Saturday, January 22, 2022

                                                          ਚੋਣਾਂ ਦਾ ਪੈਂਡਾ
                            ਸਿਆਸੀ ਮੁਕੱਦਰ ਨੇ ਬਣਾਏ ਆਜ਼ਾਦ ਸਿਕੰਦਰ..!
                                                         ਚਰਨਜੀਤ ਭੁੱਲਰ     


 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਿਆਸੀ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਜੇਤੂ ਮੁੱਢ ਬੰਨ੍ਹਿਆ, ਉਨ੍ਹਾਂ ਨੂੰ ਵੱਡੇ ਅਹੁਦੇ ਨਸੀਬ ਹੋਏ।ਬੇਸ਼ੱਕ ਆਜ਼ਾਦ ਵਿਧਾਇਕ ਬਹੁਤਾ ਸਮਾਂ ਆਪਣੀ ਹਸਤੀ ਨੂੰ ਆਜ਼ਾਦ ਨਹੀਂ ਰੱਖ ਸਕੇ, ਫਿਰ ਵੀ ਉਨ੍ਹਾਂ ਲਈ ਰਾਜਸੀ ਆਗਾਜ਼ ਚੰਗਾ ਹੋ ਨਿੱਬੜਿਆ ਸਾਲ 1952 ਤੋਂ ਲੈ ਕੇ ਹੁਣ ਤੱਕ ਹੋਈਆਂ 15 ਅਸੈਂਬਲੀ ਚੋਣਾਂ ਵਿੱਚ 81 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਸਿਆਸੀ ਮੁਲਾਂਕਣ ਅਨੁਸਾਰ ਪੰਜਾਬੀ ਸੂਬਾ ਬਣਨ ਮਗਰੋਂ 41 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ, ਜਿਨ੍ਹਾਂ ਵਿੱਚੋਂ 18 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਇਆ, ਜਦਕਿ 19 ਆਜ਼ਾਦ ਵਿਧਾਇਕਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਹਰਾਇਆ।

             ਵੱਡਾ ਸਿਆਸੀ ਰਸੂਖ਼ ਰੱਖਣ ਵਾਲੇ ਹੀ ਆਜ਼ਾਦ ਵਿਧਾਇਕ ਵਜੋਂ ਵਿਧਾਨ ਸਭਾ ਦੀ ਪੌੜੀ ਚੜ੍ਹੇ ਹਨ। ਤਕਰੀਬਨ ਸਾਰੇ ਆਜ਼ਾਦ ਵਿਧਾਇਕ ਹੀ ਮਗਰੋਂ ਕਿਸੇ ਨਾ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦੇ ਰਹੇ ਹਨ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 2007 ਵਿੱਚ ਚਮਕੌਰ ਸਾਹਿਬ ਤੋਂ ਅਕਾਲੀ ਉਮੀਦਵਾਰ ਨੂੰ ਹਰਾ ਕੇ ਆਜ਼ਾਦ ਵਿਧਾਇਕ ਬਣੇ ਸਨ, ਜੋ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ ਹਨ। ਇਸੇ ਤਰ੍ਹਾਂ 1969 ਵਿੱਚ ਪਾਇਲ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਬੇਅੰਤ ਸਿੰਘ ਨੇ ਆਪਣੇ ਵਿਰੋਧੀ ਅਕਾਲੀ ਉਮੀਦਵਾਰ ਗਿਆਨ ਸਿੰਘ ਰਾੜੇਵਾਲਾ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਸੀ, ਮਗਰੋਂ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ। ਅੰਮ੍ਰਿਤਸਰ ਪੱਛਮੀ ਤੋਂ ਆਜ਼ਾਦ ਉਮੀਦਵਾਰ ਵਜੋਂ ਓਪੀ ਸੋਨੀ ਨੇ 1997 ਵਿੱਚ ਭਾਜਪਾ ਉਮੀਦਵਾਰ ਨੂੰ ਹਰਾਇਆ ਤੇ ਫਿਰ 2002 ਵਿੱਚ ਮੁੜ ਆਜ਼ਾਦ ਉਮੀਦਵਾਰ ਮੈਦਾਨ ’ਚ ਉੱਤਰ ਕੇ ਸੀਪੀਆਈ ਦੇ ਉਮੀਦਵਾਰ ਨੂੰ ਹਰਾਇਆ।

