Monday, January 7, 2013

                                ਕਾਨਪੁਰੀ ਰਿਵਾਲਵਰ
             ਪੰਜਾਬੀ ਲੋਕਾਂ ਨੇ 67 ਕਰੋੜ ਦੇ ਖਰੀਦੇ
                                  ਚਰਨਜੀਤ ਭੁੱਲਰ
ਬਠਿੰਡਾ :  ਪੰਜਾਬ ਦੇ ਸਰਦੇ ਪੁੱਜਦੇ ਲੋਕਾਂ ਨੇ 67 ਕਰੋੜ ਰੁਪਏ ਦੇ ਕਾਨਪੁਰੀ ਹਥਿਆਰ ਖਰੀਦੇ ਹੋਏ ਹਨ। ਇਸੇ ਤਰ੍ਹਾਂ ਕਰੋੜਾਂ ਰੁਪਏ ਕਲਕੱਤਾ ਦੇ ਪਿਸਤੌਲਾਂ 'ਤੇ ਖਰਚ ਕੀਤੇ ਗਏ ਹਨ। ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਪਹਿਲਾਂ ਹੀ ਦਾਅ 'ਤੇ ਲੱਗੀ ਹੋਈ ਹੈ। ਰਾਜ ਦੇ 9256 ਲੋਕ ਪਹਿਲੀ ਜਨਵਰੀ 2005 ਤੋਂ 31 ਦਸੰਬਰ 2011 ਤੱਕ ਕਾਨਪੁਰ ਦੀ ਸਰਕਾਰੀ ਅਸਲਾ ਫੈਕਟਰੀ 'ਚੋਂ 67.60 ਕਰੋੜ ਰੁਪਏ ਦਾ ਅਸਲਾ ਖਰੀਦ ਚੁੱਕੇ ਹਨ। ਕਾਨਪੁਰ ਦੀ ਇਸ ਫੈਕਟਰੀ ਦਾ 32 ਬੋਰ ਦਾ ਰਿਵਾਲਵਰ ਸ਼ੌਕੀਨ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਤੋਂ ਟੈਕਸਾਂ ਦੇ ਰੂਪ ਵਿੱਚ ਚੰਗੀ ਕਮਾਈ ਵੀ ਹੋਣ ਲੱਗੀ ਹੈ। ਇਸੇ ਤਰ੍ਹਾਂ ਕਲਕੱਤਾ ਤੋਂ 32 ਬੋਰ ਦਾ ਪਿਸਤੌਲ ਵੀ ਪੰਜਾਬੀ ਲੋਕ ਖਰੀਦਦੇ ਆ ਰਹੇ ਹਨ। ਇਹ ਹਥਿਆਰ ਖਰੀਦਣ ਵਾਸਤੇ ਕਈ ਕਈ ਮਹੀਨੇ ਪੰਜਾਬੀਆਂ ਨੂੰ ਲਾਈਨ ਵਿੱਚ ਲੱਗਣਾ ਪੈਂਦਾ ਹੈ।
