ 14.50 ਲੱਖ ਟਿਊਬਵੈੱਲ ਹਨ ਅਤੇ ਜ਼ਮੀਨੀ ਪਾਣੀ ਦਾ ਨਿਕਾਸ ਇਨ੍ਹਾਂ ਦਿਨਾਂ ਵਿਚ ਹੱਦੋਂ ਵੱਧ ਹੁੰਦਾ ਹੈ। ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਵੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਜਿਨ੍ਹਾਂ ਵੱਲੋਂ ਪਰਾਲੀ ਨੂੰ ਸਾੜਿਆ ਨਹੀਂ ਜਾਂਦਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਫਰਾਂਸ ਨੇ ਕਿਹਾ ਕਿ ਪੰਜਾਬ ਦੀ ਆਬੋ-ਹਵਾ ਵਿਚ ਪਹਿਲਾਂ ਹੀ ਵਿਗਾੜ ਪੈਦਾ ਹੋ ਗਏ ਹਨ ਅਤੇ ਜ਼ਮੀਨੀ ਪਾਣੀ ਬਚਾਉਣਾ ਹੁਣ ਸਮੇਂ ਦੀ ਲੋੜ ਹੈ। 

        ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਉਨ੍ਹਾਂ ਨੇ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਨਗਦ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਪਿੰਡ ਬੱਲ੍ਹੋ ਵਿਚ ਕਰੀਬ 2800 ਏਕੜ ਰਕਬੇ ਵਿਚ ਝੋਨੇ ਦੀ ਲੁਆਈ ਹੁੰਦੀ ਹੈ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦਾ ਪਿੰਡ ਭੈਣੀਬਾਘਾ ਵੀ ਸਮੇਂ ਤੋਂ ਪਹਿਲਾਂ ਹੀ ਝੋਨਾ ਲਾਉਣ ਕਾਰਨ ਚਰਚਾ ਵਿਚ ਆਇਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਅਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੇ ਅੱਜ ਪਿੰਡ ਭੈਣੀਬਾਘਾ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਜ਼ਮੀਨੀ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ 20 ਦਿਨ ਪਛੜ ਕੇ ਝੋਨਾ ਲਾਉਣ ਤਾਂ ਕਿ ਜ਼ਮੀਨੀ ਪਾਣੀ ਬਚਾਇਆ ਜਾ ਸਕੇ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਹੈ ਕਿ ਜੇ ਝੋਨਾ 20 ਦਿਨ ਪਛੜ ਕੇ ਲਾਇਆ ਜਾਂਦਾ ਹੈ ਤਾਂ ਜ਼ਮੀਨੀ ਪਾਣੀ ਵੱਡੇ ਪੱਧਰ ’ਤੇ ਬਚ ਸਕਦਾ ਹੈ। ਲੱਖਾ ਸਿਧਾਣਾ ਨੇ ਨਹਿਰੀ ਬੰਦੀ ’ਤੇ ਸੁਆਲ ਉਠਾਏ ਹਨ ਕਿ ਪਾਣੀ ਦੀ ਲੋੜ ਸਮੇਂ ਨਹਿਰਾਂ ਬੰਦ ਕਰ ਦਿੱਤੀਆਂ ਗਈਆਂ ਹਨ। 

        ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਾਲੂਆਣਾ ਦੇ ਕਿਸਾਨ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣਾ ਹੈ ਤਾਂ ਝੋਨੇ ਦੀ ਲੁਆਈ ਲੇਟ ਕਰਾਈ ਜਾਵੇ। ਉਨ੍ਹਾਂ ਨੇ ਖ਼ੁਦ ਪਿਛਲੇ ਵਰ੍ਹੇ ਜੁਲਾਈ ਦੇ ਪਹਿਲੇ ਹਫ਼ਤੇ ਝੋਨਾ ਲਾਇਆ ਸੀ ਜਿਸ ਦਾ ਚੰਗਾ ਝਾੜ ਨਿਕਲਿਆ ਸੀ। ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਪਾਲ ਸਿੰਘ ਤਲਵੰਡੀ ਸਾਬੋ ਦਾ ਕਹਿਣਾ ਸੀ ਕਿ ਪੰਜਾਬ ਵਿਚ ਤਾਂ ਪਹਿਲਾਂ ਹੀ 17 ਬਿਲੀਅਨ ਕਿਊਬਿਕ ਮੀਟਰ ਦੀ ਥਾਂ ਸਾਲਾਨਾ 27 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਵਿਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਲੁਆਈ ਲਈ ਤੇਜ਼ੀ ਨਾ ਦਿਖਾਉਣ।

                       ਜਥੇਬੰਦੀ ਦੀਆਂ ਮੀਟਿੰਗਾਂ ’ਚ ਮਾਮਲਾ ਚੁੱਕਿਆ ਹੈ: ਕਾਦੀਆਂ

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਹਰਮੀਤ ਸਿੰਘ ਕਾਦੀਆ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਜਥੇਬੰਦੀ ਦੀਆਂ ਮੀਟਿੰਗਾਂ ਵਿਚ ਜ਼ਮੀਨੀ ਪਾਣੀ ਬਚਾਉਣ ਦਾ ਮਾਮਲਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਅਤੇ ਸੇਮ ਵਾਲੇ ਕਿਸਾਨਾਂ ਦੀ ਅਗੇਤਾ ਝੋਨਾ ਲਾਉਣ ਦੀ ਮੰਗ ਜਾਇਜ਼ ਹੈ ਪ੍ਰੰਤੂ ਬਾਕੀ ਜ਼ਿਲ੍ਹਿਆਂ ਵਿਚ ਕਿਸਾਨਾਂ ਨੂੰ 15 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਹੁਣ ਤਾਂ ਪੂਰਾ ਝਾੜ ਦੇਣ ਵਾਲੀਆਂ ਝੋਨੇ ਦੀਆਂ ਕਿਸਮਾਂ ਆ ਗਈਆਂ ਹਨ।