             ਦੋ ਦਫ਼ਾ ਆਜ਼ਾਦ ਚੋਣ ਜਿੱਤੇ ਸੋਨੀ ਹੁਣ ਉੱਪ ਮੁੱਖ ਮੰਤਰੀ ਹਨ। ਹਲਕਾ ਨਕੋਦਰ ਤੋਂ 1967 ਵਿੱਚ ਦਰਬਾਰਾ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਕਾਂਗਰਸੀ ਉਮੀਦਵਾਰ ਉਮਰਾਓ ਸਿੰਘ ਨੂੰ ਹਰਾਇਆ ਅਤੇ 1969 ਵਿੱਚ ਆਜ਼ਾਦ ਉਮੀਦਵਾਰ ਵਜੋਂ ਕਾਂਗਰਸ ਉਮੀਦਵਾਰ ਨੂੰ ਹਰਾਇਆ। ਦਰਬਾਰਾ ਸਿੰਘ ਮਗਰੋਂ ਡਿਪਟੀ ਮੰਤਰੀ, ਲੋਕ ਸਭਾ ਮੈਂਬਰ, ਸਪੀਕਰ ਤੇ ਰਾਜਸਥਾਨ ਦੇ ਗਵਰਨਰ ਦੇ ਅਹੁਦੇ ਤੱਕ ਪੁੱਜੇ ਸਨ। ਮੌਜੂਦਾ ਕੈਬਨਿਟ ਮੰਤਰੀ ਪਰਗਟ ਸਿੰਘ ਮਰਹੂਮ ਦਰਬਾਰਾ ਸਿੰਘ ਦੇ ਜਵਾਈ ਹਨ।ਬੀਬੀ ਰਾਜਿੰਦਰ ਕੌਰ ਭੱਠਲ ਲਈ ਇਹ ਤਜਰਬਾ ਉਲਟਾ ਰਿਹਾ ਹੈ। ਬੀਬੀ ਭੱਠਲ ਨੇ 1972 ਵਿੱਚ ਹਲਕਾ ਧਨੌਲਾ ਤੋਂ ਬਤੌਰ ਕਾਂਗਰਸੀ ਉਮੀਦਵਾਰ ਚੋਣ ਲੜੀ ਸੀ ਪਰ ਉਹ ਉਦੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਕੋਲੋਂ ਹਾਰ ਗਏ ਸਨ। ਮਗਰੋਂ ਉਹ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ। 

             ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਨੇ ਵੀ 2007 ਵਿੱਚ ਬਤੌਰ ਆਜ਼ਾਦ ਉਮੀਦਵਾਰ ਹਲਕਾ ਟਾਂਡਾ ਤੋਂ ਚੋਣ ਜਿੱਤੀ ਸੀ, ਜੋ ਹੁਣ ਕੈਬਨਿਟ ਮੰਤਰੀ ਹਨ। ਗੁਰਪ੍ਰੀਤ ਸਿੰਘ ਕਾਂਗੜ ਨੇ 2002 ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ, ਜੋ ਮਗਰੋਂ ਕੈਬਨਿਟ ਮੰਤਰੀ ਵੀ ਰਹੇ। ਹਲਕਾ ਨਵਾਂਸ਼ਹਿਰ ਤੋਂ ਆਜ਼ਾਦ ਤੌਰ ’ਤੇ 1980 ਵਿੱਚ ਚੋਣ ਜਿੱਤੇ ਦਿਲਬਾਗ ਸਿੰਘ ਮਗਰੋਂ ਕੈਬਨਿਟ ਮੰਤਰੀ ਦੇ ਅਹੁਦੇ ’ਤੇ ਵੀ ਰਹੇ ਸਨ। ਦੋ ਸਕੇ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੇ ਵੀ 2012 ਵਿੱਚ ਆਜ਼ਾਦ ਉਮੀਦਵਾਰ ਵਜੋਂ ਜੇਤੂ ਸ਼ੁਰੂਆਤ ਕੀਤੀ ਸੀ, ਜਿਨ੍ਹਾਂ ਹੁਣ ਲੋਕ ਇਨਸਾਫ਼ ਪਾਰਟੀ ਬਣਾਈ ਹੈ।

           ਸਿਆਸੀ ਵਿਸ਼ਲੇਸ਼ਕ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਪਟਿਆਲਾ ਆਖਦੇ ਹਨ ਕਿ ਪਹਿਲਾਂ ਜਦੋਂ ਸਿਫ਼ਾਰਸ਼ ਵਾਲੇ ਟਿਕਟਾਂ ਲਿਜਾਂਦੇ ਸਨ ਤਾਂ ਯੋਗ ਉਮੀਦਵਾਰ ਆਜ਼ਾਦ ਚੋਣ ਲੜਦੇ ਸਨ, ਜੋ ਰਸੂਖ਼ ਨਾਲ ਜਿੱਤ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਆਜ਼ਾਦ ਚੋਣ ਜਿੱਤਣਾ ਸੌਖਾ ਨਹੀਂ ਰਿਹਾ। ਸਮੇਂ-ਸਮੇਂ ’ਤੇ ਆਜ਼ਾਦ ਚੋਣ ਜਿੱਤਣ ਵਾਲਿਆਂ ਵਿੱਚ ਮਦਨ ਲਾਲ ਜਲਾਲਪੁਰ, ਇਕਬਾਲ ਸਿੰਘ ਝੂੰਦਾਂ, ਜੀਤਮਹਿੰਦਰ ਸਿੰਘ ਸਿੱਧੂ, ਸੁਰਜੀਤ ਸਿੰਘ ਧੀਮਾਨ, ਸੁੱਚਾ ਸਿੰਘ ਛੋਟੇਪੁਰ, ਹਰਮੀਤ ਸੰਧੂ, ਮਨਤਾਰ ਸਿੰਘ, ਮਲਕੀਤ ਸਿੰਘ ਕੀਤੂ, ਰਮੇਸ਼ ਕੁਮਾਰ, ਕਰਨੈਲ ਸਿੰਘ ਡੋਡ ਤੇ ਧਨਵੰਤ ਸਿੰਘ ਸ਼ਾਮਲ ਹਨ।

