Monday, June 30, 2025

                                                         ਸਿਆਸੀ ਓਹਲਾ 
                                  ਮੌਜਾਂ ਦੇ ਗਿਆ ਉੱਡਣ ਖਟੋਲਾ..! 
                                                          ਚਰਨਜੀਤ ਭੁੱਲਰ 

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਚੋਣਾਂ ਦੇ ਪ੍ਰਚਾਰ ਮੌਕੇ ਬਾਦਲ ਤੇ ਮਜੀਠੀਆ ਪਰਿਵਾਰ ਦੇ ਹੈਲੀਕਾਪਟਰ ਵਰਤਦਾ ਰਿਹਾ ਹੈ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਬਾਦਲ ਪਰਿਵਾਰ ਦੀ ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਰਾਇਆ ਐਵੀਏਸ਼ਨ ਪ੍ਰਾਈਵੇਟ ਕੰਪਨੀ ਦੇ ਹੈਲੀਕਾਪਟਰਾਂ ਦੀ ਗੂੰਜ ਪੈਂਦੀ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਹੈਲੀਕਾਪਟਰਾਂ ’ਚ ਚੋਣ ਪ੍ਰਚਾਰ ਲਈ ਸਫ਼ਰ ਵੀ ਸਿਰਫ਼ ਬਾਦਲ ਤੇ ਮਜੀਠੀਆ ਪਰਿਵਾਰ ਨੇ ਹੀ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਜਿਹਾ ਦੂਸਰਾ ਸਟਾਰ ਪ੍ਰਚਾਰਕ ਨਹੀਂ ਸੀ ਜਿਸ ਨੂੰ ਚੋਣ ਪ੍ਰਚਾਰ ਲਈ ਹੈਲੀਕਾਪਟਰ ’ਚ ਬੈਠਣ ਦਾ ਮੌਕਾ ਮਿਲਿਆ ਹੋਵੇ। ਹੁਣ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਮਜੀਠੀਆ ਪਰਿਵਾਰ ਦੀਆਂ ਕੰਪਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ’ਚ ਸਰਾਇਆ ਇੰਡਸਟਰੀਜ਼ ਵੀ ਸ਼ਾਮਲ ਹੈ।

           ਬੇਸ਼ੱਕ ਸਰਾਇਆ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਕਿਧਰੇ ਕੋਈ ਜ਼ਿਕਰ ਨਹੀਂ ਆਇਆ ਹੈ ਪ੍ਰੰਤੂ  ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਮੌਕੇ ਇਸ ਕੰਪਨੀ ਦੇ ਹੈਲੀਕਾਪਟਰ ਕਿਰਾਏ ’ਤੇ ਲਏ ਗਏ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 2017-18 ਦੇ ਆਡਿਟ ਅਤੇ ਚੋਣ ਖ਼ਰਚੇ ਦੇ ਦਸਤਾਵੇਜ਼ ਭਾਰਤੀ ਚੋਣ ਕਮਿਸ਼ਨ ਕੋਲ ਜਮ੍ਹਾ ਕਰਾਏ ਹਨ,ਉਨ੍ਹਾਂ ਅਨੁਸਾਰ ਔਰਬਿਟ ਐਵੀਏਸ਼ਨ ਨੂੰ 1.87 ਕਰੋੜ ਰੁਪਏ ਅਕਾਲੀ ਦਲ ਦੇ ਖ਼ਜ਼ਾਨੇ ਚੋਂ ਕਿਰਾਇਆ ਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 2017 ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਔਰਬਿਟ ਐਵੀਏਸ਼ਨ ਦਾ ਹੈਲੀਕਾਪਟਰ ਕਿਰਾਏ ’ਤੇ ਲਿਆ ਸੀ। ਇਹ ਹੈਲੀਕਾਪਟਰ 6 ਜਨਵਰੀ 2017 ਤੋਂ 2 ਫਰਵਰੀ 2017 ਤੱਕ ਸ਼੍ਰੋਮਣੀ ਅਕਾਲੀ ਦਲ ਕੋਲ ਕਿਰਾਏ ’ਤੇ ਰਿਹਾ। ਇਸ ਸਮੇਂ ਦੌਰਾਨ ਔਰਬਿਟ ਹੈਲੀਕਾਪਟਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ 104 ਗੇੜੇ ਲਾਏ। 

          ਔਰਬਿਟ ਹੈਲੀਕਾਪਟਰ ਵਿੱਚ ਸੱਤ ਗੇੜਿਆਂ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਸਫ਼ਰ ਕੀਤਾ ਜਦੋਂ ਕਿ ਦਿੱਲੀ ਅਤੇ ਚੰਡੀਗੜ੍ਹ ਦੇ ਦੋ ਗੇੜਿਆਂ ਦਾ ਸਫ਼ਰ ਇਕੱਲੇ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਸਫ਼ਰ ਕੀਤਾ। ਇਨ੍ਹਾਂ ਚੋਣਾਂ ਦੇ ਪ੍ਰਚਾਰ ਦੌਰਾਨ ਬਾਕੀ 94 ਗੇੜਿਆਂ ’ਚ ਸੁਖਬੀਰ ਸਿੰਘ ਬਾਦਲ ਨੇ ਕਿਰਾਏ ’ਤੇ ਔਰਬਿਟ ਐਵੀਏਸ਼ਨ ਦਾ ਹੈਲੀਕਾਪਟਰ ਵਰਤਿਆ। ਇਨ੍ਹਾਂ ਕੁੱਲ 104 ਗੇੜਿਆਂ ਦਾ ਕਿਰਾਇਆ 1.37 ਕਰੋੜ ਸ਼੍ਰੋਮਣੀ ਅਕਾਲੀ ਦਲ ਨੇ ਤਾਰਿਆ ਸੀ। ਦਿਲਚਸਪ ਤੱਥ ਹਨ ਕਿ ਸਾਲ 2017- 18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਔਰਬਿਟ ਰਿਜ਼ਾਰਟ ਕੰਪਨੀ ਨੇ 97 ਲੱਖ ਰੁਪਏ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨੇ 94.50 ਲੱਖ ਰੁਪਏ ਦਾ ਦਾਨ ਦਿੱਤਾ। ਦੇਖਿਆ ਜਾਵੇ ਤਾਂ ਇੱਕ ਹੱਥ ਬਾਦਲ ਪਰਿਵਾਰ ਨੇ ਦਾਨ ਦਿੱਤਾ ਅਤੇ ਦੂਜੇ ਹੱਥ ਸ਼੍ਰੋਮਣੀ ਅਕਾਲੀ ਦਲ ਤੋਂ ਹੈਲੀਕਾਪਟਰ ਦਾ ਕਿਰਾਇਆ ਵੀ ਲਿਆ।

       ਚੋਣ ਕਮਿਸ਼ਨ ਦੀ ਸੂਚਨਾ ਅਨੁਸਾਰ ਜਦੋਂ ਲੋਕ ਸਭਾ ਚੋਣਾਂ 2014 ਸਨ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਪਰਿਵਾਰ ਦੀ ਸਰਾਇਆ ਐਵੀਏਸ਼ਨ ਦਾ ਹੈਲੀਕਾਪਟਰ ਕਿਰਾਏ ’ਤੇ ਲਿਆ ਸੀ ਜਿਸ ਦਾ ਕਿਰਾਇਆ 41.10 ਲੱਖ ਰੁਪਏ ਤਾਰਿਆ ਗਿਆ। ਉਦੋਂ ਸਟਾਰ ਪ੍ਰਚਾਰਕ ਬਿਕਰਮ ਸਿੰਘ ਮਜੀਠੀਆ ਨੇ 13 ਮਾਰਚ 2014 ਨੂੰ ਆਪਣੇ ਹੀ ਪਰਿਵਾਰ ਦੀ ਕੰਪਨੀ ਸਰਾਇਆ ਐਵੀਏਸ਼ਨ ਦੇ ਹੈਲੀਕਾਪਟਰ ’ਤੇ ਦਿੱਲੀ ਤੋਂ ਅੰਮ੍ਰਿਤਸਰ ਲਈ ਸਫ਼ਰ ਕੀਤਾ ਜਿਸ ਦਾ ਕਿਰਾਇਆ ਸ਼੍ਰੋਮਣੀ ਅਕਾਲੀ ਦਲ ਨੇ 2.97 ਲੱਖ ਰੁਪਏ ਤਾਰਿਆ ਸੀ। ਉਨ੍ਹਾਂ ਚੋਣਾਂ ਮੌਕੇ ਪੰਜ ਗੇੜਿਆਂ ’ਚ ਬਿਕਰਮ ਸਿੰਘ ਮਜੀਠੀਆ ਨੇ ਸਫ਼ਰ ਕੀਤਾ ਸੀ ਜਦੋਂ ਕਿ ਕਿ 24 ਮਾਰਚ 2014 ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਇਕੱਠੇ ਸਫ਼ਰ ਕੀਤਾ ਸੀ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਕੁੱਲ 137 ਗੇੜਿਆਂ ਦਾ ਕਿਰਾਇਆ ਸ਼੍ਰੋਮਣੀ ਅਕਾਲੀ ਦਲ ਨੇ 2.51 ਕਰੋੜ ਰੁਪਏ ਤਾਰਿਆ ਸੀ। ਬਹੁਤੇ ਮੌਕਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਲਈ ਚੋਣ ਫ਼ੰਡ ਵੀ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨੇੜਲਿਆ ਨੂੰ ਹੀ ਮਿਲਦਾ ਰਿਹਾ ਹੈ।

Friday, June 27, 2025

                                                       ਡੰਡੇ ਅੱਗੇ ਭੂਤ ਨੱਚਦੇ
                              ਆਹ ਲਓ ! ਇੱਕ ਨਾਲ ਇੱਕ ‘ਫਰੀ’
                                                         ਚਰਨਜੀਤ ਭੁੱਲਰ

ਚੰਡੀਗੜ੍ਹ : ਪੰਜਾਬ ਪਸ਼ੂ ਪਾਲਣ ਵਿਭਾਗ ’ਚ ‘ਟਰੈਕਟਰ ਘਪਲੇ’ ਨੇ ਧੂੜ ਪੁੱਟ ਦਿੱਤੀ ਹੈ। ਮਾਮਲਾ ਚਾਹੇ ਨਵੇਂ ਖ਼ਰੀਦੇ ਟਰੈਕਟਰ ਦਾ ਹੀ ਹੈ ਪ੍ਰੰਤੂ ਖੰਨਾ ਦੀ ਟਰੈਕਟਰ ਏਜੰਸੀ ਨੇ ਕ੍ਰਿਸ਼ਮਾ ਕਰ ਦਿੱਤਾ। ਏਜੰਸੀ ਨੇ 2025 ਮਾਡਲ ਦਾ ਟਰੈਕਟਰ ਦੇਣ ਦੀ ਬਜਾਏ 2023 ਮਾਡਲ ਦਾ ਟਰੈਕਟਰ ਡਿਲਿਵਰ ਕਰ ਦਿੱਤਾ ਅਤੇ ਪਸ਼ੂ ਪਾਲਣ ਮਹਿਕਮੇ ਨੇ ਲੈ ਵੀ ਲਿਆ। ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦਾ ਮਾਮਲਾ ਜਦੋਂ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਫ਼ੌਰੀ ਕਾਰਵਾਈ ਕਰਨ ਲਈ ਕਿਹਾ। ਮਹਿਕਮੇ ਨੇ ਇਸ ਮਾਮਲੇ ’ਚ ਦੋ ਸਹਾਇਕ ਡਾਇਰੈਕਟਰ ਅਤੇ ਦੋ ਵੈਟਰਨਰੀ ਅਫ਼ਸਰ ਮੁਅੱਤਲ ਕਰ ਦਿੱਤੇ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀ ਸ਼ਿਕਾਇਤ ’ਤੇ ਸਿਟੀ ਖੰਨਾ ਦੀ ਪੁਲੀਸ ਨੇ ਖੰਨਾ ਦੀ ਸ਼ਿਵਮ ਮੋਟਰਜ਼ ਦੇ ਮਾਲਕ ’ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਜਦੋਂ ਟਰੈਕਟਰ ਏਜੰਸੀ ਖ਼ਿਲਾਫ਼ ਡੰਡਾ ਖੜਕਾ ਦਿੱਤਾ ਤਾਂ ਏਜੰਸੀ ਮਾਲਕ ਵਿਭਾਗ ਨੂੰ ਨਵਾਂ 2025 ਮਾਡਲ ਟਰੈਕਟਰ ਦੇ ਗਏ ਹਨ, ਜਦੋਂ ਕਿ ਪੁਰਾਣਾ ਵੀ ਮਹਿਕਮੇ ਕੋਲ ਹੀ ਖੜ੍ਹਾ ਹੈ।

         ਪੁਲੀਸ ਕੇਸ ਅਨੁਸਾਰ ਪੰਜਾਬ ਪਸ਼ੂ ਧਨ ਵਿਕਾਸ ਬੋਰਡ ਵੱਲੋਂ ਪਟਿਆਲਾ ਦੇ ਸਰਕਾਰੀ ਰੌਣੀ ਫਾਰਮ ਲਈ ਨਵੇਂ ਟਰੈਕਟਰ ਮਹਿੰਦਰਾ ਦੀ ਖ਼ਰੀਦ ਲਈ 23 ਅਪਰੈਲ ਨੂੰ ‘ਜੈੱਮ ਪੋਰਟਲ’ ’ਤੇ ਆਰਡਰ ਕੀਤਾ ਗਿਆ ਸੀ। ਕੰਪਨੀ ਵੱਲੋਂ ਇਸ ਟਰੈਕਟਰ ਦੀ ਡਿਲਿਵਰੀ 23 ਅਪਰੈਲ ਤੋਂ 22 ਜੁਲਾਈ ਦਰਮਿਆਨ ਦਿੱਤੀ ਜਾਣੀ ਸੀ। ਸ਼ਿਵਮ ਮੋਟਰਜ਼ ਖੰਨਾ ਵੱਲੋਂ 24 ਅਪਰੈਲ ਨੂੰ 9.95 ਲੱਖ ਰੁਪਏ ਦੀ ਅਦਾਇਗੀ ਲਈ ਬਿੱਲ ਨੰ. 3356 ਭੇਜਿਆ ਗਿਆ। ਬਿੱਲ ਵਿੱਚ ਟਰੈਕਟਰ ਦਾ ਮਾਡਲ, ਸੀਰੀਅਲ ਨੰਬਰ ਅਤੇ ਇੰਜਣ ਨੰਬਰ ਮੌਜੂਦ ਸਨ ਪ੍ਰੰਤੂ ਜਦੋਂ ਟਰੈਕਟਰ ਦੀ ਡਿਲਿਵਰੀ ਸਮੇਂ ਸੇਲ ਸਰਟੀਫਿਕੇਟ ਪੇਸ਼ ਕੀਤਾ ਗਿਆ ਤਾਂ ਉਸ ’ਚ ਅਲੱਗ ਮਾਡਲ ਦਾ ਟਰੈਕਟਰ ਸੀ। ਮਤਲਬ ਇਹ ਕਿ ਘੱਟ ਕੀਮਤ ਵਾਲਾ 2023 ਮਾਡਲ ਦਾ ਟਰੈਕਟਰ ਡਿਲਿਵਰ ਕਰ ਦਿੱਤਾ ਗਿਆ, ਜਦੋਂ ਕਿ ਅਦਾਇਗੀ 2025 ਮਾਡਲ ਦੇ ਟਰੈਕਟਰ ਦੀ ਕੀਤੀ ਗਈ ਸੀ। ਪਸ਼ੂ ਪਾਲਣ ਮਹਿਕਮੇ ਤਰਫ਼ੋਂ ਟਰੈਕਟਰ ਦੀ ਇੰਸਪੈਕਸ਼ਨ ਵਾਸਤੇ ਚਾਰ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਨੇ ਏਜੰਸੀ ਵੱਲੋਂ ਕੀਤੀ ਹੇਰਾਫੇਰੀ ਵੱਲ ਧਿਆਨ ਦਿੱਤੇ ਬਿਨਾਂ ਮਨਜ਼ੂਰੀ ਦੇ ਦਿੱਤੀ। 

          ਮਹਿਕਮੇ ਦੀ ਟੀਮ ਦਾ ਇਹ ਕਸੂਰ ਪਾਇਆ ਗਿਆ ਹੈ ਕਿ ਟਰੈਕਟਰ ਦੀ ਗ਼ਲਤ ਡਿਲਿਵਰੀ ਪ੍ਰਾਪਤ ਕੀਤੀ ਅਤੇ ਡਿਲਿਵਰੀ ਮੌਕੇ ਸਹੀ ਮਿਲਾਣ ਨਹੀਂ ਕੀਤਾ ਗਿਆ। ਮਹਿਕਮੇ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਫ਼ੌਰੀ ਕੈਟਲ ਫਾਰਮ ਰੌਣੀ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ, ਪਟਿਆਲਾ ਦੇ ਪਿੰਡ ਕੁਲ੍ਹੇ ਮਾਜਰਾ ਦੇ ਬੱਕਰੀ ਫਾਰਮ ਦੇ ਸਹਾਇਕ ਡਾਇਰੈਕਟਰ ਡਾ. ਗੁਰਬਖ਼ਸ਼ ਸਿੰਘ, ਕੈਟਲ ਫਾਰਮ ਰੌਣੀ ਦੇ ਵੈਟਰਨਰੀ ਅਫ਼ਸਰ ਡਾ. ਅਮਿਤ ਜਿੰਦਲ ਅਤੇ ਡਾ. ਰੋਹਤਾਸ਼ ਮਿੱਤਲ ਨੂੰ ਮੁਅੱਤਲ ਕਰ ਦਿੱਤਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਹੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਫ਼ੌਰੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਸਨ ਅਤੇ ਟਰੈਕਟਰ ਏਜੰਸੀ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Thursday, June 26, 2025

                                                          ਸਿਆਸੀ ਟੇਵਾ 
                                    ਕੌਣ ਖੱਟੇਗਾ ਸਿਆਸੀ ਮੁੱਲ !
                                                         ਚਰਨਜੀਤ ਭੁੱਲਰ 

ਚੰਡੀਗੜ੍ਹ :ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਨਾਲ ਵਿਰੋਧੀ ਧਿਰਾਂ ਨੂੰ ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ਹੋਈ ਹਾਰ ਦੀ ਨਮੋਸ਼ੀ ਨੂੰ ਢਕਣ ਦਾ ਮੌਕਾ ਮਿਲ ਗਿਆ ਹੈ। ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਨਾਲ ਕੜੀ ਜੋੜ ਕੇ ਮਜੀਠੀਆ ਦੀ ਗ੍ਰਿਫ਼ਤਾਰੀ ਕੀਤੀ ਹੈ ਤਾਂ ਜੋ ਵਿਰੋਧੀਆਂ ਦੇ ਉਸ ਕੂੜ ਪ੍ਰਚਾਰ ਨੂੰ ਧੋਤਾ ਜਾ ਸਕੇ ਕਿ ਵੱਡੇ ਮਗਰਮੱਛ ਖ਼ਿਲਾਫ਼ ਕਾਰਵਾਈ ਨਹੀਂ ਹੋ ਰਹੀ ਹੈ। ਆਮ ਆਦਮੀ ਪਾਰਟੀ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ’ਚ ਇੱਕ ਬਿਰਤਾਂਤ ਖੜ੍ਹਾ ਕਰ ਰਹੀ ਹੈ ਜਿਸ ਨੂੰ ਮੌਜੂਦਾ ਮਾਮਲੇ ਜ਼ਰੀਏ ਸਿਖਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਮਜੀਠੀਆ ਦੀ ਗ੍ਰਿਫ਼ਤਾਰੀ ਮਗਰੋਂ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ। ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ਜਿੱਤ ਦੇ ਜਸ਼ਨਾਂ ਦਰਮਿਆਨ ਹੀ ਪੰਜਾਬ ਸਰਕਾਰ ਨੇ ਮਜੀਠੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦੋਸ਼ੀ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਬਖ਼ਸ਼ਿਆ ਨਹੀਂ ਜਾਵੇਗਾ। 

         ਕੈਬਨਿਟ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲ ਚੰਦ ਕਟਾਰੂਚੱਕ ਨੇ ਪ੍ਰੈੱਸ ਕਾਨਫ਼ਰੰਸਾਂ ਕਰਕੇ ਵੱਡੇ ਮਗਰਮੱਛ ਫੜੇ ਜਾਣ ਦੀ ਗੱਲ ਕਹੀ। ਉਪ ਚੋਣ ਦੀ ਜਿੱਤ ਤੋਂ ਦੂਰ ਦਿਨ ਮਗਰੋਂ ਹੀ ‘ਆਪ’ ਸਰਕਾਰ ਨੇ ਇਹ ਪੈਂਤੜਾ ਲਿਆ ਹੈ ਜਿਸ ਨੂੰ ਵਿਰੋਧੀ ਧਿਰਾਂ ਨੇ ਲੁਧਿਆਣਾ ਚੋਣ ਵਿਚਲੀ ਸਿਆਸੀ ਨਾਕਾਮੀ ਨੂੰ ਲਕੌਣ ਲਈ ਵਰਤ ਲਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਨੇ ਵਿਜੀਲੈਂਸ ਦੀ ਇਸ ਕਾਰਵਾਈ ’ਤੇ ਉਂਗਲ ਉਠਾਈ ਹੈ। ਕਾਂਗਰਸੀ ਆਗੂ ਅੰਦਰੋਂ ਅੰਦਰੀਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਆਪਣੇ ਲਈ ਚੰਗਾ ਮੌਕਾ ਮੰਨ ਰਹੇ ਹਨ ਕਿਉਂਕਿ ਮਜੀਠੀਆ ਦਾ ਮਾਮਲੇ ਉੱਛਲਨ ਕਰਕੇ ਲੁਧਿਆਣਾ ਚੋਣ ’ਚ ਹੋਈ ਹਾਰ ਸਿਆਸੀ ਧੂੜ ਵਿੱਚ ਦੱਬ ਜਾਣੀ ਹੈ। ਚੇਤੰਨ ਹਲਕੇ ਸਮਝ ਰਹੇ ਹਨ ਕਿ ‘ਆਪ’ ਸਰਕਾਰ ਨੇ ਜਿੱਤ ਦੇ ਜਸ਼ਨਾਂ ਦੌਰਾਨ ਹੀ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਕਾਹਲ ਕਿਉਂ ਦਿਖਾਈ ਕਿਉਂਕਿ ਇਸ ਗ੍ਰਿਫ਼ਤਾਰੀ ਦੇ ਪਰਦੇ ਹੇਠ ਲੁਧਿਆਣਾ ਚੋਣ ’ਚ ਵਿਰੋਧੀ ਧਿਰਾਂ ਨੂੰ ਮਿਲੀ ਹਾਰ ਨੇ ਲੁਕ ਜਾਣਾ ਹੈ। 

          ਸ਼੍ਰੋਮਣੀ ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਨਾਲ ਡਟ ਕੇ ਖੜਨ ਦਾ ਫ਼ੈਸਲਾ ਕੀਤਾ ਹੈ। ਵਿਰੋਧੀ ਧਿਰਾਂ ਨੂੰ ਇਕੱਠੇ ਹੋਣ ਦਾ ਮੌਕਾ ਵੀ ਇਹ ਮੁੱਦਾ ਦੇ ਸਕਦਾ ਹੈ। ਵਿਰੋਧੀਆਂ ਨੇ ਇਸ ਨੂੰ ਬਦਲੇ ਦੀ ਕਾਰਵਾਈ ਦੱਸਿਆ ਹੈ ਜਦੋਂ ਕਿ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਹੋ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਦਾ ਕਹਿਣਾ ਸੀ ਕਿ ਮਜੀਠੀਆ ਦੀ ਗ੍ਰਿਫਤਾਰੀ ਪੰਜਾਬ ਸਰਕਾਰ ਦੀ ਸਿਆਸੀ ਬੌਖਲਾਹਟ ਦਾ ਨਤੀਜਾ ਹੈ ਕਿਉਂਕਿ ਸਰਕਾਰ ਕਿਸੇ ਵੀ ਸਾਰਥਿਕ ਆਲੋਚਨਾ ਨੂੰ ਸੁਣਨਾ ਨਹੀਂ ਚਾਹੁੰਦੀ ਹੈ। ਭੁਲੱਥ ਤੋੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜੀਠੀਆ ਤੇ ਕਾਰਵਾਈ ਕਰਕੇ ਅਸਲ ਵਿੱਚ ਵਿਰੋਧੀ ਧਿਰਾਂ ਨੂੰ ਸੁਨੇਹਾ ਦਿੱਤਾ ਹੈ ਜੋ ਕਿ ਇਹ ਬਦਲੇ ਦੀ ਕਾਰਵਾਈ ਹੈ ਕਿਉਂਕਿ ਮਜੀਠੀਆ ਸਰਕਾਰ ਨੂੰ ਮੁੱਦਿਆਂ ’ਤੇ ਘੇਰਦੇ ਹਨ। ਅੱਜ ਪੰਜਾਬ ਪੁਲੀਸ ਸਟੇਟ ਵਿੱਚ ਤਬਦੀਲ ਹੋ ਚੁੱਕਾ ਹੈ। 

          ਖਹਿਰਾ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਇਸ ਮੁੱਦੇ ’ਤੇ ਲਾਮਬੰਦ ਹੋਣ ਦੀ ਅਪੀਲ ਕੀਤੀ ਅਤੇ ਇਸ ਮਾਮਲੇ ’ਤੇ ਇਕੱਠੇ ਹੋ ਕੇ ਖੜ੍ਹਨ ਲਈ ਕਿਹਾ ਕਿਉਂਕਿ ਅਧਿਕਾਰਾਂ ’ਤੇ ਡਾਕਾ ਪਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਜੀਲੈਂਸ ਦੇ ਤੌਰ ਤਰੀਕੇ ’ਤੇ ਉਂਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ਅੱਜ ਵਿਜੀਲੈਂਸ ਨੇ ਬਿਨਾਂ ਸਰਚ ਵਰੰਟ ਤੋਂ ਵਿਧਾਇਕਾ ਗੁਨੀਵ ਕੌਰ ਮਜੀਠੀਆ ਦੇ ਘਰ ਅਤੇ ਫਲੈਟ ’ਤੇ ਦਬਸ਼ ਦਿੱਤੀ। ਉਨ੍ਹਾਂ ਸਪੀਕਰ ਨੂੰ ਅਪੀਲ ਕੀਤੀ ਕਿ ਸਰਕਾਰ ਤੌਰ ਤਰੀਕਿਆਂ ਨੂੰ ਸੁਧਾਰੇ ਅਤੇ ਕਿਸੇ ਨੂੰ ਗ਼ਲਤ ਫਹਿਮੀ ਵਿੱਚ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਪੀਹੜੀ ਹੇਠ ਵੀ ਝਾੜੂ ਫੇਰੇ। ਬਾਜਵਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਕਸ਼ਨ ’ਤੇ ਸਖ਼ਤ ਇਤਰਾਜ਼ ਦਰਜ ਕਰਾਉਣ।

Tuesday, June 24, 2025

                                                       ਕਾਂਗਰਸ ਪਾਰਟੀ 
                              ਮੁਫ਼ਤ ’ਚ ਮੇਲਾ ਲੁੱਟਣਾ ਸੌਖਾ ਨਹੀਂ..! 
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੇ ਕਾਂਗਰਸ ਦਾ ਮੁਫਤੋਂ-ਮੁਫ਼ਤ ’ਚ ਸਿਆਸੀ ਮੇਲਾ ਲੁੱਟਣ ਦਾ ਸੁਪਨਾ ਚੂਰ ਕਰ ਦਿੱਤਾ ਹੈ। ਉਪ ਚੋਣ ’ਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਨੂੰ 24,542 ਵੋਟਾਂ ਮਿਲੀਆਂ ਹਨ ਜੋ ਕਿ 27.22 ਫ਼ੀਸਦੀ ਬਣਦੀਆਂ ਹਨ। 2022 ਦੀਆਂ ਚੋਣਾਂ ’ਚ ਕਾਂਗਰਸ ਨੂੰ 28.3 ਫ਼ੀਸਦੀ ਵੋਟ ਪ੍ਰਾਪਤ ਹੋਏ ਸਨ ਜਦੋਂ ਕਿ 2017 ਵਿੱਚ ਭਾਰਤ ਭੂਸ਼ਨ ਆਸ਼ੂ 54.4 ਫ਼ੀਸਦੀ ਵੋਟ ਹਾਸਲ ਕਰਕੇ 36,521 ਵੋਟਾਂ ਦੇ ਮਾਰਜਿਨ ਨਾਲ ਜੇਤੂ ਰਹੇ ਸਨ। ਉਸ ਤੋਂ ਪਹਿਲਾਂ ਸਾਲ 2012 ਵਿੱਚ ਆਸ਼ੂ 62.8 ਫ਼ੀਸਦੀ ਵੋਟ ਲੈ ਕੇ 35,922 ਵੋਟਾਂ ਦੇ ਮਾਰਜਿਨ ਨਾਲ ਜਿੱਤ ਗਏ ਸਨ। ਉਪ ਚੋਣ ਨੇ ਕਾਂਗਰਸ ਨੂੰ ਦੱਸ ਦਿੱਤਾ ਹੈ ਕਿ ਇਕੱਲਾ ਹਾਕਮ ਧਿਰ ਨੂੰ ਨਿੰਦ ਕੇ ਗੱਲ ਨਹੀਓਂ ਬਣਨੀ। ਧਰਾਤਲ ’ਤੇ ਕੰਮ ਕਰਨਾ ਪਵੇਗਾ। ਇਹ ਗੱਲ ਗੁੱਝੀ ਨਹੀਂ ਕਿ ਕਾਂਗਰਸ ਪਾਟੋਧਾੜ ਦਾ ਸ਼ਿਕਾਰ ਰਹੀ ਅਤੇ ਕਾਂਗਰਸੀ ਲੀਡਰਾਂ ਨੇ ਸਾਰੀ ਤਾਕਤ ਇੱਕ ਦੂਜੇ ਦੀਆਂ ਲੱਤਾਂ ਖਿੱਚਣ ’ਤੇ ਝੋਕ ਦਿੱਤੀ। ਗੱਲ ਨਿਰੀ ਏਨੀ ਨਹੀਂ ਹੈ ਬਲਕਿ ਹੁਣ ਮੌਕਾ ਲੋਕਾਂ ਦੀ ਨਬਜ਼ ਪਛਾਣਨ ਦਾ ਹੈ। ਉਪ ਚੋਣ ਦਾ ਨਤੀਜਾ ਦੱਸਦਾ ਹੈ ਕਿ ਕਾਂਗਰਸ ਵਿਰੋਧੀ ਧਿਰ ਦੀ ਸਾਰਥਿਕ ਭੂਮਿਕਾ ਨਿਭਾਉਣ ਵਿੱਚ ਫ਼ੇਲ੍ਹ ਰਹੀ ਹੈ ਅਤੇ ਲੋਕ ਮੁੱਦਿਆਂ ਨੂੰ ਉਠਾਉਣ ਤੋਂ ਖੁੰਝੀ ਹੈ। 

         ਸਿਆਸੀ ਮਾਹਿਰ ਆਖਦੇ ਹਨ ਕਿ ਕਾਂਗਰਸ ਨੇ ਪਿਛਲੇ ਸਮੇਂ ਤੋਂ ਜ਼ਮੀਨ ’ਤੇ ਲੋਕ ਮੁੱਦਿਆਂ ’ਤੇ ਲੜਨ ਦੀ ਥਾਂ ਸੋਸ਼ਲ ਮੀਡੀਆ ’ਤੇ ਹੀ ਮੁਹਾਜ਼ ਖੋਲ੍ਹ ਕੇ ਘਰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਭਖਦੇ ਮੁੱਦਿਆਂ ’ਤੇ ਬੱਝਵੀਂ ਲੜਾਈ ਸੜਕਾਂ ’ਤੇ ਲੜਨ ਦੀ ਥਾਂ ਕਾਂਗਰਸੀ ਨੇਤਾਵਾਂ ਨੇ ਹਾਕਮ ਧਿਰ ਦੇ ਨੁਕਸ ਕੱਢ ਕੇ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ। 2022 ਦੀਆਂ ਚੋਣਾਂ ਵਿੱਚ ਹੋਈ ਹਾਰ ਦੀ ਕਦੇ ਕਾਂਗਰਸ ਨੇ ਪੜਚੋਲ ਨਹੀਂ ਕੀਤੀ। ਹਾਰ ਤੋਂ ਸਬਕ ਸਿੱਖ ਕੇ ਕਾਂਗਰਸ ਨੇ ਪੰਜਾਬੀਆਂ ਅੱਗੇ ਆਪਣਾ ਬਦਲਿਆਂ ਹੋਇਆ ਸਿਆਸੀ ਚਿਹਰਾ ਵੀ ਪੇਸ਼ ਨਹੀਂ ਕਰ ਸਕੀ।ਵਿਰੋਧੀ ਧਿਰ ਨੇ ਪੰਜਾਬ ਸਰਕਾਰ ’ਚ ਦਿੱਲੀ ਦੇ ਦਾਖਲ ਨੂੰ ਕਦੇ ਮੁੱਦੇ ਦੇ ਤੌਰ ’ਤੇ ਹੀ ਨਹੀਂ ਲਿਆ ਜਦੋਂ ਕਿ ਇਹ ਗੱਲ ਪੰਜਾਬੀ ਮਨਾਂ ’ਚ ਘਰ ਕਰੀ ਬੈਠੀ ਹੈ। ਚੇਤੰਨ ਹਲਕੇ ਆਖਦੇ ਹਨ ਕਿ ਕਾਂਗਰਸ ਸਿਰਫ਼ ਅੰਦਰੂਨੀ ਖ਼ਾਨਾ-ਜੰਗੀ ਦਾ ਰੋਣਾ ਰੋ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੀ। ਉਪ ਚੋਣ ਦਾ ਨਤੀਜਾ ਕਾਂਗਰਸ ਦੇ ਹਾਈਕਮਾਨ ’ਤੇ ਵੀ ਉਂਗਲ ਉਠਾਉਂਦਾ ਹੈ। ਕਾਂਗਰਸ ਹਾਈਕਮਾਨ ਨੇ ਹਰਿਆਣਾ ’ਚ ਧੜੇਬੰਦੀ ਵਜੋਂ ਹੱਥੋਂ ਹਕੂਮਤ ਨਿਕਲਣ ਦੇ ਬਾਵਜੂਦ ਪੰਜਾਬ ਕਾਂਗਰਸ ਦੀ ਧੜੇਬੰਦੀ ਦੇ ਇਲਾਜ ਲਈ ਕੋਈ ਸਿਆਸੀ ਨੁਸਖ਼ਾ ਪੇਸ਼ ਨਹੀਂ ਕੀਤਾ। 

          ਲੋਕ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਕਾਂਗਰਸ ਆਪਣਾ ਜੋਸ਼ ਕਾਇਮ ਨਹੀਂ ਰੱਖ ਸਕੀ।  ਲੁਧਿਆਣਾ ਪੱਛਮੀ ਹਲਕੇ ’ਚ ਭਾਰਤ ਭੂਸ਼ਨ ਆਸ਼ੂ ਦੇ ‘ਹੰਕਾਰ’ ਨੂੰ ਇੱਕ ਮੁੱਦੇ ਦੇ ਤੌਰ ’ਤੇ ਆਮ ਆਦਮੀ ਪਾਰਟੀ ਨੇ ਉਭਾਰਿਆ। ਆਸ਼ੂ ਦੇ ਚੋਣ ਪ੍ਰਚਾਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਤਨਦੇਹੀ ਨਾਲ ਕਮਾਨ ਸੰਭਾਲੀ ਰੱਖੀ ਪ੍ਰੰਤੂ ਏਨਾ ਹੀ ਕਾਫ਼ੀ ਨਹੀਂ ਸੀ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਛਵੀ ਦੀ ਕਾਟ ਆਸ਼ੂ ਦਾ ਚਿਹਰਾ ਨਹੀਂ ਕਰ ਸਕਿਆ। ਉਪ ਚੋਣ ’ਚ ਹੋਈ ਹਾਰ ਮਗਰੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ’ਤੇ ਵੀ ਸੁਆਲ ਖੜ੍ਹੇ ਹੋ ਗਏ ਹਨ। 

 ਪੰਜਾਬ ਕਾਂਗਰਸ ’ਚ ਇਹ ਹਾਰ ਆਪਸੀ ਖ਼ਾਨਾ-ਜੰਗੀ ਨੂੰ ਹੋਰ ਤਿੱਖੀ ਕਰੇਗੀ। ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਦੋ ਲੋਕ ਸਭਾ ਹਲਕਿਆਂ ਅਤੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਉਪ ਚੋਣ ਹੋ ਚੁੱਕੀ ਹੈ ਪ੍ਰੰਤੂ ਕਾਂਗਰਸ ਸਿਰਫ਼ ਬਰਨਾਲਾ ਸੀਟ ਹੀ ਜਿੱਤ ਸਕੀ ਹੈ। ਲੁਧਿਆਣਾ ਪੱਛਮੀ ਹਲਕੇ ਤੋਂ 1985 ਅਤੇ 1992 ਵਿੱਚ ਹਰਨਾਮ ਦਾਸ ਜੌਹਰ ਵੀ ਚੋਣ ਜਿੱਤੇ ਚੁੱਕੇ ਹਨ ਅਤੇ ਦੋ ਵਾਰ ਹੀ ਭਾਰਤ ਭੂਸ਼ਨ ਆਸ਼ੂ ਨੇ ਚੋਣ ਜਿੱਤੀ ਹੈ। 1980 ਵਿੱਚ ਕਾਂਗਰਸ ਦੇ ਜੋਗਿੰਦਰਪਾਲ ਪਾਂਡੇ ਨੇ 51.5 ਫ਼ੀਸਦੀ ਵੋਟਾਂ ਲੈ ਕੇ ਚੋਣ ਜਿੱਤੀ ਸੀ।  

                  ਸਬਕ ਸਿੱਖ ਕੇ ਅੱਗੇ ਵਧਾਂਗੇ : ਪਰਗਟ ਸਿੰਘ

ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਸੀ ਕਿ ਲੁਧਿਆਣਾ ਪੱਛਮੀ ਦੇ ਬਹੁਤੇ ਵਾਰਡਾਂ ਵਿੱਚ ਕਾਂਗਰਸ ਨੂੰ ਬਣਦੀ ਹਿੱਸੇਦਾਰੀ ਮਿਲੀ ਹੈ ਪ੍ਰੰਤੂ ਬਾਹਰੀ ਇਲਾਕਿਆਂ ਵਿੱਚ ‘ਆਪ’ ਨੂੰ ਬੱਝਵੀਂ ਵੋਟ ਪੈ ਗਈ। ਦਲਿਤ ਅਤੇ ਹਿੰਦੂ ਵੋਟ ਬੈਂਕ ਨੇ ਕਾਂਗਰਸ ਨੂੰ ਉਮੀਦ ਮੁਤਾਬਿਕ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਲੋਕ ਫ਼ਤਵਾ ਪ੍ਰਵਾਨ ਕਰਦਿਆਂ ਕਿਹਾ ਕਿ ਉਪ ਚੋਣ ਤੋਂ ਸਬਕ ਲੈ ਕੇ ਅੱਗੇ ਵਧਾਂਗੇ। 

 ਜ਼ਿਮਨੀ ਚੋਣਾਂ ’ਚ ਕਾਂਗਰਸ ਦਾ ਵੋਟ ਸ਼ੇਅਰ

ਸੰਗਰੂਰ ਲੋਕ ਸਭਾ 11.20 ਫ਼ੀਸਦੀ

ਜਲੰਧਰ ਲੋਕ ਸਭਾ 27.44 ਫ਼ੀਸਦੀ

ਜਲੰਧਰ ਪੱਛਮੀ         17.84 ਫ਼ੀਸਦੀ

ਡੇਰਾ ਬਾਬਾ ਨਾਨਕ        43.38 ਫ਼ੀਸਦੀ

ਚੱਬੇਵਾਲ        27.46 ਫ਼ੀਸਦੀ

ਬਰਨਾਲਾ        28.41 ਫ਼ੀਸਦੀ

ਗਿੱਦੜਬਾਹਾ        36.40 ਫ਼ੀਸਦੀ

ਲੁਧਿਆਣਾ ਪੱਛਮੀ        27.22 ਫ਼ੀਸਦੀ


                                                        ਸ਼੍ਰੋਮਣੀ ਅਕਾਲੀ ਦਲ
                               ਹੁਣ ਪੀੜ੍ਹੀ ਹੇਠ ਸੋਟਾ ਫੇਰਨ ਦਾ ਵੇਲਾ
                                                          ਚਰਨਜੀਤ ਭੁੱਲਰ  

ਚੰਡੀਗੜ੍ਹ : ਹਲਕਾ ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਅੱਖਾਂ ਖੋਲ੍ਹਣ ਵਾਲੇ ਹਨ। ਸੁਖਬੀਰ ਸਿੰਘ ਬਾਦਲ ਦੇ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਸੰਭਾਲਣ ਮਗਰੋਂ ਇਹ ਪਹਿਲੀ ਸਿਆਸੀ ਪ੍ਰੀਖਿਆ ਸੀ ਜਿਸ ’ਚ ਪਾਰਟੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਅਤੇ ਉਨ੍ਹਾਂ ਨੂੰ ਮਹਿਜ਼ 8203 ਵੋਟਾਂ (9.1 ਫ਼ੀਸਦੀ) ਮਿਲੀਆਂ ਹਨ। ਇਸ ਹਲਕੇ ’ਚ ਪਾਰਟੀ ਚੌਥੇ ਨੰਬਰ ’ਤੇ ਆਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਲਕੇ ’ਚ ਪੂਰੀ ਵਾਹ ਲਾਈ ਸੀ ਪ੍ਰੰਤੂ ਪਾਰਟੀ ਦਾ ਉਮੀਦਵਾਰ ਪਿਛਲੀ 2022 ਦੀ ਵਿਧਾਨ ਸਭਾ ਚੋਣ ਨਾਲੋਂ ਵੀ ਹੇਠਾਂ ਆ ਗਿਆ ਹੈ। 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 10,072 ਵੋਟਾਂ ਮਿਲੀਆਂ ਸਨ। ਵਿਧਾਨ ਸਭਾ ਦੀਆਂ 1977 ਤੋਂ ਹੁਣ ਤੱਕ ਦਸ ਵਿਧਾਨ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਦੋ ਵਾਰ ਇਸ ਹਲਕੇ ਤੋਂ ਜਿੱਤਿਆ ਹੈ। 2007 ਵਿੱਚ ਪਾਰਟੀ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ 57.0 ਫ਼ੀਸਦੀ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ।

          1997 ਵਿੱਚ ਮਹੇਸ਼ਇੰਦਰ ਸਿੰਘ ਗਰੇਵਾਲ ਇਸ ਹਲਕੇ ਤੋਂ 55.2 ਫ਼ੀਸਦੀ ਵੋਟਾਂ ਲੈ ਕੇ ਜਿੱਤੇ ਸਨ। ਮੌਜੂਦਾ ਉਪ ਚੋਣ ’ਚ ਪਾਰਟੀ ਨੇ ਹੁਣ ਤੱਕ ਦੀਆਂ ਸਾਰੀਆਂ ਚੋਣਾਂ ਤੋਂ ਘੱਟ ਵੋਟਾਂ ਲਈਆਂ ਹਨ। ਦੱਸਦੇ ਹਨ ਕਿ ਪਾਰਟੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦਾ ਨਿੱਜੀ ਰਸੂਖ਼ ਹੀ ਬਹੁਤਾ ਕੰਮ ਆਇਆ ਹੈ। ਚੋਣ ਪ੍ਰਚਾਰ ਦੌਰਾਨ ਅਕਾਲੀ ਦਲ ਵਿੱਚ ਘਰ ਵਾਪਸੀ ਕਰਨ ਵਾਲੇ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਸੋਹਣ ਸਿੰਘ ਠੰਡਲ ਵੀ ਵੋਟ ਬੈਂਕ ’ਤੇ ਕੋਈ ਅਸਰ ਨਹੀਂ ਪਾ ਸਕੇ। ਸਿਆਸੀ ਮਾਹਿਰ ਆਖਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੀੜ੍ਹੀ ਹੇਠ ਸੋਟਾ ਫੇਰਨ ਦਾ ਵੇਲਾ ਹੈ। ਇਸ ਚੋਣ ਨਤੀਜੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੇ ਪਿੱਛੇ ਚੱਕਰ ਕੱਟਣ ਦੀ ਸੰਭਾਵਨਾ ਵਧਾ ਦਿੱਤੀ ਹੈ। ਪਾਰਟੀ ਲੀਡਰਸ਼ਿਪ ਅੰਦਰੋਂ ਮਹਿਸੂਸ ਕਰਨ ਲੱਗੀ ਹੈ ਕਿ ਭਾਜਪਾ ਨਾਲ ਗੱਠਜੋੜ ਕੀਤੇ ਬਿਨਾਂ ਬੇੜੀ ਬੰਨੇ ਨਹੀਂ ਲੱਗਣੀ। ਸ਼੍ਰੋਮਣੀ ਅਕਾਲੀ ਦਲ ਲਈ ਬੁਰੇ ਦਿਨ 2017 ਤੋਂ ਹੀ ਸ਼ੁਰੂ ਹੋ ਗਏ ਸਨ ਜਦੋਂ ਕਿ ਪਾਰਟੀ ਦੀ ਝੋਲੀ ਸਿਰਫ਼ 15 ਸੀਟਾਂ ਪਈਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਕੋਲ ਤਿੰਨ ਵਿਧਾਇਕ ਹੀ ਰਹਿ ਗਏ ਸਨ।

          ਇਸ ਹਾਰ ਮਗਰੋਂ ਪਾਰਟੀ ਨੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ’ਚ ਕਮੇਟੀ ਬਣਾਈ ਪ੍ਰੰਤੂ ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦਾ ਵੋਟ ਸ਼ੇਅਰ ਸਿਰਫ਼ 13.42 ਫ਼ੀਸਦੀ ਰਹਿ ਗਿਆ ਜੋ ਕਿ ਸਾਲ 2019 ਦੀਆਂ ਚੋਣਾਂ ਵੇਲੇ 27.45 ਫ਼ੀਸਦੀ ਸੀ। ਲੋਕ ਸਭਾ ਚੋਣਾਂ 2024 ’ਚ ਪਾਰਟੀ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਸ ਖ਼ੌਫ਼ ’ਚ ਪਾਰਟੀ ਨੇ ਚਾਰ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀ ਉਪ ਚੋਣ ਹੀ ਨਹੀਂ ਲੜੀ। ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਨੇ ਬਸਪਾ ਦੀ ਹਮਾਇਤ ਕੀਤੀ ਅਤੇ ਇਸ ਦੇ ਬਾਵਜੂਦ ਬਸਪਾ ਉਮੀਦਵਾਰ ਬਿੰਦਰ ਕੁਮਾਰ ਲਾਖਾ ਨੂੰ 734 ਵੋਟਾਂ ਮਿਲੀਆਂ। ਸੰਗਰੂਰ ਲੋਕ ਸਭਾ ਦੀ ਉਪ ਚੋਣ ’ਚ ਪਾਰਟੀ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਨੂੰ 6.24 ਫ਼ੀਸਦੀ ਵੋਟ ਮਿਲੇ ਅਤੇ ਪਾਰਟੀ ਚੌਥੇ ਨੰਬਰ ’ਤੇ ਰਹੀ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਕੁਮਾਰ ਸੁੱਖੀ ਨੂੰ 17.85 ਫ਼ੀਸਦੀ ਵੋਟ ਮਿਲੇ ਜੋ ਤੀਜੇ ਨੰਬਰ ’ਤੇ ਰਿਹਾ।

           ਮੌਜੂਦਾ ਉਪ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਤਾਂ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਸੰਗਰੂਰ ਲੋਕ ਸਭਾ ਉਪ ਚੋਣ ’ਚ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਕਾਲੀ ਦਲ ਤੋਂ ਅੱਗੇ ਨਿਕਲ ਗਿਆ ਸੀ। ਸਾਲ 2017 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਗਰਾਫ਼ ਦੀ ਨਿਵਾਣ ਨੂੰ ਠੱਲ੍ਹ ਹੀ ਨਹੀਂ ਪੈ ਰਹੀ ਹੈ। ਮੌਜੂਦਾ ਉਪ ਚੋਣ ਦੇ ਨਤੀਜੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਬਹਾਲ ਹੋਣ ਦੇ ਮੌਕੇ ਵੱਧ ਜਾਣੇ ਹਨ।

                               ਸੁਖਬੀਰ ਦੀ ਅਗਵਾਈ ਲੋਕਾਂ ਨੇ ਨਕਾਰੀ: ਰੱਖੜਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਉਪ ਚੋਣ ਵਿੱਚ ਹੋਈ ਹਾਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਵਿੱਚ ਚੋਖੀ ਸਿੱਖ ਵੋਟ ਦੇ ਬਾਵਜੂਦ ਪੰਥ ਦੀ ਨੁਮਾਇੰਦਾ ਜਮਾਤ, ‘ਜੋ ਹੁਣ ਧੜੇ ਦੇ ਰੂਪ ਵਿੱਚ ਹੈ’ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜ਼ਬਤ ਹੋਣਾ ਸਾਫ਼ ਕਰਦਾ ਹੈ ਕਿ ਸਿੱਖ ਵੋਟਰ ਬਹੁਤ ਜ਼ਿਆਦਾ ਨਾਰਾਜ਼ ਹਨ। ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਸੰਗਤ ਨੇ ਬੁਰੀ ਤਰਾਂ ਨਕਾਰ ਦਿੱਤਾ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਤੋਂ ਭਗੌੜੇ ਆਗੂ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਲਈ ਬਿਨਾਂ ਦੇਰੀ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ (ਸ਼੍ਰੋਮਣੀ ਅਕਾਲੀ ਦਲ) ਪੰਥ ਹਵਾਲੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਨ ਮੈਨ ਸ਼ੋਅ ਵਾਲੀ ਸਿਆਸੀ ਭੁਲੇਖਾ ਪਾਊ ਸਿਆਸਤ ਦਾ ਇਸ ਸ਼ਰਮਨਾਕ ਹਾਰ ਕਾਰਨ ਅੰਤ ਹੋ

                                                        ਲੁਧਿਆਣਾ ਪੱਛਮੀ
                          ਭਾਜਪਾ ਲਈ ਰਾਹ ਇੰਨਾ ਸੁਖਾਲਾ ਨਹੀਂ..!
                                                        ਚਰਨਜੀਤ ਭੁੱਲਰ

ਚੰਡੀਗੜ੍ਹ : ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਭਾਜਪਾ ਲਈ ਆਪਣੀ ਪਿੱਠ ਆਪ ਥਾਪੜਨ ਵਾਲਾ ਹੀ ਰਿਹਾ ਹੈ। ਇਸ ਸ਼ਹਿਰੀ ਹਲਕੇ ਨੇ ਭਾਜਪਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਇੱਕ ਸਾਲ ਪਹਿਲਾਂ ਲੋਕ ਸਭਾ ਚੋਣਾਂ ਮੌਕੇ ਇਸੇ ਹਲਕੇ ’ਚੋਂ ਭਾਜਪਾ ਨੂੰ 45 ਹਜ਼ਾਰ ਦੇ ਕਰੀਬ ਵੋਟ ਮਿਲੀ ਸੀ ਜੋ ਹੁਣ ਘਟ ਕੇ 20,323 ਰਹਿ ਗਈ ਹੈ ਜੋ ਕਿ 22.54 ਫ਼ੀਸਦ ਬਣਦੀ ਹੈ। 2022 ਦੀ ਵਿਧਾਨ ਸਭਾ ਚੋਣ ’ਚ ਭਾਜਪਾ ਨੂੰ 28,109, ਜਦੋਂਕਿ ਕਾਂਗਰਸ ਨੂੰ 32,931 ਵੋਟਾਂ ਮਿਲੀਆਂ ਸਨ। ਉਦੋਂ ਭਾਜਪਾ ਨਾਲੋਂ ਕਾਂਗਰਸ ਨੂੰ 4822 ਵੋਟ ਵੱਧ ਮਿਲੇ ਸਨ। ਮੌਜੂਦਾ ਚੋਣ ਵਿੱਚ ਕਾਂਗਰਸ ਨੂੰ ਭਾਜਪਾ ਨਾਲੋਂ 4219 ਵੋਟ ਵੱਧ ਮਿਲੇ ਸਨ। ਸੱਤਾ ਹਾਸਲ ਦੀ ਦੌੜ ਵਿੱਚ ਦੋਵਾਂ ਧਿਰਾਂ ਵਿੱਚ ਮੁਕਾਬਲਾ ਜਾਪਦਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਐਤਕੀਂ ਭਾਜਪਾ ਨੂੰ ਸਿਰਫ਼ ਕਾਡਰ ਵੋਟ ਹੀ ਮਿਲੀ ਹੈ ਜਦੋਂਕਿ ਸਾਲ 2024 ਦੀ ਲੋਕ ਸਭਾ ਚੋਣ ਵਿੱਚ ਹਿੰਦੂ ਵੋਟ ਬੈਂਕ ਵੀ ਭੁਗਤਿਆ ਸੀ। ਨਿਰੋਲ ਸ਼ਹਿਰੀ ਸੀਟ ’ਤੇ ਭਾਜਪਾ ਨੂੰ ਵੱਡਾ ਹੁੰਗਾਰਾ ਨਾ ਮਿਲਣਾ ਸਿਆਸੀ ਸੁਪਨੇ ਤੋੜਨ ਵਾਲਾ ਹੈ।

         ‘ਮਿਸ਼ਨ 2027’ ਨੂੰ ਲੈ ਕੇ ਵਿਉਂਤਾਂ ਬਣਾ ਰਹੀ ਭਾਜਪਾ ਨੂੰ ਇਸ ਹਲਕੇ ਦੇ ਰੁਝਾਨ ਨੇ ਦੱਸ ਦਿੱਤਾ ਕਿ ਰਾਹ ਏਨੇ ਸੁਖਾਲੇ ਨਹੀਂ ਹਨ। ‘ਅਪਰੇਸ਼ਨ ਸਿੰਧੂਰ’ ਦਾ ਪ੍ਰਚਾਰ ਵੀ ਹਲਕੇ ’ਚ ਕੋਈ ਰੰਗ ਨਹੀਂ ਦਿਖਾ ਸਕਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ’ਚ ਪੰਜਾਬ ਦੀਆਂ 2027 ਦੀਆਂ ਚੋਣਾਂ ਬਾਰੇ ਕਿਹਾ ਸੀ ਕਿ ‘ਪੰਜਾਬ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ।’ ਇਸ ਟਿੱਪਣੀ ਤੋਂ ਸਾਫ਼ ਹੈ ਕਿ ਭਾਜਪਾ ਲਈ ਪੰਜਾਬ ਖਾਲਾ ਜੀ ਦਾ ਵਾੜਾ ਨਹੀਂ ਹੈ। ਲੁਧਿਆਣਾ ਪੱਛਮੀ ਸੀਟ ਜ਼ਿਆਦਾ ਮੌਕਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀ ਰਹੀ ਹੈ। ਇਸ ਸੀਟ ਤੋਂ ਭਾਜਪਾ ਨੂੰ ਸਭ ਤੋਂ ਵੱਧ ਵੋਟ 1992 ਦੀਆਂ ਚੋਣਾਂ ਵਿੱਚ 31.8 ਫ਼ੀਸਦ ਵੋਟ ਮਿਲੇ ਸਨ। ਪੰਜਾਬ ਦੇ ਭਾਜਪਾ ਆਗੂ ਅੰਦਰੋਂ ਅੰਦਰੀਂ ਆਖਦੇ ਹਨ ਕਿ ਉਨ੍ਹਾਂ ਨੂੰ ਤਾਂ ਇਸ ਹਲਕੇ ’ਚ ਆਸ ਤੋਂ ਵੱਧ ਵੋਟ ਮਿਲੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਇਸ ਜ਼ਿਮਨੀ ਚੋਣ ’ਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਗਈ। ਏਨਾ ਜ਼ਰੂਰ ਹੈ ਕਿ ਦਿੱਲੀ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਤੇ ਰਵਨੀਤ ਬਿੱਟੂ ਨੇ ਚੋਣ ਪ੍ਰਚਾਰ ਕੀਤਾ। 

        ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਸੀਟ ’ਤੇ ਅਗਵਾਈ ਕੀਤੀ। ਭਾਜਪਾ ਨੂੰ ਇਸ ਗੱਲੋਂ ਧਰਵਾਸ ਹੈ ਕਿ ‘ਆਪ’ ਦੇ ਕਾਰਜਕਾਲ ਦੌਰਾਨ ਹੋਈਆਂ ਸਾਰੀਆਂ ਉਪ ਚੋਣਾਂ ’ਚ ਸਭ ਤੋਂ ਵੱਧ ਵੋਟ ਸ਼ੇਅਰ (22.54 ਫ਼ੀਸਦ) ਇਸ ਉਪ ਚੋਣ ’ਚ ਮਿਲਿਆ ਹੈ। ਬਾਕੀ ਉਪ ਚੋਣਾਂ ਮੌਕੇ ਵੀ ਪਾਰਟੀ ਤੀਜੇ ਨੰਬਰ ’ਤੇ ਰਹੀ ਹੈ ਅਤੇ ਇਸ ਵਾਰ ਵੀ ਪੁਰਾਣਾ ਇਤਿਹਾਸ ਹੀ ਦੁਹਰਾਇਆ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ’ਚ 15.18 ਫ਼ੀਸਦ ਵੋਟਾਂ ਨਾਲ ਭਾਜਪਾ ਚੌਥੇ ਨੰਬਰ ’ਤੇ ਰਹੀ ਸੀ। ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਕੇਵਲ ਢਿੱਲੋਂ 9.32 ਫ਼ੀਸਦ ਵੋਟ ਲੈ ਕੇ ਤੀਜੇ ਨੰਬਰ ’ਤੇ ਰਹੇ ਸਨ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਨੂੰ 19.08 ਫ਼ੀਸਦ ਵੋਟ ਮਿਲੇ ਸਨ ਜਦੋਂ ਕਿ ਬਰਨਾਲਾ ਦੀ ਉਪ ਚੋਣ ਵਿੱਚ 18.06 ਫ਼ੀਸਦ ਵੋਟ ਹਾਸਲ ਹੋਏ ਸਨ। ਡੇਰਾ ਬਾਬਾ ਨਾਨਕ ਦੀ ਚੋਣ ਵਿੱਚ 5.28 ਫ਼ੀਸਦ, ਚੱਬੇਵਾਲ ’ਚ 10.28 ਫ਼ੀਸਦ, ਗਿੱਦੜਬਾਹਾ ਹਲਕੇ ’ਚ 2.18 ਫ਼ੀਸਦ ਵੋਟ ਪ੍ਰਾਪਤ ਹੋਏ ਸਨ।

Saturday, June 21, 2025

                                                         ਨਵੇਂ ਨੇਮ ਤਿਆਰ
                     ਨਸ਼ਾ ਛੁਡਾਊ ਕੇਂਦਰਾਂ ਦਾ ‘ਕਾਲਾ ਧੰਦਾ’ ਹੋਵੇਗਾ ਬੰਦ
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਨਸ਼ਾ ਛੁਡਾਊ ਕੇਂਦਰਾਂ ਦਾ ‘ਕਾਲਾ ਧੰਦਾ’ ਬੰਦ ਕਰੇਗੀ। ਇਨ੍ਹਾਂ ’ਚੋਂ ਕਈ ਕੇਂਦਰਾਂ ਨੂੰ ਅਸਿੱਧੇ ਤੌਰ ’ਤੇ ਰਸੂਖਵਾਨ ਲੋਕ ਚਲਾ ਰਹੇ ਹਨ। ਸਿਹਤ ਵਿਭਾਗ ਹੁਣ ਇਸ ਸਬੰਧੀ ਨਵੇਂ ਨੇਮ ਤਿਆਰ ਕਰ ਰਿਹਾ ਹੈ। ਪੰਜਾਬ ਵਿੱਚ ਇੱਕ-ਇੱਕ ਵਿਅਕਤੀ ਜਾਂ ਨਿੱਜੀ ਸੰਸਥਾ ਕਈ-ਕਈ ਨਸ਼ਾ ਛੁਡਾਊ ਕੇਂਦਰ ਚਲਾ ਰਹੀ ਹੈ, ਜਿਨ੍ਹਾਂ ਵੱਲੋਂ ‘ਕਾਲੀ ਕਮਾਈ’ ਵੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਨੇ ਸੁਝਾਅ ਦਿੱਤਾ ਸੀ ਕਿ ਨਸ਼ਾ ਛੁਡਾਊ ਕੇਂਦਰਾਂ ਨੂੰ ਚਲਾਉਣ ਸਬੰਧੀ ਸ਼ਰਤਾਂ ਦੀ ਜਾਂਚ ਕਰਨੀ ਚਾਹੀਦੀ ਹੈ। ਵਿਜੀਲੈਂਸ ਦਾ ਇਹ ਸੁਝਾਅ ਵੀ ਸੀ ਕਿ ਨਿਰਪੱਖ ਨੀਤੀ ਬਣਾ ਕੇ ਟੈਂਡਰਾਂ ਦੀ ਪ੍ਰਕਿਰਿਆ ਤੋਂ ਲੈ ਕੇ ਲਾਇਸੈਂਸ ਦੇਣ ਤੱਕ ਦੀ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾਵੇ। ਵਿਜੀਲੈਂਸ ਨੇ ਇਨ੍ਹਾਂ ਕੇਂਦਰਾਂ ਦੀ ਜਾਂਚ ਕਰ ਕੇ ਗੋਲੀਆਂ ਦੀ ਗੈਰਕਾਨੂੰਨੀ ਵਿਕਰੀ ਦਾ ਪਰਦਾਫਾਸ਼ ਵੀ ਕੀਤਾ ਸੀ। ਸਿਹਤ ਵਿਭਾਗ ਵੱਲੋਂ ਹੁਣ ਨਵੀਂ ਪਹਿਲਕਦਮੀ ਕੀਤੀ ਗਈ ਹੈ ਜਿਸ ਮੁਤਾਬਕ ਅਜਿਹੇ ਨਿਯਮ ਬਣਾਏ ਜਾ ਰਹੇ ਹਨ ਜਿਨ੍ਹਾਂ ਤਹਿਤ ਕੋਈ ਵੀ ਵਿਅਕਤੀ ਜਾਂ ਅਦਾਰਾ ਪੰਜ ਤੋਂ ਵੱਧ ਨਸ਼ਾ ਛੁਡਾਊ ਕੇਂਦਰਾਂ ਦੀ ਮਾਲਕੀ ਨਹੀਂ ਰੱਖ ਸਕੇਗਾ ਜਾਂ ਕੇਂਦਰਾਂ ਦਾ ਸੰਚਾਲਨ ਨਹੀਂ ਕਰ ਸਕੇਗਾ।

         ਸਿਹਤ ਮਹਿਕਮੇ ਨੇ ਨਿਯਮ ਤਿਆਰ ਕਰ ਲਏ ਹਨ ਅਤੇ ਹੁਣ ਇਨ੍ਹਾਂ ਨੂੰ ਕਾਨੂੰਨੀ ਪੱਖ ਤੋਂ ਜਾਂਚਿਆ ਜਾ ਰਿਹਾ ਹੈ। ਨਸ਼ਾ ਛੁਡਾਊ ਕੇਂਦਰਾਂ ਨੂੰ ਤਿੰਨ ਵਰ੍ਹਿਆਂ ਲਈ ਲਾਇਸੈਂਸ ਦਿੱਤਾ ਜਾਂਦਾ ਹੈ। ਜਦੋਂ ਹੁਣ ਲਾਇਸੈਂਸਾਂ ਦਾ ਨਵੀਨੀਕਰਨ ਹੋਵੇਗਾ ਤਾਂ ਉਦੋਂ ਪੰਜ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ ਲਾਇਸੈਂਸ ਖ਼ਤਮ ਹੋ ਜਾਣਗੇ। ਪੰਜਾਬ ਸਰਕਾਰ ਦੇ ਹੱਥ ਸੁਰਾਗ ਲੱਗੇ ਸਨ ਕਿ ਵੱਧ ਕੇਂਦਰਾਂ ਦੀ ਮਾਲਕੀ ਵਾਲੇ ਵਿਅਕਤੀ ਜਾਂ ਅਦਾਰੇ ਇਨ੍ਹਾਂ ਨਸ਼ਾ ਛੁਡਾਊ ਕੇਂਦਰਾਂ ਤੋਂ ਗ਼ਲਤ ਢੰਗ ਨਾਲ ਕਾਲੀ ਕਮਾਈ ਕਰਦੇ ਹਨ। ਪੰਜਾਬ ਵਿੱਚ ਇਸ ਵੇਲੇ 177 ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਹਨ ਅਤੇ ਇਨ੍ਹਾਂ ’ਚੋਂ 117 ਕੇਂਦਰਾਂ ਨੂੰ ਤਾਂ ਸਿਰਫ਼ 10 ਸੰਸਥਾਵਾਂ ਹੀ ਚਲਾ ਰਹੀਆਂ ਹਨ। ਦੋ ਅਜਿਹੀਆਂ ਸੰਸਥਾਵਾਂ ਵੀ ਹਨ ਜੋ 20-20 ਕੇਂਦਰ ਚਲਾ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵਿੱਚ ਰਸੂਖਵਾਨਾਂ ਦਾ ਦਾਖ਼ਲਾ ਹੈ। ਬਹੁਤੀਆਂ ਸੰਸਥਾਵਾਂ ਵਿੱਚ ਸਿਹਤ ਵਿਭਾਗ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਵਿਅਕਤੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਨੇੜਤਾ ਸਿਆਸਤਦਾਨਾਂ ਨਾਲ ਵੀ ਹੈ। 

          ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਅਜਿਹੇ ਰਸੂਖਵਾਨਾਂ ਦੀ ਪੈੜ ਵੀ ਨੱਪ ਲਈ ਸੀ। ਵਿਜੀਲੈਂਸ ਦੀ ਪੜਤਾਲ ਵਿੱਚ ਸਾਹਮਣੇ ਆਇਆ ਸੀ ਕਿ ਇੱਕ ਡਾਕਟਰ ਵੱਲੋਂ 21 ਨਸ਼ਾ ਛੁਡਾਊ ਕੇਂਦਰ ਚਲਾਏ ਜਾ ਰਹੇ ਸਨ। ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਖੁੱਲ੍ਹੇ ਬਾਜ਼ਾਰ ’ਚ ਬੁਪਰੋਨੌਰਫਿਨ ਗੋਲੀਆਂ ਦੀ ਸਪਲਾਈ ’ਤੇ ਵੀ ਨਜ਼ਰ ਰੱਖੇਗੀ। ਕੇਂਦਰ ਚਲਾਉਣ ਵਾਲੀਆਂ ਕਈ ਸੰਸਥਾਵਾਂ ਹੀ ਬੁਪਰੋਨੌਰਫਿਨ ਵੀ ਤਿਆਰ ਕਰ ਰਹੀਆਂ ਹਨ। ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵੱਲੋਂ ਨਸ਼ੇੜੀਆਂ ਨੂੰ ਗੈਰ ਕਾਨੂੰਨੀ ਤੌਰ ’ਤੇ ਮਹਿੰਗੇ ਭਾਅ ’ਤੇ ਇਹ ਗੋਲੀਆਂ ਵੇਚੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਸਨ। ਪੰਜਾਬ ਦੇ ਓਟ ਕਲੀਨਿਕਾਂ ਵਿੱਚ ਹਰੇਕ ਮਹੀਨੇ 91 ਲੱਖ ਗੋਲੀਆਂ ਦੀ ਖ਼ਪਤ ਹੈ ਅਤੇ ਸੂਬਾ ਸਰਕਾਰ ਖ਼ਜ਼ਾਨੇ ’ਚੋਂ ਵੱਡੀ ਰਾਸ਼ੀ ਇਸ ਦਵਾਈ ’ਤੇ ਖ਼ਰਚ ਕਰ ਰਹੀ ਹੈ।


Friday, June 20, 2025

                                                          ਕੇਂਦਰੀ ਮੋੜਾ
                           ਚਾਰ ਹਜ਼ਾਰ ਕਰੋੜ ਦੀ ਕਰਜ਼ਾ ਹੱਦ ਬਹਾਲ
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਕੇਂਦਰ ਸਰਕਾਰ ਨੇ ਕਰਜ਼ਾ ਹੱਦ ’ਤੇ ਲਾਏ ਕੁੱਲ ਕੱਟ ’ਚੋਂ ਪੰਜਾਬ ਦੀ ਕਰੀਬ ਚਾਰ ਹਜ਼ਾਰ ਕਰੋੜ ਰੁਪਏ ਦੀ ਕਟੌਤੀ ਬਹਾਲ ਕਰ ਦਿੱਤੀ ਹੈ। ਪੰਜਾਬ ਨੂੰ ਚਾਰ ਹਜ਼ਾਰ ਕਰੋੜ ਦੀ ਕਰਜ਼ਾ ਹੱਦ ਦੀ ਬਹਾਲੀ ’ਚੋਂ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਤੋਂ ਮਿਲੀ ਮਨਜ਼ੂਰੀ ਵਿੱਤੀ ਮਾਰ ਝੱਲ ਰਹੇ ਪੰਜਾਬ ਲਈ ਫ਼ਿਲਹਾਲ ਰਾਹਤ ਦੇਣ ਵਾਲੀ ਹੈ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਪੰਜਾਬ ਦੀ ਕਰਜ਼ਾ ਹੱਦ ’ਤੇ 16,477 ਕਰੋੜ ਰੁਪਏ ਦਾ ਕੱਟ ਲਗਾ ਦਿੱਤਾ ਸੀ। ਸੂਬਾ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਭੇਜ ਕੇ 16,477 ਕਰੋੜ ਦੇ ਕੱਟ ’ਚੋਂ 11,500 ਕਰੋੜ ਰੁਪਏ ਦੀ ਕਟੌਤੀ ਨੂੰ ਤੱਥ ਪੇਸ਼ ਕਰਕੇ ਝੁਠਲਾ ਦਿੱਤਾ ਸੀ। ਕੇਂਦਰੀ ਵਿੱਤ ਮੰਤਰਾਲੇ ਨੇ ਹੁਣ ਚਾਲੂ ਵਰ੍ਹੇ 2025-26 ਲਈ ਚਾਰ ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਹੈ ਜਿਸ ’ਚੋਂ 3080 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਪਹਿਲੇ ਨੌਂ ਮਹੀਨਿਆਂ ਦੌਰਾਨ ਚੁੱਕ ਸਕੇਗੀ ਜਦੋਂ ਕਿ ਬਾਕੀ ਦੇ 920 ਕਰੋੜ ਰੁਪਏ ਦਾ ਕਰਜ਼ਾ ਚਾਲੂ ਵਿੱਤੀ ਵਰ੍ਹੇ ਦੀ ਆਖ਼ਰੀ ਤਿਮਾਹੀ ਵਿੱਚ ਮਿਲੇਗਾ।

         ਕੇਂਦਰੀ ਵਿੱਤ ਮੰਤਰਾਲੇ ਨੇ ਬਾਕੀ 7500 ਕਰੋੜ ਰੁਪਏ ਦੀ ਕਰਜ਼ਾ ਹੱਦ ਬਹਾਲੀ ਦਾ ਮਾਮਲਾ ਵਿਚਾਰ ਅਧੀਨ ਰੱਖ ਲਿਆ ਹੈ। ਪੰਜਾਬ ਸਰਕਾਰ ਨੇ ਚਾਰ ਹਜ਼ਾਰ ਕਰੋੜ ਦੀ ਕਰਜ਼ਾ ਹੱਦ ਦੀ ਬਹਾਲੀ ਲਈ ਤਰਕ ਪੇਸ਼ ਕੀਤਾ ਸੀ ਕਿ ਪਾਵਰਕੌਮ ਨੂੰ ਸਮੇਂ ਸਿਰ ਬਿਜਲੀ ਸਬਸਿਡੀ ਤਾਰ ਦਿੱਤੀ ਗਈ ਹੈ ਅਤੇ ਇਸ ਦੇ ਸਬੂਤ ਵੀ ਕੇਂਦਰ ਨੂੰ ਭੇਜੇ ਸਨ। ਇਨ੍ਹਾਂ ਸਬੂਤਾਂ ਦੀ ਨਜ਼ਰਸਾਨੀ ਮਗਰੋਂ ਕੇਂਦਰੀ ਮੰਤਰਾਲੇ ਨੇ ਚਾਰ ਹਜ਼ਾਰ ਕਰੋੜ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਹੈ। ਹਾਲਾਂਕਿ ਕੁੱਲ ਕਰਜ਼ਾ ਹੱਦ ਵਿੱਚ 16,477 ਕਰੋੜ ਦੀ ਕਟੌਤੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਲਈ ਸਾਲ 2025-26 ਵਾਸਤੇ ਸਮੁੱਚੀ ਕਰਜ਼ਾ ਹੱਦ ਦਾ ਹਿਸਾਬ-ਕਿਤਾਬ ਤਿਆਰ ਕੀਤਾ ਸੀ ਜਿਸ ਅਨੁਸਾਰ ਪੰਜਾਬ ਚਾਲੂ ਵਿੱਤੀ ਸਾਲ ਦੌਰਾਨ 51,176.40 ਕਰੋੜ ਰੁਪਏ ਦੀ ਕਰਜ਼ਾ ਹੱਦ ਬਣਦੀ ਸੀ। ਚਲੰਤ ਵਿੱਤੀ ਵਰ੍ਹੇ ਦੇ ਪਹਿਲੇ ਨੌਂ ਮਹੀਨਿਆਂ ਦੀ ਕਰਜ਼ਾ ਹੱਦ 38,382 ਕਰੋੜ ਰੁਪਏ ਬਣਦੀ ਹੈ ਪ੍ਰੰਤੂ ਮਈ ’ਚ ਪੱਤਰ ਜਾਰੀ ਕਰਕੇ ਕੇਂਦਰੀ ਵਿੱਤ ਮੰਤਰਾਲੇ ਨੇ 21,905 ਕਰੋੜ ਦੀ ਕਰਜ਼ਾ ਹੱਦ ਨੂੰ ਪ੍ਰਵਾਨਗੀ ਦਿੱਤੀ ਸੀ।

        ਕੇਂਦਰ ਸਰਕਾਰ ਨੇ ਇਸ ਲਿਹਾਜ਼ ਨਾਲ ਤਾਂ ਪੰਜਾਬ ਦੀ ਪਹਿਲੇ ਨੌਂ ਮਹੀਨੇ ਦੀ ਕਰਜ਼ਾ ਹੱਦ ’ਤੇ 16,477 ਕਰੋੜ ਦਾ ਕੱਟ ਲਗਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਬਿਜਲੀ ਸੁਧਾਰਾਂ ਦੇ ਹਵਾਲੇ ਨਾਲ ਇਹ ਕਟੌਤੀ ਕੀਤੀ ਸੀ। ਪੰਜਾਬ ਦੀ ਵਿੱਤੀ ਸਿਹਤ ਡਾਵਾਂਡੋਲ ਹੈ ਅਤੇ ਕਰਜ਼ਾ ਹੱਦ ਵਿੱਚ ਕੋਈ ਵੀ ਕਟੌਤੀ ਪੰਜਾਬ ਨੂੰ ਇਨ੍ਹਾਂ ਹਾਲਾਤ ਵਿੱਚ ਵਾਰਾ ਨਹੀਂ ਖਾਂਦੀ ਹੈ। ਸੂਬਾ ਸਰਕਾਰ ਵੱਲੋਂ ਕਰਜ਼ਾ ਹੱਦ ’ਚ ਕੀਤੀ ਕਟੌਤੀ ਦੀ ਬਹਾਲੀ ਲਈ ਯਤਨ ਸ਼ੁਰੂ ਕੀਤੇ ਗਏ ਸਨ ਜਿਸ ’ਚੋਂ ਹੁਣ ਚਾਰ ਹਜ਼ਾਰ ਕਰੋੜ ਦੀ ਕਰਜ਼ਾ ਹੱਦ ਦੀ ਬਹਾਲੀ ਹੋ ਗਈ ਹੈ। ਪੰਜਾਬ ਸਰਕਾਰ ਨੇ ਲੰਘੇ ਬਜਟ ਇਜਲਾਸ ’ਚ ਵਰ੍ਹਾ 2025-26 ਦੌਰਾਨ 49,900 ਕਰੋੜ ਦਾ ਕਰਜ਼ਾ ਚੁੱਕਣ ਦੇ ਤੱਥ ਪੇਸ਼ ਕੀਤੇ ਸਨ। ਅਨੁਮਾਨ ਅਨੁਸਾਰ 31 ਮਾਰਚ, 2026 ਤੱਕ ਪੰਜਾਬ ਸਿਰ ਕਰਜ਼ੇ ਦਾ ਬੋਝ 4.17 ਲੱਖ ਕਰੋੜ ਹੋ ਜਾਣਾ ਹੈ ਜੋ 31 ਮਾਰਚ, 2025 ਤੱਕ 3.82 ਲੱਖ ਕਰੋੜ ਹੋ ਚੁੱਕਾ ਹੈ। ‘ਆਪ’ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਤਿੰਨ ਵਰ੍ਹਿਆਂ ਦੌਰਾਨ 1.32 ਲੱਖ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ। ਸਰਕਾਰ ਵਿਰਾਸਤ ਵਿੱਚ ਮਿਲੇ ਕਰਜ਼ੇ ਨੂੰ ਗਲੀ ਦੀ ਹੱਡੀ ਮੰਨ ਰਹੀ ਹੈ।

          ਸੂਬਾ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ 1.11 ਲੱਖ ਕਰੋੜ ਦੀ ਮਾਲੀਆ ਪ੍ਰਾਪਤੀ ਦਾ ਟੀਚਾ ਰੱਖਿਆ ਹੈ ਜਦੋਂ ਕਿ ਮਾਲੀਆ ਖ਼ਰਚਾ 1.35 ਲੱਖ ਕਰੋੜ ਰੁਪਏ ਹੈ ਜਿਸ ਦੇ ਨਤੀਜੇ ਵਜੋਂ 23,957.28 ਕਰੋੜ ਦਾ ਮਾਲੀਆ ਘਾਟਾ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਕਰਜ਼ਾ ਹੱਦ ’ਚ ਜੋ ਕਟੌਤੀ ਕੀਤੀ ਗਈ ਸੀ, ਉਸ ਬਾਰੇ ਪੰਜਾਬ ਨੇ ਬਿਜਲੀ ਸੈਕਟਰ ਵਿੱਚ ਕੀਤੇ ਸੁਧਾਰਾਂ ਅਤੇ ਸਬਸਿਡੀ ਦੇ ਬਕਾਏ ਤਾਰੇ ਜਾਣ ਦੇ ਵੇਰਵੇ ਕੇਂਦਰ ਕੋਲ ਪੇਸ਼ ਕੀਤੇ ਸਨ ਜਿਸ ਨਾਲ ਕਰੀਬ 12 ਹਜ਼ਾਰ ਕਰੋੜ ਦਾ ਮਾਮਲਾ ਸੈਟਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨਾਲ ਗੱਲਬਾਤ ਮਗਰੋਂ ਰਕਮ ਬਾਰੇ ਫ਼ੈਸਲਾ ਹੋ ਗਿਆ ਹੈ।

Thursday, June 19, 2025

                                                        ਕੌਣ ਲਾਊ ਬੁੱਤ
                              ਇਹ ਤਾਂ ਹਕੂਮਤ ਹੀ ਬੁੱਤ ਹੋ ਗਈ..!
                                                        ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਕਰੀਬ ਢਾਈ ਦਹਾਕੇ ਮਗਰੋਂ ਵੀ ਕਾਰਗਿਲ ਦੇ ਪਹਿਲੇ ਸ਼ਹੀਦ ਪਾਇਲਟ ਅਜੈ ਆਹੂਜਾ ਦਾ ਬੁੱਤ ਨਹੀਂ ਲਾ ਸਕੀ। ਭਾਰਤੀ ਫ਼ੌਜ ਹੁਣ 26ਵੇਂ ਕਾਰਗਿਲ ਵਿਜੈ ਦਿਵਸ ਦੇ ਮੱਦੇਨ ਜ਼ਰ ‘ਘਰ ਘਰ ਸ਼ੌਰਿਆ ਸਨਮਾਨ’ ਮੁਹਿੰਮ ਤਹਿਤ ਕਾਰਗਿਲ ਦੇ ਹਰ ਸ਼ਹੀਦ ਦੇ ਘਰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਪਹੁੰਚਾ ਰਹੀ ਹੈ। ਦੂਜੇ ਪਾਸੇ ਕਾਰਗਿਲ ਦੇ ਪਹਿਲੇ ਸ਼ਹੀਦ ਅਜੈ ਆਹੂਜਾ ਦਾ ਬਠਿੰਡਾ ’ਚ ਬੁੱਤ ਲਾਏ ਜਾਣ ਦਾ ਐਲਾਨ ਹਾਲੇ ਤੱਕ ਹਕੀਕਤ ਨਹੀਂ ਬਣ ਸਕਿਆ। ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਕਾਰਗਿਲ ਦੇ ‘ਅਪਰੇਸ਼ਨ ਵਿਜੈ’ ਦੇ ਪਹਿਲੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ 27 ਮਈ 1999 ਨੂੰ ਕਸ਼ਮੀਰ ਵਿਚ ਲਾਈਨ ਆਫ ਕੰਟਰੋਲ ’ਤੇ ਪਾਕਿਸਤਾਨੀ ਮਿਜ਼ਾਈਲ ਦੇ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਪਾਕਿਸਤਾਨੀ ਫ਼ੌਜ ਨੇ ਅਜੈ ਦੀ ਮ੍ਰਿਤਕ ਦੇਹ ਭਾਰਤੀ ਅਥਾਰਿਟੀ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਦਾ ਸਸਕਾਰ ਵੀ ਸਰਕਾਰੀ ਸਨਮਾਨਾਂ ਨਾਲ ਬਠਿੰਡਾ ਵਿੱਚ ਹੀ ਹੋਇਆ ਸੀ। ਬਾਅਦ ’ਚ ਇਸ ਸ਼ਹੀਦ ਲਈ ਵੀਰ ਚੱਕਰ ਸਨਮਾਨ ਐਲਾਨਿਆ ਗਿਆ।

           ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਬਠਿੰਡਾ ਵਿੱਚ ਸ਼ਹੀਦ ਦਾ ਬੁੱਤ ਲਾਉਣ ਦਾ ਐਲਾਨ ਕੀਤਾ ਸੀ। ਉਸ ਵੇਲੇ ਹੀ ਮੁੱਖ ਮੰਤਰੀ ਨੇ ਰੈੱਡ ਕਰਾਸ ਨੂੰ ਬੁੱਤ ਵਾਸਤੇ ਲੋਨ ਦੇ ਰੂਪ ਵਿਚ ਰਾਸ਼ੀ ਦੇਣ ਦੇ ਜ਼ੁਬਾਨੀ ਹੁਕਮ ਕਰ ਦਿੱਤੇ ਸਨ। ਵੇਰਵਿਆਂ ਅਨੁਸਾਰ ਸੂਬਾ ਸਰਕਾਰ ਸ਼ਹੀਦ ਦੇ ਬੁੱਤ ਲਈ ਤਿੰਨ ਲੱਖ ਰੁਪਏ ਦੀ ਰਾਸ਼ੀ ਜੁਟਾ ਨਹੀਂ ਪਾਈ, ਜਿਸ ਕਰਕੇ ਇਹ ਬੁੱਤ ਨਹੀਂ ਲੱਗ ਸਕਿਆ। ਰੈੱਡ ਕਰਾਸ ਬਠਿੰਡਾ ਨੇ ਦਿੱਲੀ ਦੀ ਮੈਸਰਜ਼ ਗੁਰੂ ਹੈਂਡੀਕਰਾਫਟ ਫ਼ਰਮ ਨੂੰ ਸ਼ਹੀਦ ਦਾ ਬੁੱਤ ਤਿਆਰ ਕਰਨ ਵਾਸਤੇ 50 ਹਜ਼ਾਰ ਦੀ ਰਾਸ਼ੀ ਵੀ ਦੇ ਦਿੱਤੀ ਸੀ। ਦਿੱਲੀ ਦੀ ਫ਼ਰਮ ਨੇ ਬੁੱਤ ਦਾ ਪੈਟਰਨ ਤਿਆਰ ਕਰ ਲਿਆ ਸੀ ਅਤੇ ਬੁੱਤ ਦਾ ਪੈਟਰਨ ਫ਼ਰਮ ਨੇ ਅਜੈ ਆਹੂਜਾ ਦੇ ਪਰਿਵਾਰ ਨੂੰ ਦਿਖਾ ਵੀ ਦਿੱਤਾ ਸੀ। ਬਾਅਦ ’ਚ ਜਦੋਂ ਫ਼ਰਮ ਨੂੰ ਪੂਰੀ ਰਾਸ਼ੀ ਨਾ ਮਿਲੀ ਤਾਂ ਫ਼ਰਮ ਨੇ ਬੁੱਤ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜਾਬ ਸਰਕਾਰ ਨੇ ਰੈੱਡ ਕਰਾਸ ਨੂੰ ਤਿੰਨ ਲੱਖ ਰੁਪਏ ਦੇਣ ਦੀ ਥਾਂ ਰੈੱਡ ਕਰਾਸ ਤੋਂ ਲਏ 50 ਹਜ਼ਾਰ ਰੁਪਏ ਵੀ ਵਾਪਸ ਕਰ ਦਿੱਤੇ ਸਨ। 

          ਬਠਿੰਡਾ ਦੇ ਰੈੱਡ ਕਰਾਸ ਨੇ 14 ਜੂਨ 1999 ਨੂੰ ‘ਗੂੰਗੇ-ਬੋਲੇ’ ਬੱਚਿਆਂ ਦੇ ਫ਼ੰਡਾਂ ’ਚੋਂ ਇਸ ਬੁੱਤ ਲਈ 50 ਹਜ਼ਾਰ ਰੁਪਏ ਦਾ ਡਰਾਫ਼ਟ ਮੈਸਰਜ਼ ਗੁਰੂ ਹੈਂਡੀਕਰਾਫਟ ਦਿੱਲੀ ਨੂੰ ਦਿੱਤਾ ਸੀ। ਜਦੋਂ ਦਿੱਲੀ ਦੀ ਫ਼ਰਮ ਨੇ ਪੂਰੀ ਰਾਸ਼ੀ ਨਾ ਮਿਲਣ ਕਰਕੇ ਬੁੱਤ ਤਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਰੈੱਡ ਕਰਾਸ ਨੂੰ ਪੰਜਾਬ ਸਰਕਾਰ ਨੂੰ ਲੋਨ ਦੇ ਰੂਪ ਵਿੱਚ ਦਿੱਤੇ 50 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਲੈਣ ਲਈ ਵੀ ਲੰਮੀ ਜੱਦੋਜਹਿਦ ਕਰਨੀ ਪਈ। ਆਖ਼ਰ ਮਾਰਚ 2013 ਵਿੱਚ ਪੰਜਾਬ ਸਰਕਾਰ ਨੇ ਰੈੱਡ ਕਰਾਸ ਨੂੰ ਲੋਨ ਵਿੱਚ ਲਏ 50 ਹਜ਼ਾਰ ਦੀ ਰਾਸ਼ੀ ਵਾਪਸ ਕਰ ਦਿੱਤੀ। ਮੁੜ ਕੇ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਹੁਣ ਜਦੋਂ ਭਾਰਤੀ ਫ਼ੌਜ 26ਵਾਂ ਕਾਰਗਿਲ ਦਿਵਸ ਮਨਾ ਰਹੀ ਹੈ ਤਾਂ ਅਜੈ ਆਹੂਜਾ ਦੇ ਬੁੱਤ ਦਾ ਮਾਮਲਾ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ। 

           ਸੈਨਿਕ ਭਲਾਈ ਵਿਭਾਗ ਦੇ ਨਿਯਮਾਂ ਅਨੁਸਾਰ ਸਿਰਫ਼ ਪਰਮਵੀਰ ਚੱਕਰ ਜੇਤੂ ਦੇ ਬੁੱਤ ਲਈ ਹੀ ਖ਼ਜ਼ਾਨੇ ’ਚੋਂ ਰਾਸ਼ੀ ਜਾਰੀ ਹੋ ਸਕਦੀ ਹੈ। ਕੇਂਦਰ ਸਰਕਾਰ ਨੇ ਸ਼ਹੀਦ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਪਤਨੀ ਅਲਕਾ ਆਹੂਜਾ ਨੂੰ ਪੈਟਰੋਲ ਪੰਪ ਜਾਰੀ ਕਰ ਦਿੱਤਾ ਸੀ ਅਤੇ ਦਿੱਲੀ ਵਿਚ ਇੱਕ ਪਾਰਕ ਦਾ ਨਾਮ ਵੀ ਅਜੈ ਆਹੂਜਾ ਦੇ ਨਾਮ ’ਤੇ ਰੱਖਿਆ ਸੀ। ਪੰਜਾਬ ਸਰਕਾਰ ਨੇ ਇਸ ਸ਼ਹੀਦ ਦਾ ਬੁੱਤ ਲਾਉਣ ਲਈ ਮੁੜ ਕਦੇ ਦਿਲਚਸਪੀ ਨਹੀਂ ਦਿਖਾਈ। ਏਨਾ ਜ਼ਰੂਰ ਹੈ ਕਿ ਤਤਕਾਲੀ ਸੂਬਾ ਸਰਕਾਰ ਨੇ ਉਸ ਵੇਲੇ ਪਿੰਡ ਕਿੱਲੀ ਨਿਹਾਲ ਸਿੰਘ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਅਜੈ ਦੇ ਨਾਮ ’ਤੇ ਕਰ ਦਿੱਤਾ ਸੀ।

Wednesday, June 18, 2025

                                                             ਲਿੰਕ ਸੜਕਾਂ
                                   ਵੱਡੀਆਂ ਫ਼ਰਮਾਂ ਲਈ ਖੋਲ੍ਹੇ ਰਾਹ
                                                           ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹੁਣ ਲਿੰਕ ਸੜਕਾਂ ਦੀ ਮੁਰੰਮਤ ਲਈ ਵੱਡੀਆਂ ਫ਼ਰਮਾਂ ਲਈ ਰਾਹ ਖੋਲ੍ਹ ਦਿੱਤੇ ਹਨ ਅਤੇ ਮੌਜੂਦਾ ਟੈਂਡਰ ਪ੍ਰਕਿਰਿਆ ਨੂੰ ਫ਼ਿਲਹਾਲ ਬਰੇਕ ਲੱਗ ਗਈ ਹੈ। ਵੱਡੀਆਂ ਫ਼ਰਮਾਂ ਨੂੰ ਮੌਕਾ ਦੇਣ ਖ਼ਾਤਰ ਪਹਿਲੋਂ ਹੀ ਪ੍ਰਕਿਰਿਆ ਅਧੀਨ ਕਈ ਜ਼ਿਲ੍ਹਿਆਂ ਦੇ ਟੈਂਡਰ ਖੋਲ੍ਹੇ ਜਾਣ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਨੇ ਅੱਜ ਮੁੱਖ ਇੰਜਨੀਅਰਾਂ ਨਾਲ ਮੀਟਿੰਗ ’ਚ ਹਰ ਜ਼ਿਲ੍ਹੇ ’ਚ 45 ਕਿਲੋਮੀਟਰ ਦੇ ਘੇਰੇ ਦੇ ਨਵੇਂ ਗਰੁੱਪ ਬਣਾ ਕੇ ਇੱਕ ਕਰੋੜ ਰੁਪਏ ਤੋਂ 50 ਕਰੋੜ ਰੁਪਏ ਤੱਕ ਦੇ ਕੰਮ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਦੋਂ ਕਿ ਪਹਿਲਾਂ ਇੱਕ ਤੋਂ ਦੋ ਕਰੋੜ ਰੁਪਏ ਤੱਕ ਦੇ ਕੰਮ ਹੀ ਅਲਾਟ ਹੁੰਦੇ ਸਨ। ਵੱਡੀਆਂ ਫ਼ਰਮਾਂ ਨੂੰ ਮੌਕਾ ਦੇਣ ਦੇ ਫ਼ੈਸਲੇ ਕਰਕੇ ਲਿੰਕ ਸੜਕਾਂ ਦੀ ਟੈਂਡਰ ਪ੍ਰਕਿਰਿਆ ਨਵੇਂ ਸਿਰਿਓਂ ਸ਼ੁਰੂ ਹੋਵੇਗੀ ਜਿਸ ਕਰਕੇ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਕਰੀਬ ਇੱਕ ਮਹੀਨਾ ਪੱਛੜ ਜਾਣਾ ਹੈ। 

         ਮੁੱਖ ਮੰਤਰੀ ਭਗਵੰਤ ਮਾਨ ਨੇ 9 ਅਪਰੈਲ 2025 ਨੂੰ ਮੀਟਿੰਗ ਕਰਕੇ ਪੰਜਾਬ ਵਿੱਚ 18,944 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ 2872.68 ਕਰੋੜ ਦੀ ਲਾਗਤ ਨਾਲ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਪੰਜ ਸਾਲ ਦੀ ਵਾਰੰਟੀ ਦੀ ਰਾਸ਼ੀ 587.27 ਕਰੋੜ ਵੀ ਕੁੱਲ ਲਾਗਤ ਖ਼ਰਚੇ ਵਿੱਚ ਸ਼ਾਮਲ ਕੀਤੀ ਗਈ। ਉਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਇਸ ਬਾਰੇ 15 ਅਕਤੂਬਰ 2024 ਨੂੰ ਫ਼ੈਸਲਾ ਲੈ ਚੁੱਕੇ ਹਨ। ਪੰਜਾਬ ’ਚ ਲੰਘੇ ਚਾਰ ਵਰ੍ਹਿਆਂ ਦੌਰਾਨ ਬਕਾਇਆ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਣੀ ਹੈ ਕਿਉਂਕਿ ਤਿੰਨ ਵਰ੍ਹਿਆਂ ਤੋਂ ਮੁਰੰਮਤ ਨਾ ਹੋਣ ਕਰਕੇ ਸੜਕਾਂ ’ਚ ਖੱਡੇ ਪੈ ਚੁੱਕੇ ਹਨ ਜੋ ਸਰਕਾਰ ਲਈ ਬਦਨਾਮੀ ਦਾ ਘਰ ਬਣੇ ਹੋਏ ਹਨ। ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਨੇ ਕੁੱਲ 156 ਮਾਰਕੀਟ ਕਮੇਟੀਆਂ ਅਧੀਨ ਪੈਂਦੀਆਂ ਲਿੰਕ ਸੜਕਾਂ ਲਈ ਕਈ ਜ਼ਿਲ੍ਹਿਆਂ ਵਿੱਚ ਟੈਂਡਰ ਲਗਾ ਦਿੱਤੇ ਸਨ ਤਾਂ ਜੋ ਬਰਸਾਤਾਂ ਤੋਂ ਪਹਿਲਾਂ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਜਾ ਸਕੇ।

       ਪਿਛਾਂਹ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਦੇ 5 ਮਾਰਚ 2018 ਦੇ ਪੱਤਰ ਨੰ. 2101-2102 ਅਨੁਸਾਰ ਸੂਬੇ ਵਿੱਚ ਸੜਕਾਂ ਦੀ ਮੁਰੰਮਤ ਦੇ ਟੈਂਡਰ ਇੱਕ ਕਰੋੜ ਤੋਂ ਦੋ ਕਰੋੜ ਰੁਪਏ ਤੱਕ ਦੇ ਗਰੁੱਪ ਬਣਾ ਕੇ ਲਗਾਏ ਜਾਂਦੇ ਹਨ। ਇਸ ਤਰ੍ਹਾਂ ਸਟੈਂਡਰਡ ਬਿਡਿੰਗ ਡਾਕੂਮੈਂਟ ’ਚ ਸੈਕਸ਼ਨ ਪੰਜ ਅਧੀਨ ਦਰਜ ਤਕਨੀਕੀ ਸ਼ਰਤ 16 ਅਨੁਸਾਰ ਜਿਸ ਸੜਕ ’ਤੇ ਲੁੱਕ ਦਾ ਕੰਮ ਕੀਤਾ ਜਾਣਾ ਹੁੰਦਾ ਹੈ, ਸਬੰਧਤ ਸੜਕ ਤੋਂ ਹਾਟ ਮਿਕਸ ਪਲਾਂਟ ਦੀ ਦੂਰੀ 45 ਕਿਲੋਮੀਟਰ ਤੱਕ ਹੋਣੀ ਚਾਹੀਦੀ ਹੈ। ਪੰਜਾਬ ਮੰਡੀ ਬੋਰਡ ਨੇ ਲੰਘੇ ਕੱਲ੍ਹ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਨੂੰ ਪੱਤਰ ਲਿਖਿਆ ਜਿਸ ’ਚ ਕਿਹਾ ਗਿਆ ਸੀ ਕਿ ਦੋ ਕਰੋੜ ਦੇ ਟੈਂਡਰਾਂ ਵਿੱਚ ਵੱਡੀਆਂ ਫ਼ਰਮਾਂ ਵੱਲੋਂ ਭਾਗ ਨਹੀਂ ਲਿਆ ਜਾਂਦਾ ਹੈ ਜਿਸ ਕਰਕੇ ਇੱਕ ਕਰੋੜ ਤੋਂ 50 ਕਰੋੜ ਤੱਕ ਦੇ ਟੈਂਡਰ ਲਗਾਏ ਜਾਣ ਤਾਂ ਜੋ ਛੋਟੇ ਠੇਕੇਦਾਰ ਅਤੇ ਵੱਡੀਆਂ ਫ਼ਰਮਾਂ ਵੀ ਭਾਗ ਲੈ ਸਕਣ। 

        ਪੱਤਰ ’ਚ ਤਰਕ ਦਿੱਤਾ ਹੈ ਕਿ ਵੱਡੀਆਂ ਕੰਪਨੀਆਂ ਕੋਲ ਮਸ਼ੀਨਰੀ ਵਗ਼ੈਰਾ ਹੁੰਦੀ ਹੈ ਜਿਸ ਕਰਕੇ ਕੰਮ ਦੀ ਕੁਆਲਿਟੀ ਵਿੱਚ ਸੁਧਾਰ ਹੋਵੇਗਾ ਅਤੇ ਕੰਮ ਜਲਦੀ ਹੋਵੇਗਾ। ਮਾਹਿਰ ਦੱਸਦੇ ਹਨ ਕਿ ਜੇ ਸਰਕਾਰ ਵੱਡੀਆਂ ਫ਼ਰਮਾਂ ਨੂੰ ਕੰਮ ਦੇਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਪ੍ਰਵਾਨਿਤ ਸਟੈਂਡਰਡ ਬਿਡਿੰਗ ਡਾਕੂਮੈਂਟ ਨਾਲ ਸਬੰਧਤ ਸ਼ਰਤਾਂ ਨੂੰ ਵੀ ਸੋਧਣ ਦੀ ਲੋੜ ਹੋਵੇਗੀ। ਅੱਜ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਨੇ ਮੁੱਖ ਇੰਜਨੀਅਰਾਂ ਦੀ ਮੀਟਿੰਗ ਵਿੱਚ ਸਪੱਸ਼ਟ ਕਰ ਦਿੱਤਾ ਕਿ 45 ਕਿਲੋਮੀਟਰ ਦੇ ਘੇਰੇ ਵਿਚਲੀਆਂ ਸੜਕਾਂ ਦੇ ਗਰੁੱਪ ਬਣਾ ਕੇ ਟੈਂਡਰ ਲਗਾਏ ਜਾਣ। ਇਸ ਨਾਲ ਵੱਡੀਆਂ ਫ਼ਰਮਾਂ ਨੂੰ ਵੀ ਕੰਮ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ। ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਨੇ ਨਵੇਂ ਗਰੁੱਪਾਂ ਦੇ ਹਿਸਾਬ ਨਾਲ ਟੈਂਡਰ ਲਗਾਏ ਜਾਣ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਹੁਣ ਨਵੇਂ ਟੈਂਡਰ ਇੱਕ ਕਰੋੜ ਤੋਂ ਪੰਜਾਹ ਕਰੋੜ ਤੱਕ ਦੀ ਰਾਸ਼ੀ ਦੇ ਲਗਾਏ ਜਾਣੇ ਹਨ।

                             ਚਾਰ ਜ਼ਿਲ੍ਹਿਆਂ ’ਚ ਪਹਿਲਾਂ ਹੀ ਹੋ ਚੁੱਕੈ ਕੰਮ ਅਲਾਟ

ਪੰਜਾਬ ਦੇ ਚਾਰ ਜ਼ਿਲ੍ਹਿਆਂ ਫ਼ਰੀਦਕੋਟ, ਬਰਨਾਲਾ, ਨਵਾਂ ਸ਼ਹਿਰ ਅਤੇ ਪਠਾਨਕੋਟ ਵਿੱਚ ਪਹਿਲਾਂ ਹੀ ਕੰਮ ਅਲਾਟ ਹੋ ਚੁੱਕਾ ਹੈ ਤੇ ਉਨ੍ਹਾਂ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਜਾਵੇਗਾ। ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜੇ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਇੱਕ ਮਹੀਨੇ ਲਈ ਹੋਰ ਪੱਛੜ ਗਿਆ ਤਾਂ ਅੱਗੇ ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫ਼ੰਡ ਰੋਕੇ ਜਾਣ ਕਰਕੇ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਪਹਿਲਾਂ ਹੀ ਪੱਛੜਿਆ ਹੋਇਆ ਸੀ। ਪੰਜਾਬ ਸਰਕਾਰ ਹੁਣ ਨਾਬਾਰਡ ਤੋਂ ਕਰਜ਼ਾ ਲੈ ਕੇ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਕਰਾ ਰਹੀ ਹੈ।

Monday, June 16, 2025

                                       ਅਸਾਂ ਨੂੰ ਸਹੁੰ ਲੱਗੇ...!
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਵੈਲ ਤਾਂ ਚਾਹ ਦਾ ਵੀ ਮਾੜੈ। ਦੌਲਤ ਦਾ ਨਸ਼ਾ ਤੌਬਾ ਕਰਵਾ ਦਿੰਦੈ। ਸੱਤਾ ਦਾ ਨਸ਼ਾ ਕਿਸੇ ਪਾਸੇ ਦਾ ਨੀ ਛੱਡਦਾ। ਇਸ਼ਕੇ ਦਾ ਨਸ਼ਾ ‘ਦੇਵਦਾਸ’ ਬਣਾ ਦਿੰਦੈ। ਅਕਲ ਦਾ ਨਸ਼ਾ ਸਿਰ ਚੜ੍ਹ ਜਾਏ, ਬੰਦਾ ਖਾਂਸੀ ਤੱਕ ਦੀ ਪ੍ਰਵਾਹ ਨੀ ਕਰਦਾ। ਏਦਾਂ ਦੇ ਸੱਜਣਾਂ ਨੂੰ ਕੁਤਬ ਮੀਨਾਰ ਤੱਕ ਨੀ ਦੀਂਹਦੀ, ਪੰਜਾਬ ਦੀ ਕੰਧ ’ਤੇ ਲਿਖਿਆ, ਭਲਾ ਉਹ ਕਿਥੋਂ ਪੜ੍ਹਨਗੇ। ਸਰਦਾਰ ਪੰਛੀ ਸੱਚ ਆਖਦੈ, ‘ਜੋ ਭੀ ਨਸ਼ੇ ਮੇ ਚੂਰ ਹੋਤਾ ਹੈ, ਰੂਹ ਆਪਣੀ ਸੇ ਦੂਰ ਹੋਤਾ ਹੈ।’ ਪੰਜਾਬ ’ਚੋਂ ਗੂੰਜ ਪਈ, ਆਹ ਚੁੱਕੋ ਬਰੈਂਡ ਨਿਊ ਗਾਰੰਟੀ, ‘ਪੂਰੀ ਪੰਜਾਬ ਕੈਬਨਿਟ ਸੋਫ਼ੀ ਹੈ, ਮਜ਼ਾਲ ਐ ਕੋਈ ਦਾਰੂ ਨੂੰ ਹੱਥ ਲਾ’ਜੇ ।’

        ਸਰਦੂਲ ਸਿਕੰਦਰ ਕੰਨ ’ਤੇ ਹੱਥ ਰੱਖ ਹੇਕ ਲਾ ਰਿਹੈ, ‘ਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜ਼ਰਾਂ ਚੋਂ ਗਿਰ ਗਈ, ਕੀ ਕਰੀਏ..। ਉਹ ਵੇਲੇ ਭਲੇ ਸਨ, ਜਦ ਬੰਦੇ ਨੇਕ ਸਨ, ਵਚਨਾਂ ’ਤੇ ਉਮਰਾਂ ਪੁਗਾ ਜਾਂਦੇ। ‘ਜਾਨ ਜਾਏ ਪਰ ਵਚਨ ਨਾ ਜਾਏ’। ਮਾਮਲਾ ਚੋਰੀ ਦਾ ਹੁੰਦਾ ਜਾਂ ਕੋਈ ਘਰਾਂ ਦਾ ਰੌਲਾ ਰੱਪਾ। ਕੋਈ ਪਿੱਪਲ ਦਾ ਪੱਤਾ ਤੋੜ ਸਹੁੰ ਖਾਂਦਾ, ਕੋਈ ਗਊ ਦੀ ਪੂਛ ਫੜ੍ਹ। ਪਾਣੀ ਸਿਰੋਂ ਲੰਘ ਜਾਂਦਾ ਤਾਂ ਗੁਰੂ ਘਰ ਵੱਲ ਹੱਥ ਕਰਾਏ ਜਾਂਦੇ। ਗੱਲ ਸਹੁੰ ਨਾਲ ਨਿੱਬੜ ਜਾਂਦੀ। ਸੱਚ ਜਾਣਿਓਂ, ਸਹੁੰ ਦੀ ਪਿਉਂਦ ਤਾਂ ਵੈਦਿਕ ਕਾਲ ਤੋਂ ਚੜ੍ਹੀ ਹੋਈ ਹੈ।

        ਸ਼ਰਾਬੀ ਬੰਦਾ, ਸਭ ਤੋਂ ਵੱਧ ਕੁੱਤੇ-ਖਾਣੀ ਸਹੁੰ ਨਾਲ ਕਰਦੈ। ਸਪੀਕਰਾਂ ’ਚ ਗਾਣਾ ਵੱਜਦਾ ਹੁੰਦਾ ਸੀ, ‘ਕਦੇ ਬੰਦੇ ਦੀ ਮਾਣਕਾ ਆਦਤ ਨਾ ਜਾਵੇ।’ ਫੈਮਿਲੀ ਪਲੈਨਿੰਗ ਦੇ ਯੁੱਗ ’ਚ ਨੇਤਾ ਚਾਹੇ ਪੰਜ ਪੰਜ ਵਾਰ ਮੁੱਖ ਮੰਤਰੀ ਸਜ ਜਾਣ, ਸੱਤਾ ਦਾ ਲੋਭ ਘਟਦਾ ਨਹੀਂ। ਲੋਭ ਖ਼ਾਤਰ ਤਾਂ ਅਮਰਿੰਦਰ ਨੇ ਹੱਥ ’ਚ ਗੁਟਕਾ ਸਾਹਿਬ ਫੜ ਸਹੁੰ ਖਾ ਲਈ ਸੀ। ਸੱਤਾ ਦਾ ਪਟਿਆਲਾ ਪੈੱਗ ਲਾ ਮਹਾਰਾਜਾ ਪੌਣੇ ਪੰਜ ਸਾਲ ਗਲਾਸੀਕਲ ਗਾਣ ’ਚ ਡੁੱਬੇ ਰਹੇ। ਮਗਰੋਂ ਬੀਬੀਆਂ ਗਾਉਣੋਂ ਨਾ ਹਟਣ, ‘ਵੱਸ ਨੀ ਰਾਜਿਆ ਤੇਰੇ, ਸਹੁੰਆਂ ਖਾ ਕੇ ਮੁੱਕਰ ਗਿਆ।’

        ਸੱਤਾ ਦਾ ਨਸ਼ਾ ਅਫ਼ੀਮ ਤੋਂ ਭੈੜਾ। ਤਾਹੀਂ ਚੋਣਾਂ ’ਚ ਸਭ ਜਾਇਜ਼ ਹੁੰਦੈ। ਨੇਤਾ ਜੀ ਨੇ ਅਮਲੀ ਅੱਗੇ ਝੁਕਦਿਆਂ ਹੱਥ ਜੋੜੇ, ਬਾਬਿਓ! ਵੋਟ ਜ਼ਰੂਰ ਪਾਇਓ। ਬਿਨਾਂ ਅੱਖ ਖੋਲ੍ਹੇ ਅਮਲੀ ਨੇ ਬੁੱਲ੍ਹ ਹਿਲਾਏ, ‘ਪਹਿਲਾਂ ਵੋਟ ਪਾਉਣ ਜੋਗਾ ਕਰ ਤਾਂ ਦਿਓ।’ ਕੁਰਸੀ ’ਤੇ ਸਜਣ ਮਗਰੋਂ ਹਰ ਨੇਤਾ ਆਖਦੈ, ‘ਸੁੱਖ ਦੇਣੀ ਨੀ, ਖਜੂਰ ’ਤੇ ਚੜ੍ਹਨਾ ਨੀ’, ਪੰਜਾਬ ਜ਼ਰੂਰ ਟਿੰਡੀਂ ਦੇ ਬੀਅ ’ਤੇ ਚੜਿਆ। ਇੱਕ ਲੰਮ ਸਲੰਮਾ ਗੱਭਰੂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਸਹੁੰ ਖਾ ਆਇਆ ਸੀ। ਯੋਗਰਾਜ ਦਾ ਡਾਇਲਾਗ ਹੈ, ‘ਤਾਕਤ ਤੇ ਸਿਆਸਤ ਦਾ ਨਸ਼ਾ ਅਫ਼ੀਮ ਵਰਗਾ ਹੁੰਦਾ ਹੈ।’

