Sunday, January 5, 2014

                               ਸ਼ਗਨਾਂ ਦਾ ਵਿਹੜਾ
           ਲੰਬੀ ਵਿਚ ਸਰਕਾਰੀ ਮੈਰਿਜ ਪੈਲੇਸ
                                 ਚਰਨਜੀਤ ਭੁੱਲਰ
ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਇਸ ਜੱਦੀ ਹਲਕੇ ਦੇ ਪੇਂਡੂ ਲੋਕਾਂ ਨੂੰ ਮੈਰਿਜ ਪੈਲੇਸ ਬਣਾ ਕੇ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਬਾਕੀ ਪੰਜਾਬ ਦੇ ਲੋਕਾਂ ਵਾਂਗ ਮੈਰਿਜ ਪੈਲੇਸਾਂ ਦੇ ਖਰਚੇ ਦਾ ਬੋਝ ਨਾ ਝੱਲਣਾ ਪਵੇ। ਸੂਬੇ ਦਾ ਇਹ ਪਹਿਲਾ ਲੋਕ ਸਭਾ ਹਲਕਾ ਹੈ ਜਿੱਥੇ ਸਰਕਾਰੀ ਖਰਚੇ 'ਤੇ ਪਿੰਡਾਂ ਵਿੱਚ ਮੈਰਿਜ ਪੈਲੇਸ ਬਣਾਏ ਗਏ ਹਨ। ਦੂਜੇ ਪਾਸੇ ਪੰਜਾਬ ਵਿੱਚ ਮੈਰਿਜ ਪੈਲੇਸਾਂ 'ਤੇ ਏਨੇ ਟੈਕਸ ਲਗਾ ਦਿੱਤੇ ਗਏ ਹਨ ਕਿ ਹੁਣ ਮੈਰਿਜ ਪੈਲੇਸਾਂ ਦਾ ਖਰਚਾ ਹਰ ਕਿਸੇ ਨੂੰ ਚੁੱਭਦਾ ਹੈ। ਪੰਜਾਬ ਸਰਕਾਰ ਵੱਲੋਂ ਮੁਢਲੇ ਪੜਾਅ 'ਤੇ ਹਲਕਾ ਲੰਬੀ ਦੇ ਅੱਠ ਪਿੰਡਾਂ ਵਿੱਚ ਮੈਰਿਜ ਪੈਲੇਸ ਬਣਾਏ ਗਏ ਹਨ ਜਦੋਂਕਿ ਇੱਕ ਇੱਕ ਮੈਰਿਜ ਪੈਲੇਸ ਹਲਕਾ ਮਲੋਟ ਤੇ ਗਿੱਦੜਬਾਹਾ ਵਿੱਚ ਬਣਾਇਆ ਗਿਆ ਹੈ। ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਆਪਣੇ ਅਖ਼ਤਿਆਰੀ ਫੰਡਾਂ, ਬੰਧਨ ਮੁਕਤ ਫੰਡਾਂ ਤੇ ਦਿਹਾਤੀ ਵਿਕਾਸ ਫੰਡਾਂ ਵਿੱਚੋਂ ਦਿੱਤੇ 3.53 ਕਰੋੜ ਨਾਲ 10 ਪਿੰਡਾਂ ਵਿੱਚ ਮੈਰਿਜ ਪੈਲੇਸਾਂ ਦੀ ਉਸਾਰੀ ਕੀਤੀ ਗਈ ਹੈ। ਇਨ੍ਹਾਂ ਮੈਰਿਜ ਪੈਲੇਸਾਂ ਨੂੰ ਹਰ ਤਰ੍ਹਾਂ ਦੇ ਟੈਕਸਾਂ ਤੋਂ ਮੁਕਤ ਰੱਖਿਆ ਗਿਆ ਹੈ।
                  ਆਰ.ਟੀ.