                                           ਜਦੋਂ ਆਜ਼ਾਦ ਹੀ ਆਪਸ ਵਿੱਚ ਭਿੜੇ

1985 ਵਿੱਚ ਹਲਕਾ ਬਲਾਚੌਰ ਤੋਂ ਤਿੰਨ ਆਜ਼ਾਦ ਉਮੀਦਵਾਰਾਂ ਵਿੱਚ ਹੀ ਤਿਕੋਣੀ ਟੱਕਰ ਸੀ ਅਤੇ ਆਜ਼ਾਦ ਰਾਮ ਕਿਸ਼ਨ ਵਿਰੋਧੀ ਆਜ਼ਾਦ ਉਮੀਦਵਾਰ ਤੁਲਸੀ ਰਾਮ ਨੂੰ ਹਰਾ ਕੇ ਵਿਧਾਇਕ ਬਣੇ ਸਨ। ਉਦੋਂ ਕਾਂਗਰਸ ਤੇ ਸੀਪੀਐੱਮ ਦਾ ਨੰਬਰ ਚੌਥਾ ਤੇ ਪੰਜਵਾਂ ਰਿਹਾ ਸੀ। 1985 ਵਿੱਚ ਹੀ ਗੁਰੂਹਰਸਹਾਏ ਤੋਂ ਆਜ਼ਾਦ ਉਮੀਦਵਾਰ ਸਜਵਰ ਸਿੰਘ ਨੇ ਵਿਰੋਧੀ ਆਜ਼ਾਦ ਉਮੀਦਵਾਰ ਗੁਰੂਹਰੇਸ਼ ਸਿੰਘ ਨੂੰ ਹਰਾਇਆ ਸੀ। ਇਸੇ ਤਰ੍ਹਾਂ ਹਲਕਾ ਨਾਭਾ ਤੋਂ 1969 ਵਿੱਚ ਦੋ ਆਜ਼ਾਦ ਉਮੀਦਵਾਰਾਂ ਵਿੱਚ ਹੀ ਮੁਕਾਬਲਾ ਸੀ। ਇੱਥੇ ਨਰਿੰਦਰ ਸਿੰਘ ਨੇ ਵਿਰੋਧੀ ਉਮੀਦਵਾਰ ਗੁਰਦਰਸ਼ਨ ਸਿੰਘ ਨੂੰ ਹਰਾਇਆ ਸੀ।

                                              ਆਜ਼ਾਦ ਜੇਤੂਆਂ ਦਾ ਇਤਿਹਾਸ

ਅੰਕੜਾ ਦੇਖੀਏ ਤਾਂ 1951 ਵਿੱਚ 9, 1957 ਵਿੱਚ 13 ਅਤੇ 1962 ਦੀਆਂ ਚੋਣਾਂ ਵਿੱਚ 18 ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਇਸੇ ਤਰ੍ਹਾਂ 1967 ਦੀਆਂ ਚੋਣਾਂ ਵਿੱਚ 9, 1969 ਦੀਆਂ ਚੋਣਾਂ ਵਿੱਚ ਚਾਰ, 1972 ਦੀਆਂ ਚੋਣਾਂ ਵਿੱਚ ਤਿੰਨ, 1977 ਵਿੱਚ ਦੋ, ਸਾਲ 1980 ਵਿੱਚ ਦੋ, 1985 ਵਿੱਚ ਚਾਰ, 1992 ਵਿੱਚ ਚਾਰ, 1997 ਦੀਆਂ ਚੋਣਾਂ ਵਿੱਚ 6, 2002 ਦੀਆਂ ਚੋਣਾਂ ਵਿੱਚ 9, ਵਰ੍ਹਾ 2007 ਦੀਆਂ ਚੋਣਾਂ ਵਿੱਚ ਪੰਜ ਅਤੇ 2012 ਦੀਆਂ ਚੋਣਾਂ ਵਿੱਚ ਤਿੰਨ ਆਜ਼ਾਦ ਉਮੀਦਵਾਰ ਸਫ਼ਲ ਹੋਏ ਸਨ। ਇਸੇ ਤਰ੍ਹਾਂ ਸਾਲ 2017 ਦੀ ਚੋਣ ਵਿੱਚ ਕੋਈ ਵੀ ਆਜ਼ਾਦ ਚੋਣ ਨਹੀਂ ਜਿੱਤ ਸਕਿਆ।

No comments:

Post a Comment