           ਕੇਂਦਰੀ ਰੱਖਿਆ ਮੰਤਰਾਲੇ ਅਧੀਨ ਪੈਂਦੀ ਕਾਨਪੁਰ ਦੀ ਇੰਡੀਅਨ ਆਰਡਨੈਂਸ ਫੈਕਟਰੀ ਵੱਲੋਂ ਸੂਚਨਾ  ਅਧਿਕਾਰ ਕਾਨੂੰਨ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਲੰਘੇ ਸੱਤ ਵਰ੍ਹਿਆਂ ਤੋਂ 32 ਬੋਰ ਦਾ ਰਿਵਾਲਵਰ ਖਰੀਦਣ ਵਾਲੇ ਪੰਜਾਬੀ ਲੋਕਾਂ ਦੀ ਗਿਣਤੀ ਹਰ ਸਾਲ ਵਧ ਹੀ ਰਹੀ ਹੈ। ਸੂਚਨਾ ਅਨੁਸਾਰ ਸਾਲ 2005 ਵਿੱਚ ਪੰਜਾਬ ਦੇ 1177 ਲੋਕਾਂ ਨੇ ਕਾਨਪੁਰ ਦੀ ਇਸ ਅਸਲਾ ਫੈਕਟਰੀ ਤੋਂ 7.79 ਕਰੋੜ ਰੁਪਏ ਦੇ ਹਥਿਆਰ ਖਰੀਦੇ ਸਨ। ਸਾਲ 2006 ਵਿੱਚ 958 ਲੋਕਾਂ ਨੇ ਕਰੀਬ 6 ਕਰੋੜ ਰੁਪਏ ਦੇ 32 ਬੋਰ ਦੇ ਰਿਵਾਲਵਰ ਖਰੀਦੇ। 2007 ਵਿੱਚ  1112 ਪੰਜਾਬੀਆਂ ਨੇ 7.85 ਕਰੋੜ ਦੇ ਹਥਿਆਰ ਖਰੀਦ ਕੀਤੇ ਜਦੋਂ ਕਿ ਸਾਲ 2008 ਵਿੱਚ 8.59 ਕਰੋੜ ਰੁਪਏ ਖਰਚ ਕੇ 1235 ਲੋਕਾਂ ਨੇ ਹਥਿਆਰ ਖਰੀਦੇ, 2009 ਵਿੱਚ 1451 ਪੰਜਾਬੀਆਂ ਨੇ 10.45 ਕਰੋੜ ਰੁਪਏ,  2010 ਵਿੱਚ 1623 ਨੇ 13.59 ਕਰੋੜ ਰੁਪਏ ਦੇ ਹਥਿਆਰ ਖਰੀਦ ਕੀਤੇ। ਸਾਲ 2011 ਵਿੱਚ ਪੰਜਾਬ ਦੇ 1700 ਲੋਕ ਕਾਨਪੁਰ ਤੋਂ ਅਸਲਾ ਲੈ ਕੇ ਆਏ।
             ਇਸ ਜਾਣਕਾਰੀ ਅਨੁਸਾਰ ਕਾਨਪੁਰ ਦੇ 32 ਬੋਰ ਦੇ ਰਿਵਾਲਵਰ ਦੀ ਕੀਮਤ ਹਰ ਸਾਲ ਹੀ ਵਧਦੀ ਆ ਰਹੀ ਹੈ। ਪੰਜ ਛੇ ਸਾਲ ਪਹਿਲਾਂ ਇਹ ਰਿਵਾਲਵਰ  56 ਹਜ਼ਾਰ ਰੁਪਏ ਦਾ ਮਿਲਦਾ ਸੀ ਜੋ ਕਿ ਹੁਣ 86 ਹਜ਼ਾਰ ਰੁਪਏ ਦਾ ਮਿਲਦਾ ਹੈ। ਜਿਨ੍ਹਾਂ ਕੋਲ ਅਸਲੇ ਦਾ ਲਾਇਸੈਂਸ ਹੈ, ਉਹ ਸਿੱਧੇ ਕਾਨਪੁਰ ਜਾ ਕੇ ਇਹ ਰਿਵਾਲਵਰ ਖਰੀਦ ਰਹੇ ਹਨ। ਕਈ ਵਾਰੀ ਤਾਂ ਛੇ-ਛੇ ਮਹੀਨੇ ਦੀ ਵੇਟਿੰਗ ਚੱਲਦੀ ਰਹਿੰਦੀ ਹੈ। ਰਿਵਾਲਵਰ ਦੀ ਪੇਸ਼ਗੀ ਬੁਕਿੰਗ ਕਰਾਉਣੀ ਪੈਂਦੀ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਲੋਕ ਜ਼ਿਆਦਾਤਰ ਕਾਨਪੁਰੀ ਰਿਵਾਲਵਰ ਖ਼ਰੀਦਦੇ ਹਨ। ਪੱਛਮੀ ਬੰਗਾਲ ਦੀ ਐਮ.