        ‘ਇਨਕਲਾਬ’ ਅਤੇ ‘ਬਦਲਾਅ’ ਦੋਵੇਂ ਜੌੜੇ ਭਰਾ ਨੇ, ਜਿਹੜੇ ਬੋਹੜ ਥੱਲੇ ਵਰਿ੍ਹਆਂ ਤੋਂ ਘੂਕ ਸੁੱਤੇ ਪਏ ਨੇ, ਜਦੋਂ ਚੋਣਾਂ ਆਉਂਦੀਆਂ ਹਨ, ਨੇਤਾ ਲੋਕ ਇਨ੍ਹਾਂ ਨੂੰ ਹੁੱਝਾਂ ਮਾਰਨੋਂ ਨੀ ਹਟਦੇ। ਜਿਵੇਂ ਬੇਬੀ ਨੂੰ ਬੇਸ ਪਸੰਦ ਐ, ਉਵੇਂ ਦਿੱਲੀ ਆਲੇ ਸੱਜਣਾਂ ਨੂੰ ਪੰਜਾਬ ਪਸੰਦ ਐ। ਮੰਤਰੀ ਜਣ ਭੋਲੂ ਪ੍ਰਸ਼ਾਦ ਬਣੇ ਨੇ, ਜਿਨ੍ਹਾਂ ਪੱਲੇ ਇਕੱਲੀ ਝੰਡੀ ਵਾਲੀ ਕਾਰ ਐ ਜਾਂ ਦੋ ਚਾਰ ਕਿੱਲੋ ਬਦਨਾਮੀ ਦੀਆਂ ਮੀਂਗਣਾਂ। ਵਿਧਾਤਾ ਸਿੰਘ ਤੀਰ ਸੱਚ ਸੁਣਾ ਰਿਹੈ, ‘ਮੈਂ ਗੂੰਗਾ, ਮੇਰੀ ਦੁਨੀਆ ਗੂੰਗੀ, ਤਾਹੀਓਂ ਗਾਏ ਗੂੰਗੇ ਗੀਤ।’ ਵਜ਼ੀਰਾਂ ਦੀ ਦੁਖਦੀ ਰਗ ’ਤੇ ਹੱਥ ਰੱਖੋਗੇ, ਅੱਗਿਓ ਮਰਫੀ ਦੇ ਰੇਡੀਓ ਵਾਂਗੂ ਟੁਣਕਦੇ ਨੇ, ‘ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ..।’

         ਵੈਸੇ ਵਜ਼ੀਰਾਂ ਦੀ ਦਾਦ ਦੇਣੀ ਬਣਦੀ ਹੈ। ਏਨੇ ਸਾਊ ਪੁੱਤ ਕਿਤੇ ਲੱਭਦੇ ਨੇ। ਮੰਤਰੀ ਜਣ ਧੁੱਪਾਂ ’ਚ ਕਬਾੜੀਆਂ ਵਾਂਗੂ ਪਿੰਡੋਂ ਪਿੰਡ ਘੁੰਮਦੇ ਪਏ ਨੇ, ਸਹੁੰਆਂ ਚੁਕਾ ਰਹੇ ਨੇ। ‘ਜਿਹੜੇ ਸੱਚ ਦੀ ਸਲੀਬ ਚੁੱਕਦੇ ਨੇ, ਉਨ੍ਹਾਂ ਨੂੰ ਸਹੁੰ ਚੁੱਕਣ ਦੀ ਲੋੜ ਨਹੀਂਓ ਰਹਿੰਦੀ।’ ਇੱਕ ਪਿੰਡ ਦਾ ਕਿੱਸਾ ਅਰਜ਼ ਹੈ। ਮੰਤਰੀ ਜੀ ਜਦ ਰਾਤ ਦੇ ਸੱਤ ਵਜੇ ਤੱਕ ਸਹੁੰ ਚੁਕਾਉਣ ਲਈ ਤਸ਼ਰੀਫ਼ ਨਾ ਲਿਆਏ ਤਾਂ ਪਿੰਡ ਦੇ ਅੱਕੇ ਹੋਏ ਸਰਪੰਚ ਨੇ ਮੰਤਰੀ ਨੂੰ ਫ਼ੋਨ ਖੜਕਾ ਦਿੱਤਾ, ਜਨਾਬ! ਆਉਣਾ ਹੈ ਤਾਂ ਦਸ ਮਿੰਟ ’ਚ  ਆਜੋ, ਨਹੀਂ ਫਿਰ ਇੱਥੇ ਕੋਈ ਸਹੁੰ ਚੁੱਕਣ ਜੋਗਾ ਨੀ ਰਹਿਣਾ। ਗੱਲ ਸੌ ਫ਼ੀਸਦੀ ਸੱਚੀ ਹੈ, ਤਸਦੀਕ ਹਰਭਜਨ ਮਾਨ ਕਰ ਰਿਹੈ..‘ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਏ..।’

         ਜਿਵੇਂ ਪੰਜਾਬੀ ਅੱਜ ਕੱਲ੍ਹ ਥੋਕ ’ਚ ਸਹੁੰਆਂ ਚੁੱਕ ਰਹੇ ਨੇ, ਉਸ ਲਿਹਾਜ਼ ਨਾਲ ਤਾਂ ਰੱਬ ਨੂੰ ਵੀ ਆਪਣੀ ਲੇਖਾ ਬਰਾਂਚ ’ਚ ਹਜ਼ਾਰਾਂ ਮੁਨਸ਼ੀ ਭਰਤੀ ਕਰਨੇ ਪੈਣਗੇ। ਭਮੱਕੜ ਦਾਸੋ! ਮੁਨਸ਼ੀ ਲੱਗਣੈ ਤਾਂ ਦੱਸੋ, ਫਿਰ ਨਾ ਉਲਾਂਭਾ ਦੇਣਾ ਕਿ ਰੱਬ ਨੇ ਗੈਰ ਪੰਜਾਬੀ ਭਰਤੀ ਕਰ ਲਏ। ਸਿਆਣੇ ਆਖਦੇ ਨੇ,‘ਜਿਹੜੀ ਸਰਕਾਰ ਪਰਜਾ ਨੂੰ ਜੁਆਬ ਦੇਣਾ, ਹਿਸਾਬ ਦੇਣਾ ਮੁਨਾਸਬ ਨਾ ਸਮਝੇ, ਉਹ ਸਭ ਤੋਂ ਭੈੜੀ ਹੁੰਦੀ ਹੈ।’ ਸੱਤਾ ਦਾ ਨਸ਼ਾ ਪਹਿਲੇ ਤੋੜ ਦੀ ਦਾਰੂ ਵਰਗਾ ਹੁੰਦੈ। ਕਿਤੇ ਨੇਤਾ ਦੇ ਦੋ ਹਾੜੇ ਲੱਗੇ ਹੋਣ, ਉੱਪਰੋਂ ਮੱਛਰ ਲੜ ਜਾਏ ਤਾਂ ਮੱਛਰ ਵੀ ਟੱਲੀ ਹੋ ਜਾਂਦੈ, ਉਹੀ ਮੱਛਰ ਫਿਰ ਮੁੜ ਘਿੜ ਕੁਰਸੀ ’ਤੇ ਬੈਠਣ ਲੱਗਦੈ।

       ਅਮਰਿੰਦਰੀ ਹਕੂਮਤ ਵੇਲੇ ਸੱਤਾ ਦੇ ਨਸ਼ੇ ’ਚ ਟੁੰਨ ਭੂਸ਼ਣ ਲੁਧਿਆਣਵੀ ਇੱਕ ਡੀਐੱਸਪੀ ’ਤੇ ਇੰਜ ਗੱਜੇ ਸਨ, ‘ਮਿੱਧ ਕੇ ਰੱਖ ਦਿਆਂਗੇ’। ਅਮਰਿੰਦਰ ਦਾ ਦਵਿੰਦਰ ਵੀ ਥਾਣੇਦਾਰ ਬੀਬੀ ਨੂੰ ਪੈ ਨਿੱਕਲਿਆ ਸੀ, ‘ਆਪਣਾ ਜੁੱਲੀ ਬਿਸਤਰਾ ਬੰਨ੍ਹ ਲਓ।’ ਅਸਲ ’ਚ ਧਰਤੀ ਗੋਲ ਹੈ, ਲੋਕ ਜਲਦ ਬਿਸਤਰਾ ਬੰਨ੍ਹ ਦਿੰਦੇ ਨੇ। ਪੰਝੀ ਸਾਲ ਰਾਜ ਦਾ ਨਾਅਰਾ ਦੇਣ ਵਾਲੇ ਹੁਣ ਸਹੁੰ ਚੁੱਕਣ ਨੂੰ ਤਰਸੇ ਪਏ ਨੇ। ਅਖਾਣ ਐਵੇਂ ਨੀ ਬਣਦੇ, ‘ਅੰਨ੍ਹੇ ਨੂੰ ਨਜ਼ਰ ਨੀ ਆਉਂਦਾ, ਹੰਕਾਰੀ ਵੇਖਣਾ ਨੀ ਚਾਹੁੰਦਾ।’

      ਪੰਜਾਬ ਤਾਂ ਚਾਹੁੰਦੈ ਕਿ ਸੁੱਖ ਦਾ ਸਾਹ ਆਵੇ ਜਿਨ੍ਹਾਂ ਦੀ ਸੰਦੂਕੜੀ ਭਰ ਕੇ ਸੰਵਿਧਾਨ ਦੀ ਸਹੁੰ ਚੁਕਾਈ, ਹੁਣ ਉਹੀ ਮੁੜ ਲੋਕਾਂ ਨੂੰ ਸਹੁੰਆਂ ਪਰੋਸ ਰਹੇ ਨੇ। ਪੰਜਾਬ ਤਾਂ ਬੋਦੇ ਕੱਪੜੇ ਵਰਗਾ ਹੋਇਐ। ‘ਬਦਲਾਅ’ ਦੇ ਟਰੇਲਰ ’ਚੋਂ ਸਵਰਗ ਦਿਖਿਆ, ਅੰਦਰ ਦੀਦਾਰ-ਏ-ਨਰਕ ਹੋਇਆ। ਘਰ ਬਾਰ ਛੱਡ, ਦਿੱਲੀ ਦੇ ਜਾਏ, ਪੰਜਾਬ ਦੀ ਸੇਵਾ ’ਚ ਆਏ। ਵਿਰੋਧ ਮੱਲ ਨਿਮਾਣਾ ਤੋਂ ‘ਰੰਗਲਾ ਪੰਜਾਬ’ ਝੱਲ ਨਹੀਂ ਹੋ ਰਿਹੈ। ਤਾਹੀਂ ਤੂੰਬੀ ’ਤੇ ਗਾਉਂਦਾ ਪਿਐ, ‘ਤੇਰੀ ਫੀਏਟ ’ਤੇ ਜੇਠ ਨਜ਼ਾਰੇ ਲੈਂਦਾ।’ ਪ੍ਰਤਾਪ ਸਿੰਘ ਕੈਰੋਂ ਆਖਦਾ ਹੁੰਦਾ ਸੀ, ‘ਜੱਟ ਤਾਂ ਸੁਹਾਗੇ ’ਤੇ ਚੜਿਆ ਮਾਣ ਨੀ ਹੁੰਦਾ।’

         ਧੰਨੇ ਭਗਤ ਨੇ ਸਹੁੰ ਖਾਧੀ, ਪੱਥਰਾਂ ’ਚੋਂ ਰੱਬ ਪਾਇਆ। ਪਿੰਡਾਂ ਵਾਲੇ ਸਹੁੰ ਚੁੱਕੀਏ ਵੀ ਥੋੜ੍ਹਾ ਧੀਰਜ ਰੱਖਣ। ਜ਼ਮਾਨਾ ਕੇਹਾ ਹੈ, ਦਾਨਸ਼ਮੰਦ ਲੱਭਦੇ ਨਹੀਂ ਪਏ, ਕਾਲੇ ਕੱਛੇ ਆਲਿਆਂ ਵਾਂਗੂ ਲੀਡਰ ਹਰ ਮੋੜ ’ਤੇ ਖੜ੍ਹੇ ਨੇ। ਆਖਦੇ ਨੇ ..‘ਦਿਲ ਮਾਂਗੇ ਮੋਰ’, ਸੱਤਾ ਦੇ ਨਸ਼ੇ ਦਾ ਰੋਗ ਭੈੜਾ। ਵੋਟਰ ਪਾਤਸ਼ਾਹ ਵੀ ਖ਼ਾਨਦਾਨੀ ਵੈਦਾਂ ਤੋਂ ਘੱਟ ਨੀ ਹੁੰਦੇ, ਇੱਕੋ ਦਿਨ ’ਚ ਪੀੜਤਾਂ ਦਾ ਕੁਰਸੀ ਰੋਗ ਕੱਟ ਦਿੰਦੇ ਨੇ। ਕਿਸੇ ਭਲੇ ਪੁਰਸ਼ ਨੇ ਠੀਕ ਕਿਹੈ, ਰਿਟਾਇਰੀ ਬੰਦੇ ਆਲਾ ਮਿਜ਼ਾਜ ਰੱਖਣ ਵਾਲੇ ਨੇਤਾ ਕਦੇ ਰਿਟਾਇਰ ਨਹੀਂ ਹੁੰਦੇ। ਜਿਵੇਂ ਜਯੋਤੀ ਬਾਸੂ ਆਖਦੇ ਹੁੰਦੇ ਸਨ ਕਿ ਕਾਮਰੇਡ ਕਦੇ ਰਿਟਾਇਰ ਨੀਂ ਹੁੰਦਾ।

          ਨੈਲਸਨ ਮੰਡੇਲਾ ਨੂੰ ਜਦੋਂ ਲੋਕਾਂ ਨੇ ਦੁਬਾਰਾ ਗੱਦੀ ਦੇਣੀ ਚਾਹੀ, ਉਸ ਨੇ ਨਾਂਹ ਕਰਤੀ। ਕਾਮਰਾਜ ਤਾਮਿਲਨਾਡੂ ’ਚ ਮੁੱਖ ਮੰਤਰੀ ਦੀ ਟਰਮ ਪੂਰੀ ਕਰਕੇ ਸਿੱਧਾ ਨਹਿਰੂ ਕੋਲ ਗਿਆ, ‘ਜੋ ਕਰਨਾ ਸੀ, ਉਹ ਪੰਜ ਸਾਲ ’ਚ ਕਰ’ਤਾ, ਦੁਬਾਰਾ ਮੁੱਖ ਮੰਤਰੀ ਨੀ ਬਣਨਾ।’ ‘ਤੈਨੂੰ ਰੋਗ ਦਾ ਪਤਾ ਨਾ ਕੋਈ, ਵੈਦਾ ਮੇਰੀ ਬਾਂਹ ਛੱਡ ਦੇ’, ਹੁਣ ਇਨਕਲਾਬ ਪੰਜਾਬ ਦੀ ਬਾਂਹ ਨਹੀਂ ਛੱਡ ਰਿਹਾ। ‘ਧੇਲਾ ਨਹੀਂ ਪੱਲੇ, ਸੈਰ ਬਾਗ਼ ਦੀ ਚੱਲੇ।’

         ਸ਼ਾਇਦ ਗੱਲ ਸਹੁੰ ਤੋਂ ਤੁਰੀ ਸੀ। ਗਵਾਹੀ ਦੇਣ ਆਏ ਅਮਲੀ ਨੂੰ ਜੱਜ ਸਾਹਿਬ ਨੇ ਪੁੱਛਿਆ, ਕੀ ਸਹੁੰ ਖਾਉਗੇ। ਨਿਮਰਤਾ ਦੇ ਮੁਜੱਸਮੇ ਅਮਲੀ ਸਿੰਘ ਨੇ ਕਿਹਾ ਕਿ,‘ ਜਨਾਬ ! ਤੁਸੀਂ ਕਹਿੰਦੇ ਹੋ ਤਾਂ ਛਕ ਲਵਾਂਗੇ ।’ ਹੂਟਰਾਂ ਆਲੇ ਵਜ਼ੀਰ ਥੋਕ ਦੇ ਭਾਅ ਸਹੁੰਆਂ ਛਕਾ ਰਹੇ ਨੇ। ‘ਰੰਗਲਾ ਪੰਜਾਬ’ ਬਣਾਉਣ ਲਈ ਦਿੱਲੀ ਦੇ ਮਸ਼ਹੂਰ ਪੇਂਟਰ ਲੱਗੇ ਹੋਏ ਨੇ। ਬਾਕੀ ਲੱਛੀ ਦੇ ਭਾਗ। ਪੁਰਾਣੇ ਦਾਗ਼ ਹੌਲੀ ਹੌਲੀ ਲਹਿਣਗੇ। ਪੰਜਾਬ ਦੋਖੀ ਨਿੰਦਣੋਂ ਨੀ ਹਟ ਰਹੇ। ਪੰਜਾਬੀਓ! ਸੰਤ ਕਬੀਰ ਨੂੰ ਧਿਆਓ, ..ਨਦੀ ਨਾ ਘੱਟਿਓਂ ਨੀਰ। ਪੁਰਾਣੀ ਰੀਤ ਐ, ਬਾਦਸ਼ਾਹ ਹੁਕਮ ਦਿੰਦੈ, ਵਜ਼ੀਰ ਸੱਤ ਵਚਨ ਆਖਦੇ ਨੇ। ਤੁਸੀਂ ਆਖਦੇ ਪਏ ਹੋ..‘ਬੁਲੇਟ ਤਾਂ ਰੱਖਿਐ ਪਟਾਕੇ ਪਾਉਣ ਨੂੰ ।’

        ਅਖੀਰ ’ਚ ਵਾਇਆ ਵਰਿਆਮ ਸੰਧੂ ਪੁੱਜੀ ਗੱਲ, ਕੇਰਾਂ ਪ੍ਰੋ. ਮੋਹਨ ਸਿੰਘ ਟੱਲੀ ਹੋਏ ਘਰ ਪਰਤੇ, ਬੀਵੀ ਨੇ ਪੁੱਛਿਆ, ਮੀਆਂ ਜੀ ਇਹ ਕੀ? ਪ੍ਰੋਫੈਸਰ ਸਾਹਿਬ ਦੇ ਅੱਖਾਂ ’ਚ ਅੱਥਰੂ, ਭਰੇ ਮਨ ਨਾਲ ਆਖਣ ਲੱਗੇ, ‘ਬੱਸ ਅੱਜ ਬੈਡ ਕੰਪਨੀ ਨੇ ਮਰਵਾ’ਤਾ।’ ਉਹ ਕਿਵੇਂ? ਪ੍ਰੋ. ਮੋਹਨ ਸਿੰਘ ਦਾ ਜੁਆਬ ਸੁਣੋ, ‘ਅੱਜ ਦੋ ਦੋਸਤ ਤਸ਼ਰੀਫ਼ ਲਿਆਏ, ਦਾਸ ਸੇਵਾ-ਪਾਣੀ ਲਈ ਬੋਤਲ ਲੈ ਆਇਆ, ਅੱਗਿਓ ਉਹ ਦੋਵੇਂ ਸੋਫ਼ੀ ਨਿਕਲੇ, ਬੱਸ ਕਸ਼ਟ ’ਕੱਲੇ ਨੂੰ ਝੱਲਣਾ ਪਿਆ।’



                                                         ਲੁਧਿਆਣਾ ਚੋਣ
                              ਜਿੱਥੇ ਧੱਦਿਆਂ ਦੀ ਪੈਂਦੀ ਧੱਕ ਮੀਆਂ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਪਿੜ ’ਚ ਧੱਦਾ ਸਿਆਸਤ ਦੀ ਧੱਕ ਪੈ ਰਹੀ ਹੈ। ਜਿਵੇਂ ਪਿਆਰ ਤੇ ਸਿਆਸਤ ’ਚ ਸਭ ਜਾਇਜ਼ ਹੁੰਦਾ ਹੈ, ਉਵੇਂ ਉਪ ਚੋਣ ’ਚ ਸਾਰਾ ਕੁਝ ਮੁਆਫ਼ ਹੁੰਦਾ ਹੈ। ਤਾਂ ਹੀ ਜ਼ੁਬਾਨ ਰਸ ਦੀ ਬੂੰਦਾਂ-ਬਾਂਦੀ ਹੋ ਰਹੀ ਹੈ। ਇਸ ਉਪ ਚੋਣ ’ਚ ‘ਤੋਲ ਮੋਲ ਕੇ ਬੋਲ’ ਦਾ ਪ੍ਰਵਚਨ ਛੁੱਟੀ ਗਿਆ ਜਾਪਦਾ ਹੈ। ਚੋਣ ਪ੍ਰਚਾਰ ਬੰਦ ਹੋਣ ’ਚ ਦੋ ਦਿਨ ਬਾਕੀ ਬਚੇ ਹਨ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਬੋਲਣ ਸਮੇਂ ਕੋਲ ਤੱਕੜੀ-ਵੱਟੇ ਨਹੀਂ ਰੱਖਦੇ, ਬੋਲਾਂ ਨਾਲ ਹੀ ਮਿੱਧਣ ਦੀ ਸਿੱਧੀ ਸਮਰੱਥਾ ਰੱਖਦੇ ਹਨ। ਰਾਜਾ ਵੜਿੰਗ ਹਾਲੇ ਵੀ ਆਸ਼ੂ ਨਾਲ ਤੜਿੰਗ ਹਨ। ਹਾਕਮ ਧਿਰ ਇਸੇ ਗੱਲੋਂ ਬਾਗੋ-ਬਾਗ਼ ਹੈ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਕੈਬਨਿਟ ਵਜ਼ੀਰੀ ਲਈ ਸਜ ਕੇ ਤਿਆਰ ਹੋ ਰਹੇ ਹਨ। ਵਿਰੋਧੀ ਲੱਖ ਪਏ ਆਖਣ ਪਰ ਇਹ ਕਿੱਥੇ ਲਿਖਿਆ ਹੈ ਕਿ ਉਮੀਦਵਾਰ ਨੂੰ ਕਰਤਾਰ ਸਿੰਘ ਸਰਾਭਾ ਦਾ ਨਾਮ ਪਤਾ ਹੋਣਾ ਚਾਹੀਦੈ। ਸਿਆਸਤ ਦਾ ਲੱਖ ਰੁਪਏ ਦਾ ਇੱਕੋ ਅਸੂਲ ਹੈ ਕਿ ਬਈ! ਕਦੇ ਆਕਾ ਦਾ ਨਾਮ ਨਾ ਭੁੱਲੋ, ਹੋ ਸਕੇ ਤਾਂ ਦਿਨ-ਰਾਤ ਜਪੋ ਵੀ।

          ਆਮ ਪੰਜਾਬੀ ਬਹੁਤੇ ਸਿਆਸਤੀ ਤਾਂ ਨਹੀਂ ਪਰ ਨਾਮ ’ਕੱਲੇ ’ਕੱਲੇ ਦਾ ਯਾਦ ਰੱਖਦੇ ਨੇ, ਚਾਹੇ ਬਾਦਲਾਂ ਤੇ ਅਮਰਿੰਦਰ ਨੂੰ ਪੁੱਛ ਲਓ। ਦੂਜੇ ਲਈ ਆਪਾ ਵੀ ਵਾਰ ਦਿੰਦੇ ਨੇ, ਇਨਕਲਾਬੀ ਪਾਰਟੀ ਨੇ ਵੀ ਇਹੋ ਗੁੜ੍ਹਤੀ ਹੀ ਦਿੱਤੀ ਹੈ।ਜਲੰਧਰ ਦੀ ਜ਼ਿਮਨੀ ਚੋਣ ਹੋਈ, ਲੱਕ ਬੰਨ੍ਹ ਕੇ ‘ਆਪ’ ਦੇ ਵਿਧਾਇਕ, ਅਹੁਦੇਦਾਰ ਤੇ ਵਜ਼ੀਰ ਕੁੱਦ ਪਏ, ਮੋਹਿੰਦਰ ਭਗਤ ਨੂੰ ਵਜ਼ੀਰ ਬਣਾ ਕੇ ਮੁੜੇ। ਇਹੋ ਵਿਧਾਇਕੀ ਲਾਣਾ ਹੁਣ ਲੁਧਿਆਣਾ ’ਚ ਮੁੜ੍ਹਕਾ ਵਹਾ ਰਿਹਾ ਹੈ ਤਾਂ ਜੋ ਇੱਕ ਗ਼ਰੀਬ ਭਰਾ ਨੂੰ ਕੈਬਨਿਟ ਮੰਤਰੀ ਆਲੀ ਕੁਰਸੀ ’ਤੇ ਬਿਰਾਜਮਾਨ ਕਰ ਸਕੇ। ਕਿਤੇ ਰਾਜ ਸਭਾ ਵਾਲੀ ਸੀਟ ਖ਼ਾਲੀ ਹੋ ਗਈ ਤਾਂ ‘ਨਾਲੇ ਪੁੰਨ ਤੇ ਨਾਲੇ ਫਲੀਆਂ’, ਸਮਝੋ ਜੀਵਨ ਹੀ ਸਫ਼ਲਾ ਹੋ ਗਿਆ। ‘ਆਪ’ ਦੇ ਵਿਧਾਇਕ ਤੇ ਵਜ਼ੀਰ ਲੁਧਿਆਣਾ ਪੱਛਮੀ ’ਚ ਪ੍ਰਚਾਰ ਵੀ ਕਰ ਰਹੇ ਹਨ, ਨਾਲੇ ਦਿਨ ਹੱਸ ਕੇ ਕੱਟ ਰਹੇ ਨੇ। ਇੱਕ ਚੇਅਰਮੈਨ ਨੇ ਹਾਸੇ ’ਚ ਕਿਹਾ, ‘ਸਾਡੀ ਕਾਟੋ ਫੁੱਲਾਂ ’ਤੇ ਨੀ, ਇੱਥੇ ਘਾਹ-ਘੂਹ ’ਚ ਹੀ ਖੇਡ ਕੇ ਵਕਤ ਲੰਘਾ ਰਹੀ ਹੈ।’

          ਇੱਕ ਵਿਧਾਇਕ ਨੇ ਠੀਕ ਬਿਆਨੀ ਕੀਤੀ, ‘ਸਾਡੇ ’ਤੇ ਤਾਂ ਧੱਦਿਆਂ ਦੀ ਫੁੱਲ ਕਿਰਪਾ ਹੈ।’ ਉਹ ਕਿਵੇਂ? ਪਸੀਨੋ-ਪਸੀਨੀ ਹੋਇਆ ਵਿਧਾਇਕ ਭਾਈ ਦੱਸਣ ਲੱਗਿਆ। ਧੱਦਾ ਧੁੱਪ, ਜੋ ਸੂਰਜ ਦੇਵਤਾ ਨੇ ਉਪ ਚੋਣ ਤੋਂ ਖ਼ੁਸ਼ ਹੋ ਕੇ ਖ਼ੂਬ ਬਖ਼ਸ਼ੀ ਹੈ। ਧੱਦਾ ਧੂੜ, ਪਬਲਿਕ ਦੇ ਚਰਨਾਂ ਦੀ ਧੂੜ ਮੁਫ਼ਤੋਂ-ਮੁਫ਼ਤ ’ਚ ਨਿੱਤ ਮਣਾਂ ਮੂੰਹੀਂ ਮਿਲਦੀ ਹੈ। ਤੀਜਾ ਧੱਦਾ ਧੱਕੇ, ਹਲਕੇ ਦੀਆਂ ਗਲੀਆਂ ’ਚ ਹਰਲ-ਹਰਲ ਕਰਦੇ ਫਿਰਦੇ ਹਾਂ, ਦੋ ਘੜੀ ਆਰਾਮ ਕਰਦੇ ਹਾਂ ਤਾਂ ਮਾਲਕ ਆਖ ਦਿੰਦੇ ਨੇ, ਲੋਕੇਸ਼ਨ ਭੇਜੋ, ਲਾਈਵ ਵੀਡੀਓ ਭੇਜੋ। ਚੌਥਾ ਧੱਦਾ ਧੌਂਸ, ਅਮਰੀਕਾ ਇਸ ਬਲਾ ਨੂੰ ਦਿਖਾਉਣ ’ਚ ਚਾਰ ਦਿਨਾਂ ਦਾ ਗੈਪ ਪਾ ਲੈਂਦਾ ਹੋਊ ਪਰ ਅਸਾਡੇ ਵਾਲੇ ਹੋਰ ਮਿੱਟੀ ਦੇ ਬਣੇ ਹੋਏ ਨੇ। ਵੈਸੇ ਤਾਂ ਹਰ ਸਿਆਸੀ ਪਾਰਟੀ ਦੀ ਮਸੀਤ ਇੱਕੋ ਜੇਹੀ ਹੈ ਪਰ ਇਨਕਲਾਬੀ ਵੀਰਾਂ ਦਾ ਰੰਗ ਹੀ ਵੱਖਰਾ ਹੈ। ਧੱਦਿਆਂ ’ਚ ਉਲਝੇ ‘ਆਪ’ ਆਲੇ ਪੰਜਾਬੀ ਵੀਰ ਕੋਈ ਕਸਰ ਬਾਕੀ ਨਹੀਂ ਛੱਡ ਰਹੇ। 

          ਲੁਧਿਆਣਾ ਪੱਛਮੀ ਪੋਸ਼ ਇਲਾਕਾ ਹੈ। ਦੁਪਹਿਰ ਵਕਤ ਲੋਕ ਆਰਾਮ ਫ਼ਰਮਾਉਂਦੇ ਨੇ। ਸਿਆਸਤ ਨਾਲ ਕੋਈ ਬਹੁਤਾ ਲਗਾਓ ਨਹੀਂ। ਲੀਡਰਾਂ ਨੇ ਲੋਕਾਂ ਦੇ ਵਿਹੜੇ ਨੀਵੇਂ ਕਰ ਦਿੱਤੇ ਹਨ। ਇੱਕ ਨੇਤਾ ਨੇ ਦੱਸਿਆ ਕਿ ਵੱਡੀਆਂ ਕੋਠੀਆਂ ਵਾਲੇ ਤਾਂ ਹੁਣ ਦੁਪਹਿਰ ਵੇਲੇ ਕੁੱਤੇ ਖੁੱਲ੍ਹੇ ਛੱਡ ਦਿੰਦੇ ਹਨ ਅਤੇ ਘਰ ਦੀ ਬੈੱਲ ਬੰਦ ਕਰ ਦਿੰਦੇ ਹਨ। ‘ਆਪ’ ਦੇ ਚੋਣ ਪ੍ਰਚਾਰ ਦੀ ਓਵਰਡੋਜ਼ ਤੋਂ ਅੱਕੇ ਇੱਕ ਬਜ਼ੁਰਗ ਜੋੜੇ ਨੇ ਦੁਪਹਿਰ ਵੇਲੇ ਇੱਕ ਚੇਅਰਮੈਨ ਅੱਗੇ ਹੱਥ ਜੋੜ ਅਰਜੋਈ ਕੀਤੀ, ‘ਕਰੋ ਕਿਰਪਾ! ਦੋ ਘੜੀ ਆਰਾਮ ਕਰ ਲੈਣ ਦਿਓ, ਸਾਡਾ ਤਾਂ ਚੋਣ ਬਾਈਕਾਟ ਹੀ ਸਮਝੋ।’ ਕਾਰੋਬਾਰੀ ਲੋਕ ਆਪਣੇ ਕੰਮ ’ਚ ਮਸਤ ਨੇ। ਲੀਡਰਾਂ ਤੋਂ ਅੱਕੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਘਰਾਂ ’ਚੋਂ ਨਿਕਲ ਜਾਂਦੇ ਹਨ। ਜਿਹੜੇ ਆਮ ਘਰਾਂ ਦੇ ਮੁੰਡੇ ਇਨ੍ਹਾਂ ਦਿਨਾਂ ’ਚ ਪੱਛਮੀ ਇਲਾਕੇ ’ਚ ਘੁੰਮ ਰਹੇ ਹਨ, ਉਹ ਅਮੀਰ ਲੋਕਾਂ ਦੇ ਮਹਿਲ ਦੇਖ ਕੇ ਹੀ ਅੰਦਰੋਂ ਹਿੱਲ ਜਾਂਦੇ ਨੇ। ਜਦੋਂ ਘਰ ਅੰਦਰ ਵੋਟ ਮੰਗਣ ਲਈ ਪੈਰ ਪਾਉਂਦੇ ਨੇ, ਅਮੀਰੀ ਦਾ ਅਜੂਬਾ ਦੇਖ ਡੌਰ-ਭੌਰ ਹੋ ਜਾਂਦੇ ਨੇ। ਇੱਕ ਮੰਤਰੀ ਨੇ ਪੇਂਡੂ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਕਿਤੇ ਆਪਣੀ ਕੁੱਲੀ ਨਾ ਢਾਹ ਬੈਠਿਓ। ਕਈ ਆਖਦੇ ਨੇ, ਚੋਣ ਕੋਈ ਵੀ ਹਾਰੇ-ਜਿੱਤੇ, ਕੋਠੀਆਂ ਦੇ ਨਕਸ਼ੇ ਜ਼ਰੂਰ ਮੁਫ਼ਤ ਵਿੱਚ ਵਸੂਲ ਹੋ ਗਏ ਹਨ।

Thursday, June 12, 2025

                                                         ਪੰਜਾਬ ਸਰਕਾਰ 
                              ਪ੍ਰਾਈਵੇਟ ਬੈਂਕਾਂ ਨਾਲੋਂ ਨਾਤਾ ਤੋੜਿਆ
                                                        ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਵਿਭਾਗਾਂ ਦੀ ਕਰੋੜਾਂ ਰੁਪਏ ਦੀ ਜਮ੍ਹਾਂ ਰਾਸ਼ੀ ’ਤੇ ਕਾਬਜ਼ ਹੋ ਕੇ ਬੈਠਣ ਵਾਲੇ ਪ੍ਰਾਈਵੇਟ ਬੈਂਕਾਂ ਖ਼ਿਲਾਫ਼ ਡੰਡਾ ਖੜਕਾ ਦਿੱਤਾ ਹੈ। ਪੰਜਾਬ ਸਰਕਾਰ ਨੇ ਹੁਣ ਐੱਚਡੀਐੱਫਸੀ ਬੈਂਕ ਅਤੇ ਇੰਡਸਇੰਡ ਬੈਂਕ ਨਾਲੋਂ ਨਾਤਾ ਤੋੜ ਲਿਆ ਹੈ। ਮਤਲਬ ਕਿ ਪੰਜਾਬ ਸਰਕਾਰ ਹੁਣ ਇਨ੍ਹਾਂ ਦੋਵੇਂ ਬੈਂਕਾਂ ਨਾਲ ਕੋਈ ਕਾਰੋਬਾਰੀ ਲੈਣ-ਦੇਣ ਨਹੀਂ ਕਰੇਗੀ। ਐੱਚਡੀਐੱਫਸੀ ਬੈਂਕ ਨੇ ਤਿੰਨ-ਚਾਰ ਸਰਕਾਰੀ ਵਿਭਾਗਾਂ ਅਤੇ ਇੰਡਸਇੰਡ ਬੈਂਕ ਨੇ ਇੱਕ ਵਿਭਾਗ ਦੀ ਕਰੋੜਾਂ ਰੁਪਏ ਦੀ ਜਮ੍ਹਾਂ ਰਾਸ਼ੀ ਨੂੰ ਸਰਕਾਰੀ ਖ਼ਜ਼ਾਨੇ ’ਚ ਵਾਪਸ ਦੇਣ ਤੋਂ ਆਨਾਕਾਨੀ ਕੀਤੀ ਹੈ। ਵਿੱਤ ਵਿਭਾਗ ਦੇ ਜਦੋਂ ਧਿਆਨ ’ਚ ਆਇਆ ਕਿ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਐੱਚਡੀਐੱਫਸੀ ਬੈਂਕ ਅਤੇ ਇੰਡਸਇੰਡ ਬੈਂਕ ਸਰਕਾਰੀ ਪੈਸੇ ਨੂੰ ਆਪਣੇ ਕੋਲ ਰੱਖੀ ਬੈਠੇ ਹਨ ਤਾਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਇਨ੍ਹਾਂ ਬੈਂਕਾਂ ਨਾਲੋਂ ਸਬੰਧ ਖ਼ਤਮ ਕਰ ਲਏ ਹਨ। 

          ਵਿੱਤ ਵਿਭਾਗ ਨੇ ਪਹਿਲੇ ਪੜਾਅ ’ਚ ਐੱਚਡੀਐੱਫਸੀ ਬੈਂਕ ਨੂੰ ਆਪਣੀ ਕਾਰੋਬਾਰੀ ਸੂਚੀ ’ਚੋਂ ਬਾਹਰ ਕਰ ਦਿੱਤਾ ਅਤੇ ਦੂਸਰੇ ਪੜਾਅ ’ਚ ਇੰਡਸਇੰਡ ਬੈਂਕ ਨਾਲੋਂ ਵੀ ਕਾਰੋਬਾਰੀ ਨਾਤਾ ਤੋੜ ਦਿੱਤਾ ਹੈ। ਪੰਜਾਬ ਸਰਕਾਰ ਦੀ ਸੂਚੀ ਵਿੱਚ ਹੁਣ 22 ਬੈਂਕ ਰਹਿ ਗਏ ਹਨ, ਜਿਨ੍ਹਾਂ ਨਾਲ ਸਰਕਾਰੀ ਵਿਭਾਗ ਆਪਣਾ ਲੈਣ-ਦੇਣ ਕਰ ਸਕਣਗੇ। ਦੱਸਣਯੋਗ ਹੈ ਕਿ ਵਿੱਤ ਵਿਭਾਗ ਨੇ ਪਹਿਲੀ ਤਿਮਾਹੀ ਦੇ ਫ਼ੰਡਾਂ ’ਚੋਂ ਅਣਖਰਚੇ ਫ਼ੰਡ ਵਾਪਸ ਮੰਗੇ ਸਨ ਪਰ ਜਦੋਂ ਕੁੱਝ ਵਿਭਾਗਾਂ ਦੀ ਜਮ੍ਹਾਂ ਰਾਸ਼ੀ ਪ੍ਰਾਈਵੇਟ ਬੈਂਕਾਂ ਨੇ ਵਾਪਸ ਖ਼ਜ਼ਾਨੇ ਵਿੱਚ ਭੇਜਣ ਤੋਂ ਟਾਲਮਟੋਲ ਕੀਤੀ ਤਾਂ ਸਰਕਾਰ ਨੂੰ ਇਹ ਕਾਰਵਾਈ ਕਰਨੀ ਪਈ। ਪਤਾ ਲੱਗਾ ਹੈ ਕਿ ਐੱਚਡੀਐੱਫਸੀ ਬੈਂਕ ਨੇ ਕਰ ਵਿਭਾਗ ਦੀ ਕਰੀਬ 150 ਕਰੋੜ ਦੀ ਰਾਸ਼ੀ ਸਮੇਂ ਸਿਰ ਵਾਪਸ ਖ਼ਜ਼ਾਨੇ ’ਚ ਨਹੀਂ ਭੇਜੀ ਸੀ। ਇਹ ਮਾਮਲਾ ਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਸਾਹਮਣੇ ਆਇਆ ਸੀ। ਇਸ ਤਰ੍ਹਾਂ ਖਣਨ ਵਿਭਾਗ ਦਾ ਸਾਲ 2022 ਦਾ ਮਾਮਲਾ ਚੱਲ ਰਿਹਾ ਹੈ।

         ਖਣਨ ਵਿਭਾਗ ਨੇ ਇੱਕ ਠੇਕੇਦਾਰ ਦੀ 10 ਕਰੋੜ ਦੀ ਬੈਂਕ ਗਾਰੰਟੀ ਜ਼ਬਤ ਕੀਤੀ ਸੀ, ਜੋ ਐੱਚਡੀਐੱਫਸੀ ਬੈਂਕ ਵਿੱਚ ਸੀ। ਸਮੇਂ ਸਿਰ ਇਸ ਬੈਂਕ ਗਾਰੰਟੀ ਨੂੰ ਐਨਕੈਸ਼ ਨਾ ਕੀਤੇ ਜਾਣ ਕਰਕੇ ਸਬੰਧਤ ਠੇਕੇਦਾਰ ਦੂਸਰੇ ਸੂਬੇ ਦੀ ਕਿਸੇ ਅਦਾਲਤ ’ਚੋਂ ਸਟੇਅ ਲੈ ਆਇਆ। ਪੰਜਾਬ ਸਰਕਾਰ ਦੀ ਸਮਝ ਸੀ ਕਿ ਬੈਂਕ ਤੇ ਠੇਕੇਦਾਰ ਆਪਸ ਵਿੱਚ ਮਿਲ ਕੇ ਬੈਂਕ ਗਾਰੰਟੀ ਨੂੰ ਐਨਕੈਸ਼ ਨਹੀਂ ਹੋਣ ਦੇ ਰਹੇ ਹਨ। ਬਾਅਦ ਵਿੱਚ ਵਿੱਤ ਵਿਭਾਗ ਨੇ ਇਸ ਮਾਮਲੇ ’ਚ ਐੱਚਡੀਐੱਫਸੀ ਬੈਂਕ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਸੀ। ਵਿੱਤ ਵਿਭਾਗ ਦੇ ਧਿਆਨ ਵਿੱਚ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਨਸਪ ਨੇ ਲਿਆਂਦਾ ਸੀ। ਬਾਰਦਾਨਾ ਖ਼ਰੀਦਣ ਲਈ ਰੱਖਿਆ ਪੈਸਾ ਐੱਚਡੀਐੱਫਸੀ ਬੈਂਕ ਸਰਕਾਰੀ ਖਜ਼ਾਨੇ ’ਚ ਵਾਪਸ ਕਰਨ ’ਚ ਢਿੱਲ ਦਿਖਾ ਰਿਹਾ ਸੀ। ਇਨ੍ਹਾਂ ਕਾਰਨਾਂ ਕਰਕੇ ਸਰਕਾਰ ਨੇ ਐੱਚਡੀਐੱਫਸੀ ਖ਼ਿਲਾਫ਼ ਫ਼ੈਸਲਾ ਲਿਆ ਹੈ। 

         ਪਤਾ ਲੱਗਿਆ ਹੈ ਕਿ ਹੋਰਨਾਂ ਪ੍ਰਾਈਵੇਟ ਬੈਂਕਾਂ ਦਾ ਪ੍ਰੋਫੈਸ਼ਨਲ ਕੰਡਕਟ ਵੀ ਦੇਖਿਆ ਜਾ ਰਿਹਾ ਹੈ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨਾਂ ਵਿੱਚ ਸਹਿਕਾਰੀ ਖੇਤਰ ਦੇ ਬੈਂਕਾਂ ਵਿੱਚ ਪੈਸਾ ਰੱਖਣ ਨੂੰ ਤਰਜੀਹ ਦੇਣ ਬਾਰੇ ਜਨਤਕ ਤੌਰ ’ਤੇ ਵੀ ਆਖ ਚੁੱਕੇ ਹਨ। ਟੈਕਨੀਕਲ ਐਜੂਕੇਸ਼ਨ ਬੋਰਡ ਦੀ ਕਰੀਬ 50 ਕਰੋੜ ਦੀ ਰਾਸ਼ੀ ਇੰਡਸਇੰਡ ਬੈਂਕ ਕੋਲ ਜਮ੍ਹਾਂ ਪਈ ਹੈ। ਤਕਨੀਕੀ ਸਿੱਖਿਆ ਬੋਰਡ ਨੇ ਵਿੱਤ ਵਿਭਾਗ ਨੂੰ ਸੂਚਿਤ ਕੀਤਾ ਸੀ ਕਿ ਇਹ ਬੈਂਕ ਸਮਾਂਬੱਧ ਟਰਾਂਜ਼ੈਕਸ਼ਨ ਕਰਨ ਵਿੱਚ ਪੇਸ਼ੇਵਰ ਵਿਹਾਰ ਨਹੀਂ ਕਰ ਰਿਹਾ। ਇਸੇ ਆਧਾਰ ’ਤੇ ਵਿੱਤ ਵਿਭਾਗ ਨੇ ਇੰਡਸਇੰਡ ਬੈਂਕ ਨਾਲੋਂ ਸਬੰਧ ਤੋੜ ਲਿਆ ਹੈ।

                                                          ਦਲਿਤ ਭਲਾਈ
                     ਸੰਸਦੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਖਿਚਾਈ
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਅਨੁਸੂਚਿਤ ਜਾਤੀਆਂ ਭਲਾਈ ਬਾਰੇ ਸੰਸਦੀ ਕਮੇਟੀ ਨੇ ਅੱਜ ਇੱਥੇ ਦਲਿਤਾਂ ਦੀ ਭਲਾਈ ਬਾਰੇ ਮਾਮਲਿਆਂ ’ਤੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਚੇਅਰਮੈਨ ਫੱਗਣ ਸਿੰਘ ਕੁਲਸਤੇ ਦੀ ਅਗਵਾਈ ਹੇਠ ਅੱਜ ਸੰਸਦੀ ਕਮੇਟੀ ਵੱਲੋਂ ਇੱਥੇ ਰੱਖੀ ਮੀਟਿੰਗ ’ਚ ਮੁੱਖ ਸਕੱਤਰ ਕੇਏਪੀ ਸਿਨਹਾ ਅਤੇ ਡੀਜੀਪੀ ਗੌਰਵ ਯਾਦਵ ਸਮੇਤ ਕਰੀਬ ਡੇਢ ਦਰਜਨ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦਾ ਦੌਰਾ ਕਰਨ ਮਗਰੋਂ ਅੱਜ ਸੰਸਦੀ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਦਲਿਤ ਭਲਾਈ ਲਈ ਗਏ ਚੁੱਕੇ ਕਦਮਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ’ਤੇ ਵਿਚਾਰ-ਚਰਚਾ ਕੀਤੀ। ਵੇਰਵਿਆਂ ਅਨੁਸਾਰ ਸੰਸਦੀ ਕਮੇਟੀ ਨੇ ਪੰਜਾਬ ਵਿੱਚ ਦਲਿਤਾਂ ’ਤੇ ਹੁੰਦੇ ਜੁਰਮਾਂ ’ਚ ਪੰਜਾਬ ਪੁਲੀਸ ਦੀ ਢਿੱਲੀ ਤਫ਼ਤੀਸ਼ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਚੇਅਰਮੈਨ ਨੇ ਕਿਹਾ ਕਿ ਦਲਿਤਾਂ ’ਤੇ ਅੱਤਿਆਚਾਰ ਦੇ ਕੇਸ ਤਾਂ ਦਰਜ ਹੋ ਜਾਂਦੇ ਹਨ ਪਰ ਅਜਿਹੇ ਕੇਸਾਂ ਦੀ ਪੜਤਾਲ ਛੇਤੀ ਕਿਤੇ ਤਣ ਪੱਤਣ ਨਹੀਂ ਲੱਗਦੀ। ਪੰਜਾਬ ਪੁਲੀਸ ਨੇ ਲੰਘੇ ਪੰਜ ਵਰ੍ਹਿਆਂ ਦੇ ਅੰਕੜੇ ਸੰਸਦੀ ਕਮੇਟੀ ਅੱਗੇ ਪੇਸ਼ ਕੀਤੇ, ਜਿਨ੍ਹਾਂ ਦਾ ਸੰਸਦੀ ਕਮੇਟੀ ਨੇ ਸਖ਼ਤ ਨੋਟਿਸ ਲਿਆ। 

         ਦਲਿਤਾਂ ਖ਼ਿਲਾਫ਼ ਅੱਤਿਆਚਾਰ ਦੇ ਕੇਸਾਂ ਵਿੱਚ ਅਦਾਲਤਾਂ ਵਿੱਚ ਸਫਲ ਦਰ ਕਾਫ਼ੀ ਨੀਵੀਂ ਹੈ।ਪੰਜਾਬ ਪੁਲੀਸ ਵੱਲੋਂ 2020 ਤੋਂ 2025 ਦੌਰਾਨ ਦਲਿਤ ਭਾਈਚਾਰੇ ’ਤੇ ਅੱਤਿਆਚਾਰ ਨੂੰ ਲੈ ਕੇ 708 ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚੋਂ 482 ਕੇਸਾਂ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ। ਸਿਰਫ਼ 28 ਕੇਸਾਂ ਵਿੱਚ ਅਦਾਲਤ ’ਚ ਦੋਸ਼ੀਆਂ ਨੂੰ ਸਜ਼ਾ ਹੋਈ, ਜੋ ਕਿ 17.1 ਫ਼ੀਸਦੀ ਬਣਦੀ ਹੈ। ਸੰਸਦੀ ਕਮੇਟੀ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਪੰਜਾਬ ਦੇ ਦਲਿਤ ਭਾਈਚਾਰੇ ਦੇ ਨੌਜਵਾਨ ਮੱਧ ਪੂਰਬੀ ਮੁਲਕਾਂ ਵਿੱਚ ਜਾ ਰਹੇ ਹਨ। ਚੇਅਰਮੈਨ ਨੇ ਪੰਜਾਬ ਦੀ ਦਲਿਤ ਵਰਗ ਦੀ ਸਾਖਰਤਾ ਦਰ ’ਤੇ  ਪੰਜਾਬ ਸਰਕਾਰ ਨੇ ਦੱਸਿਆ ਕਿ ਦਲਿਤ ਭਾਈਚਾਰੇ ਦੇ 17,037 ਨੌਜਵਾਨਾਂ ਨੂੰ 2015-16 ਤੋਂ 2024-25 ਦੌਰਾਨ ਬੈਂਕ ਐਜੂਕੇਸ਼ਨ ਲੋਨ ਦਿੱਤਾ ਗਿਆ ਹੈ। ਸੰਸਦੀ ਕਮੇਟੀ ਨੇ ਇਸ ਗੱਲ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਲਿਤ ਭਲਾਈ ਖ਼ਾਤਰ ਜਿੰਨਾ ਪੈਸਾ ਪਲਾਨ ’ਚ ਰੱਖਿਆ ਜਾਂਦਾ ਹੈ, ਓਨਾ ਖ਼ਰਚ ਨਹੀਂ ਕੀਤਾ ਜਾਂਦਾ। 

          ਸਕੂਲਾਂ ਦੇ ਡਰਾਪ ਆਊਟ ਤੋਂ ਇਲਾਵਾ ਸੰਸਦੀ ਕਮੇਟੀ ਨੇ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਰਹੇ ਦਲਿਤਾਂ ਦੀ ਗੱਲ ਵੀ ਕੀਤੀ। ਅੰਮ੍ਰਿਤਸਰ ਵਿੱਚ ਡਾ. ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜ-ਛਾੜ ਦੇ ਮਾਮਲੇ ਨੂੰ ਵੀ ਛੋਹਿਆ। ਇਸੇ ਤਰ੍ਹਾਂ ਪਿੰਡਾਂ ਵਿੱਚ ਜੋ ਪੰਚਾਇਤੀ ਜ਼ਮੀਨਾਂ ’ਚੋਂ ਇੱਕ ਤਿਹਾਈ ਜ਼ਮੀਨ ਐੱਸਸੀ ਵਰਗ ਲਈ ਰਾਖਵੀਂ ਹੈ, ਉਸ ਦੀ ਸਥਿਤੀ ਵੀ ਜਾਣੀ। ਪੰਜਾਬ ਸਰਕਾਰ ਨੇ ਸੰਸਦੀ ਕਮੇਟੀ ਕੋਲ ਸੁਝਾਅ ਵੀ ਪੇਸ਼ ਕੀਤੇ, ਜਿਨ੍ਹਾਂ ਵਿੱਚ ਵਜ਼ੀਫ਼ਾ ਸਕੀਮ ਦੇ ਕਰੀਬ 600 ਕਰੋੜ ਦੇ ਬਕਾਏ ਨੂੰ ਕੇਂਦਰ ਤੋਂ ਰਿਲੀਜ਼ ਕਰਾਏ ਜਾਣ ਦੀ ਗੱਲ ਰੱਖੀ ਗਈ। ਇਸੇ ਤਰ੍ਹਾਂ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕੀਮ ਤਹਿਤ ਵਜ਼ੀਫ਼ਾ ਸਕੀਮ ਲਈ ਮਾਪਿਆਂ ਦੀ ਸਾਲਾਨਾ ਆਮਦਨ ਹੱਦ ਵਧਾਏ ਜਾਣ ਦੀ ਮੰਗ ਕੀਤੀ ਗਈ। ਪਤਾ ਲੱਗਿਆ ਹੈ ਕਿ ਸੰਸਦੀ ਕਮੇਟੀ ਨੇ ਕਈ ਹੋਰਨਾਂ ਮੁੱਦਿਆਂ ਨੂੰ ਵੀ ਛੋਹਿਆ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸੰਸਦੀ ਕਮੇਟੀ ਨੂੰ ਦਲਿਤ ਭਲਾਈ ਲਈ ਕੀਤੇ ਕੰਮਾਂ ਤੋਂ ਜਾਣੂ ਕਰਾਇਆ।

                               ਦਲਿਤ ਭਲਾਈ ਲਈ ਪੰਜ ਤਾਰਾ ਹੋਟਲ ’ਚ ਮੰਥਨ

ਰੋਚਕ ਗੱਲ ਇਹ ਹੈ ਕਿ ਦਲਿਤਾਂ ਦੀ ਭਲਾਈ ਲਈ ਬਣੀ ਸੰਸਦੀ ਕਮੇਟੀ ਦੀ ਮੀਟਿੰਗ ਇੱਥੇ ਪੰਜ ਤਾਰਾ ਹੋਟਲ ਵਿੱਚ ਹੋਈ। ਇਸ ਤੋਂ ਪਹਿਲਾਂ 5-6 ਜੂਨ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸੰਸਦੀ ਕਮੇਟੀ ਜੁੜੀ ਸੀ। ਇੱਥੇ ਹੋਈ ਮੀਟਿੰਗ ਵਿੱਚ ਸੰਸਦੀ ਕਮੇਟੀ ਦੇ 13 ਮੈਂਬਰ ਹਾਜ਼ਰ ਸਨ। ਜਿਨ੍ਹਾਂ ਦਲਿਤਾਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ, ਉਨ੍ਹਾਂ ਨੂੰ ਦਲਦਲ ’ਚੋਂ ਕੱਢਣ ਲਈ ਵਿਚਾਰ ਵਟਾਂਦਰਾ ਪੰਜ ਤਾਰਾ ਹੋਟਲਾਂ ਵਿੱਚ ਹੋ ਰਿਹਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਹੋਰ ਸਰਕਾਰੀ ਬਦਲਵੇਂ ਪ੍ਰਬੰਧ ਵੀ ਹਨ।