ਆਈ. ਦੇ ਵੇਰਵਿਆਂ ਵਿੱਚ ਦੱਸਿਆ ਗਿਆ ਹੈ ਕਿ ਹਲਕਾ ਲੰਬੀ ਦੇ ਪਿੰਡ ਆਲਮਵਾਲਾ ਵਿੱਚ 55 ਲੱਖ ਰੁਪਏ ਦੀ ਲਾਗਤ ਨਾਲ ਮੈਰਿਜ ਪੈਲੇਸ ਬਣਿਆ ਹੈ ਜਦੋਂਕਿ ਪਿੰਡ ਗੱਗੜ ਵਿੱਚ 50 ਲੱਖ ਖਰਚ ਆਏ ਹਨ। ਪਿੰਡ ਬੀਦੋਵਾਲੀ ਵਿੱਚ ਮੈਰਿਜ ਪੈਲੇਸ ਦੀ ਉਸਾਰੀ 'ਤੇ 42 ਲੱਖ ਰੁਪਏ, ਮੋਹਲਾਂ ਵਿੱਚ 38.40 ਲੱਖ, ਮਿੱਡਾ ਵਿੱਚ 34.72 ਲੱਖ, ਦਾਨੇਵਾਲਾ ਵਿੱਚ 25 ਲੱਖ ਅਤੇ ਮਾਹਣੀ ਖੇੜਾ ਵਿੱਚ 20 ਲੱਖ ਰੁਪਏ ਖਰਚ ਆਏ ਹਨ। ਗਿੱਦੜਬਹਾ ਹਲਕੇ ਦੇ ਪਿੰਡ ਭਲਾਈਆਣਾ      ਵਿੱਚ 42.38 ਲੱਖ ਨਾਲ ਉਸਾਰੀ ਹੋਈ ਹੈ ਜਦੋਂਕਿ ਮਲੋਟ ਹਲਕੇ ਦੇ ਪਿੰਡ ਮਲੋਟ ਵਿੱਚ 26 ਲੱਖ ਰੁਪਏ ਦੀ ਲਾਗਤ ਨਾਲ ਮੈਰਿਜ ਪੈਲੇਸ ਬਣਿਆ ਹੈ। ਇਨ੍ਹਾਂ ਪੈਲੇਸਾਂ ਦਾ ਪ੍ਰਬੰਧ ਪੰਚਾਇਤਾਂ ਹਵਾਲੇ ਹੈ। ਪਿੰਡ ਬੀਦੋਵਾਲੀ ਦੇ ਪੰਚਾਇਤ ਮੈਂਬਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਪ੍ਰਤੀ ਵਿਆਹ 2100 ਰੁਪਏ ਫੀਸ ਰੱਖੀ ਗਈ ਹੈ ਅਤੇ 6 ਮਹੀਨੇ ਤੋਂ ਪੈਲੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਉਸਾਰੀ ਮਗਰੋਂ ਹੁਣ 400 ਕੁਰਸੀਆਂ ਵੀ ਦੇ ਦਿੱਤੀਆਂ ਹਨ ਅਤੇ ਟੈਂਟ ਆਦਿ ਲਈ ਦੋ ਲੱਖ ਰੁਪਏ ਦੀ ਗਰਾਂਟ ਹੋਰ ਮਿਲੀ ਹੈ। ਪਿੰਡ ਮੋਹਲਾਂ ਦੇ ਸਰਪੰਚ ਦਵਿੰਦਰਪਾਲ ਸਿੰਘ ਦਾ ਤਰਕ ਹੈ ਕਿ ਇਹ ਪੈਲੇਸ ਤਾਂ ਗਰੀਬ ਲੋਕਾਂ ਲਈ ਬਣਾਏ ਗਏ ਹਨ ਜਿਸ ਕਰਕੇ ਪੰਚਾਇਤ ਮੁਫ਼ਤ ਵਿੱਚ ਹੀ ਪੈਲੇਸ ਲੋਕਾਂ ਨੂੰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਲੰਘੇ 6 ਮਹੀਨੇ ਵਿੱਚ 10 ਵਿਆਹ ਹੋਏ ਹਨ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਆਉਣ ਲੱਗੇ ਹਨ।
                 ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਜੈਨਰੇਟਰ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਇਨ੍ਹਾਂ  ਸਰਪੰਚਾਂ ਦਾ ਕਹਿਣਾ ਹੈ ਕਿ ਗਰੀਬ ਤੇ ਦਰਮਿਆਨੇ ਲੋਕ ਹੀ ਇਨ੍ਹਾਂ ਪੈਲੇਸਾਂ ਵਿੱਚ ਵਿਆਹ ਕਰਦੇ ਹਨ ਜਿਸ ਕਰਕੇ ਕੋਈ ਟੈਕਸ ਵੀ ਨਹੀਂ ਲੱਗਦਾ ਹੈ। ਆਬਕਾਰੀ ਤੇ ਕਰ ਕਮਿਸ਼ਨਰ ਮੁਕਤਸਰ ਪੀ.