ਪੀ.ਐਫ. ਅੰਬਰਨਾਥ ਫੈਕਟਰੀ ਤੋਂ ਪ੍ਰਾਪਤ ਸਰਕਾਰੀ ਸੂਚਨਾ ਅਨੁਸਾਰ ਪੰਜਾਬ ਦੇ 687 ਲੋਕਾਂ ਨੇ ਇਸ ਫੈਕਟਰੀ ਤੋਂ ਵੀ 4.67 ਕਰੋੜ ਰੁਪਏ ਦਾ ਰਿਵਾਲਵਰ ਖਰੀਦੇ ਹਨ। ਸਾਲ 2006 ਵਿੱਚ ਇਸ ਫੈਕਟਰੀ ਤੋਂ ਸਿਰਫ਼ 31 ਪੰਜਾਬੀਆਂ ਨੇ ਹਥਿਆਰ ਖਰੀਦੇ ਸਨ ਜਦੋਂ ਕਿ 2008 ਵਿੱਚ ਇਹ ਗਿਣਤੀ ਵੱਧ ਕੇ 167 ਹੋ ਗਈ। ਹੁਣ ਹਰ ਸਾਲ 100 ਤੋਂ ਜ਼ਿਆਦਾ ਪੰਜਾਬੀ ਇਸ ਫੈਕਟਰੀ ਤੋਂ ਹਥਿਆਰ ਖਰੀਦ ਰਹੇ ਹਨ।
            ਆਵੜੀ (ਤਾਮਿਲ ਨਾਡੂ) ਕਥਿਤ ਸਰਕਾਰੀ ਆਰਡਨੈਂਸ ਫੈਕਟਰੀ ਤੋਂ ਪੰਜਾਬ ਦੇ ਅਸਲਾ ਡੀਲਰ ਹਥਿਆਰ ਲਿਆ ਰਹੇ ਹਨ। ਇਸ ਫੈਕਟਰੀ ਤੋਂ ਸਿਰਫ਼ ਅਸਲਾ ਡੀਲਰਾਂ ਨੂੰ ਹੀ ਹਥਿਆਰ ਸਪਲਾਈ ਕੀਤੇ ਜਾਂਦੇ ਹਨ। ਇਸ ਫੈਕਟਰੀ ਦੀ 315 ਬੋਰ ਦੀ ਰਾਈਫਲ ਮਸ਼ਹੂਰ ਹੈ ਜੋ ਕਿ ਅਸਲਾ ਡੀਲਰਾਂ ਨੂੰ ਕਰੀਬ 35 ਤੋਂ 40 ਹਜ਼ਾਰ ਰੁਪਏ ਵਿੱਚ ਪੈਂਦੀ ਹੈ। ਇਹ ਅਸਲਾ ਡੀਲਰ ਪੰਜਾਬ ਵਿਚ ਇਹ ਰਾਈਫਲ 65 ਹਜ਼ਾਰ ਰੁਪਏ ਤੱਕ ਦੀ ਵੇਚਦੇ ਹਨ। ਤਾਮਿਲ ਨਾਡੂ ਦੀ ਇਸ ਫੈਕਟਰੀ ਨੇ ਜੋ ਸੂਚਨਾ ਦਿੱਤੀ ਹੈ। ਉਸ ਅਨੁਸਾਰ ਲੰਘੇ ਚਾਰ ਵਰ੍ਹਿਆਂ ਵਿਚ ਪੰਜਾਬ ਦੇ ਅਸਲਾ ਡੀਲਰਾਂ ਵੱਲੋਂ 870 ਹਥਿਆਰ ਇਸ ਫੈਕਟਰੀ ਤੋਂ ਖਰੀਦੇ। ਕਾਨਪੁਰ ਅਤੇ ਕਲਕੱਤਾ ਤੋਂ ਹਥਿਆਰ ਖਰੀਦਣ ਵਾਲਿਆਂ ਵਿੱਚ ਕਾਫ਼ੀ ਗਿਣਤੀ ਅਫਸਰਾਂ ਅਤੇ ਨੇਤਾਵਾਂ ਦੀ ਵੀ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀ ਈਸਾਪੁਰ ਫੈਕਟਰੀ ਤੋਂ ਪੰਜ ਵਰ੍ਹਿਆਂ ਦੌਰਾਨ 19 ਪੰਜਾਬੀਆਂ ਨੇ ਹਥਿਆਰ ਖਰੀਦੇ ਜਿਨ੍ਹਾਂ 'ਤੇ ਪੰਜ ਲੱਖ ਰੁਪਏ ਖਰਚ ਕੀਤੇ ਗਏ।  ਮਾਲਵੇ ਅਤੇ ਮਾਝੇ ਖ਼ਿੱਤਿਆਂ ਦੇ ਲੋਕ ਹਥਿਆਰਾਂ ਦੇ ਜ਼ਿਆਦਾ ਸ਼ੌਕੀਨ ਹਨ। ਗੁਰਦਾਸਪੁਰ ਜ਼ਿਲ੍ਹੇ ਵਿੱਚ 35794 ਹਥਿਆਰਾਂ ਦੇ ਲਾਇਸੈਂਸ ਹਨ ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿੱਚ ਇਹ ਗਿਣਤੀ 35152 ਹੈ। ਇਸੇ ਤਰ੍ਹਾਂ ਲੁਧਿਆਣਾ ਵਿੱਚ 26726 ਅਤੇ ਮੋਗਾ ਵਿੱਚ 25801 ਹੈ। ਇਹ ਸਿਰਫ਼ ਉਹ ਅਸਲਾ ਹੈ ਜੋ ਲਾਇਸੈਂਸੀ
                                             ਕਲਕੱਤਾ ਫੈਕਟਰੀ ਨੇ 50881 ਕਰੋੜ ਦੇ ਹਥਿਆਰ ਵੇਚੇ।
ਕਲਕੱਤਾ ਦੀ ਸਰਕਾਰੀ ਆਰਡੀਨੈਂਸ ਫੈਕਟਰੀ ਨੇ ਪੰਜ ਵਰਿ•ਆਂ ਵਿੱਚ ਦੇਸ਼ ਭਰ ਵਿੱਚ 50881 ਕਰੋੜ ਰੁਪਏ ਦੇ ਹਥਿਆਰ ਵੇਚ ਦਿੱਤੇ ਹਨ ਜੋ ਆਪਣੇ ਆਪ ਵਿੱਚ ਰਿਕਾਰਡ ਹੈ। ਇਸ ਫੈਕਟਰੀ ਦਾ ਹਥਿਆਰ ਬਣਾਉਣ ਤੇ 48511 ਕਰੋੜ ਰੁਪਏ ਖਰਚਾ ਆਇਆ ਜਦੋਂ ਕਿ ਇਸ ਫੈਕਟਰੀ ਵਲੋਂ ਇਹ ਹਥਿਆਰ 50881 ਕਰੋੜ ਰੁਪਏ ਵਿਚ ਵੇਚੇ ਗਏ। ਸਰਕਾਰੀ ਸੂਚਨਾ ਅਨੁਸਾਰ ਇਸ ਫੈਕਟਰੀ ਨੇ ਪੰਜ ਵਰਿ•ਆਂ ਵਿੱਚ 2370 ਕਰੋੜ ਰੁਪਏ ਹਥਿਆਰਾਂ ਦੀ ਖਰੀਦੋ ਫਰੋਖਤ ਚੋ ਕਮਾ ਲਏ ਹਨ। ਇਸ ਫੈਕਟਰੀ ਦਾ ਹਥਿਆਰਾਂ ਦਾ ਉਤਪਾਦਨ ਹਰ ਸਾਲ ਵੱਧ ਰਿਹਾ ਹੈ। 

No comments:

Post a Comment