Tuesday, June 10, 2025

                                                        ਯੁੱਧ ਨਸ਼ੇ ਵਿਰੁੱਧ 
                                  ਧੂੰਆਂ-ਧੂੰਆਂ ਹੋਈਆਂ ਡਰੇਨਾਂ..! 
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਪੁਲੀਸ ਦਾ ਨਸ਼ਾ ਤਸਕਰੀ ਖ਼ਿਲਾਫ਼ ਐਕਸ਼ਨ ਦੇਖ ਕੇ ਇੰਜ ਜਾਪਦਾ ਹੈ ਕਿ ਜਿਵੇਂ ਸਮੁੱਚੇ ਪੰਜਾਬ ਦੇ ਹੀ ਮੁਖ਼ਬਰਾਂ ਦੀ ਜਾਗ ਖੁੱਲ੍ਹ ਗਈ ਹੋਵੇ। ‘ਯੁੱਧ ਨਸ਼ੇ ਵਿਰੁੱਧ’ ਦੀ ਕਾਮਯਾਬੀ ’ਚ ਮੁਖ਼ਬਰਾਂ ਦੀ ਭੂਮਿਕਾ ਕਮਾਲ ਦੀ ਲੱਗਦੀ ਹੈ। ਜਦੋਂ ਨਸ਼ਿਆਂ ਨੂੰ ਲੈ ਕੇ ਦਰਜ ਪੁਲੀਸ ਕੇਸਾਂ ਦੀ ਫਰੋਲਾ-ਫਰੋਲਾ ਕੀਤੀ ਤਾਂ ਪੁਲੀਸ ਦੀ ਕਾਰਜਸ਼ੈਲੀ ਦਾ ਅਨੋਖਾ ਨਮੂਨਾ ਦੇਖਣ ਨੂੰ ਮਿਲਿਆ। ਚਾਹੇ ਨਸ਼ੇੜੀਆਂ ਖ਼ਿਲਾਫ਼ ਪੰਜਾਬ ਦੇ ਕਿਸੇ ਵੀ ਕੋਨੇ ’ਚ ਕੇਸ ਦਰਜ ਹੋਇਆ ਹੈ ਪ੍ਰੰਤੂ ਸਭ ਪੁਲੀਸ ਕੇਸਾਂ ਦੀ ਇਬਾਰਤ ਇੱਕੋ ਜਿਹੀ ਹੈ। ਪੰਜਾਬ ਪੁਲੀਸ ਨੇ ਪਹਿਲੀ ਮਾਰਚ ਤੋਂ ‘ਯੁੱਧ ਨਸ਼ੇ ਵਿਰੁੱਧ’ ਤਹਿਤ ਹੁਣ ਤੱਕ 16,492 ਤਸਕਰ ਗ੍ਰਿਫ਼ਤਾਰ ਕੀਤੇ ਹਨ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 163 ਤਸਕਰਾਂ ਦੀ ਗ੍ਰਿਫ਼ਤਾਰੀ ਹੋ ਰਹੀ ਹੈ। ਇਨ੍ਹਾਂ ਕੇਸਾਂ ’ਚ ਹਜ਼ਾਰਾਂ ਨਸ਼ੇੜੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਫੜ੍ਹ ਕੇ ਜੇਲ੍ਹ ਭੇਜਿਆ ਗਿਆ ਹੈ ਜਾਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕੀਤੇ ਗਏ ਹਨ। ਪੰਜਾਬੀ ਟ੍ਰਿਬਿਊਨ ਵੱਲੋਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਥਾਣਿਆਂ ’ਚ ਦਰਜ ਕੇਸਾਂ ਦੀ ਕੀਤੀ ਘੋਖ ’ਚ ਕਈ ਨੁਕਤੇ ਨਿਕਲੇ ਹਨ। 

         ਪੰਜਾਬ ’ਚ ਵੱਡੀ ਗਿਣਤੀ ’ਚ ਫੜੇ ਨਸ਼ੇੜੀਆਂ ’ਤੇ  ਐੱਨਡੀਪੀਐੱਸ ਐਕਟ ਦੀ ਧਾਰਾ 27/61/85 ਤਹਿਤ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਕੇਸਾਂ ’ਚ ਨਸ਼ੇ ਦੀ ਕੋਈ ਰਿਕਵਰੀ ਨਹੀਂ ਹੋਈ ਹੈ। ਬਹੁਤੇ ਕੇਸਾਂ ’ਚ ਮੁਖ਼ਬਰ ਦੀ ਇਤਲਾਹ ’ਤੇ ਪੁਲੀਸ ਪਾਰਟੀ ਨੇ ਛਾਪਾਮਾਰੀ ਕੀਤੀ ਹੈ। ਪੁਲੀਸ ਕੇਸਾਂ ਅਨੁਸਾਰ ਨਸ਼ੇੜੀ ਝਾੜੀਆਂ ’ਚ, ਖ਼ਾਲੀ ਪਲਾਂਟਾਂ ’ਚ, ਸੁੰਨੀਆਂ ਡਰੇਨਾਂ ’ਚ ਬੈਠੇ ਸਨ ਜਿਨ੍ਹਾਂ ਕੋਲੋਂ ਪੁਲੀਸ ਨੇ ਦਸ ਦਸ ਦੇ ਨੋਟ, ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਕੀਤੇ ਹਨ। ਆਓ ਕੁਝ ਕੇਸਾਂ ’ਤੇ ਨਜ਼ਰ ਮਾਰਦੇ ਹਾਂ। ਚਾਟੀਵਿੰਡ ਥਾਣੇ ’ਚ 27 ਮਈ ਨੂੰ ਦਰਜ ਕੇਸ ’ਚ ਮੜ੍ਹੀਆਂ ਦੇ ਅੰਦਰ ਇੱਕ ਨੌਜਵਾਨ ਦਸ ਰੁਪਏ ਦੇ ਨੋਟ ਨਾਲ ਧੂੰਆਂ ਖਿੱਚਦਾ ਫੜਿਆ ਗਿਆ। ਉਸ ਕੋਲੋਂ ਇੱਕ ਲਾਈਟਰ ਅਤੇ ਸਿਲਵਰ ਪੇਪਰ ਬਰਾਮਦ ਹੋਇਆ। 28 ਮਈ ਨੂੰ ਮੱਤੇਵਾਲ ਥਾਣੇ ’ਚ ਦਰਜ ਕੇਸ ਅਨੁਸਾਰ ਪਿੰਡ ਝਾਮਕਾ ਦੇ ਲਾਗੇ ਝਾੜੀਆਂ ਚੋਂ ਇੱਕ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਇੱਕ ਅੱਧ ਜਲਿਆ ਦਸ ਰੁਪਏ ਦਾ ਨੋਟ, ਇੱਕ ਲਾਈਟਰ ਅਤੇ ਇੱਕ ਸਿਲਵਰ ਪੰਨੀ ਫੜਿਆ ਗਿਆ। 

         ਇਸੇ ਦਿਨ ਹੀ ਖਲਚੀਆ ਥਾਣੇ ਦੀ ਪਾਰਟੀ ਨੇ ਗਸ਼ਤ ਦੌਰਾਨ ਡਰੇਨ ਤੋਂ ਦੋ ਜਣੇ ਫੜੇ ਜਿਨ੍ਹਾਂ ਕੋਲੋਂ ਦਸ ਰੁਪਏ ਦਾ ਨੋਟ, ਇੱਕ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਭਿੰਡੀਸੈਦਾ ਥਾਣਾ ’ਚ 29 ਮਈ ਨੂੰ ਦਰਜ ਕੇਸ ’ਚ ਪੁਲੀਸ ਨੇ ਪਿੰਡ ਵਜ਼ੀਦ ਦੇ ਇੱਕ ਬੰਦ ਪਏ ਸੂਏ ਚੋਂ ਦੋ ਮੁੰਡੇ ਫੜੇ ਜਿਨ੍ਹਾਂ ਕੋਲੋਂ ਦਸ ਦਾ ਨੋਟ, ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ। ਕਿਸੇ ਵੀ ਕੇਸ ’ਚ ਨਸ਼ੇ ਦੀ ਬਰਾਮਦਗੀ ਨਹੀਂ ਹੋਈ। ਇਵੇਂ ਬਿਆਸ ਥਾਣੇ ’ਚ 28 ਮਈ ਨੂੰ ਦਰਜ ਕੇਸ ਅਨੁਸਾਰ ਪੁਲੀਸ ਪਾਰਟੀ ਨੇ ਝਾੜੀਆਂ ਚੋਂ ਦੋ ਨੌਜਵਾਨ ਫੜੇ ਜਿਨ੍ਹਾਂ ਕੋਲੋਂ ਦੋ ਨੋਟ, ਲਾਈਟਰ ਤੇ ਸਿਲਵਰ ਪੇਪਰ ਮਿਲਿਆ। ਰਾਜਾਸਾਂਸੀ ਪੁਲੀਸ ਨੇ ਵੀ 28 ਮਈ ਨੂੰ ਹੀ ਡਰੇਨ ਕੋਟਲੀ ਸਿੱਕਾ ਦੇ ਇੱਕ ਪਾਸਿਓਂ ਨਸ਼ਾ ਕਰਦਾ ਨੌਜਵਾਨ ਫੜਿਆ ਜਿਸ ਤੋਂ ਉਪਰੋਕਤ ਸਾਜੋ ਸਮਾਨ ਮਿਲਿਆ। ਸਦਰ ਬਠਿੰਡਾ ਦੀ ਪੁਲੀਸ ਨੇ 27 ਮਈ ਨੂੰ ਵਿਰਕ ਖ਼ੁਰਦ ਦੇ ਸੂਏ ਦੀ ਪਟੜੀ ਤੋਂ ਦੋ ਨਸ਼ੇੜੀ ਨੌਜਵਾਨ ਫੜੇ ਜਿਨ੍ਹਾਂ ਤੋਂ ਇੱਕ ਮੋਮੀ ਕਾਗ਼ਜ਼ ਅਤੇ ਇੱਕ ਲਾਈਟਰ ਫੜਿਆ ਗਿਆ। 

        ਮੁਖ਼ਬਰ ਦੀ ਇਤਲਾਹ ’ਤੇ ਸਿਟੀ ਰਾਮਪੁਰਾ ਥਾਣਾ ਨੇ 28 ਮਈ ਨੂੰ ਇੱਕ ਨਸ਼ੇੜੀ ਨੌਜਵਾਨ ਲਾਈਟਰ ਤੇ ਸਰਿੰਜ ਸਮੇਤ ਫੜਿਆ ਜਿਸ ਨੂੰ ਪਰਚਾ ਦਰਜ ਕਰਕੇ ਨਸ਼ਾ ਛੁਡਾਊ ਕੇਂਦਰ ਭਰਤੀ ਕਰਾ ਦਿੱਤਾ। ਨਥਾਣਾ ਪੁਲੀਸ ਨੇ 25 ਮਈ ਨੂੰ ਪਿੰਡ ਪੂਹਲਾ ਦੇ ਇੱਕ ਨਸ਼ੇੜੀ ਨੂੰ ਲਾਈਟਰ ਤੇ ਸਿਲਵਰ ਪੇਪਰ ਸਮੇਤ ਫੜਿਆ। ਮੌੜ ਪੁਲੀਸ ਨੇ 23 ਮਈ ਨੂੰ ਮੌੜ ਚੜ੍ਹਤ ਸਿੰਘ ਵਾਲਾ ਦੇ ਇੱਕ ਨਸ਼ੇੜੀ ਨੂੰ ਦਸ ਰੁਪਏ ਦੇ ਨੋਟ ਅਤੇ ਲਾਈਟਰ ਤੋਂ ਇਲਾਵਾ ਸਿਲਵਰ ਪੇਪਰ ਸਮੇਤ ਗ੍ਰਿਫ਼ਤਾਰ ਕੀਤਾ। ਜਮਾਲਪੁਰ ਥਾਣੇ ’ਚ 29 ਮਈ ਨੂੰ ਦਰਜ ਕੇਸ ਮੁਤਾਬਿਕ ਪੁਲੀਸ ਨੇ ਗਸ਼ਤ ਦੌਰਾਨ ਪਿੰਡ ਭਾਮੀਆਂ ਕਲਾਂ ਦੇ ਟੋਇਆਂ ਚੋਂ ਬੈਠਾ ਇੱਕ ਨਸ਼ੇੜੀ ਕਾਬੂ ਕੀਤਾ ਜਿਸ ਕੋਲੋਂ ਇੱਕ ਦਸ ਦਾ ਨੋਟ, ਲਾਈਟਰ ਅਤੇ ਸਿਲਵਰ ਪੇਪਰ ਮਿਲਿਆ। ਇਸੇ ਤਰ੍ਹਾਂ ਲੁਧਿਆਣਾ ਥਾਣਾ ਡਵੀਜ਼ਨ ਦੋ ਦੀ ਪੁਲੀਸ ਨੇ ਪੁੱਡਾ ਗਰਾਊਂਡ ਦੀਆਂ ਝਾੜੀਆਂ ਚੋਂ ਇੱਕ ਨਸ਼ੇੜੀ ਨੌਜਵਾਨ ਨੂੰ ਦਸ ਦੇ ਨੋਟ, ਸਿਲਵਰ ਵਰਕ, ਲਾਈਟਰ ਅਤੇ ਬੀੜੀਆਂ ਦੇ ਬੰਡਲ ਸਮੇਤ ਗ੍ਰਿਫ਼ਤਾਰ ਕੀਤਾ। ਥਾਣਾ ਝੁਨੀਰ ਤੇ ਭੀਖੀ ਦੀ ਪੁਲੀਸ ਨੇ 28 ਮਈ ਨੂੰ ਦੋ ਕੇਸਾਂ ’ਚ ਦੋ ਨਸ਼ੇੜੀਆਂ ਦਾ ਡੋਪ ਟੈੱਸਟ ਕਰਾ ਕੇ ਪਰਚਾ ਦਰਜ ਕੀਤਾ ਹੈ।

        ਥਾਣਾ ਮੂਨਕ ਦੀ ਪੁਲੀਸ ਨੇ 29 ਮਈ ਨੂੰ ਪਿੰਡ ਕੜੈਲ ਦੇ ਵਿਅਕਤੀ ਨੂੰ ਸੜਕ ਦੇ ਇੱਕ ਪਾਸਿਓ ਦਸ ਰੁਪਏ ਦੇ ਨੋਟ, ਸਿਲਵਰ ਪੇਪਰ ਤੇ ਲਾਈਟਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਕੇਸ ਇੱਕ ਨਮੂਨਾ ਹਨ ਅਤੇ ਰੋਜ਼ਾਨਾ ਦਰਜ ਹੋ ਰਹੇ ਪੁਲੀਸ ਕੇਸਾਂ ਵਿੱਚ ਅਜਿਹੇ ਨਸ਼ੇੜੀਆਂ ’ਤੇ ਦਰਜ ਕੇਸ ਵੀ ਸ਼ਾਮਲ ਹਨ। ਇਨ੍ਹਾਂ ਨਸ਼ੇੜੀਆਂ ਨੂੰ ਪੁਲੀਸ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜ ਰਹੀ ਹੈ। ਫ਼ੌਜਦਾਰੀ ਕੇਸਾਂ ਦੇ ਮਾਹਿਰ ਵਕੀਲ ਰਾਜੇਸ਼ ਸ਼ਰਮਾ ਆਖਦੇ ਹਨ ਕਿ ਐੱਨਡੀਪੀਐੱਸ ਦੀ ਧਾਰਾ 27/61/85 ਤਹਿਤ ਦਰਜ ਕੇਸ ਜ਼ਮਾਨਤਯੋਗ ਹੁੰਦੇ ਹਨ ਜੋ ਅਕਸਰ ਨਸ਼ੇੜੀਆਂ  ’ਤੇ ਦਰਜ ਹੁੰਦੇ ਹਨ। ਜੋ ਨਸ਼ੇੜੀ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੋਸੀਕਿਊਸ਼ਨ ਤੋਂ ਛੋਟ ਹੈ। 

                                 ਥਾਣਿਆਂ ’ਚ ਲੱਗੇ ਨੋਟਾਂ ਦੇ ‘ਢੇਰ’

ਪੁਲੀਸ ਵੱਲੋਂ ਦਰਜ ਕੇਸਾਂ ’ਚ ਜੋ ਰਿਕਵਰੀ ਹੁੰਦੀ ਹੈ, ਉਹ ਕੇਸਾਂ ਦੇ ਨਿਪਟਾਰੇ ਤੱਕ ਕੇਸ ਪ੍ਰਾਪਰਟੀ ਬਣ ਜਾਂਦੀ ਹੈ। ਜਿਸ ਲਿਹਾਜ਼ ਨਾਲ ਨਸ਼ੇੜੀਆਂ ਤੋਂ ਸਾਜੋ ਸਮਾਨ ਫੜਿਆ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਥਾਣਿਆਂ ਦੇ ਮਾਲਖ਼ਾਨਿਆਂ ਵਿੱਚ ਹੁਣ ਦਸ ਦਸ ਦੇ ਨੋਟਾਂ, ਲਾਈਟਰਾਂ ਅਤੇ ਸਿਲਵਰ ਪੇਪਰਾਂ ਦੇ ਢੇਰ ਲੱਗ ਗਏ ਹੋਣੇ ਹਨ। ਕਾਫ਼ੀ ਜਲੇ ਹੋਏ ਨੋਟਾਂ ਦੀ ਰਿਕਵਰੀ ਵੀ ਹੋਈ ਹੈ। 

                                ਸਪਲਾਈ ਲਾਈਨ ਤੋੜ ਰਹੇ ਹਾਂ : ਚੀਮਾ

ਨਸ਼ਿਆਂ ਖ਼ਿਲਾਫ਼ ਮੁਹਿੰਮ ਬਾਰੇ ਕੈਬਨਿਟ ਕਮੇਟੀ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਕਾਨੂੰਨੀ ਪ੍ਰਕਿਰਿਆ ਤਹਿਤ ਫੜੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਨਸ਼ੇੜੀਆਂ ਦੇ ਫੜਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਵੀ ਟੁੱਟ ਰਹੀ ਹੈ। ਗ੍ਰਾਹਕ ਖ਼ਤਮ ਹੋਣ ਨਾਲ ਤਸਕਰ ਵੀ ਖ਼ਤਮ ਹੋ ਰਹੇ ਹਨ। 


Monday, June 9, 2025

                                                         ਰੰਗਲਾ ਖ਼ੁਆਬ
                                 ਗੋਲੀ ਦੀ ਚਾਟ ’ਤੇ ਲੱਗੇ ਪੰਜਾਬੀ !
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਵਿੱਚ ਨਸ਼ਿਆਂ ਦੀ ਤੋਟ ਦੇ ਭੰਨੇ ਹੁਣ ‘ਗੋਲੀ’ ਦੀ ਚਾਟ ’ਤੇ ਲੱਗ ਗਏ ਹਨ। ਓਟ ਕਲੀਨਿਕਾਂ ਵਿੱਚ ਭੀੜ ਵਧੀ ਹੈ ਅਤੇ ਸਭ ਨੂੰ ਇੱਕੋ ਭਾਲ ਹੈ ਕਿ ‘ਮੁਫ਼ਤ ਦੀ ਗੋਲੀ’ ਮਿਲ ਜਾਏ। ਨਸ਼ਾ ਛੁਡਾਉਣ ਵਾਸਤੇ ਵਰਤੀ ਜਾਂਦੀ ‘ਗੋਲੀ’ ਨੂੰ ਨਸ਼ੇੜੀ ਨਸ਼ੇ ਦੇ ਬਦਲ ਵਜੋਂ ਲੈ ਰਹੇ ਹਨ। ਲੰਘੇ ਦੋ-ਤਿੰਨ ਮਹੀਨਿਆਂ ਵਿੱਚ ਹੀ ਓਟ ਕਲੀਨਿਕਾਂ ’ਚ ਇਸ ਗੋਲੀ ਦੀ ਖ਼ਪਤ ਵਧੀ ਹੈ। ਜਨਵਰੀ ਵਿੱਚ 88 ਲੱਖ ਗੋਲੀਆਂ ਦੀ ਖ਼ਪਤ ਸੀ ਜੋ ਕਿ ਮਈ ਵਿੱਚ ਵਧ ਕੇ 91 ਲੱਖ ਹੋ ਗਈ। ਓਟ ਕਲੀਨਿਕਾਂ ਵਿੱਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰੋਨੌਰਫਿਨ, ਨਾਲੇਕਸਨ, ਟਰੈਮਾਡੋਲ, ਲੋਰਾਜੇਪਾਮ, ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਓਟ ਕਲੀਨਿਕਾਂ ਵਿੱਚ ‘ਬੁਪਰੋਨੌਰਫਿਨ’ ਮੁਫ਼ਤ ਦਿੱਤੀ ਜਾਂਦੀ ਹੈ ਅਤੇ ਨਸ਼ੇੜੀ ਹੁਣ ਇਸ ਗੋਲੀ ਦੀ ਚਾਟ ’ਤੇ ਹੀ ਲੱਗ ਗਏ ਹਨ। ਪੰਜਾਬ ਵਿੱਚ ਇਹ ‘ਮੁਫ਼ਤ ਦੀ ਗੋਲੀ’ ਵਜੋਂ ਮਸ਼ਹੂਰ ਹੈ। ਵੱਡੀ ਗੱਲ ਇਹ ਕਿ ਹੁਣ ਓਟ ਕਲੀਨਿਕਾਂ ਵਿੱਚ ਰਜਿਸਟਰਡ ਮਰੀਜ਼ਾਂ ਦੇ ਅੰਕੜੇ ਨੇ ਪੁਰਾਣੇ ਸਭ ਰਿਕਾਰਡ ਤੋੜ ਦਿੱਤੇ ਹਨ। ‘ਆਪ’ ਸਰਕਾਰ ਦੇ ਪਹਿਲੇ ਵਰ੍ਹੇ 2022 ਦੌਰਾਨ ਓਟ ਕਲੀਨਿਕਾਂ ਦੇ ਮਰੀਜ਼ਾਂ ਦਾ ਅੰਕੜਾ 1.05 ਲੱਖ ਸੀ ਜੋ ਕਿ ਹੁਣ ਵਧ ਕੇ ਤਿੰਨ ਲੱਖ ਹੋ ਗਿਆ ਹੈ।

         ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਮੁਹਿੰਮ ਤੋਂ ਪਹਿਲਾਂ ਮਰੀਜ਼ਾਂ ਦੀ ਗਿਣਤੀ 2.25 ਲੱਖ ਸੀ ਜੋ ਕਿ ਹੁਣ ਵਧ ਕੇ ਤਿੰਨ ਲੱਖ ਹੋ ਗਈ ਹੈ। ਪੰਜਾਬ ਵਿੱਚ ਇਸ ਵੇਲੇ 554 ਓਟ ਕਲੀਨਿਕ ਹਨ। ਪੰਜਾਬ ਭਰ ’ਚ ਇਸ ਵੇਲੇ ਨਸ਼ਾ ਛੱਡਣ ਵਾਲੇ 10.30 ਲੱਖ ਮਰੀਜ਼ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 7.30 ਲੱਖ ਪ੍ਰਾਈਵੇਟ ਇਲਾਜ ਕਰਵਾ ਰਹੇ ਹਨ। ਪਹਿਲਾਂ ਓਟ ਕਲੀਨਿਕਾਂ ਵਿੱਚ ਸਭ ਤੋਂ ਵੱਧ ਮਰੀਜ਼ 2.74 ਲੱਖ ਉਦੋਂ ਰਜਿਸਟਰਡ ਹੋਏ ਸਨ, ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜੀ ਸੀ। ਹੁਣ ਇਹ ਅੰਕੜਾ ਤਿੰਨ ਲੱਖ ਦਾ ਹੋ ਗਿਆ ਹੈ। ਪੰਜਾਬ ਵਿੱਚ ਇਸ ਵੇਲੇ ਤਿੰਨ ਦਰਜਨ ਨਸ਼ਾ ਛੁਡਾਊ ਕੇਂਦਰ ਸਰਕਾਰੀ ਹਨ ਜਦੋਂ ਕਿ 177 ਪ੍ਰਾਈਵੇਟ ਹਨ। ਇਸੇ ਤਰ੍ਹਾਂ 19 ਸਰਕਾਰੀ ਮੁੜਵਸੇਬਾ ਕੇਂਦਰ ਹਨ ਜਦੋਂ ਕਿ 72 ਪ੍ਰਾਈਵੇਟ ਹਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਇਸ ਵੇਲੇ 2300 ਦੇ ਕਰੀਬ ਮਰੀਜ਼ ਭਰਤੀ ਵੀ ਹਨ ਜਦੋਂ ਕਿ ਪਹਿਲਾਂ ਇਹ ਅੰਕੜਾ 600 ਦੇ ਕਰੀਬ ਹੁੰਦਾ ਸੀ। 

         ਸੂਬਾ ਸਰਕਾਰ ਨੇ ਨਸ਼ੇੜੀਆਂ ਨੂੰ ਨਸ਼ਾ ਛੁਡਾਉਣ ਲਈ ਪੰਜ ਹਜ਼ਾਰ ਬੈੱਡਾਂ ਦੀ ਸਮਰੱਥਾ ਬਣਾਈ ਹੈ। ਹੁਣ 42 ਨਰਸਿੰਗ ਕਾਲਜਾਂ ਤੋਂ ਇਲਾਵਾ ਦਰਜਨ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੇਂਦਰ ਬਣਾਏ ਗਏ ਹਨ। ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਛੁਡਾਊ ਮੁਹਿੰਮ ਦੇ ਇੰਤਜ਼ਾਮਾਂ ਵਜੋਂ ਓਟ ਕਲੀਨਿਕਾਂ ਲਈ ਛੇ ਮਹੀਨੇ ਦੀ ਦਵਾਈ ਦੇ ਅਗਾਊਂ ਪ੍ਰਬੰਧ ਵੀ ਕੀਤੇ ਹੋਏ ਹਨ। ਮੋਟੇ ਅੰਦਾਜ਼ੇ ਮੁਤਾਬਕ ਸਰਕਾਰ ਵੱਲੋਂ ਹੁਣ ਸਾਲਾਨਾ ਔਸਤ 100 ਕਰੋੜ ਰੁਪਏ ਓਟ ਕਲੀਨਿਕਾਂ ਵਾਲੀ ਗੋਲੀ ’ਤੇ ਖ਼ਰਚ ਕੀਤੇ ਜਾ ਰਹੇ ਹਨ। ਸਾਲ 2023 ਵਿੱਚ ਇਹ ਖਰਚਾ 85.95 ਕਰੋੜ, 2021 ਵਿੱਚ 34.80 ਕਰੋੜ ਅਤੇ ਉਸ ਤੋਂ ਪਹਿਲਾਂ ਸਾਲ 2019 ਵਿੱਚ ਇਸ ਗੋਲੀ ਦਾ ਖਰਚਾ 20.97 ਕਰੋੜ ਰੁਪਏ ਸੀ।

                                      ਕੇਂਦਰਾਂ ’ਚੋਂ ਫ਼ਰਾਰ ਹੋਣ ਲੱਗੇ ਨਸ਼ੇੜੀ

ਪੰਜਾਬ ਸਰਕਾਰ ਨੇ ਜਦੋਂ ਨਸ਼ਾ ਮੁਕਤੀ ਲਈ ਮੁਹਿੰਮ ਵਿੱਢੀ ਤਾਂ ਪੁਲੀਸ ਨੇ ਨਸ਼ੇੜੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਨਸ਼ੇੜੀ ਮਾਪਿਆਂ ਦੀ ਮਰਜ਼ੀ ਨਾਲ ਲਿਆਂਦੇ ਗਏ ਹਨ, ਉਹ ਇਲਾਜ ਕਰਵਾ ਰਹੇ ਹਨ ਪਰ ਜਿਨ੍ਹਾਂ ਨੂੰ ਪੁਲੀਸ ਜਬਰੀ ਲੈ ਕੇ ਕੇਂਦਰਾਂ ਵਿੱਚ ਆਈ ਹੈ, ਉਹ ਨਸ਼ੇੜੀ ਹੁਣ ਨਸ਼ਾ ਛੁਡਾਊ ਕੇਂਦਰਾਂ ’ਚੋਂ ਭੱਜ ਰਹੇ ਹਨ। ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ ’ਚੋਂ 10 ਦਿਨਾਂ ਵਿੱਚ ਪੰਜ ਨਸ਼ੇੜੀ ਫ਼ਰਾਰ ਹੋ ਚੁੱਕੇ ਹਨ। ਨਸ਼ਾ ਛੁਡਾਊ ਕੇਂਦਰ ਘਾਬਦਾਂ ’ਚੋਂ 13 ਨਸ਼ੇੜੀ ਅਤੇ ਮਾਲੇਰਕੋਟਲਾ ਦੇ ਨਸ਼ਾ ਛੁਡਾਊ ਕੇਂਦਰ ’ਚੋਂ ਸੱਤ ਨੌਜਵਾਨ ਫ਼ਰਾਰ ਹੋ ਚੁੱਕੇ ਹਨ।