ਕੇ. ਮਲਹੋਤਰਾ ਦਾ ਕਹਿਣਾ ਹੈ ਕਿ ਪੰਚਾਇਤਾਂ ਵੱਲੋਂ ਬਿਨਾਂ ਕਿਸੇ ਮੁਨਾਫ਼ੇ ਤੋਂ ਇਹ ਪੈਲੇਸ ਚਲਾਏ ਜਾ ਰਹੇ ਹਨ ਜਿਸ ਕਰਕੇ ਇਨ੍ਹਾਂ 'ਤੇ ਕੋਈ ਟੈਕਸ ਨਹੀਂ ਲੱਗਦਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪੈਲੇਸਾਂ ਵਿੱਚ ਸ਼ਰਾਬ ਵਰਤਾਈ ਜਾਂਦੀ ਹੈ ਜਾਂ ਨਹੀਂ, ਇਹ ਪਤਾ ਨਹੀਂ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਮੈਰਿਜ ਪੈਲੇਸਾਂ ਨੂੰ ਵੈਟ, ਲਗਜ਼ਰੀ ਟੈਕਸ, ਸ਼ਰਾਬ ਪਰਮਿਟ ਫੀਸ ਤੇ ਕੇਟਰਿੰਗ ਟੈਕਸ ਆਦਿ ਤਾਰਨਾ ਪੈਂਦਾ ਹੈ। ਪਿੰਡ ਭਲਾਈਆਣਾ ਦੇ ਮੈਰਿਜ ਪੈਲੇਸ ਵਿੱਚ ਇੱਕ ਸਾਲ ਵਿਚ 30 ਦੇ ਕਰੀਬ ਵਿਆਹ ਹੋ ਚੁੱਕੇ ਹਨ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਪੈਲੇਸ ਦੀ ਕੋਈ ਫੀਸ ਨਹੀਂ ਰੱਖੀ ਹੋਈ ਹੈ ਪਰ ਹੁਣ ਉਹ ਪੈਲੇਸ ਚਲਾਉਣ ਲਈ ਕਮੇਟੀ ਬਣਾ ਰਹੇ ਹਨ।
                                           ਕਮਿਊਨਿਟੀ ਹਾਲ ਦਾ ਹੀ ਸੁਧਰਿਆ ਰੂਪ ਹਨ ਪੈਲੇਸ
                   ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਮੁਕਤਸਰ ਨਵਲ ਰਾਮ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਕਮਿਊਨਿਟੀ ਹਾਲ ਦਾ ਹੀ ਸੁਧਰਿਆ ਰੂਪ ਹੈ ਜਿੱਥੇ ਲੋਕ ਵਿਆਹ ਸਾਹੇ ਤੇ ਹੋਰ ਸਮਾਗਮ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਜਨਤਿਕ ਮਕਸਦ ਲਈ ਮੈਰਿਜ ਪੈਲੇਸਾਂ ਵਾਸਤੇ ਫੰਡ ਦਿੱਤੇ ਜਾ ਸਕਦੇ ਹਨ, ਕੋਈ ਮਨਾਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਪੈਲੇਸਾਂ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਹੈ।
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਾਹਿਤ)

No comments:

Post a Comment