ਖੇਤਾਂ ਨੂੰ ਖੋਰਾ ਸ਼ਹਿਰਾਂ ’ਚ ਖਪਣ ਲੱਗੇ ਖੇਤ..!ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਦੇ ਸ਼ਹਿਰਾਂ ’ਚ ਹੁਣ ਤੇਜ਼ੀ ਨਾਲ ਉਪਜਾਊ ਖੇਤ ਖਪਣ ਲੱਗੇ ਹਨ। ਪੰਜਾਬ ਚੋਂ ਤੇਜ਼ ਰਫ਼ਤਾਰ ਨਾਲ ਖੇਤੀ ਹੇਠੋਂ ਰਕਬਾ ਘਟਣ ਲੱਗਿਆ ਹੈ। ਪੰਜਾਬ ਤੇ ਹਰਿਆਣਾ ਨੂੰ ਦੇਸ਼ ਦਾ ਅਨਾਜ ਦਾ ਕਟੋਰਾ ਕਿਹਾ ਜਾਂਦਾ ਹੈ ਪ੍ਰੰਤੂ ਇਨ੍ਹਾਂ ਦੋਵੇਂ ਸੂਬਿਆਂ ਦੇ ਰੁਝਾਨ ਹੁਣ ਵੱਖੋ ਵੱਖਰੇ ਨਜ਼ਰ ਆ ਰਹੇ ਹਨ। ਲੰਘੇ ਪੰਜ ਵਰ੍ਹਿਆਂ ’ਚ ਪੰਜਾਬ ’ਚ ਤਾਂ ਖੇਤੀ ਹੇਠੋਂ ਕਰੀਬ 30 ਹਜ਼ਾਰ ਏਕੜ ਰਕਬਾ ਆਊਟ ਹੋਇਆ ਹੈ ਜਦੋਂ ਕਿ ਹਰਿਆਣਾ ’ਚ ਕਰੀਬ ਡੇਢ ਲੱਖ ਏਕੜ ਰਕਬਾ ਵਧਿਆ ਹੈ। ਹਾਲਾਂਕਿ ਤਰੱਕੀ ਦੇ ਮਾਮਲੇ ’ਚ ਹਰਿਆਣਾ ਦਾ ਹੱਥ ਉਪਰ ਦੱਸਿਆ ਜਾਂਦਾ ਹੈ।‘ਜ਼ਮੀਨੀ ਵਰਤੋਂ ਦਾ ਅੰਕੜਾ 2023-24’ ’ਚ ਤਾਜ਼ਾ ਪ੍ਰਕਾਸ਼ਿਤ ਤੱਥ ਹਨ ਕਿ ਸਾਲ 2019-20 ਤੋਂ ਲੈ ਕੇ ਸਾਲ 2023-24 ਤੱਕ ਪੰਜਾਬ ’ਚ ਖੇਤੀ ਹੇਠਲੇ ਰਕਬੇ ’ਚ 30 ਹਜ਼ਾਰ ਏਕੜ ਦੀ ਕਮੀ ਆਈ ਹੈ। ਪੰਜਾਬ ’ਚ ਵਰ੍ਹਾ 2019-20 ’ਚ ਖੇਤੀ ਹੇਠ 42.38 ਲੱਖ ਹੈਕਟੇਅਰ ਰਕਬਾ ਸੀ ਜੋ ਹੁਣ ਘੱਟ ਕੇ 42.26 ਲੱਖ ਹੈਕਟੇਅਰ ਰਹਿ ਗਿਆ ਹੈ। ਏਕੜਾਂ ’ਚ ਦੇਖੀਏ ਤਾਂ 30 ਹਜ਼ਾਰ ਏਕੜ ਦੀ ਕਮੀ ਆਈ ਹੈ।
ਸ਼ਹਿਰਾਂ ਦਾ ਵਧ ਰਿਹਾ ਅਕਾਰ ਖੇਤਾਂ ਨੂੰ ਆਪਣੇ ’ਚ ਜਜ਼ਬ ਕਰ ਰਿਹਾ ਹੈ। ਹਰਿਆਣਾ ’ਚ ਸਾਲ 2019-20 ’ਚ 37.94 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਸੀ ਜੋ ਸਾਲ 2023-24 ’ਚ ਵਧ ਕੇ 38.53 ਲੱਖ ਹੈਕਟੇਅਰ ਹੋ ਗਿਆ ਹੈ। ਇਹ ਵਾਧਾ 1,47,500 ਏਕੜ ਰਕਬੇ ਦਾ ਹੈ। ਪੰਜਾਬ ਦੇ ਜ਼ਿਲ੍ਹਾ ਮੁਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ’ਚ ਸ਼ਹਿਰਾਂ ਦਾ ਵਿਸਥਾਰ ਹੋਇਆ ਹੈ। ਸ਼ਹਿਰਾਂ ਦੇ ਬਾਹਰੀ ਖੇਤਰਾਂ ’ਚ ਕਾਲੋਨੀਆਂ ਉੱਸਰੀਆਂ ਹਨ ਜਿਸ ਨੇ ਪੈਲ਼ੀਆਂ ਹੇਠਲਾ ਰਕਬਾ ਘਟਾ ਦਿੱਤਾ ਹੈ। ਪੰਜਾਬ ’ਚ ਹਰ ਸਾਲ ਕਰੀਬ 32 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਲਵਾਈ ਹੁੰਦੀ ਹੈ ਅਤੇ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਹੁੰਦੀ ਹੈ। ਕੇਂਦਰੀ ਪੂਲ ’ਚ ਅਨਾਜ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਦਾ ਪ੍ਰਮੁੱਖ ਹਿੱਸਾ ਹੈ। ਪੰਜਾਬ ’ਚ ਪਿਛਲੇ ਵਰ੍ਹਿਆਂ ਤੋਂ ਸੜਕੀ ਜਾਲ ਤੇਜ਼ੀ ਨਾਲ ਵਿਛਿਆ ਹੈ ਅਤੇ ਕੌਮੀ ਮਾਰਗਾਂ ਲਈ ਵੱਡੀ ਪੱਧਰ ’ਤੇ ਜ਼ਮੀਨ ਐਕੁਆਇਰ ਹੋਈ ਹੈ। ਮਾਹਿਰ ਆਖਦੇ ਹਨ ਕਿ ਸੜਕਾਂ ਨੇ ਪੈਲ਼ੀਆਂ ’ਤੇ ਹੀ ਧਾਵਾ ਬੋਲਿਆ ਹੈ।
ਕੌਮੀ ਸੜਕ ਮਾਰਗਾਂ ’ਤੇ ਖੁੱਲ੍ਹ ਰਹੇ ਆਊਟ ਲੈੱਟ ਵੀ ਖੇਤੀ ਜ਼ਮੀਨਾਂ ਨੂੰ ਆਊਟ ਕਰ ਰਹੇ ਹਨ। ਦੇਖਿਆ ਜਾਵੇ ਤਾਂ ਪੰਜਾਬ ’ਚ ਲੰਘੇ ਦੋ ਵਰ੍ਹਿਆਂ ਦੌਰਾਨ ਖੇਤੀ ਵਾਲੀਆਂ ਜ਼ਮੀਨਾਂ ਦੇ ਭਾਅ ਵੀ ਵਧੇ ਹਨ। ਮਾਲਵੇ ਦੇ ਪਿੰਡਾਂ ’ਚ ਤਾਂ ਹੁਣ ਜ਼ਮੀਨ ਖ਼ਰੀਦਣ ਵਾਲਿਆਂ ਨੂੰ ਛੇਤੀ ਕਿਤੇ ਖੇਤੀ ਵਾਲੀ ਜ਼ਮੀਨ ਲੱਭਦੀ ਹੀ ਨਹੀਂ ਹੈ। ਖੇਤੀ ਵਾਲੀ ਜ਼ਮੀਨ ਦੀ ਗੈਰ ਖੇਤੀ ਕੰਮਾਂ ਲਈ ਵਰਤੋਂ ਹੋਣ ਲੱਗੀ ਹੈ। ਖੇਤੀ ਹੇਠੋਂ ਰਕਬਾ ਨਿਕਲਣ ਕਰਕੇ ਪਿਛਲੇ ਦੋ ਦਹਾਕਿਆਂ ਦੌਰਾਨ ਨਹਿਰੀ ਪਾਣੀ 1.78 ਐਮਏਐਫ ਵੀ ਬਚਿਆ ਹੈ ਪ੍ਰੰਤੂ ਇਹ ਪਾਣੀ ਕੌਣ ਵਰਤ ਰਿਹਾ ਹੈ, ਇਸ ਦਾ ਕੋਈ ਪਤਾ ਨਹੀਂ ਹੈ। ਪੰਜਾਬ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਆਖਦੇ ਹਨ ਕਿ ਲੰਮੇ ਸਮੇਂ ਤੋਂ ਇਹ ਰੁਝਾਨ ਚੱਲ ਰਿਹਾ ਹੈ ਕਿ ਖੇਤੀ ਹੇਠਲੇ ਰਕਬੇ ’ਚ ਕਮੀ ਹੋ ਰਹੀ ਹੈ ਪ੍ਰੰਤੂ ਹੁਣ ਸ਼ਹਿਰੀਕਰਨ ਦੀ ਤੇਜ਼ ਰਫ਼ਤਾਰੀ ਨੇ ਖੇਤੀ ਰਕਬੇ ਨੂੰ ਸੰਨ੍ਹ ਲਾਈ ਹੈ। ਉਨ੍ਹਾਂ ਕਿਹਾ ਕਿ ਜਿਉਂ ਜਿਉਂ ਪੇਂਡੂ ਲੋਕ ਸ਼ਹਿਰਾਂ ਵੱਲ ਪਰਵਾਸ ਕਰ ਰਹੇ ਹਨ, ਤਿਉਂ ਤਿਉਂ ਸ਼ਹਿਰਾਂ ਦਾ ਪਸਾਰ ਵਧ ਰਿਹਾ ਹੈ।

No comments:
Post a Comment