                                                         ਰੁੱਤ ਮੇਲੀਆਂ ਦੀ
                                    ਹਰ ਰਾਹ ਲੁਧਿਆਣੇ ਜਾਵੇ..!
                                                         ਚਰਨਜੀਤ ਭੁੱਲਰ 

ਚੰਡੀਗੜ੍ਹ : ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਦਸ ਦਿਨ ਬਚੇ ਹਨ। ਸਿਆਸੀ ਧਮਕ ਲੁਧਿਆਣੇ ’ਚ ਪੈ ਰਹੀ ਹੈ ਜਦਕਿ ਚੰਡੀਗੜ੍ਹ ਦੇ ਦਫ਼ਤਰਾਂ ’ਚ ਖ਼ਾਮੋਸ਼ੀ ਛਾਈ ਹੋਈ ਹੈ। ਇੰਜ ਕਹਿ ਲਓ ਕਿ ਹੁਣ ਹਰ ਰਾਹ ਲੁਧਿਆਣੇ ਨੂੰ ਜਾ ਰਿਹਾ ਹੈ। ਵੋਟਾਂ 19 ਜੂਨ ਨੂੰ ਪੈਣਗੀਆਂ ਅਤੇ 17 ਜੂਨ ਦੀ ਸ਼ਾਮ ਨੂੰ ਪੰਜ ਵਜੇ ਚੋਣ ਪ੍ਰਚਾਰ ਬੰਦ ਹੋਵੇਗਾ। ਆਉਂਦੇ ਦਿਨਾਂ ’ਚ ਲੁਧਿਆਣਾ ਪੱਛਮੀ ਦੇ ਹਰ ਗਲੀ-ਮੁਹੱਲੇ ’ਚ ਵੀਆਈਪੀਜ਼ ਨਜ਼ਰ ਆਉਣਗੇ। ਗੱਡੀਆਂ ਦੇ ਹੂਟਰ ਵੱਜਣਗੇ ਅਤੇ ਗਰਮੀ ’ਚ ਸਿਆਸੀ ਨੇਤਾ ਮੁੜਕੋ-ਮੁੜਕੀ ਹੋਣਗੇ। ਆਮ ਆਦਮੀ ਪਾਰਟੀ ਲਈ ਆਪਣੇ ਉਮੀਦਵਾਰ ਸੰਜੀਵ ਅਰੋੜਾ ਨੂੰ ਜੇਤੂ ਬਣਾਉਣ ਦੇ ਕਈ ਮਾਅਨੇ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 10 ਜੂਨ ਨੂੰ ਪੰਜਾਬ ਦੇ ਤਿੰਨ ਦਿਨਾਂ ਦੌਰੇ ’ਤੇ ਆ ਰਹੇ ਹਨ। ਮੁਹਾਲੀ, ਫ਼ਤਿਹਗੜ੍ਹ ਸਾਹਿਬ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ’ਚ ਉਨ੍ਹਾਂ ਦੇ ਪ੍ਰੋਗਰਾਮ ਰੱਖੇ ਗਏ ਹਨ। ਲੁਧਿਆਣਾ ਦੇ ਕਈ ਵਾਰਡਾਂ ’ਚ ਕੇਜਰੀਵਾਲ ਚੋਣ ਪ੍ਰਚਾਰ ਕਰਨਗੇ। ‘ਆਪ’ ਲਈ ਇਹ ਚੋਣ ਬਹੁਤ ਵੱਕਾਰੀ ਹੈ। 

          ਲੁਧਿਆਣਾ ਪੱਛਮੀ ’ਚ 17 ਵਾਰਡ ਹਨ। ਕਾਂਗਰਸ ਤੇ ‘ਆਪ’ ਦੇ 80 ਸਟਾਰ ਪ੍ਰਚਾਰਕ ਹਨ। ਮਤਲਬ ਕਿ ਹਰ ਦੋ ਵਾਰਡਾਂ ਪਿੱਛੇ ਦੋਵੇਂ ਪਾਰਟੀਆਂ ਦੇ 10 ਸਟਾਰ ਪ੍ਰਚਾਰਕ ਕੰਮ ਕਰਨਗੇ। ‘ਆਪ’ ਦੇ ਸਾਰੇ ਵਜ਼ੀਰਾਂ ਨੇ ਵਾਰਡ ਮੁਤਾਬਕ ਡੇਰੇ ਜਮਾ ਲਏ ਹਨ। ਦੋ ਦਿਨਾਂ ਤੋਂ ‘ਆਪ’ ਨੇ ਦੋ-ਦੋ ਬੂਥਾਂ ਪਿੱਛੇ ਇੱਕ-ਇੱਕ ਵਿਧਾਇਕ ਲਗਾ ਦਿੱਤਾ ਹੈ। ਸਮੁੱਚੇ ਪੰਜਾਬ ’ਚੋਂ ‘ਆਪ’ ਨੇ ਆਪਣੇ ਵਿਧਾਇਕ ਸੱਦ ਲਏ ਹਨ। ਪਾਰਟੀ ਨੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਇੱਕ ਐਪ ਵਿੱਚ ਆਪੋ-ਆਪਣੀ ਲੋਕੇਸ਼ਨ ਅਤੇ ਫ਼ੋਟੋ ਪਾਉਣ ਲਈ ਕਿਹਾ ਹੈ। ਦਿੱਲੀ ਦੀਆਂ ਚੈਕਿੰਗ ਟੀਮਾਂ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ’ਤੇ ਨਜ਼ਰ ਰੱਖ ਰਹੀਆਂ ਹਨ। ‘ਆਪ’ ਦੇ ਵਿਧਾਇਕ ਤੇ ਵਜ਼ੀਰ ਅਤੇ ਵਿਰੋਧੀ ਧਿਰਾਂ ਦੇ ਆਗੂ ਸਵੇਰ ਵਕਤ ਪਾਰਕਾਂ ’ਚ ਨਜ਼ਰ ਆਉਂਦੇ ਹਨ। ਇੱਕ ਸਨਅਤਕਾਰ ਨੇ ਦੱਸਿਆ ਕਿ ਉਪ ਚੋਣ ਕਰਕੇ ਹਲਕੇ ਦੇ ਲੋਕਾਂ ਦਾ ਸੈਰ ਕਰਨਾ ਵੀ ਮੁਸ਼ਕਲ ਹੋਇਆ ਪਿਆ ਹੈ। ਕੈਬਨਿਟ ਮੰਤਰੀ ਇਸ ਗੱਲੋਂ ਅੰਦਰੋਂ ਹਿੱਲੇ ਹੋਏ ਹਨ ਕਿ ਉਪ ਚੋਣ ਮਗਰੋਂ ਕੈਬਨਿਟ ਦੇ ਫੇਰਬਦਲ ’ਚ ਉਨ੍ਹਾਂ ਦਾ ਕਿਤੇ ਪੱਤਾ ਨਾ ਕੱਟਿਆ ਜਾਵੇ। 

          ਕੁਝ ਵਿਧਾਇਕ ਉਪ ਚੋਣ ’ਚ ਇਸ ਕਰਕੇ ਪਸੀਨਾ ਵਹਾ ਰਹੇ ਹਨ ਕਿ ਕੈਬਨਿਟ ਫੇਰਬਦਲ ’ਚ ਉਨ੍ਹਾਂ ਦੇ ਹਿੱਸੇ ਝੰਡੀ ਵਾਲੀ ਕਾਰ ਆ ਸਕਦੀ ਹੈ। ਦੋ ਵਜ਼ੀਰਾਂ ਦੀ ਡਿਊਟੀ ਗੁਰਦੁਆਰਾ ਅਤੇ ਮੰਦਰ ਕਮੇਟੀਆਂ ਨਾਲ ਮੀਟਿੰਗਾਂ ਕਰਨ ’ਤੇ ਲਾਈ ਹੋਈ ਹੈ। ਉਧਰ ਕਾਂਗਰਸ ਦੀ ਅੰਦਰੂਨੀ ਪਾਟੋ-ਧਾੜ ਸਿਖਰ ’ਤੇ ਪਹੁੰਚ ਗਈ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੀ ਆਪਸੀ ਖਿੱਚੋਤਾਣ ਤਿੱਖੀ ਹੋ ਗਈ ਹੈ। ਕਾਂਗਰਸ ’ਚ ਖਿੱਚੋਤਾਣ ਨਾਲ ‘ਆਪ’ ਨੂੰ ਧਰਵਾਸ ਹੈ। ਸਿਆਸੀ ਹਲਕਿਆਂ ਮੁਤਾਬਕ ਜੇ ਕਾਂਗਰਸ ਹੁਣ ਵੀ ਇਕਜੁੱਟ ਹੋ ਕੇ ਮੈਦਾਨ ’ਚ ਆ ਜਾਵੇ ਤਾਂ ਨਤੀਜਾ ਕੁਝ ਹੋਰ ਹੀ ਹੋ ਸਕਦਾ ਹੈ। ਲੁਧਿਆਣਾ ਪੱਛਮੀ ਦੇ ਇੱਕ ਸੀਨੀਅਰ ਆਗੂ ਦਲਜੀਤ ਸਿੰਘ ਕੁਰਦ ਨੇ ਕਿਹਾ ਕਿ ਮੁਕਾਬਲਾ ਫਸਵਾਂ ਹੈ ਅਤੇ ਕਿਸੇ ਲਈ ਵੀ ਰਾਹ ਸੌਖਾ ਨਹੀਂ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਦੇਸ਼ ਤੋਂ ਪਰਤ ਆਏ ਹਨ। ਜਾਣਕਾਰੀ ਮੁਤਾਬਕ ਉਹ ਧੜਿਆਂ ਨੂੰ ਇਕਜੁੱਟ ਕਰਨ ਵਾਸਤੇ ਕੋਸ਼ਿਸ਼ਾਂ ਕਰ ਰਹੇ ਹਨ। ਆਉਂਦੇ ਦਿਨਾਂ ਵਿੱਚ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵੀ ਲੁਧਿਆਣਾ ਆਉਣਗੇ। 

          ‘ਆਪ’ ਨੇ ਉਪ ਚੋਣ ’ਚ ਵਿਰੋਧੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਮੁਖ਼ਾਤਿਬ ਹੋ ਕੇ ‘ਹੰਕਾਰ ਤੇ ਪਿਆਰ’ ਦੀ ਟੱਕਰ ਦਾ ਨਾਅਰਾ ਦਿੱਤਾ ਹੈ ਜਦੋਂ ਕਿ ਕਾਂਗਰਸ ਨੇ ‘ਦਿੱਲੀਵਾਲੇ’ ਦਾ ਨਾਅਰਾ ਦਿੱਤਾ ਹੈ। ‘ਆਪ’ ਦੇ ਆਗੂ ਆਖਦੇ ਹਨ ,‘ਅਸੀਂ ਕੰਮ ਕਰਾਂਗੇ, ਉਹ ਝਗੜਾ ਕਰਨਗੇ।’ ਇਸੇ ਤਰ੍ਹਾਂ ਕਾਂਗਰਸੀ ਨੇਤਾ ਪ੍ਰਚਾਰ ਕਰ ਰਹੇ ਹਨ ਕਿ ‘ਸੰਜੀਵ ਅਰੋੜਾ ਤਾਂ ਬਹਾਨਾ ਹੈ, ਕੇਜਰੀਵਾਲ ਨੇ ਰਾਜ ਸਭਾ ਜਾਣਾ ਹੈ।’ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੇ ਪ੍ਰਚਾਰ ਲਈ 10 ਜੂਨ ਨੂੰ ਭਾਜਪਾ ਆਗੂ ਅਨੁਰਾਗ ਠਾਕੁਰ ਲੁਧਿਆਣਾ ਆਉਣਗੇ। ਆਉਂਦੇ ਦਿਨਾਂ ’ਚ ਵੱਡੀਆਂ ਸਿਆਸੀ ਹਸਤੀਆਂ ਇਸ ਹਲਕੇ ’ਚ ਨਜ਼ਰ ਆਉਣਗੀਆਂ।

                                  ਗਰਮੀ ਕਾਰਨ ਵੋਟ ਫ਼ੀਸਦ ’ਤੇ ਪੈ ਸਕਦੈ ਅਸਰ

ਲੁਧਿਆਣਾ ਵਾਸੀ ਸਨਅਤ ਮਾਲਕ ਈਸ਼ਵਰ ਸਿੰਘ ਭੰਦੋਹਲ ਨੇ ਕਿਹਾ ਕਿ ਜੂਨ ਦੀ ਗਰਮੀ ਕਰਕੇ ਵੋਟ ਫ਼ੀਸਦ ਘਟਣ ਦਾ ਅਨੁਮਾਨ ਹੈ ਕਿਉਂਕਿ ਇਨ੍ਹਾਂ ਦਿਨਾਂ ’ਚ ਲੋਕ ਘੁੰਮਣ-ਫਿਰਨ ਚਲੇ ਜਾਂਦੇ ਹਨ। ਦੂਸਰੇ ਪਾਸੇ ਚੰਡੀਗੜ੍ਹ ਦੇ ਸਕੱਤਰੇਤ ’ਚ ਖ਼ਾਮੋਸ਼ੀ ਛਾਈ ਹੋਈ ਹੈ। ਵਜ਼ੀਰਾਂ ਦੇ ਦਫ਼ਤਰਾਂ ’ਚ ਕੁਰਸੀਆਂ ਖ਼ਾਲੀ ਪਈਆਂ ਹਨ। ਦਫ਼ਤਰੀ ਸਟਾਫ਼ ਤੇ ਸੇਵਾਦਾਰ ਉਬਾਸੀਆਂ ਲੈ ਰਹੇ ਹਨ। ਨਵੀਆਂ ਮੀਟਿੰਗਾਂ ਅਤੇ ਨਵੀਆਂ ਨੀਤੀਆਂ ’ਤੇ ਕੋਈ ਮੰਥਨ ਨਹੀਂ ਹੋ ਰਿਹਾ ਹੈ। ਸਮੁੱਚੀ ਸਰਕਾਰ ਦਾ ਫੋਕਸ ਲੁਧਿਆਣਾ ਪੱਛਮੀ ’ਤੇ ਹੋ ਗਿਆ ਹੈ। ਆਈਏਐੱਸ ਅਫ਼ਸਰਾਂ ਦੀ ਦਫ਼ਤਰਾਂ ਵਿੱਚ ਹਾਜ਼ਰੀ ਵੀ ਘਟੀ ਹੈ। ਦਫ਼ਤਰਾਂ ’ਚ ਲੁਧਿਆਣਾ ਚੋਣ ਦੇ ਨਤੀਜੇ ਦੇ ਕਿਆਸਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ।


Friday, June 6, 2025

                                                        ਧੀਆਂ ਦਾ ਸੁਨੇਹਾ
             ਮੁਸ਼ਕਲਾਂ ਤੋਂ ਨਹੀਂ ਮੰਨਣੀ ਹਾਰ, ਕੰਡਿਆਂ ’ਤੇ ਚੱਲ ਮਿਲੂ ਬਹਾਰ
                                                         ਚਰਨਜੀਤ ਭੁੱਲਰ  

ਚੰਡੀਗੜ੍ਹ : ਬਠਿੰਡਾ ਜ਼ਿਲ੍ਹੇ ਦੇ ਪਿੰਡ ਫੂਲੇਵਾਲਾ ਦੀ ਪ੍ਰਭਜੋਤ ਕੌਰ ਲਈ ਮੰਜ਼ਲ ਹਾਲੇ ਦੂਰ ਹੈ। ਪੜ੍ਹਾਈ ਦੀ ਦੌੜ ’ਚ ਉਹ ਅੱਵਲ ਰਹੀ ਹੈ ਪਰ ਅੱਗੇ ਗ਼ੁਰਬਤ ਅੜਿੱਕਾ ਬਣ ਖੜ੍ਹ ਗਈ ਹੈ। ਹੋਣਹਾਰ ਲੜਕੀ ਪ੍ਰਭਜੋਤ ਕੌਰ ਇਨ੍ਹਾਂ ਦਿਨਾਂ ’ਚ ਆਪਣੀ ਉਚੇਰੀ ਪੜ੍ਹਾਈ ਲਈ ਖੇਤਾਂ ’ਚ ਝੋਨਾ ਲਗਾ ਰਹੀ ਹੈ। ਜੇਈਈ ਐਡਵਾਂਸਡ ’ਚ ਸਫਲ ਰਹੀ ਇਹ ਲੜਕੀ ਹੁਣ ਆਈਆਈਟੀ ’ਚ ਦਾਖ਼ਲੇ ਲਈ ਫ਼ੀਸਾਂ ਦਾ ਇੰਤਜ਼ਾਮ ਕਰਨ ਵਿੱਚ ਜੁਟ ਗਈ ਹੈ। ਉਸ ਦੇ ਪਰਿਵਾਰ ਨੇ 50 ਏਕੜ ਝੋਨੇ ਦੀ ਲੁਆਈ ਦੀ ਸਾਈ ਫੜੀ ਹੋਈ ਹੈ ਅਤੇ ਪ੍ਰਭਜੋਤ ਆਖਦੀ ਹੈ ਕਿ ਕੌਂਸਲਿੰਗ ਦੀ 15 ਹਜ਼ਾਰ ਦੀ ਫ਼ੀਸ ਉਸ ਲਈ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਇਸ ਲੜਕੀ ਨੇ ਬਾਰ੍ਹਵੀਂ ’ਚੋਂ 93 ਫ਼ੀਸਦੀ ਅੰਕ ਹਾਸਲ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਲੜਕੀ ਨੂੰ ਸ਼ਾਬਾਸ਼ ਦਿੱਤੀ ਹੈ ਅਤੇ ਸਨਮਾਨ ਵੀ ਦਿੱਤਾ ਹੈ। ਉਸ ਲਈ ਅਸਲ ਸੰਕਟ ਉਚੇਰੀ ਸਿੱਖਿਆ ਵਾਸਤੇ ਫ਼ੀਸਾਂ ਦੇ ਪ੍ਰਬੰਧ ਦਾ ਹੈ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ 19 ਬੱਚਿਆਂ ਨੇ ਜੇਈਈ ਐਡਵਾਂਸਡ ਦੀ ਪ੍ਰੀਖਿਆ ’ਚ ਮੱਲ ਮਾਰੀ ਹੈ।

     ਇਨ੍ਹਾਂ ’ਚੋਂ ਬਹੁਤੇ ਬੱਚਿਆਂ ਦਾ ਸਿਰਨਾਵਾਂ ‘ਕੰਮੀਆਂ ਦਾ ਵਿਹੜਾ’ ਹੈ। ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਦਾ ਗਗਨਦੀਪ ਸਿੰਘ ਆਈਆਈਟੀ ’ਚ ਪੜ੍ਹਨਾ ਲੋਚਦਾ ਹੈ ਅਤੇ ਉਸ ਨੇ ਉਪਰੋਕਤ ਪ੍ਰੀਖਿਆ ਵੀ ਪਾਸ ਕਰ ਲਈ ਹੈ। ਗਗਨਦੀਪ ਦਾ ਪਿਤਾ ਸ਼ਸ਼ੀ ਪਾਲ ਬਿਜਲੀ ਦਾ ਕੰਮ ਕਰਦਾ ਹੈ। ਮੈਰੀਟੋਰੀਅਸ ਸਕੂਲ ਮੁਹਾਲੀ ਦਾ ਵਿਦਿਆਰਥੀ ਗਗਨਦੀਪ ਆਖਦਾ ਹੈ ਕਿ ਉਹ ਛੁੱਟੀਆਂ ’ਚ ਪਿਤਾ ਨਾਲ ਦਿਹਾੜੀ ’ਤੇ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਮਨ ਤਾਂ ਅੰਬਰਾਂ ਦੀ ਉਡਾਣ ਭਰਨਾ ਚਾਹੁੰਦਾ ਹੈ ਪਰ ਘਰੇਲੂ ਹਾਲਾਤ ਇਜਾਜ਼ਤ ਨਹੀਂ ਦਿੰਦੇ। ਉਸ ਅਨੁਸਾਰ ਫ਼ੀਸਾਂ ਤੇ ਹੋਸਟਲ ਦੇ ਖ਼ਰਚੇ ਦਾ ਇੰਤਜ਼ਾਮ ਨਾ ਹੋਇਆ ਤਾਂ ਕਿਸੇ ਲੋਕਲ ਕਾਲਜ ਵਿੱਚ ਹੀ ਦਾਖਲਾ ਲੈਣਾ ਪਵੇਗਾ। ਉਸ ਕੋਲ ਏਨੀ ਪਹੁੰਚ ਨਹੀਂ ਕਿ ਉਚੇਰੀ ਸਿੱਖਿਆ ਲਈ ਵੱਡੇ ਅਦਾਰੇ ’ਚ ਪੈਰ ਪਾ ਸਕੇ। ਇਨ੍ਹਾਂ ਬੱਚਿਆਂ ਦਾ ਕਹਿਣਾ ਹੈ ਕਿ ਜੇ ਮੈਰੀਟੋਰੀਅਸ ਸਕੂਲ ਨਾ ਹੁੰਦੇ ਤਾਂ ਉਨ੍ਹਾਂ ਕੋਲ 12 ਜਮਾਤਾਂ ਤੱਕ ਪੜ੍ਹਨ ਦੀ ਵੀ ਪਹੁੰਚ ਨਹੀਂ ਸੀ। ਪਿਤਾ ਸ਼ਸ਼ੀ ਪਾਲ ਕਦੇ ਹੋਣਹਾਰ ਪੁੱਤਰ ਦੇ ਸੁਪਨਿਆਂ ਨੂੰ ਮਹਿਸੂਸ ਕਰਦਾ ਹੈ ਅਤੇ ਕਦੇ ਘਰ ਦੀ ਬੇਵੱਸੀ ਵੱਲ ਦੇਖਦਾ ਹੈ। 

      ਦੂਸਰੇ ਪਾਸੇ ਸਰਦੇ-ਪੁੱਜਦੇ ਘਰਾਂ ਦੇ ਬੱਚੇ ਹਨ, ਜੋ ਮਹਿੰਗੀ ਕੋਚਿੰਗ ਵੀ ਲੈਂਦੇ ਹਨ ਅਤੇ ਸਭ ਸੁੱਖ ਸਹੂਲਤਾਂ ਉਨ੍ਹਾਂ ਦੀ ਉਚੇਰੀ ਸਿੱਖਿਆ ਦੇ ਰਾਹ ਨੂੰ ਵੀ ਮੋਕਲਾ ਕਰਦੀਆਂ ਹਨ। ਇੱਕ ਪਾਸੇ ਗ਼ੁਰਬਤ ਦੀ ਦੇਹਲੀ ’ਤੇ ਖੜ੍ਹੇ ਇਹ ਵਿਦਿਆਰਥੀ ਹਨ, ਜੋ ਹੋਣਹਾਰ ਹਨ ਪਰ ਗ਼ਰੀਬੀ ਪੈਰ-ਪੈਰ ’ਤੇ ਟੱਕਰ ਰਹੀ ਹੈ। ਰਾਮਪੁਰਾ ਫੂਲ ਇਲਾਕੇ ਦੇ ਪਿੰਡ ਸੇਲਬਰਾਹ ਦਾ ਮਜ਼ਦੂਰ ਬੇਅੰਤ ਸਿੰਘ ਕਈ ਦਿਨਾਂ ਤੋਂ ਬੈਂਕਾਂ ਦੇ ਚੱਕਰ ਕੱਟ ਰਿਹਾ ਹੈ। ਉਸ ਦੀ ਲੜਕੀ ਸੁਖਦੀਪ ਕੌਰ ਨੇ ਜੇਈਈ ਐਡਵਾਂਸਡ ’ਚ ਕਾਮਯਾਬੀ ਹਾਸਲ ਕੀਤੀ ਹੈ। ਬੇਅੰਤ ਸਿੰਘ ਆਖਦਾ ਹੈ ਕਿ ਛੁੱਟੀਆਂ ’ਚ ਤਾਂ ਬੱਚੇ ਵੀ ਨਾਲ ਝੋਨੇ ਲਾਉਣ ਜਾਂਦੇ ਰਹੇ ਹਨ ਅਤੇ ਹੁਣ ਉਹ ਸੁਖਦੀਪ ਦੀ ਉਚੇਰੀ ਪੜ੍ਹਾਈ ਲਈ ਲੋਨ ਦਾ ਪ੍ਰਬੰਧ ਕਰ ਰਿਹਾ ਹੈ। ਜਲੰਧਰ ਦੇ ਮੈਰੀਟੋਰੀਅਸ ਸਕੂਲ ’ਚ ਬਾਰ੍ਹਵੀਂ ਪਾਸ ਕਰਨ ਵਾਲਾ ਵਿਦਿਆਰਥੀ ਗੁਰਨੂਰ ਸਿੰਘ ਵੀ ਇਨ੍ਹਾਂ ਦਿਨਾਂ ਵਿੱਚ ਫ਼ੀਸਾਂ ਦੇ ਪ੍ਰਬੰਧ ਵਿੱਚ ਜੁਟਿਆ ਹੋਇਆ ਹੈ। ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ ਅਤੇ ਗੁਰਨੂਰ ਦੇ ਗ਼ਰੀਬੀ ਕੰਡੇ ਵਾਂਗ ਚੁਭ ਰਹੀ ਹੈ।

      ਉਸ ਦਾ ਕਹਿਣਾ ਹੈ ਕਿ ਕਿਤੋਂ ਸਕਾਲਰਸ਼ਿਪ ਮਿਲ ਵੀ ਗਈ ਤਾਂ ਹੋਸਟਲ ਦਾ ਖਰਚਾ ਕਿਥੋਂ ਚੁੱਕੇਗਾ। ਬਰਨਾਲਾ ਦੇ ਪਿੰਡ ਸ਼ੇਖ਼ਾ ਦਾ ਹਰਕਿਰਨ ਆਪਣੇ ਪਿਤਾ ਦੀ ਡੇਢ ਏਕੜ ਖੇਤੀ ਵਿੱਚ ਹੱਥ ਵਟਾਉਂਦਾ ਹੈ। ਉਸ ਲਈ ਵੀ ਵੱਡਾ ਸੰਕਟ ਫ਼ੀਸ ਦਾ ਹੈ। ਮੁਕਤਸਰ ਦੇ ਪਿੰਡ ਰੱਥੜੀਆਂ ਦੇ ਜਸਪ੍ਰੀਤ ਸਿੰਘ ਦਾ ਪਿਤਾ ਮਨਰੇਗਾ ’ਚ ਦਿਹਾੜੀ ਕਰਦਾ ਹੈ ਅਤੇ ਜਸਪ੍ਰੀਤ ਖ਼ੁਦ ਹੁਣ ਆਰਜ਼ੀ ਰੁਜ਼ਗਾਰ ਦੀ ਤਲਾਸ਼ ਵਿੱਚ ਹੈ। ਹੁਣ ਜਸਪ੍ਰੀਤ ਬੀਟੈੱਕ ਕਰਨਾ ਚਾਹੁੰਦਾ ਹੈ ਪਰ ਫ਼ੀਸ ਭਰਨ ਲਈ ਪੈਸੇ ਨਹੀਂ ਹਨ। ਇਸ ਦੇ ਘਰ ਵਿੱਚ ਇੱਕ ਕਮਰਾ ਅਤੇ ਇੱਕ ਬੈਠਕ ਹੈ।